ਚੋਣਵੀਆਂ ਲਿਖਤਾਂ

ਸੰਖੇਪ ਇਤਿਹਾਸ – ਸਰਦਾਰ ਹਰੀ ਸਿੰਘ ਨਲੂਆ (ਭਾਗ – 2)

By ਸਿੱਖ ਸਿਆਸਤ ਬਿਊਰੋ

April 06, 2021

ਇੱਥੇ ਅਸੀਂ ਸਿੱਖ ਸਿਆਸਤ ਪਾਠਕਾਂ ਲਈ ਸੰਖੇਪ ਇਤਿਹਾਸ – ਹਰੀ ਸਿੰਘ ਨਲੂਆ ਦਾ ਦੂਜਾ ਭਾਗ ਸਾਂਝਾ ਕਰ ਰਹੇ ਹਾਂ। ਜੇਕਰ ਤੁਸੀ ਪਹਿਲਾ ਭਾਗ ਨਹੀ ਪੜ੍ਹਿਆ ਤਾ ਇਸ ਤੰਦ ਨੂੰ ਛੂਹ ਕੇ ਭਾਗ – 1 ਪੜ੍ਹ ਸਕਦੇ ਹੋ- 

ਸੰਖੇਪ ਇਤਿਹਾਸ – ਸਰਦਾਰ ਹਰੀ ਸਿੰਘ ਨਲੂਆ (ਭਾਗ -1)

ਜਮਰੌਦ ਦਾ ਮੈਦਾਨ ਜੰਗ 

ਹੁਣ ੬੦੦੦ ਪੈਦਲ ਤੇ ੧੦੦੦ ਸਵਾਰ, ੧੮ ਤੋਪਾਂ ਤੇ ਕੁਝ ਖੁਲ੍ਹੇ ਸਵਾਰ ਨਾਲ ਲੈ ਕੇ ਸਰਦਾਰ ਹਰੀ ਸਿੰਘ ਨੇ ੩੦ ਅਪ੍ਰੈਲ ਨੂੰ ਮੈਦਾਨ ਵਿਚ ਪਹੁੰਚ ਕੇ ਅਫ਼ਗਾਨਾਂ ਪਰ ਬੜਾ ਕਰੜਾ ਹੱਲਾ ਬੋਲ ਦਿੱਤਾ। ਅਫ਼ਗਾਨਾਂ ਨੂੰ ਜਦ ਤੱਕ ਇਸ ਗੱਲ ਦਾ ਪਤਾ ਨਹੀਂ ਸੀ ਲੱਗਾ ਕਿ ਹੱਲਾ ਕਰਨ ਵਾਲਾ ਨਲੂਆ ਸਰਦਾਰ ਹੈ ਤੱਦ ਤੱਕ ਤਾਂ ਉਹ ਇਸ ਹੱਲੇ ਨੂੰ ਬੜੇ ਜੋਸ਼ ਨਾਲ ਰੋਕਦੇ ਰਹੇ, ਪਰ ਜਦ ਵੈਰੀ ਨੂੰ ਇਕਾਇੱਕ ਇਹ ਮਲੂਮ ਹੋ ਗਿਆ ਕਿ ਇਸ ਫੌਜ ਵਿਚ ਸਰਦਾਰ ਹਰੀ ਸਿੰਘ ਨਲੂਆ ਆਪ ਮੌਜੂਦ ਹੈ, ਫਿਰ ਤਾਂ ਸਭ ਦੇ ਹੋਂਸਲੇ ਢਿੱਲੇ ਹੋ ਗਏ ਤੇ ਲੱਗੇ ਹੁਣ ਉਨ੍ਹਾਂ ਦੇ ਪੈਰ ਪਿੱਛੇ ਨੂੰ ਪੈਣ। ਇਸ ਸਮੇਂ ਸਰਦਾਰ ਜੀ ਨੇ ਆਪਣੀ ਫੌਜ ਨੂੰ ਹੋਰ ਅੱਗੇ ਵਧਾਇਆ ਤੇ ਵੈਰੀ ਦੀ ਫੌਜ ਨੂੰ ਇਸ ਤਰ੍ਹਾਂ ਅੱਗੇ ਧਰ ਲਿਆ ਜਿਸ ਤਰ੍ਹਾਂ ਹੜ ਅੱਗੇ ਕੱਖਕਾਨ ਰੁੜ੍ਹ ਜਾਂਦੇ ਹਨ। ਹੁਣ ਅਫ਼ਗਾਨਾਂ ਵਿਚ ਪੂਰੀ ਭਾਜੜ ਪੈ ਗਈ ਤੇ ਹਰ ਇੱਕ ਅਫਗਾਨ ਨੇ ਮੈਦਾਨ ਤੋਂ ਇਕ ਦੂਜੇ ਨਾਲੋਂ ਅੱਗੇ ਨੱਸ ਕੇ ਆਪਣੀ ਜਾਨ ਦੀ ਸਲਾਮਤੀ ਦਰਾ ਖੈਬਰ ਦੇ ਅੰਦਰ ਜਾਣ ਵਿਚ ਸਮਝੀ। ਇਸ ਸਮੇਂ ਸ: ਹਰੀ ਸਿੰਘ ਨੇ ਵੈਰੀਆਂ ਤੋਂ ੧੪ ਤੋਪਾਂ ਖੋਹ ਲਈਆਂ, ਜਿਨ੍ਹਾਂ ਵਿਚ ਪ੍ਰਸਿੱਧ ਅਫਗਾਨੀ ਤਪ ਕੋਹ ਸ਼ਕਨ (ਪਹਾੜ ਤੋੜ) ਵੀ ਸੀ। ਹੁਣ ਜਦ ਅਫਗਾਨੀ ਫੌਜ ਮੈਦਾਨ ਖਾਲਸੇ ਦੇ ਹੱਥ ਛੱਡ ਕੇ ਦਰਾ ਖੈਬਰ ਵਿਚ ਨੱਸ ਵੜੀ ਤਦ ਨਲੂਏ ਸਰਦਾਰ ਦੀ ਆਪਣੀ ਇੱਛਾ ਇਹ ਸੀ ਕਿ ਭੱਜੀ ਜਾਂਦੀ ਵੈਰੀ ਦੀ ਫੌਜ ਦਾ ਦਰੇ ਦੇ ਅੰਦਰ ਜਾ ਕੇ ਪਿੱਛਾ ਨਾ ਕੀਤਾ ਜਾਏ, ਸਗੋਂ ਆਪਣੀ ਸਾਰੇ ਦਿਨ ਦੀ ਥੱਕੀ ਹੋਈ ਫੌਜ ਨੂੰ ਕਿਲ੍ਹਾ ਜਮਰੌਦ ਦੇ ਕੈਂਪ ਵਿਚ ਪਹੁੰਚ ਕੇ ਆਰਾਮ ਦਿੱਤਾ ਜਾਏ। 

