ਚੰਡੀਗੜ੍ਹ : ਗਿਆਨੀ ਗੁਰਦਿੱਤ ਸਿੰਘ ਦੀ ਕਿਤਾਬ ‘ਮੇਰਾ ਪਿੰਡ’ ਵਿਚਲਾ ਪਿੰਡ ਹੁਣ ਪੰਜਾਬ ਚੋਂ ਰੁਖ਼ਸਤ ਹੋ ਗਿਆ ਜਾਪਦਾ ਹੈ। ਜਦੋਂ ਅੱਜ ਦੇ ਪਿੰਡ ਦੇਖਦੇ ਹਾਂ ਤਾਂ ਸਿਵਿਆਂ ’ਤੇ ਭੀੜਾਂ ਅਤੇ ਸੱਥਾਂ ’ਚ ਪਸਰੀ ਸੁੰਨ ਨਜ਼ਰ ਪੈਂਦੀ ਹੈ। ਪੰਜਾਬ ਅੱਜ ਉਦਾਸ ਹੈ, ਪ੍ਰੇਸ਼ਾਨ ਹੈ ਅਤੇ ਬੇਚੈਨ ਵੀ ਹੈ। ਬਿਨਾਂ ਰੂਹ ਤੋਂ ਵੈਰਾਨ ਪਿੰਡ ਹੁਣ ਝੱਲੇ ਨਹੀਂਓ ਜਾ ਰਹੇ। ਪੰਜਾਬ ਤੋਂ ਝੱਲ ਨਹੀਓਂ ਹੁੰਦੇ, ਮਾਵਾਂ ਦੀਆਂ ਵੈਣ ਅਤੇ ਨਿੱਤ ਦਿਨ ਪਿੰਡੋਂ ਪਿੰਡ ਵਿਛਦੇ ਸੱਥਰ। ਪੰਜਾਬ ਦਾ ਗੱਚ ਭਰਦਾ ਹੈ ਜਦੋਂ ਜਵਾਨ ਪੁੱਤ ਦੀ ਲਾਸ਼ ਮੋਢੇ ’ਤੇ ਚੁੱਕ ਸਿਵਿਆਂ ਵੱਲ ਜਾਂਦੇ ਬਾਪ ਨੂੰ ਦੇਖਦਾ ਹੈ। ਬਰਨਾਲਾ ਦੇ ਪਿੰਡ ਢਿਲਵਾਂ ਦੀ ਪਰਮਜੀਤ ਕੌਰ ਡੇਢ ਸਾਲ ਪਹਿਲਾਂ ਵਿਧਵਾ ਹੋ ਗਈ ਸੀ ਅਤੇ ਹੁਣ ਨੌਜਵਾਨ ਪੁੱਤ ਗੁਆ ਬੈਠੀ ਹੈ। ਇਕਲੌਤਾ ਪੁੱਤ ਨਸ਼ੇ ਦੇ ਰਾਹ ਚਲਾ ਗਿਆ ਅਤੇ ਹੁਣ ਉਸ ਕੋਲ ਸਿਰਫ਼ ਸੁੰਨਾ ਘਰ ਬਚਿਆ ਹੈ। ਚਿੱਟੇ ਦੀ ਹਨੇਰੀ ’ਚ ਉਹ ਆਪਣਾ ਲਾਲ ਗੁਆ ਬੈਠੀ ਹੈ। ਉਸ ਨੇ ਹੁਣ ਨਸ਼ਾ ਤਸਕਰਾਂ ਖ਼ਿਲਾਫ਼ ਡਟਣ ਦਾ ਫ਼ੈਸਲਾ ਕੀਤਾ ਹੈ। ਉਹ ਪਿੰਡ ਦੀ ‘ਚਿੱਟਾ ਮੁਕਤ ਕਮੇਟੀ’ ਦੀ ਕਮਾਂਡ ਵਿਚ ਸੰਘਰਸ਼ੀ ਰੌਂਅ ਵਿਚ ਹੈ। ਉਸ ਨੇ ਅਹਿਦ ਲਿਆ ਹੈ ਕਿ ਉਹ ਹੁਣ ਨਸ਼ਾ ਤਸਕਰਾਂ ਖ਼ਿਲਾਫ਼ ਡਟੇਗੀ।
