ਲੇਖਕ: ਅਵਤਾਰ ਸਿੰਘ ਆਨੰਦ
ਮਨੁੱਖੀ ਅਧਿਕਾਰਾਂ ਦੇ ਮਹਾਨ ਪਹਿਰੇਦਾਰਾਂ ਦੀ ਜੇਕਰ ਗਿਣਤੀ ਕੀਤੀ ਜਾਵੇ ਤਾਂ ਕੁਝ ਨਾਂਅ ਜਿਵੇਂ ਜੌਨ ਡਬਲਿਊ. ਸਟੀਫਨ, ਇਬਰਾਹੀਮ ਲਿੰਕਨ, ਐੱਮ. ਲੀਆਨੋ ਜਪਾਟਾ, ਮਾਰਟਿਨ ਲੂਥਰ ਕਿੰਗ, ਮੋਰਿਨ ਓਡਿਨ, ਧੀਰੇਂਦਰਨਾਥ ਦੱਤ ਆਦਿ ਪ੍ਰਮੁੱਖ ਹਨ। ਇਨ੍ਹਾਂ ਤੋਂ ਇਲਾਵਾ ਕੁਝ ਹੋਰ ਵੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਪਹਿਰੇਦਾਰ ਹੋਏ ਹਨ ਪਰ ਇਨ੍ਹਾਂ ‘ਚ ਇਕ ਨਾਂਅ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਵੀ ਹੈ, ਜਿਨ੍ਹਾਂ ਨੇ ਸਰਕਾਰ ਦੇ ਦਬਾਅ ਨੂੰ ਦਰਕਿਨਾਰ ਕਰਕੇ ਇਨਸਾਨੀਅਤ ਪ੍ਰਤੀ ਆਪਣੇ ਫਰਜ਼ ਨਿਭਾਉਂਦਿਆਂ ਆਪਣਾ ਆਪ ਕੁਰਬਾਨ ਕਰ ਦਿੱਤਾ। 1980 ਤੋਂ ਬਾਅਦ ਪੰਜਾਬ ‘ਚ ਖਾੜਕੂ ਲਹਿਰ ਨੂੰ ਦਬਾਉਣ ਲਈ ਪੰਜਾਬ ਪੁਲਿਸ ਨੇ ਬਿਨਾਂ ਜਾਂਚ-ਪਰਖ ਦੇ ਜਿਸ ਤਰ੍ਹਾਂ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਬੇਕਸੂਰ ਲੋਕਾਂ ਨੂੰ ਲਾਸ਼ਾਂ ‘ਚ ਤਬਦੀਲ ਕੀਤਾ, ਇਸ ਤਰ੍ਹਾਂ ਦੀ ਮਿਸਾਲ ਇਤਿਹਾਸ ‘ਚ ਕਿਤੇ ਵੀ ਨਹੀਂ ਮਿਲਦੀ। ਜਦੋਂ ਪੰਜਾਬ ਅਣਗਿਣਤ ਨੌਜਵਾਨਾਂ ਦੀਆਂ ਲਾਸ਼ਾਂ ‘ਚ ਤਬਦੀਲ ਹੋ ਰਿਹਾ ਸੀ ਤਾਂ ਉਸ ਸਮੇਂ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਹਾਅ ਦਾ ਨਾਅਰਾ ਮਾਰਿਆ ਸੀ। ਪਿਤਾ ਸ. ਕਰਤਾਰ ਸਿੰਘ ਅਤੇ ਮਾਤਾ ਮੁਖਤਿਆਰ ਕੌਰ ਦੇ ਘਰ 2 ਨਵੰਬਰ, 1952 ਨੂੰ ਖਾਲੜਾ ਕਸਬੇ ‘ਚ ਜਨਮਿਆ ਜਸਵੰਤ ਸਿੰਘ ਇਕ ਅਣਖੀਲਾ ਨਿਡਰ ਜਰਨੈਲ ਸੀ।
ਜਸਵੰਤ ਸਿੰਘ ਨੇ 1969 ‘ਚ ਦਸਵੀਂ ਪਾਸ ਕਰਨ ਤੋਂ ਬਾਅਦ ਬੀੜ ਬਾਬਾ ਬੁੱਢਾ ਕਾਲਜ ‘ਚ ਦਾਖ਼ਲਾ ਲਿਆ। 1973 ‘ਚ ਕਾਲਜ ਦੀ ਪੜ੍ਹਾਈ ਪੂਰੀ ਕੀਤੀ ਅਤੇ 1974 ‘ਚ ਸਰਕਾਰੀ ਨੌਕਰੀ ਮਿਲ ਗਈ। ਆਪ ਪੰਚਾਇਤ ਸਕੱਤਰ ਬਣ ਗਏ। ਅਗਸਤ 1981 ‘ਚ ਸ. ਜਸਵੰਤ ਸਿੰਘ ਖਾਲੜਾ ਦਾ ਵਿਆਹ ਬੀਬੀ ਪਰਮਜੀਤ ਕੌਰ ਨਾਲ ਹੋਇਆ। 1987 ‘ਚ ਤਕਰੀਬਨ 13 ਸਾਲ ਨੌਕਰੀ ਕਰਨ ਤੋਂ ਬਾਅਦ ਆਪ ਨੇ ਪੰਜਾਬ ‘ਚ ਹੋ ਰਹੀਆਂ ਸਰਕਾਰੀ ਵਧੀਕੀਆਂ ਦੇ ਵਿਰੋਧ ‘ਚ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਸਰਕਾਰ ਪਹਿਲਾਂ ਤਾਂ ਅਸਤੀਫ਼ਾ ਮਨਜ਼ੂਰ ਨਾ ਕਰੇ ਕਿ ਅਸਤੀਫ਼ਾ ਠੀਕ ਨਹੀਂ ਲਿਖਿਆ, ਸੋਧ ਕੇ ਭੇਜੋ। ਤਕਰੀਬਨ ਤਿੰਨ ਸਾਲ ਬਾਅਦ ਅਸਤੀਫ਼ਾ ਪ੍ਰਵਾਨ ਕੀਤਾ ਗਿਆ। ਅਸਤੀਫ਼ਾ ਪ੍ਰਵਾਨ ਕਰਨ ਦਾ ਕਾਰਨ ਅਸਲ ‘ਚ ਜਸਵੰਤ ਸਿੰਘ ਖਾਲੜਾ ਦਾ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਪਿੱਛੇ ਹੱਥ ਧੋ ਕੇ ਪੈ ਜਾਣਾ ਸੀ। ਇਹ ਸਾਰੀ ਖੇਡ ਇਸ ਕਰਕੇ ਸ਼ੁਰੂ ਹੋਈ ਕਿਉਂਕਿ ਜਸਵੰਤ ਸਿੰਘ ਜਿਸ ਮਹਿਕਮੇ ‘ਚ ਨੌਕਰੀ ਕਰਦੇ ਸਨ, ਉਸੇ ਦਫ਼ਤਰ ‘ਚ ਉਨ੍ਹਾਂ ਦਾ ਇਕ ਸਾਥੀ ਲਾਪਤਾ ਹੋ ਗਿਆ ਸੀ। ਜਦੋਂ ਜਸਵੰਤ ਸਿੰਘ ਨੇ ਇਸ ਬਾਰੇ ਖ਼ੁਦ ਪੜਤਾਲ ਕੀਤੀ ਤਾਂ ਬੜੇ ਹੈਰਾਨੀਜਨਕ ਤੱਥ ਸਾਹਮਣੇ ਆਏ, ਕਿਉਂਕਿ ਉਨ੍ਹਾਂ ਨੇ ਦੇਖਿਆ ਸੀ ਕਿ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਨਾਲ ਲਗਦੇ ਸ਼ਮਸ਼ਾਨਘਾਟ ਤੋਂ ਮਜੀਠਾ, ਤਰਨ ਤਾਰਨ ਤੇ ਪੱਟੀ ਦੇ ਸ਼ਮਸ਼ਾਨਘਾਟਾਂ ‘ਚ ਮਰੇ ਹੋਏ ਲੋਕਾਂ ਦੇ ਨਾਂਅ ਦਰਜ ਸਨ, ਜਿਨ੍ਹਾਂ ਦਾ ਪੁਲਿਸ ਵਲੋਂ ਅੰਤਿਮ ਸੰਸਕਾਰ ਕੀਤਾ ਗਿਆ ਸੀ। ਅਜਿਹੇ ਤਕਰੀਬਨ ਤਕਰੀਬਨ 25 ਹਜ਼ਾਰ ਨੌਜਵਾਨਾਂ ਦੇ ਨਾਂਅ ਦਰਜ ਮਿਲੇ। ਲੱਭਣ ਤਾਂ ਆਪਣੇ ਸਾਥੀ ਨੂੰ ਨਿਕਲੇ ਸਨ ਪਰ ਇਹ ਸਭ ਕੁਝ ਵੇਖ ਕੇ ਉਨ੍ਹਾਂ ਦੀਆਂ ਅੱਖਾਂ ਖੁੱਲ੍ਹੀਆਂ ਹੀ ਰਹਿ ਗਈਆਂ। ਬਸ, ਉਸੇ ਦਿਨ ਤੋਂ ਜਸਵੰਤ ਸਿੰਘ ਖਾਲੜਾ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਪਿੱਛੇ ਪੈ ਗਏ। ਪਿਤਾ ਸਰਦਾਰ ਕਰਤਾਰ ਸਿੰਘ ਨੇ ਸੋਚਿਆ ਕਿ ਪੰਜਾਬ ਦਾ ਮਾਹੌਲ ਠੀਕ ਨਹੀਂ, ਇਸ ਲਈ ਉਸ ਨੂੰ ਵਿਦੇਸ਼ ਚਲੇ ਜਾਣਾ ਚਾਹੀਦਾ ਹੈ।
ਪਰਿਵਾਰ ਦੇ ਕਹਿਣ ‘ਤੇ ਆਪ 1990 ‘ਚ ਇੰਗਲੈਂਡ ਚਲੇ ਗਏ, ਉੱਥੇ ਜਾ ਕੇ ਰਾਜਸੀ ਸ਼ਰਨ ਲਈ। ਉੱਥੇ ਰਹਿ ਕੇ ਵੀ ਉਨ੍ਹਾਂ ਦਾ ਧਿਆਨ ਪਿੱਛੇ ਪੰਜਾਬ ‘ਚ ਹੋ ਰਹੀਆਂ ਜ਼ਿਆਦਤੀਆਂ ਵੱਲ ਹੀ ਸੀ। ਕੰਮ ‘ਚ ਧਿਆਨ ਨਾ ਲੱਗਣ ਕਾਰਨ ਸੰਨ 1993 ‘ਚ ਅਚਾਨਕ ਬਿਨਾਂ ਕਿਸੇ ਨੂੰ ਦੱਸੇ ਆਪਣੇ ਵਤਨ ਪੰਜਾਬ ਪਰਤ ਆਏ ਅਤੇ ਫਿਰ ਆ ਕੇ ਲੱਗ ਪਏ ਅੰਕੜੇ ਇਕੱਠੇ ਕਰਨ। ਪੰਜਾਬ ਅਤੇ ਕੇਂਦਰ ਸਰਕਾਰ ਵਲੋਂ ਕੋਈ ਜਵਾਬ ਨਾ ਮਿਲਣ ਕਾਰਨ ਆਪ ਦੁਖੀ ਹੋ ਕੇ ਮਾਰਚ 1995 ‘ਚ ਲਾਵਾਰਸ ਲਾਸ਼ਾਂ ਦੇ ਮਸਲੇ ਬਾਰੇ ਦੁਨੀਆ ਨੂੰ ਦੱਸਣ ਲਈ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਦੇ ਦੌਰੇ ‘ਤੇ ਗਏ, ਜਿੱਥੇ ਉਨ੍ਹਾਂ ਲਾਵਾਰਸ ਲਾਸ਼ਾਂ ਸੰਬੰਧੀ ਇਕੱਠੇ ਕੀਤੇ ਸਾਰੇ ਵੇਰਵੇ ਤੇ ਸਬੂਤ ਦੁਨੀਆ ਦੇ ਲੋਕਾਂ ਅਤੇ ਕੈਨੇਡਾ ਦੀ ਸਰਕਾਰ ਤੇ ਪਾਰਲੀਮੈਂਟ ਸਾਹਮਣੇ ਰੱਖੇ। ਜਦੋਂ ਜਸਵੰਤ ਸਿੰਘ ਨੇ ਦੁਨੀਆ ਦੀ ਪੱਧਰ ‘ਤੇ ਕਿਹਾ ਕਿ ਸਾਨੂੰ ਤਾਂ 25 ਹਜ਼ਾਰ ਦਾ ਹਿਸਾਬ ਚਾਹੀਦਾ ਹੈ। ਮੈਂ ਉਨ੍ਹਾਂ ਚਿਰ ਤੱਕ ਹੱਥ ‘ਤੇ ਹੱਥ ਧਰ ਕੇ ਨਹੀਂ ਬਹਿ ਸਕਦਾ। ਸ. ਖਾਲੜੇ ਦਾ ਸਰਕਾਰ ਨਾਲ ਕੋਈ ਜ਼ਮੀਨ-ਜਾਇਦਾਦ ਦਾ ਰੌਲਾ ਨਹੀਂ ਸੀ, ਨਾ ਹੀ ਵੱਟ ਦਾ ਝਗੜਾ ਸੀ। ਬਸ, ਉਨ੍ਹਾਂ ਦੀ ਲੜਾਈ ਸਰਕਾਰ ਨਾਲ ਇਸ ਕਰਕੇ ਸੀ ਕਿ ਪੰਜਾਬ ਪੁਲਿਸ ਨੇ ਸੰਨ ਚੁਰਾਸੀ ਤੋਂ ਬਾਅਦ ਰਾਜ ‘ਚ ਜਿਸ ਤਰ੍ਹਾਂ ਬੇਗੁਨਾਹ ਸਿੱਖ ਨੌਜਵਾਨਾਂ ਨੂੰ ਮਾਰਿਆ, ਉਹ ਉਨ੍ਹਾਂ ਦੀ ਜਵਾਬਦੇਹੀ ਤੈਅ ਕਰਵਾਉਣੀ ਚਾਹੁੰਦੇ ਸਨ।
ਪਰ ਇਹ ਸਰਕਾਰ ਨੂੰ ਮਨਜ਼ੂਰ ਨਹੀਂ ਸੀ। ਇਕ ਵਾਰ ਉਸ ਵੇਲੇ ਦੇ ਤਤਕਾਲੀ ਪੰਜਾਬ ਪੁਲਿਸ ਮੁਖੀ ਕੇ.ਪੀ.ਐੱਸ. ਗਿੱਲ ਨੇ ਅੰਮ੍ਰਿਤਸਰ ‘ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ ਕਿ ‘ਮਨੁੱਖੀ ਅਧਿਕਾਰਾਂ ਵਾਲੇ ਮੈਨੂੰ ਲਾਪਤਾ ਹੋਏ ਨੌਜਵਾਨਾਂ ਬਾਰੇ ਪੁੱਛਦੇ ਹਨ ਪਰ ਮੈਂ ਅੱਜ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਸਾਰੇ ਮੁੰਡੇ ਕੈਨੇਡਾ-ਅਮਰੀਕਾ ‘ਚ ਨੌਕਰੀ ਕਰਨ ਗਏ ਹਨ’ ਪਰ ਖਾਲੜਾ ਇਸ ਬਿਆਨ ਨਾਲ ਸਹਿਮਤ ਨਹੀਂ ਸਨ। ਉਨ੍ਹਾਂ ਦਾ ਸੰਘਰਸ਼ ਹੋਰ ਤੇਜ਼ ਹੁੰਦਾ ਗਿਆ। 5 ਸਤੰਬਰ, 1995 ਨੂੰ ਜਸਵੰਤ ਸਿੰਘ ਖਾਲੜਾ ਨੂੰ ਕਬੀਰ ਪਾਰਕ ਵਾਲੇ ਘਰ ‘ਚੋਂ ਪੰਜਾਬ ਪੁਲਿਸ ਨੇ ਉਦੋਂ ਚੁੱਕ ਲਿਆ, ਜਦੋਂ ਉਹ ਆਪਣੀ ਕਾਰ ਧੋ ਰਹੇ ਸਨ। ਪਰਿਵਾਰ ਨੇ ਬਹੁਤ ਭਾਲ ਕੀਤੀ ਪਰ ਕਿਤੇ ਵੀ ਉਨ੍ਹਾਂ ਦਾ ਪਤਾ ਨਾ ਲੱਗਾ। ਪਰਿਵਾਰ ਨੂੰ ਮੁੱਖ ਗਵਾਹ ਦੇ ਰੂਪ ‘ਚ ਇਕ ਸਾਬਕਾ ਪੁਲਿਸ ਮੁਲਾਜ਼ਮ ਕੁਲਦੀਪ ਸਿੰਘ ਬਚੜਾ ਨੇ ਬਹੁਤ ਸਾਥ ਦਿੱਤਾ। ਉਸ ਨੇ ਹੀ ਅਦਾਲਤ ‘ਚ ਦੱਸਿਆ ਕਿ ਜਸਵੰਤ ਸਿੰਘ ਖਾਲੜਾ ਨੂੰ ਇਕ ਦਿਨ ਪੁਲਿਸ ਮੁਲਾਜ਼ਮਾਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ ਸੀ। ਇਸੇ ਦੌਰਾਨ ਕੁਲਦੀਪ ਨੂੰ ਗਰਮ ਪਾਣੀ ਦਾ ਗਿਲਾਸ ਲਿਆਉਣ ਲਈ ਕਿਹਾ ਗਿਆ। ਜਦੋਂ ਕੁਲਦੀਪ ਪਾਣੀ ਗਰਮ ਕਰ ਰਿਹਾ ਸੀ ਤਾਂ ਉਸ ਨੇ ਦੋ ਗੋਲੀਆਂ ਚੱਲਣ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਉਹ ਕਮਰੇ ਵੱਲ ਭੱਜਿਆ, ਜਿੱਥੇ ਉਸ ਨੂੰ ਸਤਨਾਮ ਸਿੰਘ ਨੇ ਕਾਰ ਪਾਰਕਿੰਗ ‘ਚ ਜਾਣ ਲਈ ਕਿਹਾ। ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਖਾਲੜਾ ਦੀ ਲਾਸ਼ ਨੂੰ ਮਾਰੂਤੀ ਵੈਨ ‘ਚ ਪਾ ਕੇ ਸਤਲੁਜ ਦਰਿਆ ਵਿਚ ਹਰੀਕੇ ਪੁਲ ਨੇੜੇ 6 ਸਤੰਬਰ, 1995 ਨੂੰ ਸੁੱਟ ਦਿੱਤਾ ਸੀ। ਜਿਸ ਮਿਸ਼ਨ ਲਈ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਸੰਘਰਸ਼ ਕੀਤਾ, ਉਸ ਨੂੰ ਉਨ੍ਹਾਂ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਅਤੇ ਖਾਲੜਾ ਆਰਗਨਾਈਜ਼ੇਸ਼ਨ ਮਿਸ਼ਨ ਅਜੇ ਵੀ ਅੱਗੇ ਵਧਾ ਰਹੇ ਹਨ। ਹਰ ਸਾਲ 6 ਸਤੰਬਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਖਾਲੜਾ ਵਿਖੇ ਬਰਸੀ ਸਮਾਗਮ ਕਰਵਾਇਆ ਜਾਂਦਾ ਹੈ।
ਇਹ ਲਿਖਤ ਧੰਨਵਾਦ ਸਹਿਤ ਰੋਜਾਨਾ ਅਜੀਤ ਅਖਬਾਰ ਦੇ 6 ਸਤੰਬਰ 2024 ਅੰਕ ਵਿਚੋਂ ਲਈ ਗਈ ਹੈ।