ਨਲੂਏ ਸਰਦਾਰ ਦਾ ਜ਼ਖਮੀ ਹੋਣਾ 

ਇਸ ਸਮੇਂ ਸਰਦਾਰ ਨਿਧਾਨ ਸਿੰਘ ਪੰਜ ਹੱਥਾ ਫਤਹਯਾਬੀ ਦੇ ਦੋਸ਼ ਵਿਚ ਵੈਰੀਆਂ ਨੂੰ ਦਬਾਉਂਦਾ ਹੋਇਆ ਦੂਰ ਤੱਕ ਦਰੇ ਦੇ ਅੰਦਰ ਚਲਾ ਗਿਆ। ਸਰਦਾਰ ਹਰੀ ਸਿੰਘ ਨੇ ਜਦ ਪੰਜ ਹੱਥੇ ਸਰਦਾਰ ਨੂੰ ਆਪਣੀ ਥੋੜੀ ਜਿਹੀ ਫੌਜ ਨਾਲ ਦਰੇ ਦੇ ਅੰਦਰ ਜਾਂਦਾ ਡਿੱਠਾ ਤਾਂ ਆਪ, ਬਣੇ ਆਪਣੇ ਦਸਤੇ ਦੇ ਉਸਦੀ ਮਦਦ ਲਈ ਦਰੇ ਦੇ ਅੰਦਰ ਚਲੇ ਗਏ, ਤਾਕਿ ਸਰਦਾਰ ਨਿਧਾਨ ਸਿੰਘ ਨੂੰ ਵਾਪਸ ਲੈ ਆਉਣ। 

ਸਰਦਾਰ ਹਰੀ ਸਿੰਘ ਇਸ ਸਮੇਂ ਦਰੇ ਦੇ ਉਸ ਹਿੱਸੇ ਵਿਚ ਸੀ, ਜਿਸ ਨੂੰ ‘ਸੂਰਕਮਰ’ ਕਹਿੰਦੇ ਹਨ। ਇਸ ਚਟਾਨ ਵਿਚ ਇਕ ਗੁਫਾ ਸੀ, ਜਿਸ ਵਿਚ ਮੈਦਾਨ ਤੋਂ ਨੱਸ ਹੋਏ ਗਾਜ਼ੀ ਲੁਕੇ ਬੈਠ ਸਨ। ਜਦ ਇਨ੍ਹਾਂ ਦਾ ਪਤਾ ਲੱਗਾ ਤਾਂ ਸਰਦਾਰ ਜੀ ਬਾਡੀ-ਗਾਰਡ ਦੇ ਕੂਮੈਦਾਨ ਸਰਦਾਰ ਅਜਾਇਬ ਸਿੰਘ ਰੰਧਾਵਾ ਗੁਫ਼ਾ ਵੱਲ ਅੱਗੇ ਵਧਿਆ ਤਾਂ ਇਸ ਪਰ ਇੱਕ ਗਾਜ਼ੀ ਨੇ ਗੋਲੀ ਚਲਾਈ, ਜਿਸ ਨਾਲ ਉਹ ਉੱਥੇ ਹੀ ਚੜ੍ਹਾਈ ਕਰ ਗਿਆ। ਇਸ ਸਮੇਂ ਸਰਦਾਰ ਹਰੀ ਸਿੰਘ ਨੇ ਆਪਣਾ ਘੋੜਾ ਅੱਗੇ ਕੀਤਾ ਤਾਂ ਮੁੜ ਗੁਫਾ ਵਿੱਚੋਂ ਗੋਲੀਆਂ ਚੱਲੀਆਂ, ਜਿਨ੍ਹਾਂ ਵਿੱਚੋਂ ਦੋ ਨਲੂਏ ਸਰਦਾਰ ਨੂੰ ਲੱਗੀਆਂ। ਸਰਦਾਰ ਜੀ ਦੇ ਨਾਲ ਦੇ ਸਵਾਰਾਂ ਨੇ ਗੁਫ਼ਾ ਨੂੰ ਘੇਰ ਲਿਆ ਅਤੇ ਅੰਦਰ ਲੁਕੇ ਹੋਏ ਵੈਰੀਆਂ ਨੂੰ ਫੜ ਕੇ ਬਾਹਰ ਕੱਢਿਆ ਤੇ ਉਨ੍ਹਾਂ ਦੇ ਡੱਕਰੇ ਉਡਾ ਦਿੱਤੇ, ਪਰ ਜਿਹੜਾ ਕਾਰਾ ਵਰਤਣਾ ਸੀ ਉਹ ਵਰਤ ਚੁੱਕਾ ਸੀ, ਉਸ ਦਾ ਬਦਲਾ ਇਸ ਤਰ੍ਹਾਂ ਹਜ਼ਾਰਾਂ ਕਾਤਲਾਂ ਦੀ ਭੇਟਾ ਨਹੀਂ ਸੀ ਪੂਰਾ ਹੋ ਸਕਦਾ। 

ਸ: ਹਰੀ ਸਿੰਘ ਦੀ ਸ਼ਹੀਦੀ 

ਸਰਦਾਰ ਹਰੀ ਸਿੰਘ ਜੀ ਨੇ ਫੱਟੜ ਹੁੰਦਿਆਂ ਹੀ ਬੜੇ ਹੌਸਲੇ ਨਾਲ ਆਪਣੇ ਘੋੜੇ ਦੀਆਂ ਵਾਗਾਂ ਕਿਲਾ ਜਮਰੌਦ ਵੱਲ ਪਰਤਾ ਲਈਆਂ ਤੇ ਘੋੜੇ ਨੂੰ ਅੱਡੀ ਲਾ ਕੇ ਸਿੱਧ ਕਿਲ੍ਹੇ ਵਿਚ ਪਹੁੰਚ ਗਏ। ਇੱਥੇ ਆਪ ਨੇ ਸਰਦਾਰ ਮਹਾਂ ਸਿੰਘ ਨੂੰ ਘੋੜੇ ਤੋਂ ਲੁਹਾਉਣ ਲਈ ਆਖਿਆ। ਆਪ ਨੇ ਕੁਝ ਹੋਰ ਜਵਾਨਾਂ ਦੀ ਸਹਾਇਤਾ ਨਾਲ ਸਰਦਾਰ ਜੀ ਨੂੰ ਅਡੋਲ ਘੋੜੇ ਤੋਂ ਲਾਹਿਆ, ਪਰ ਜਦ ਸਰਦਾਰ ਮਹਾਂ ਸਿੰਘ ਨੇ ਆਪ ਦੇ ਫੱਟਾ ਵਿੱਚੋਂ ਫਵਾਰਿਆਂ ਦੀ ਤਰ੍ਹਾਂ ਲਹੁ ਧਾਰਾਂ ਮਾਰਦਾ ਡਿੱਠਾ ਤਾਂ ਆਪ ਦੇ ਹੱਥਾਂ ਦੇ ਤੋਤੇ ਉੱਡ ਗਏ। ਦਾਨੇ ਸਰਦਾਰ ਮਹਾਂ ਸਿੰਘ ਨੇ ਨਲੂਏ ਸਰਦਾਰ ਨੂੰ ਕਿਲ੍ਹੇ ਦੇ ਇੱਕ ਵੱਖ ਕਮਰੇ ਵਿਚ ਪਹੁੰਚਾ ਕੇ ਸੁਖਆਸਣ ਕਰਵਾ ਦਿੱਤਾ ਅਤੇ ਉਸੀ ਵਕਤ ਆਪਣੇ ਚਤੁਰ ਫੁੱਟਬੰਨ੍ਹ ਨੂੰ ਬੁਲਵਾ ਕੇ ਸਰਦਾਰ ਜੀ ਦੇ ਫੱਟ ਬੜੀ ਯੋਗਤਾ ਨਾਲ ਸਾਫ ਕਰਕੇ ਬੰਨ੍ਹ ਦਿੱਤੇ। 

(ਜੀਵਨ ਇਤਿਹਾਸ – ਹਰੀ ਸਿੰਘ ਨਲੂਆ ਕਿਤਾਬ ਖਰੀਦਣ ਲਈ ਤੰਦ ਛੂਹੋ)

ਥੋੜ੍ਹੇ ਸਮੇਂ ਦੇ ਬਾਅਦ ਜਦ ਸਰਦਾਰ ਹਰੀ ਸਿੰਘ ਨੇ ਆਪਣੀ ਹਾਲਤ ਨਾਜ਼ਕ ਡਿੱਠੀ ਤਾਂ ਆਪਣੇ ਸਾਰੇ ਪੁਰਾਣੇ ਸਾਥੀਆਂ ਨੂੰ ਆਪਣੇ ਪਾਸ ਬੁਲਵਾਇਆ ਤੇ ਸਭ ਅਡੋਲ ਰਹਿੰਦੇ ਹੋਏ ਇਨ੍ਹਾਂ ਕਾਲੇ ਪਰਬਤਾਂ ਵਿਚ ਖਾਲਸਈ ਉਡੇ ਦੀ ਇੱਜ਼ਤ ਦੀ ਰੱਖਯਾ ਲਈ ਅਖੀਰਲੇ ਸਵਾਸਾਂ ਤਕ ਡਟੇ ਰਹਿਣ ਦੀ ਸਿੱਖਿਆ ਦਿੱਤੀ। ਆਪ ਅਜੇ ਆਪਣੀ ਗੱਲ ਪੂਰੀ ਵੀ ਨਾ ਸਨ ਕਰ ਸੱਕੇ ਕਿ ਆਪ ਦਾ ਭੌਰ ਉਡਾਰੀਆਂ ਲਾ ਗਿਆ। ਇਹ ਗੱਲ ੩੦ ਅਪ੍ਰੈਲ ਸੰਨ ੧੮੩੭ ਦੀ ਰਾਤ ਦੀ ਹੈ। 

ਸਰਦਾਰ ਮਹਾਂ ਸਿੰਘ ਨੇ ਕਈਆਂ ਗੱਲਾਂ ਨੂੰ ਮੁਖ ਰੱਖ ਕੇ ਆਪ ਜੀ ਦਾ ਸੰਸਕਾਰ ਬੜੇ ਸਾਦੇ ਤਰੀਕੇ ਨਾਲ ਰਾਤੋ ਰਾਤ ਕਿਲ੍ਹੇ ਦੀ ਚੜਦੀ ਨੁਕਰ ਵੱਲ ਕਨਾਤਾਂ ਦੇ ਅੰਦਰ ਕਰ ਦਿੱਤਾ। ਆਪ ਜੀ ਦੀ ਸਮਾਧ ਕਿਲ੍ਹਾ ਜਮਰੌਦ ਵਿਚ ਇਸ ਵਕਤ ਤੱਕ ਮੌਜੂਦ ਹੈ , ਜਿਸ ਪਰ ਇਹ ਲਿਖਤ ਲਿਖੀ ਹੋਈ ਹੈ : 

ਸਮਾਧ ਸਰਦਾਰ ਹਰੀ ਸਿੰਘ ਨਲੂਆ 

Tomb of the Sikh General Hari Singh Nalwa. Cremated 30th April 1837. Commemorated by Babu Gajju. Mal Kapur of Peshawar. September 1902.

 

‘ਨਲੂਏ’ ਨਾਮ ਦਾ ਵੇਰਵਾ 

ਸਰਦਾਰ ਹਰੀ ਸਿੰਘ ਦੇ ਨਾਮ ਨਾਲ ‘ਨਲੂਆ’ ਉਪਨਾਮ ਦਾ ਵੇਰਵਾ ਲੱਭਣ ਲਈ ਸਾਨੂੰ ਉਸ ਸਮੇਂ ਦੀਆਂ ਲਿਖਤੀ ਇਤਿਹਾਸਕ ਪੁਸਤਕਾਂ ਦੀ ਪੜਚੋਲ ਤੇ ਆਮ ਖੋਜ ਤੋਂ ਜੋ ਪਤਾ ਲੱਗਾ ਹੈ ਉਹ ਇਸ ਤਰ੍ਹਾਂ ਹੈ :- ਰਾਜਾ ਨਲ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁਤੀ ਜੋਧਾ ਸੀ ਅਤੇ ਉਹ ਸ਼ੇਰ ਦੇ ਸਨਮੁਖ ਲੜ ਕੇ ਉਸ ਨੂੰ ਮਾਰਨੇ ਵਿਚ ਬੜੀ ਸਿੱਧਤਾ ਰੱਖਦਾ ਸੀ। ਚੂੰਕਿ ਸ: ਹਰੀ ਸਿੰਘ ਵਿਚ ਉੱਪਰ ਲਿਖੇ ਉਹ ਸਾਰੇ ਗੁਣ ਸੰਮਿਲਤ ਪਾਏ ਜਾਂਦੇ ਸਨ, ਇਸ ਲਈ ਆਪ ਦਾ ਨਾਮ ਭੀ ਰਾਜਾ ਨਲ-ਸਾਨੀ ਪੈ ਗਿਆ। ਸਰਦਾਰ ਜੀ ਦੇ ਨਾਮ ਨਾਲ ਇਹ ਨਾਮ ਆਮ ਵਰਤੋਂ ਵਿਚ ਆਉਣ ਦੇ ਕਾਰਨ ਇਸ ਵਿਚ ਥੋੜੀ ਜਿਹੀ ਬਦਲੀ ਹੋ ਗਈ ਅਤੇ ਨਲ ਤੋਂ ਨਲੂਆ ਪ੍ਰਸਿਧ ਹੋ ਗਿਆ। ਇਸ ਬਾਰੇ ਹੇਠ ਲਿਖੇ ਸਬੂਤ ਇਸ ਪੁਸ਼ਟੀ ਵਿਚ ਮਿਲਦੇ ਹਨ : 

(੧) ਬੈਰਨ ਹੂਗਲ ਆਪਣੇ ਸਫਰਨਾਮੇ ਵਿਚ ਲਿਖਦਾ ਹੈ ਕਿ ਸਰਦਾਰ ਹਰੀ ਸਿੰਘ ਨੂੰ ਮੈਂ ਗੁਜਰਾਂਵਾਲੇ ਮਿਲਿਆ ਅਤੇ ਜਦ ਮੈਂ ਸਰਦਾਰ ਨੂੰ ਇਹ ਦੱਸਿਆ ਕਿ ਉਸ ਨੇ ਆਪਣੇ ਬਾਹੂਬਲ ਨਾਲ ਇੱਕ ਸ਼ੇਰ ਦੀ ਗਰਦਨ ਮਰੋੜ ਸੁੱਟੀ ਸੀ, ਜਿਸ ਤੋਂ ਉਸ ਦਾ ਨਾਮ ‘ਨਲੂਆ’ ਪੈ ਗਿਆ ਤਾਂ ਉਹ (ਸ: ਹਰੀ ਸਿੰਘ) ਮੇਰੀ ਇਸ ਵਾਕਫੀ ਨੂੰ ਸੁਣ ਕੇ ਹੈਰਾਨ ਰਹਿ ਗਿਆ। 

(੨) ਮੌਲਾਣਾ ਅਹਿਮਦ ਦੀਨ ਆਪਣੀ ਰਚਿਤ ਪੁਸਤਕ ‘ਮੁਕੰਮਲ ਤਾਰੀਖ਼ ਕਸ਼ਮੀਰ’ ਵਿਚ ਲਿਖਦਾ ਹੈ ਕਿ ਨਲੂਆ ਦੀ ਵਜ਼ਾ ਤਸਮੀਆ ਕੇ ਮੁਤੱਲਕ ਮਸ਼ਹੂਰ ਹੈ ਕਿ ਰਾਜਾ ਨਲ ਜ਼ਮਾਨਾ ਕਦੀਮ ਮੇਂ ਏਕ ਬਹਾਦਰ ਅਰ ਸੁਜਾਹ ਰਾਜਾ ਥਾ। ਲੋਗੋਂ ਨੇ ਉਸ (ਹਰੀ ਸਿੰਘ) ਕੋ ਨਲ ਸੇ ਨਲੂਆ ਬਣਾ ਦੀਆ ਨਲੂਆ ਸੇ ਮੁਰਾਦ ਸ਼ੇਰ ਕੇ ਮਾਰਨੇ ਵਾਲਾ ਯਾ ਸ਼ੇਰ-ਅਫ਼ਗਾਨ ਹੈ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ, ਇਸ ਲੀਏ ਉਸ ਕਾ ਨਾਮ ਨਲੂਆ ਮਸ਼ਹੂਰ ਹੂਆ ! 

(੩) ਇਸੇ ਤਰ੍ਹਾਂ ਮਿਸਟਰ N.K.Sinha. ਆਪਣੀ ਲਿਖਤ ਤਾਰੀਖ਼ ਵਿਚ ਲਿਖਦਾ ਹੈ ਸਰਦਾਰ ਹਰੀ ਸਿੰਘ ਦੇ ਨਾਮ ਨਾਲ ਨਲੂਆ ਉਪਨਾਮ ਇਸ ਲਈ ਪ੍ਰਸਿੱਧ ਹੋ ਗਿਆ ਕਿ ਉਸ ਨੇ ਸ਼ੇਰ ਦੇ ਸਿਰ ਨੂੰ ਹੱਥਾਂ ਨਾਲ ਮਰੋੜ ਕੇ ਉਸ ਨੂੰ ਮਾਰ ਸੁੱਟਿਆ ਸੀ। ਇਸ ਦੀ ਅਸਲ ਲਿਖਤ ਇਸ ਤਰ੍ਹਾਂ ਹੈ :-

He had earned the title ‘Nalwa’ for having cloven the head of a tiger that had seized him. 