ਬਠਿੰਡਾ ਦੇ ਪਿੰਡ ਘੁੰਮਣ ਕਲਾਂ ਦੀ ਬਜ਼ੁਰਗ ਮਾਂ ਮਨਜੀਤ ਕੌਰ ਦੀ ਜ਼ਮੀਨ ਵੀ ਚਲੀ ਗਈ ਅਤੇ ਦੋ ਪੁੱਤ ਵੀ ਨਸ਼ਿਆਂ ’ਚ ਜਹਾਨੋਂ ਚਲੇ ਗਏ ਹਨ। ਪਹਿਲੋਂ ਉਸ ਦੇ ਪਤੀ ਨੂੰ ਭਰ ਜਵਾਨੀ ਵਿਚ ਬਿਮਾਰੀ ਖਾ ਗਈ। ਉਸ ਦੇ ਦੋ ਪੁੱਤਰ ਰਣਜੀਤ ਸਿੰਘ ਤੇ ਹਰਜਿੰਦਰ ਸਿੰਘ ਇੱਕੋ ਵਰੇ੍ਹ ’ਚ ਚਿੱਟੇ ਕਾਰਨ ਮੌਤ ਦੇ ਮੂੰਹ ਜਾ ਪਏ। ਉਸ ਦੇ ਘਰ ਵਿਚ ਦੋ ਨੂੰਹਾਂ ਤੇ ਤਿੰਨ ਪੋਤੀਆਂ ਬਚੀਆਂ ਹਨ। ਉਹ ਆਖਦੀ ਹੈ ਕਿ ਹੁਣ ਤਾਂ ਰੋਣਾ ਪੱਲੇ ਰਹਿ ਗਿਆ ਹੈ। ਉਸ ਦੇ ਪੱਲੇ ਜਵਾਨ ਪੁੱਤਾਂ ਦੀਆਂ ਤਸਵੀਰਾਂ ਬਚੀਆਂ ਹਨ। ਘੁੰਮਣ ਕਲਾਂ ਵਿਚ ਔਰਤਾਂ ਨੇ ਨਸ਼ਾ ਤਸਕਰਾਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ।ਅੰਮ੍ਰਿਤਸਰ ਦੇ ਪਿੰਡ ਬਰਾੜ ਦੀ ਮਜ਼ਦੂਰ ਔਰਤ ਸੁਖਵਿੰਦਰ ਕੌਰ ਆਪਣੇ ਚਾਰੋ ਪੁੱਤਰ ਗੁਆ ਬੈਠੀ ਹੈ। ਤਿੰਨ ਪੁੱਤ ਚਿੱਟੇ ਦੀ ਲਤ ਕਾਰਨ ਹੱਥੋਂ ਇੱਕ ਇੱਕ ਕਰਕੇ ਕਿਰ ਗਏੇ ਹਨ ਤੇ ਚੌਥਾ ਬਿਮਾਰੀ ਨੇ ਲਪੇਟ ਵਿਚ ਲੈ ਲਿਆ। ਉਸ ਦਾ ਘਰ ਸੁੰਨਾ ਹੋ ਗਿਆ ਅਤੇ ਹੁਣ ਪੋਤੀਆਂ ਹੀ ਉਸ ਦੀ ਢਾਰਸ ਹਨ। ਇਸ ਮਾਂ ਦੀਆਂ ਝੁਰੜੀਆਂ ਵਿਚ ਰੁਕੇ ਹੰਝੂ ਉਸ ਦੇ ਦੁੱਖਾਂ ਦੀ ਗਵਾਹੀ ਭਰਦੇ ਸਨ। ਭੁੱਚੋ ਕਲਾਂ ਨੇੜਲੇ ਪਿੰਡ ਤੁੰਗਵਾਲੀ ਦਾ ਚੌਕੀਦਾਰ ਗੁਰਦਾਸ ਸਿੰਘ ਆਪਣੇ ਘਰ ਨੂੰ ਚਿੱਟੇ ਦੀ ਮਾਰ ਤੋਂ ਬਚਾ ਨਹੀਂ ਸਕਿਆ। ਗੁਰਦਾਸ ਸਿੰਘ ਆਪਣਾ ਇੱਕ ਪੁੱਤ ਅਰਸ਼ਦੀਪ ਅਤੇ ਇੱਕ ਭਤੀਜਾ ਗੁਆ ਬੈਠਾ ਹੈ। ਅਰਸ਼ਦੀਪ ਦੀ ਮਾਂ ਪਰਮਜੀਤ ਕੌਰ ਕੋਲ ਹੁਣ ਸਿਵਾਏ ਹੰਝੂਆਂ ਤੋਂ ਕੁੱਝ ਨਹੀਂ ਬਚਿਆ।
ਇਸ ਪਿੰਡ ਵਿਚ ਹੁਣ ਨਸ਼ਿਆਂ ਖ਼ਿਲਾਫ਼ ਲਹਿਰ ਬਣੀ ਹੈ। ਇਸ ਪਿੰਡ ਦਾ ਨੌਜਵਾਨ ਜਗਦੀਪ ਕਾਲਾ ਆਖਦਾ ਹੈ ਕਿ ਕੋਈ ਮਹੀਨਾ ਹੁਣ ਸੁੱਕਾ ਨਹੀਂ ਲੰਘਦਾ, ਆਏ ਮਹੀਨੇ ਪਿੰਡ ਦਾ ਜਵਾਨ ਗੱਭਰੂ ਨਸ਼ਿਆਂ ਦੀ ਭੇਟ ਚੜ੍ਹ ਜਾਂਦਾ ਹੈ। ਮਾਨਸਾ ਦੇ ਪਿੰਡ ਜੋਗਾ ਦਾ ਨੌਜਵਾਨ ਰਵੀ ਕੁਮਾਰ ਵੀ ਇਸੇ ਰਾਹ ਚਲਾ ਗਿਆ ਹੈ। ਉਸ ਦੀ ਵਿਧਵਾ ਪਤਨੀ ਜਸਪ੍ਰੀਤ ਕੌਰ ਹੁਣ ਕਿਧਰ ਨੂੰ ਜਾਏ।ਜਸਪ੍ਰੀਤ ਕੌਰ ਕੋਲ ਸਿਰਫ਼ ਦੁੱਖਾਂ ਦੀ ਗਠੜੀ ਬਚੀ ਹੈ। ਸੈਂਕੜੇ ਔਰਤਾਂ ਹਨ ਜਿਨ੍ਹਾਂ ਦੇ ਪੁੱਤ ਜਾਂ ਪਤੀ ਨਸ਼ਿਆਂ ਦੇ ਤੂਫ਼ਾਨ ਵਿਚ ਰੁੜ੍ਹ ਗਏ ਹਨ। ਇਨ੍ਹਾਂ ਔਰਤਾਂ ਨੇ ਹੁਣ ਨਸ਼ਾ ਤਸਕਰਾਂ ਖ਼ਿਲਾਫ਼ ਮੈਦਾਨ ਵਿਚ ਡਟਣ ਦਾ ਫ਼ੈਸਲਾ ਕੀਤਾ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਮਨਾਵਾਂ ਵਿਚ ਔਰਤਾਂ ਨੇ ਨਸ਼ਿਆਂ ਖ਼ਿਲਾਫ਼ ਇੱਕ ਇਕੱਠ ਕੀਤਾ ਸੀ ਜਿਨ੍ਹਾਂ ਨੇ ਨਸ਼ਿਆਂ ਖ਼ਿਲਾਫ਼ ਲੜਨ ਦਾ ਮਨ ਬਣਾਇਆ ਹੈ। ਫ਼ਿਰੋਜ਼ਪੁਰ ਦੇ ਮੁਦਕੀ ਦੀ ਪਰਮਜੀਤ ਕੌਰ ਨੇ ਔਰਤਾਂ ਦਾ ਬ੍ਰਿਗੇਡ ਬਣਾ ਕੇ ਨਸ਼ਾ ਤਸਕਰਾਂ ਖ਼ਿਲਾਫ਼ ਜੰਗ ਛੇੜਨ ਦਾ ਫ਼ੈਸਲਾ ਕੀਤਾ ਹੈ। ਇਸ ਔਰਤ ਆਗੂ ਨੇ ਕੁੱਝ ਸਮਾਂ ਪਹਿਲਾਂ ਮੁਦਕੀ ਵਿਚ ਔਰਤਾਂ ਨੂੰ ਨਾਲ ਲੈ ਕੇ ਠੀਕਰੀ ਪਹਿਰਾ ਵੀ ਲਾਇਆ ਸੀ ਤਾਂ ਜੋ ਨਸ਼ਾ ਤਸਕਰ ਪਿੰਡ ਵਿਚ ਦਾਖਲ ਲਾ ਹੋ ਸਕਣ। ਉਹ ਆਖਦੀ ਹੈ ਕਿ ਮੁੜ ਮੈਦਾਨ ਵਿਚ ਕੁੱਦਾਂਗੇ।
ਫ਼ਿਰੋਜ਼ਪੁਰ ਜ਼ਿਲ੍ਹੇ ਦੀ ਵਿਧਵਾ ਔਰਤ ਰਮਨਦੀਪ ਕੌਰ ਮਰਖਾਈ ਵੀ ਕਈ ਵਰਿ੍ਹਆਂ ਤੋਂ ਨਸ਼ਿਆਂ ਖ਼ਿਲਾਫ਼ ਔਰਤਾਂ ਨੂੰ ਲਾਮਬੰਦ ਕਰ ਰਹੀ ਹੈ। ਜਦੋਂ ਨਸ਼ਿਆਂ ਨੇ ਉਸ ਦੇ ਪਤੀ ਨੂੰ ਖੋਹ ਲਿਆ ਸੀ ਤਾਂ ਉਸ ਨੇ ਸਿਰ ’ਤੇ ਚਿੱਟੀ ਚੁੰਨੀ ਲੈ ਲਈ ਸੀ। ਚਿੱਟੀਆਂ ਚੁੰਨੀਆਂ ਹੋਰਨਾਂ ਔਰਤਾਂ ਦਾ ਨਸੀਬ ਨਾ ਬਣਨ, ਇਹ ਸੋਚ ਕੇ ਉਸ ਨੇ ਹੁਣ ਸਿਰ ’ਤੇ ਕਾਲੀ ਚੁੰਨੀ ਲਈ ਹੈ ਜੋ ਸਰਕਾਰਾਂ ਖ਼ਿਲਾਫ਼ ਰੋਸ ਦਾ ਪ੍ਰਤੀਕ ਹੈ। ਉਹ ਹੁਣ ਪਿੰਡਾਂ ਨੂੰ ਜਾਗਣ ਦਾ ਹੋਕਾ ਦੇ ਰਹੀ ਹੈ। ਮੱਖੂ ਦੀ ਬਲਜੀਤ ਕੌਰ ਵੀ ਨਸ਼ਿਆਂ ਖ਼ਿਲਾਫ਼ ਜੰਗ ਦੇ ਮੋਰਚੇ ਵਿਚ ਡਟੀ ਹੈ। ਚੇਤੇ ਰਹੇ ਕਿ ਦੋ ਹਫ਼ਤਿਆਂ ਤੋਂ ਮਾਲਵਾ ਖ਼ਿੱਤੇ ਵਿਚ ‘ਚਿੱਟੇ’ ਖ਼ਿਲਾਫ਼ ਇੱਕ ਲਹਿਰ ਖੜ੍ਹੀ ਹੋਣ ਲੱਗੀ ਹੈ ਜਿਸ ਵਿਚ ਹੁਣ ਬੀਬੀਆਂ ਦੀ ਸ਼ਮੂਲੀਅਤ ਵਿਚ ਵਧਣ ਲੱਗੀ ਹੈ। ਨੌਜਵਾਨ ਭਾਰਤ ਸਭਾ ਮੁਕਤਸਰ ਦਾ ਆਗੂ ਮੰਗਾ ਸਿੰਘ ਆਖਦਾ ਹੈ ਕਿ ਜਦੋਂ ਸਰਕਾਰਾਂ ਤੋਂ ਲੋਕਾਂ ਦੀ ਝਾਕ ਮੁੱਕ ਜਾਂਦੀ ਹੈ ਤਾਂ ਲਹਿਰਾਂ ਦਾ ਮੁੱਢ ਬੱਝਦਾ ਹੈ। ਉਨ੍ਹਾਂ ਕਿਹਾ ਕਿ ਮਾਲਵੇ ਚੋਂ ਚਿੱਟੇ ਖ਼ਿਲਾਫ਼ ਉੱਠ ਰਿਹਾ ਲੋਕ ਰੋਹ ਜ਼ਰੂਰ ਸਰਕਾਰਾਂ ਨੂੰ ਮਜਬੂਰ ਕਰੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸਭਾ ਤਰਫ਼ੋਂ ਉਨ੍ਹਾਂ ਨੇ ਕੁੱਝ ਸਮਾਂ ਪਹਿਲਾਂ ਮੁਕਤਸਰ ਦੇ ਪਿੰਡਾਂ ਵਿਚ ਡਾਂਗ ਮਾਰਚ ਵੀ ਸ਼ੁਰੂ ਕੀਤਾ ਸੀ।
ਪ੍ਰਭਾਵਿਤ ਘਰਾਂ ਚੋਂ ਉੱਠਣ ਲੱਗੀ ਆਵਾਜ਼..
ਸਰਕਾਰਾਂ ਦਾ ਬਦਲ ਵੀ ਪੰਜਾਬ ਵਿਚ ਸਿਵਿਆਂ ਦੀ ਅੱਗ ਠੰਢੀ ਨਹੀਂ ਕਰ ਸਕਿਆ। ਨਾ ਘਰਾਂ ਵਿਚ ਸੱਥਰ ਵਿਛਣੋਂ ਰੁਕੇ ਨੇ ਅਤੇ ਨਾ ਹੀ ਮਾਵਾਂ ਦੇ ਵੈਣ ਪੈਣੋਂ ਹਟ ਰਹੇ ਹਨ। ਪੰਜਾਬ ਵਿਚ ਹਰ ਹਫ਼ਤੇ ਦੋ ਤਿੰਨ ਨੌਜਵਾਨ ਚਿੱਟੇ ਕਾਰਨ ਜ਼ਿੰਦਗੀ ਤੋਂ ਵਿਦਾ ਹੋ ਰਹੇ ਹਨ। ਜਿਨ੍ਹਾਂ ਘਰਾਂ ਨੂੰ ਚਿੱਟੇ ਦਾ ਸੇਕ ਲੱਗਿਆ ਹੈ, ਉਨ੍ਹਾਂ ਘਰਾਂ ਚੋਂ ਹੁਣ ਆਵਾਜ਼ ਉੱਠੀ ਹੈ ਜਿਸ ਤੋਂ ਢਾਰਸ ਬੱਝਣ ਲੱਗਾ ਹੈ ਕਿ ਪਿੰਡਾਂ ਚੋਂ ਨਸ਼ਿਆਂ ਖ਼ਿਲਾਫ਼ ਉੱਠੀ ਲਹਿਰ ਹੁਣ ਜ਼ਰੂਰ ਕਿਸੇ ਤਣ ਪੱਤਣ ਲੱਗੇਗੀ।
‘ਚਰਨਜੀਤ ਭੁੱਲਰ ‘ਦੀ ਉਪਰੋਕਤ ਲਿਖਤ ਮਿਤੀ 8 ਅਗਸਤ 2023 ਦੇ ਪੰਜਾਬੀ ਟਿ੍ਰਬਿਊਨ ਅਖਬਾਰ ਵਿੱਚੋਂ ਲਈ ਗਈ ਹੈ ਇੱਥੇ ਅਸੀਂ ਸਿੱਖ ਸਿਆਸਤ ਦੇ ਪਾਠਕਾਂ ਲਈ ਮੁੜ ਸਾਂਝੀ ਕਰ ਰਹੇ ਹਾਂ –