ਸ: ਹਰੀ ਸਿੰਘ ਦੇ ਜੀਵਨ ਪਰ ਇੱਕ ਨਜ਼ਰ 

ਸਰਦਾਰ ਹਰੀ ਸਿੰਘ ਦੇ ਜੀਵਨ ਪਰ ਨਜ਼ਰ ਮਾਰਿਆਂ ਇਸ ਨਤੀਜੇ ਪਰ ਪਹੁੰਚੀਦਾ ਹੈ ਕਿ ਆਪ ਬੀਰਤਾ ਤੇ ਸਿਆਣਪ ਦੇ ਕਮਾਲਪੁਰ ਪਹੁੰਚੇ ਹੋਏ ਸਨ। ਆਪ ਜੀ ਨੇ ਜਿਸ ਸਮੇਂ ਆਪਣਾ ਜੀਵਨ-ਪੰਧ ਅਰੰਭਿਆ ਆਪ ਦੇ ਸਿਰ ਪੁਰ ਨਾ ਪਿਤਾ ਦਾ ਹੱਥ ਸੀ ਅਤੇ ਨਾ ਹੀ ਕੋਈ ਹੋਰ ਵਸੀਲਾ, ਜੋ ਇਸ ਸਮੇਂ ਆਸਰਾ ਸੀ ਤਾਂ ਕੇਵਲ ਸਿਰਜਨਹਾਰ ਦਾਤਾਰ ਦਾ ਤੇ ਆਪਣੀ ਹਿੰਮਤ ਦਾ। ਬੱਸ, ਇਸੇ ਵਸੀਲੇ ਨੂੰ ਲੈ ਕੇ ਆਪ ਨੇ ਜੀਵਨ ਆਰੰਭਿਆ, ਪਰ ਅਸੀਂ ਬਹੁਤ ਛੇਤੀ ਦੇਖਦੇ ਹਾਂ ਕਿ ਉਹ ਕਿਸ ਤਰ੍ਹਾਂ ਆਪਣੇ ਛੋਟੇ ਦਰਜੇ ਤੋਂ ਵਧਦਾ ਹੋਇਆ ਖਾਲਸਾ ਰਾਜ ਦੇ ਸਭ ਤੋਂ ਵੱਡੇ ਰੁਤਬੇ ਕਮਾਂਡਰ ਇਨ-ਚੀਫ ਤੇ ਗਵਰਨਰ ਦੇ ਔਹਦੇ ਪਰ ਪਹੁੰਚਿਆ ਅਤੇ ਆਪਣੇ ਉੱਚ ਗੁਣਾਂ ਨਾਲ ਸ਼ੇਰਿ ਪੰਜਾਬ ਨੂੰ ਇੱਨਾਂ ਰੀਝਾਇਆ ਕਿ ਦੋ ਸੂਬਿਆਂ-ਕਸ਼ਮੀਰ ਤੇ ਪਿਸ਼ਾਵਰ-ਵਿਚ ਆਪ ਨੂੰ ਆਪਣੇ ਨਾਮ ਦਾ ਸਿੱਕਾ (ਜ਼-ਰਬ) ਚਲਾਉਣ ਦਾ ਮਾਣ ਬਖਸ਼ਿਆ ਗਿਆ। ਮਹਾਰਾਜਾ ਸਾਹਿਬ ਬੜੇ ਫ਼ਖ਼ਰ ਨਾਲ ਆਖਦੇ ਹੁੰਦੇ ਸਨ ਕਿ ਬਾਦਸ਼ਾਹ ਦੇ ਪ੍ਰਬੰਧ ਸਫ਼ਲਤਾ ਨਾਲ ਚਲਾਉਣ ਲਈ ਆਪ ਵਰਗੇ ਦਾਨਿਆਂ ਸਾਥੀਆਂ ਦੀ ਲੋੜ ਹੈ। ਸੰਸਾਰ ਯਾਤਰਾ ਨੂੰ ਸੰਪੂਰਨ ਕਰਨ ਸਮੇਂ ਆਪ ਦੀ ਜਾਗੀਰ ਤੇ ਤਲਬ ਮਿਲਾ ਕੇ ਅੱਠ ਲੱਖ ਵੀਹ ਹਜ਼ਾਰ ਰੁਪਿਆ ਸਾਲਾਨਾ ਸੀ। ਆਪ ਦੀ ਬੀਰਤਾ ਦਾ ਦਬਦਬਾ ਐਸਾ ਮਨਾਂ ਪੁਰ ਬੈਠਾ ਹੋਇਆ ਸੀ ਕਿ ਮੋਹਨ ਲਾਲ ਆਪਣੇ ਸਫਰਨਾਮੇ ਵਿਚ ਲਿਖਦਾ ਹੈ ਕਿ ਇਕ ਵਾਰੀ ਈਰਾਨ ਦੇ ਬਾਦਸ਼ਾਹ ਅਬਾਸ ਮਿਰਜ਼ਾ ਨੇ ਉਸ ਤੋਂ ਖਾਲਸਾ ਫੌਜ ਦੀ ਬੀਰਤਾ ਬਾਰੇ ਪੁੱਛਿਆ ਤਾਂ ਮੈਂ ਉਸਨੂੰ ਦੱਸਿਆ ਕਿ ਕੇਵਲ ਸਰਦਾਰ ਹਰੀ ਸਿੰਘ ਨਲੂਆ ਹੀ ਦਰਿਆ ਸਿੰਧ ਤੋਂ ਪਾਰ ਪਹੁੰਚ ਜਾਏ ਤਾਂ ਆਪ ਦੀ ਸਲਾਮਤੀ ਇਸੇ ਵਿਚ ਹੋਵੇਗੀ ਕਿ ਆਪ ਨੂੰ ਤਬਰੇਜ਼ ਜਾ ਕੇ ਪਨਾਹ ਲੈਣੀ ਪਏਗੀ। ਇਸ ਤੋਂ ਸਾਬਤ ਹੁੰਦਾ ਹੈ ਕਿ ਉਸ ਦੀ ਬਹਾਦਰੀ ਦਾ ਸਿੱਕਾ ਕਿੱਥੋਂ ਤੱਕ ਮੰਨਿਆਂ ਜਾਂਦਾ ਸੀ। 

ਅਸੀਂ ਆਪ ਵਿਚ ਇਸ ਸਫ਼ਲਤਾ ਤੋਂ ਛੁੱਟ ਇੱਕ ਹੋਰ ਮਹਾਨ ਗੁਣ ਦੇਖਦੇ ਹਾਂ, ਜਿਸ ਨਾਲ ਆਪ ਦਾ ਸਤਿਕਾਰ ਹੋਰ ਵੱਧ ਮਨਾਂ ਪੁਰ ਉੱਕਰ ਪੈਂਦਾ ਹੈ, ਉਹ ਇਹ ਹੈ ਕਿ ਆਪ ਇੱਨੇ ਉੱਚੇ ਮੁਰਾਤਬੇ ਪਰ ਪਹੁੰਚ ਕੇ ਵੀ ਸੁਖ ਰਹਿਣੇ ਅਮੀਰ ਨਾ ਸੀ ਬਣ ਗਏ, ਸਗੋਂ ਜਿਉਂ ਜਿਉਂ ਉੱਚੇ ਹੁੰਦੇ ਗਏ ਤਿਉਂ ਤਿਉਂ ਆਪ ਵਧੇਰੇ ਮਿਹਨਤੀ ਕੰਮ-ਕਰਨੇ ਬਣਦੇ ਗਏ। ਆਪ ਬਾਰੇ ਕਈ ਲੋਕਾਂ ਦੇ ਮਨਾਂ ਵਿਚ ਇਹ ਗ਼ਲਤ ਖਿਆਲ ਬੈਠਾ ਹੋਇਆ ਸੀ ਕਿ ਆਪ ਸੁਭਾਵਕ ਮੁਸਲਮਾਨਾਂ ਦੇ ਵੈਰੀ ਸਨ; ਜੇ ਇਸ ਗੱਲ ਦੀ ਇਤਿਹਾਸਕ ਨੁਕਤੇ ਤੋਂ ਖੋਜ ਕਰੀਏ ਤਾਂ ਇਹ ਖਿਆਲ ਉੱਕਾ ਨਿਰਮਲ ਸਾਬਤ ਹੁੰਦਾ ਹੈ। ਨਜ਼ੀਰ ਲਈ ਨਲੂਆ ਸਰਦਾਰ ਨੇ ਆਪਣੀ ੮੫੨੦੦੦ ਰੁਪਏ ਆਮਦਨੀ ਦੀ ਜੈਦਾਦ ਦੇ ਪ੍ਰਬੰਧ ਲਈ ਫਤਹ ਖਾਨ ਟਿਵਾਣਾ ਖੁਦਾਯਾਰ ਖਾਨ ਦੇ ਪੁੱਤ ਨੂੰ ਆਪਣਾ ਮੁਖਤਾਰ ਬਣਾਇਆ ਹੋਇਆ ਸੀ। ਇਸੇ ਤਰ੍ਹਾਂ ਕਾਜ਼ੀ ਹੁਸੈਨ ਬਖਸ਼ ਅਤੇ ਸ਼ੇਖ ਨੂਰ ਅਹਿਮਦ ਨੂੰ ਆਪਣਾ ਮੀਰ ਮੁਨਸ਼ੀ ਤੇ ਪੇਸ਼ਕਾਰੀ ਦੇ ਵੱਡੇ ਭਰੋਸੇ ਯੋਗ ਕੰਮ ਪਰ ਰੱਖਿਆ ਹੋਇਆ ਸੀ। ਹੋਰ ਕਈ ਸਰਹੱਦੀ ਮੁਸਲਮਾਨ ਮੁਖੀਆਂ ਨੂੰ ਇਸ ਨੇ ਨਵਾਬੀਆਂ ਤੇ ਹਜ਼ਾਰਾਂ ਰੁਪਏ ਦੀ ਆਮਦਨੀ ਦੀਆਂ ਜਾਗੀਰਾਂ ਬਖਸ਼ੀਆਂ ਸਨ। ਆਪ ਕੇਵਲ ਮੈਦਾਨ ਜੰਗ ਦੇ ਹੀ ਸਰਮੇ ਨਹੀਂ ਸਨ।ਸਗੋਂ ਆਪ ਮਲਕੀ ਪ੍ਰਬੰਧ ਚਲਾਉਣ ਵਿਚ ਵੀ ਬੜੇ ਕਾਮਯਾਬ ਮੁਦੱਬਰ ਸਾਬਤ ਹੋਏ ਸਨ। ਕਸ਼ਮੀਰ, ਹਜ਼ਾਰਾ ਤੇ ਪਿਸ਼ਾਵਰ ਇਨ੍ਹਾਂ ਤਿੰਨਾਂ ਸੂਬਿਆਂ ਪਰ ਹਕੂਮਤ ਕਰਨੀ ਇੱਕ ਅਸੰਭਵ ਜਿਹੀ ਗੱਲ ਸਮਝੀ ਜਾਂਦੀ ਸੀ, ਪਰ ਸਰਦਾਰ ਹਰੀ ਸਿੰਘ ਇਨ੍ਹਾਂ ਤਿੰਨਾਂ ਸੂਬਿਆਂ ਵਿਚ ਗਵਰਨਰ ਰਹੇ ਅਤੇ ਇਸ ਕਠਨ ਕੰਮ ਵਿਚ ਪੂਰਨ ਸਫ਼ਲਤਾ ਪ੍ਰਾਪਤ ਕੀਤੀ। ਇਸ ਬਾਰੇ ਸਰ ਕਲੂਡ ਵੈਡ, ਪੁਲੀਟੀਕਲ ਏਜੰਟ ਲੁਧਿਆਣਾ ਦੀ ਰਪੋਟ ਵਿਚ ਜੋ ਉਸਨੇ ਗਵਰਨਰ ਜਨਰਲ ਨੂੰ ਘੱਲੀ ਸੀ – ਸਾਫ਼ ਦੱਸਿਆ ਹੈ ਕਿ ਮੁਲਕੀ ਪ੍ਰਬੰਧ ਵਿਚ ਉਹ ਬੜਾ ਕਾਮਯਾਬ ਗਵਰਨਰ ਸੀ। 

(ਸਿੱਖ ਰਾਜ ਨਾਲ ਸੰਬੰਧਿਤ 22 ਕਿਤਾਬਾਂ ਖਰੀਦਣ ਲਈ ਤੰਦ ਛੂਹੋ)

ਜਿੱਥੇ ਆਪ ਮੈਦਾਨ ਜੰਗ ਵਿਚ ਨਿਡਰ ਜੋਧਾ ਸਨ ਤੇ ਮੁਲਕੀ ਪ੍ਰਬੰਧ ਵਿਚ ਸਫਲ ਗਵਰਨਰ, ਉੱਥੇ ਆਪ ਆਪਣੇ ਸਮੇਂ ਦੇ ਉੱਚੇ ਵਿਦਵਾਨ ਅਤੇ ਵਿਦਵਾਨਾਂ ਦੇ ਵੱਡੇ ਕਦਰਦਾਨ ਸਨ। ਆਪ ਕਈਆਂ ਲਿਪੀਆਂ ਵਿਚ ਮਾਤਭਾਸ਼ਾ ਦੀ ਤਰ੍ਹਾਂ ਲਿਖ ਪੜ੍ਹ ਸਕਦੇ ਸਨ। ਫਾਰਸੀ, ਕਸ਼ਮੀਰੀ, ਪਸ਼ਤੋ ਤੇ ਪੰਜਾਬੀ ਵਿਚ ਰਵਾਨਗੀ ਨਾਲ ਬੋਲਦੇ ਹੁੰਦੇ ਸਨ। ਸ: ਹਰੀ ਸਿੰਘ ਨੂੰ ਮਿਲਣ ਦੇ ਬਾਦ ਬੈਰਨ ਹੂਗਲ ਆਪਣੇ ਸਫ਼ਰਨਾਮੇ ਵਿਚ ਲਿਖਦਾ ਹੈ – “ਸਰਦਾਰ ਹਰੀ ਸਿੰਘ ਬੜੇ ਖੁਲੇ ਸੁਭਾਵ ਦਾ ਆਦਮੀ ਸੀ, ਉਹ ਯੂਰਪ ਦੀਆਂ ਹਕੂਮਤਾਂ ਦੇ ਹਾਲਾਤ ਦਾ ਚੰਗਾ ਜਾਣੂ ਸੀ। ਈਸਟ ਇੰਡੀਆ ਕੰਪਨੀ ਦੀ ਪਾਲਸੀ ਚੰਗੀ ਤਰ੍ਹਾਂ ਸਮਝਦਾ ਸੀ। ਉਹ ਫਾਰਸੀ ਤੇ ਪਸ਼ਤੋ ਆਦਿ ਵਿਚ ਬੜਾ ਖੁਲ੍ਹਾ ਲਿਖ ਪੜ੍ਹ ਸੱਕਦਾ ਸੀ” । 

ਇਸ ਦੇ ਨਾਲ ਹੀ ਅਸੀਂ ਇਹ ਭੀ ਦੇਖਦੇ ਹਾਂ ਕਿ ਉਹ ਇਮਾਰਤਾਂ, ਕਿਲਿਆਂ, ਮੋਰਚਿਆਂ ਤੇ ਪੁਲਾਂ ਆਦਿ ਇੰਜੀਨੀਅਰੀ ਦੇ ਕੰਮਾਂ ਦਾ ਖਾਸ ਮਾਹਿਰ ਸੀ। ਆਪ ਦੀਆਂ ਬਣਾਈਆਂ ਹੋਈਆਂ ਇਮਾਰਤਾਂ ਤੇ ਕਿਲ੍ਹੇ ਅੱਜ ਤਕ ਮੌਜੂਦ ਹਨ, ਜਿਹਾ ਕਿ ਕਿਲ੍ਹਾ ਹਰੀ ਪੁਰ, ਕਿਸ਼ਨ ਗੜ, ਆਪ ਦੀ ਗੁਜਰਾਂ ਵਾਲੇ ਵਾਲੀ ਹਵੇਲੀ ਤੇ ਬਾਰਾਂਦਰੀ ਆਦਿ ਇਨ੍ਹਾਂ ਇੱਨੇ ਵਧੇ ਹੋਏ ਰੁਝੇਵਿਆਂ ਦੇ ਹੁੰਦੇ ਹੋਇਆਂ ਵੀ ਗੁਰਸਿੱਖੀ ਦਾ ਪਿਆਰ ਆਪ ਦੀ ਰਗ ਰਗ ਵਿਚ ਭਰਿਆ ਪਿਆ ਸੀ। ਆਪ ਦਾ ਆਚਰਨ ਤੇ ਸਦਾਚਾਰ ਉੱਚਤਾ ਦਾ ਇੱਕ ਪਰਤੱਖ ਨਮੂਨਾ ਸੀ ਅਤੇ ਆਪ ਨੇ ਆਪਣਾ ਸਾਰਾ ਜੀਵਨ ਖਾਲਸਾ ਰਾਜ ਦੇ ਵਾਧੇ ਅਤੇ ਪਕਿਆਈ ਵਿਚ ਗੁਜ਼ਾਰਿਆ ਸੀ, ਇੱਥੋਂ ਤੱਕ ਕਿ ਅਖੀਰ ਪਰ ਆਪਣਾ ਸੀਸ ਭੀ ਇਸ ਤੋਂ ਵਾਰ ਦਿੱਤਾ ਸੀ। 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: