ਚੋਣਵੀਆਂ ਲਿਖਤਾਂ

ਸ਼ਬਦ ਗੁਰੂ ਦਾ ਪ੍ਰਕਾਸ਼

By ਸਿੱਖ ਸਿਆਸਤ ਬਿਊਰੋ

October 26, 2024

-ਅਮਰਿੰਦਰ ਸਿੰਘ ਸਿੱਖ ਸ਼ਹਾਦਤ ਸੰਪਾਦਕੀ , ਸਤੰਬਰ ੨੦੨੨ ਅੰਕ ੬

ਸਬਦ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ ॥

ਇਕ ਅਜਿਹਾ ਨਿਰਾਲਾ ਸੱਚ ਹੀ ਵਿਸ਼ਵ ਧਰਮ ਹੋਣ ਦੀ ਬਖਸ਼ਿਸ਼ ਹਾਸਿਲ ਕਰ ਸਕਦਾ ਹੈ, ਜਿਸ ਵਿੱਚ ਇਲਾਹੀ ਨੂਰ, ਜੋਕਿ ਅੱਡ-ਅੱਡ ਸਮੇਂ ਅਤੇ ਸਥਾਨ ਵਿਚ ਪ੍ਰਕਾਸ਼ਮਾਨ ਹੋਇਆ ਹੋਵੇ, ਨੂੰ ਇਕ ਮੁਕੱਦਸ ਮੰਦਿਰ ਵਿੱਚ ਪ੍ਰਕਾਸ਼ ਕਰਨ ਦੀ ਬਖਸ਼ਿਸ਼ ਹਾਸਿਲ ਹੋਵੇ ਅਤੇ ਇਸ ਹਰਿਮੰਦਰ ਵਿਚੋਂ ਫਿਰ ਇਹ ਨੂਰ ਚੌਹਾਂ ਦਿਸ਼ਾਵਾਂ ਵਿੱਚ ਪ੍ਰਕਾਸ਼ਮਾਨ ਹੋਣ ਦਾ ਤਾਣ ਰੱਖਦਾ ਹੋਵੇ। ਜਿਸਦੀ ਨਵਾਜਿਸ਼ ਕੁਲ ਕਾਇਨਾਤ ‘ਤੇ ਇਕ ਸਮਾਨ ਵਰਤਦੀ ਹੋਵੇ। ਸੋ ਪਾਵਨ ਬੀੜ ਦੇ ਪ੍ਰਕਾਸ਼ ਹੋਣ ਨਾਲ ਸਿੱਖੀ ਦਾ ਬਹੁ-ਕੇਂਦਰਿਤ (multicentric) ਹੋਣ ਦਾ ਅਮਲ ਵੀ ਪ੍ਰਕਾਸ਼ ਹੁੰਦਾ ਹੈ। ਜਿਵੇਂ ਹਰਿਮੰਦਰ ਸਾਹਿਬ ਦੀ ਸਾਜਨਾ ਦਾ ਇਲਾਹੀ ਕਾਰਜ, ਹਰਿਮੰਦਰ ਦੇ ਚਾਰਾਂ ਦਿਸ਼ਾਵਾਂ ਵੱਲ ਦਰਵਾਜ਼ਿਆਂ ਦਾ ਸਾਂਝੀਵਾਲਤਾ ਵਾਲਾ ਉਪਦੇਸ਼, ਪਾਵਨ ਬੀੜ ਵਿਚ ਹੋਰ ਇਲਾਹੀ ਬਾਣੀ ਨੂੰ ਸ਼ਾਮਿਲ ਕਰਨ ਦਾ ਇਲਾਹੀ ਕੌਤਕ ਅਤੇ ਮੀਆਂ ਮੀਰ ਜੀ ਵਲੋਂ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ ਦਾ ਅਲੌਕਿਕ ਨਜ਼ਾਰਾ, ਇਹ ਸਾਰੀਆਂ ਗੱਲਾਂ ਸਿੱਖੀ ਦੀ ਸ਼ਾਨ ਨੂੰ ਸਾਂਝੀਵਾਲਤਾ ਦੇ ਉੱਚੇ ਜਬਤ ਵਿਚ ਬੰਨਦੀਆਂ ਹਨ। ਗੁਰਸਿੱਖੀ ਇਕ ਨਿਰਾਲਾ ਪੰਥ ਹੈ ਜਿਸ ਵਿਚ ਬਹੁਕੇਂਦਰਤਾ ਵਿਆਪਕ ਹੈ। ਇਸ ਕਾਰਨ ਹੀ ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਨੂੰ ਜਗਤ ਗੁਰੂ ਆਖਦੇ ਹਨ “ਜਾਹਰ ਪੀਰ ਜਗਤੁ ਗੁਰੁ ਬਾਬਾ” (ਵਾਰ.੨੪,ਪਉੜੀ. ੩ )। ਪ੍ਰੋ. ਪੂਰਨ ਸਿੰਘ ਦੀਆਂ ਲਿਖਤਾਂ ਵਿੱਚ ਵੀ ਸਿੱਖੀ ਨੂੰ ਇਕ ਵਿਸ਼ਵ ਧਰਮ ਵਜੋਂ ਵੇਖਣ ਦੇ ਇਸ਼ਾਰੇ ਮਿਲਦੇ ਹਨ। ਅਖੀਰ ਉਹ ਮੁਬਾਰਕ ਘੜੀ ਆਉਦੀ ਹੈ ਜਿਸ ਦਿਨ 1504ਈ. ਨੂੰ ਗੁਰੂ ਅਰਜਨ ਦੇਵ ਜੀ ਪਾਵਨ ਬੀੜ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਕਰਦੇ ਹਨ। ਇਹ ਪ੍ਰਕਾਸ਼ ਸ਼ਬਦ ਗੁਰੂ ਦਾ ਪਹਿਲਾ ਪ੍ਰਕਾਸ਼ ਸੀ। ਪਾਵਨ ਬੀੜ ਨੂੰ ਲਿਖਵਾਉਣ ਦਾ ਕਾਰਜ ਰਾਮਸਰ ਦੇ ਪਵਿੱਤਰ ਅਤੇ ਰਮਣੀਕ ਸਥਾਨ ਤੇ ਹੋਇਆ ਅਤੇ ਬਾਣੀ ਨੂੰ ਲਿਖਣ ਦੇ ਪਵਿੱਤਰ ਕਾਰਜ ਦੀ ਸੇਵਾ ਭਾਈ ਗੁਰਦਾਸ ਜੀ ਨੇ ਨਿਭਾਈ। ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਇਸ ਸਮੁੱਚੀ ਅਲੌਕਿਕ ਖੇਡ ਨੂੰ ਸੰਪਾਦਨਾ ਆਖਣਾ ਇਕ ਵਡੇਰੀ ਭੁੱਲ ਹੈ। ਪ੍ਰੋ ਹਰਿੰਦਰ ਸਿੰਘ ਮਹਿਬੂਬ ਅਨੁਸਾਰ “ਪਾਵਨ ਬੀੜ ਦੇ ਪ੍ਰਕਾਸ਼ ਦਾ ਮਤਲਬ ਇਹ ਹੈ ਕਿ ਗੁਰੂ ਸਾਹਿਬਾਨ ਦੀ ਬਾਣੀ ਅਤੇ ਭਗਤਾਂ ਦੀ ਬਾਣੀ ਦਾ ਜੋ ਸੁਮੇਲ, ਤਰਤੀਬ ਅਤੇ ਚੋਣ -ਢੰਗ ਗੁਰੂ ਗ੍ਰੰਥ ਸਾਹਿਬ ਵਿੱਚ ਦ੍ਰਿਸ਼ਟਮਾਨ ਹਨ, ਉਹ ਕਿਸੇ ਸੰਗ੍ਰਹਿ -ਕਰਤ, ਭਾਵੇਂ ਉਹ ਗੁਰੂ ਸਾਹਿਬ ਖੁਦ ਹੀ ਕਿਉ ਨਾਂਹ ਹੋਣ, ਦੀ ਮਿਹਨਤ ਦਾ ਨਤੀਜਾ ਨਹੀ, ਸਗੋ ਇਹਨਾਂ ਦੀ ਹੋਂਦ ਅਦ੍ਰਿਸ਼ਟ ਰੂਪ ਵਿੱਚ ਗੁਰੂ-ਲਿਵ ਵਿਚ ਮੌਜੂਦ ਸੀ। ਦੂਜੇ ਲਫਜਾਂ ਵਿਚ ਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬਾਨ ਦੇ ਅੰਗ ਸੰਗ ਸਨ, ਅਤੇ ਦਸਮ ਪਾਤਿਸ਼ਾਹ ਨੇ ਸਮੁੱਚੀ ਪਾਵਨ ਬੀੜ ਦਾ ਅਖੰਡ ਉਚਾਰਨ ਕਰਕੇ ਇਹ ਗੱਲ ਸਾਬਤ ਵੀ ਕਰ ਵਿਖਾਈ।” ਕਿਉਂਕਿ ਪਾਵਨ ਬੀੜ ਦੀ ਸਾਜਨਾ ਗੁਰੂ-ਲਿਵ ਵਿਚੋ ਹੋਈ ਹੈ ਇਸ ਵਿਚ ਉਹ ਹਰੇਕ ਚੀਜ ਸ਼ਾਮਲ ਹੈ ਜਿਸਨੂੰ ਗੁਰੂ-ਲਿਵ ਦੀ ਬਖਸ਼ਿਸ਼ ਨਸੀਬ ਹੈ।

ਸੋ ਪੰਚਮ ਪਾਤਿਸ਼ਾਹ ਨੇ ਹਰਿਮੰਦਰ ਸਾਹਿਬ ਵਿੱਚ ਸ਼ਬਦ ਦਾ ਪ੍ਰਕਾਸ਼ ਕੀਤਾ। ਗੁਰੂ ਘਰ ਵਿੱਚ ਸ਼ਬਦ ਅਤੇ ਨਾਮ ਦੀ ਮਹਿਮਾ ਗੁਰੂ ਨਾਨਕ ਸਾਹਿਬ ਦੇ ਆਗਮਨ ਨਾਲ ਹੀ ਪ੍ਰਕਾਸ਼ਮਾਨ ਹੋ ਗਈ ਸੀ।  ਜਦੋ ਵੀ ਸਿੱਖ ਗੁਰਬਾਣੀ ਦਾ ਜਾਪ ਕਰਦਾ ਹੈ ਤਾਂ ਉਸਦੇ ਅੱਗੇ ਨਾਮ ਦੀ ਮਹਿਮਾਂ ਦਾ ਦੈਵੀ ਜਿਕਰ ਵਾਰ-ਵਾਰ ਆਉਦਾ ਹੈ ਅਜਿਹਾ ਨਾਮ ਜਿਸਦਾ ਪਾਰ ਵੇਦ, ਕਤੇਬ ਜਾਂ ਹੋਰ ਧਰਮ ਗ੍ਰੰਥ ਵੀ ਨਹੀ ਪਾ ਸਕੇ। ਜਿਵੇ ਪੰਚਮ ਪਾਤਿਸ਼ਾਹ ਦਾ ਨਾਮ ਦੇ ਵਡ-ਪ੍ਰਤਾਪ ਪ੍ਰਥਾਏ ਫੁਰਮਾਨ ਹੈ ਕਿ “ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ  ਢਢੋਲ ।। ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ।।” ਸੋ ਸਿੱਖੀ ਵਿੱਚ ਨਾਮ ਅਤੇ ਸ਼ਬਦ ਦੀ ਮਹਿਮਾ ਬੇਅੰਤ ਹੈ । ਉਝ ਸ਼ਬਦ ਪ੍ਰੰਪਰਾ ਆਦਿ ਕਾਲ ਤੋਂ ਚੱਲੀ ਆਉਦੀ ਹੈ , ਸਾਮੀ ਅਤੇ ਆਰੀਅਨ ਦੋਨਾ ਧਰਮ ਪ੍ਰੰਪਰਾਵਾਂ ਵਿੱਚ ਸ਼ਬਦ ਬਾਰੇ ਦਰਸ਼ਨ ਸ਼ਾਸਤਰ ਮਿਲਦੇ ਹਨ। ਯੂਨਾਨ ਦੇ ਦਰਸ਼ਨ ਵਿੱਚ ਵੀ ਸ਼ਬਦ ਦਾ ਜਿਕਰ ਮਿਲਦਾ ਹੈ ਉਹ ਸ਼ਬਦ ਨੂੰ Logos ਆਖਦੇ ਹਨ । ਡਾ ਗੁਲਜਾਰ ਸਿੰਘ ਕੰਗ ਅਨੁਸਾਰ “ਲੋਗੋਸ ਦੇ ਸੰਕਲਪ ਨੂੰ ਸਭ ਤੋਂ ਪਹਿਲਾਂ ਹੈਰਾਕਲੀਟਸ (Heraclitus of Ephesus 535-475 B.C) ਨੇ ਆਪਣੀ ਰਚਨਾ Fragments ਵਿਚ ਪਰਚਾਰਿਆ”। ਹੈਰਾਕਲੀਟਸ ਸ਼ਬਦ ਨੂੰ ਸਰਬ-ਵਿਆਪਕ ਮੰਨਦਾ ਸੀ। ਉਸਤੋਂ ਬਾਅਦ ਲੋਗੋਸ ਪਲੈਟੋ ਅਤੇ ਅਰਸਤੂ ਦੀਆ ਲਿਖਤਾ ਵਿਚ ਵੀ ਮਿਲਦਾ ਹੈ। ਉਸਤੋਂ ਇਲਾਵਾ ਯਹੂਦੀ ਧਰਮ ਅਤੇ ਈਸਾਈ ਧਰਮ ਗ੍ਰੰਥਾਂ ਵਿੱਚ ਵੀ ਸ਼ਬਦ ਦੀ ਵਿਸ਼ਾਲਤਾ ਬਾਰੇ ਵੱਖਰੇ-ਵੱਖਰੇ ਵਿਚਾਰ ਉਪਲਬਧ ਹਨ। ਭਾਰਤੀ ਧਰਮਾਂ ਵਿਚ ਜੋਗੀਆਂ ਦੀ ਬਾਣੀ ਵਿੱਚ ਸ਼ਬਦ ਦੀ ਉਪਮਾ ਉਪਲਬਧ ਹੈ ਜਿਵੇ “ਗੋਰਖ ਲਿਖਦਾ ਹੈ “ਸਬਦਹਿ ਤਾਲਾ ਸਬਦਹਿ ਕੂਚੀ, ਸਬਦਹਿ ਸਬਦ ਜਗਾਇਆ।। ਸਬਦਹਿ ਸਬਦ ਸੂੰ ਪਰਚਾ ਝੂਆ, ਸਬਦਹਿ ਸਬਦ ਸਮਾਇਆ।।”। ਵੇਦਾ ਅਤੇ ਉਪਨਿਸ਼ਦਾ ਵਿਚ ਸ਼ਬਦ ਦਾ ਪ੍ਰਮੁੱਖ ਸਥਾਨ ਹੈ। “ਸਾਮਵੇਦ ਵਿਚ ਆਉਦਾ ਹੈ ਕਿ ਸ਼ਬਦ ਹੀ ਪਰਮਾਤਮਾ ਹੈ ਅਤੇ ਸ਼ਬਦ ਹੀ ਕਰਤਾ ਹੈ।” ਸ਼ਬਦ ਬ੍ਰਹਮ ਨਿਸ਼ਬਦ ਬ੍ਰਹਮ ਪ੍ਰਣਵੋ ਬ੍ਰਹਮ।। (ਸਾਮਵੇਦ)

ਪਰ ਗੁਰੂ ਅਮਲ ਨਾਮ ਅਤੇ ਸ਼ਬਦ ਦੀ ਇਕ ਮੌਲਿਕ ਸਮਝ ਅਮਲ ਰਾਹੀ ਦ੍ਰਿਸ਼ਟਮਾਨ ਕਰਵਾਉਦਾ ਹੈ। ਸਭ ਤੋਂ ਪੂਰਵ ਨਾਮ ਹੁਕਮ ਰੂਪ ਵਿੱਚ ਹਰ ਜਗ੍ਹਾ ਪ੍ਰਵਿਰਤ ਹੈ। ਅਕਾਲ ਪੁਰਖ ਦੇ ਹੁਕਮ ਵਿੱਚ ਹੀ ਨਾਮ ਗੁਰੂ ਰੂਪ ਵਿੱਚ ਜਗਤ ਦਾ ਉਧਾਰ ਕਰਨ ਹਿਤ ਪ੍ਰਕਾਸ਼ਮਾਨ ਹੋਇਆ । ਨਾਮ ਅਕਾਲ ਪੁਰਖ ਦੇ ਹੁਕਮ ਵਿੱਚ ਆਪਣੇ ਨਿਰਗੁਣ ਅਮੂਰਤ ਰੂਪ ਤੋਂ ਸਾਕਾਰ ਰੂਪ ਵਿਚ ਪ੍ਰਗਟ ਹੋਣ ਤੋਂ ਉਪਰੰਤ, ਫਿਰ ਨਾਮ ਗੁਰੂ ਅਮਲ ਰਾਹੀ ਬਾਣੀ ਦੇ ਸ਼ਬਦ ਰੂਪ ਵਿਚ ਧਰਤੀ ਤੇ ਪ੍ਰਗਟ ਹੁੰਦਾ ਹੈ। ਜਿਸਦੇ ਨਾਲ ਨਾਲ ਇਕ ਗਤੀਸ਼ੀਲ ਗੁਰੂ-ਅਮਲ ਦੀ ਸਿਰਜਣਾ ਹੁੰਦੀ ਹੈ। ਇਹ ਗੁਰੂ ਅਮਲ ਨਾਮ ਦੇ ਨਿਰੰਕਾਰੀ ਰੂਪ ਦਾ ਸਮੇ ਅਤੇ ਸਥਾਨ ਵਿਚ ਇਕ ਕੋਮਲ ਅਤੇ ਸਚਿਆਰਾ ਫੈਲਾਅ ਹੈ। ਜਿਸਨੇ ਨਾਮ ਦੇ ਪ੍ਰਤਾਪ ਨੂੰ ਸਚਿਆਰੇ ਅਮਲ ਵਿਚ ਜਾਹਰ ਕਰਦਿਆ ਧਰਤੀ ਤੇ ਇਕ ਕਾਮਲ ਮਰਦ ਭਾਵ ਗੁਰਮੁਖਿ ਦਾ ਪ੍ਰਕਾਸ਼ ਕਰਨਾ ਹੈ। ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਸ਼ਬਦ ਗੁਰੂ ਰੂਪ ਹੀ ਹੋ ਜਾਦਾ ਹੈ, ਕਿਉਂਕਿ ਸ਼ਬਦ ਗੁਰੂ-ਅਵਤਾਰੀ ਸੁਰਤਿ ਰਾਹੀ ਧਰਤੀ ਤੇ ਪ੍ਰਗਟ ਹੁੰਦਾ ਹੈ। ਅਮੂਰਤ ਨਾਮ ਕਲਾਧਾਰੀ ਗੁਰੂ ਸੁਰਤਿ ਰਾਹੀ ਸ਼ਬਦ ਰੂਪ ਵਿਚ ਪ੍ਰਗਟ ਹੁੰਦਾ ਹੈ।

ਸੋ ਇਸ ਤਰ੍ਹਾਂ “ਗੁਰੂ-ਅਮਲ” ਸ਼ਬਦ ਦੀ ਇਕ ਖਾਸ ਅਤੇ ਮੌਲਿਕ ਵਿਆਖਿਆ ਪੇਸ਼ ਕਰਦਾ ਹੈ । ਸ਼ਬਦ-ਗੁਰੂ ਰੂਪ ਦੇ ਕੁਝ ਦ੍ਰਿਸ਼ਟਾਂਤ ਸਿਧ ਗੋਸਟਿ ਵਿਚ ਪ੍ਰਗਟ ਹੁੰਦੇ ਹਨ। ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਦੋਰਾਨ ਜਦੋਂ ਗੁਰੂ ਸਾਹਿਬ ਦੀ ਸਿਧਾ ਨਾਲ ਗੋਸ਼ਟੀ ਹੁੰਦੀ ਹੈ ਉਸ ਸਮੇਂ ਸਿਧਾ ਵਲੋਂ ਗੁਰੂ ਸਾਹਿਬ ਦੀ ਦੁਨਿਆਵੀ ਉਮਰ ਨੂੰ ਵੇਖਦਿਆ ਸਿਧ ਪੁੱਛਦੇ ਹਨ ਕਿ “ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ” । ਇਹ ਸਵਾਲ ਬਹੁਤ ਹੀ ਜਿਆਦਾ ਮਹੱਤਵਪੂਰਨ ਹੈ ਇਹ ਸਵਾਲ ਪੂਰੀ ਸਿਧ ਪ੍ਰੰਪਰਾ ਦਾ ਹੈ ਜਿਸਦੀਆ ਕਠਿਨ ਕਿਰਿਆਵਾ ਤੋਂ ਲੋਕ ਪ੍ਰਭਾਵਿਤ ਸਨ। ਇਸ ਸਵਾਲ ਪਿੱਛੇ ਸਮੁੱਚਾ ਨਾਥ ਪ੍ਰੰਪਰਾ, ਸ਼ਿਵ ਤੋਂ ਉਤਪੰਨ ਹੋਈਆ ਸਮੁੱਚੀਆ ਯੋਗਿਕ ਧਾਰਾਵਾ ਇਸ ਸਵਾਲ ਦੇ ਵਜੂਦ ਵਿਚ ਖਲੋਤੀਆਂ ਜਵਾਬ ਦੀ ਉਡੀਕ ਕਰ ਰਹੀਆ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਆਪਣੀ ਦਾਰਸ਼ਨਿਕ ਕਲੋਲ ਤੇ ਮਾਣ ਵੀ ਹੈ। ਸੋ ਗੁਰੂ ਨਾਨਕ ਸਾਹਿਬ ਸਿਧਾ ਨੂੰ ਆਖਦੇ ਹਨ ਕਿ “ਸਬਦੁ ਗੁਰੂ ਸੁਰਤਿ ਧੁਨਿ ਚੇਲਾ“। ਇਸ ਜਵਾਬ ਤੋਂ ਬਾਅਦ ਸਿਧਾ ਦੀ ਗਿਆਨਮਈ ਉਤਸੁਕਤਾ ਹੋਰ ਵੱਧ ਪ੍ਰਬਲ ਹੋ ਜਾਦੀ ਹੈ। ਕਿਉਂਕਿ ਸਿਧ ਵੀ ਸ਼ਬਦ ਦੀ ਪ੍ਰੰਪਰਾ ਤੋਂ ਵਾਕਿਫ਼ ਹਨ ਪਰ ਉਹ ਗੁਰੂ ਨਾਨਕ ਸਾਹਿਬ ਦੁਆਰਾ ਦੱਸੇ ਸ਼ਬਦ ਗੁਰੂ ਦੀ ਉਚਾਈ ਤੋਂ ਅਣਜਾਣ ਹਨ। ਇਸੇ ਕਰਕੇ ਸਿਧ ਗੱਲ ਨੂੰ ਅੱਗੇ ਤੋਰਦਿਆਂ ਗੁਰੂ ਸਾਹਿਬ ਤੋਂ ਪੁੱਛਦੇ ਹਨ ਕਿ ਸ਼ਬਦ ਦਾ ਵਾਸ ਕਿੱਥੇ ਹੈ?, “ ਸੁ ਸਬਦ ਕਾ ਕਹਾ ਵਾਸੁ ਕਥੀਅਲੇ ਜਿਤੁ ਤਰੀਐ ਭਵਜਲੁ ਸੰਸਾਰੋ।।” ਸ਼ਬਦ ਦੇ ਵਾਸ ਸਬੰਧੀ ਗੁਰੂ ਸਾਹਿਬ ਸਿਧਾ ਨੂੰ ਆਖਦੇ ਹਨ ਕਿ ਸ਼ਬਦ ਹਰ ਜਗ੍ਹਾ ਵਿਆਪਕ ਹੈ ਜਿਵੇ :-

ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ ਜਹ ਦੇਖਾ ਤਹ ਸੋਈ।। ਪਵਨ ਕਾ ਵਾਸਾ ਸੁੰਨ ਨਿਵਾਸਾ ਅਕਲ ਕਲਾ ਧਰ ਸੋਈ।। ਨਦਰਿ ਕਰੇ ਸਬਦੁ ਘਟ ਵਸੈ ਵਿਚਹੁ ਭਰਮੁ ਗਵਾਏ।। ਤਨੁ ਮਨੁ ਨਿਰਮਲੁ ਨਿਰਮਲੁ ਬਾਣੀ ਨਾਮੋ ਮੰਨਿ ਵਸਾਏ।। ਸਬਦ ਗੁਰੂ ਭਵ ਸਾਗਰ ਤਰੀਐ ਇਤ ਉਤ ਏਕੋ ਜਾਣੈ।।

ਜੋਗੀ ਫਿਰ ਅਗਲੇ ਸਵਾਲ ਵਿਚ ਹੰਕਾਰੀ ਮਨ, ਸਵਾਸ ਅਤੇ ਸ਼ਬਦ ਕਿੱਥੇ ਵਸਦਾ ਹੈ ਭਾਵ ਇਨ੍ਹਾਂ ਦਾ ਅਸਲ ਟਿਕਾਣਾ ਕਿੱਥੇ ਹੈ ਉਸ ਬਾਰੇ ਪੁੱਛਦੇ ਹਨ, “ਇਹੁ ਮਨੁ ਮੈਗਲ ਕਹਾ ਬਸੀਅਲੇ ਕਹਾ ਬਸੈ ਇਹੁ ਪਵਨਾ॥ ਕਹਾ ਬਸੈ ਸੁ ਸਬਦੁ ਅਉਧੂ ਤਾ ਕਉ ਚੂਕੈ ਮਨ ਕ ਭਵਨਾ।।”

ਗੁਰੂ ਸਾਹਿਬ ਸਿਧਾ ਦੀ ਗੱਲ ਦੇ ਜਵਾਬ ਵਿਚ ਆਖਦੇ ਹਨ

ਇਹੁ ਮਨੁ ਨਿਹਚਲੁ ਹਿਰਦੈ ਵਸੀਅਲੇ ਗੁਰਮੁਖਿ ਮੂਲੁ ਪਛਾਣਿ ਰਹੈ।। ਨਾਭਿ ਪਵਨੁ ਘਰਿ ਆਸਣਿ ਬੈਸੇ ਗੁਰਮੁਖਿ ਖੋਜਤ ਤਤੁ ਲਹੈ।। ਸੁ ਸਬਦੁ ਨਿਰੰਤਰਿ ਨਿਜ ਘਰ ਆਛੈ ਤ੍ਰਿਭਵਣ ਜੋਤਿ ਸੁ ਸਬਦੁ ਲਹੈ।।

ਅਗਲੇ ਸਵਾਲ ਵਿਚ ਜੋਗੀ ਸ਼ਬਦ ਦੇ ਆਦਿ ਸਥਾਨ ਬਾਰੇ ਪੁੱਛਦੇ ਹਨ ਜਦੋ ਅਜੇ ਸੰਸਾਰ ਦੀ ਉਤਪਤੀ ਨਹੀ ਸੀ ਹੋਈ- “ਰੂਪ ਨ ਹੋਤੇ ਰੇਖ ਨ ਕਾਈ ਤਾ ਸਬਦਿ ਕਹਾ ਲਿਵ ਲਾਈ।। ਰਕਤੁ ਬਿੰਦੁ ਕੀ ਮਾੜੀ ਨ ਹੋਤੀ ਮਿਤਿ ਕੀਮਤਿ ਨਹੀ ਪਾਈ।। ਗੁਰੂ ਸਾਹਿਬ ਆਖਦੇ ਹਨ ਕਿ ਜਦੋਂ ਅਜੇ ਸ੍ਰਿਸ਼ਟੀ ਰਚਨਾ ਨਹੀ ਸੀ ਹੋਈ ਉਦੋ ਸ਼ਬਦ ਨਿਰੰਕਾਰ ਵਿੱਚ ਵਸਦਾ ਸੀ। “ਗਉਨੁ ਗਗਨੁ ਜਬ ਤਬਹਿ ਨ ਹੋਤਉ ਤ੍ਰਿਭਵਣ ਜੋਤਿ ਆਪੇ ਨਿਰੰਕਾਰ।।”

ਸੋ ਗੁਰੂ ਹੀ ਸਬਦ ਹੈ ਅਤੇ ਸ਼ਬਦ ਹੀ ਗੁਰੂ ਹੈ। ਇਹ ਦੋ ਨਹੀ ਸਗੋ ਇਕ ਦੀ ਹੀ ਖੇਡ ਹੈ “ਬਾਣੀ ਗੁਰੂ ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤੁ ਸਾਰੇ”। ਇਹ ਸ਼ਬਦ ਗੁਰੂ ਜੋਤਿ ਸਰੂਪ ਹੈ। ਇਸ ਦਾ ਇਕ ਪੱਖ ਨਿਰਗੁਣ ਸਰੂਪ ਹੈ ਅਤੇ ਦੂਜਾ ਪੱਖ ਸਰਗੁਣ ਬ੍ਰਹਮ ਹੈ ਜਿਵੇ “ਤਿਹੁ ਲੋਕਾ ਮਹਿ ਸਬਦੁ ਰਵਿਆ ਹੈ”। ਸੋ ਇਹ ਸਾਰਾ ਕੁਝ ਭਿੰਨ ਭਿੰਨ ਵਿਆਪ ਰਿਹਾ ਹੈ ਪਰ ਅੰਤਿਮ ਰੂਪ ਵਿਚ ਸਾਰਾ ਕੁਝ ਇਕ ਦੀ ਹੀ ਖੇਡ ਹੈ ਅਤੇ ਸਾਡੇ ਅੱਗੇ ਇਹ ਖੇਡ ਜੋਤਿ ਅਤੇ ਜੁਗਤਿ ਰੂਪ ਵਿੱਚ ਖੇਡੀ ਜਾ ਰਹੀ ਹੈ। ਜਿਵੇਂ ਦਸਾ ਪਾਤਿਸ਼ਾਹੀਆਂ ਵਿੱਚ ਜੋਤਿ ਇਕ ਹੈ ਪਰ ਜੁਗਤਿ ਦਾ ਭੇਦੁ ਹੈ , “ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ” । ਸੋ ਪੰਚਮ ਪਾਤਿਸ਼ਾਹ ਨੇ ਅੱਡ-ਅੱਡ ਸਮੇਂ ਅਤੇ ਸਥਾਨ ਤੇ ਨਾਜਲ ਹੋਏ ਇਲਾਹੀ ਸ਼ਬਦ ਨੂੰ ਇਕ ਜਗ੍ਹਾ ਇਕੱਤਰ ਕਰ ਪਾਵਨ ਬੀੜ ਦੇ ਰੂਪ ਵਿਚ ਸ਼ਬਦ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਕੀਤਾ। ਫਿਰ ਦਸਵੇਂ ਪਾਤਿਸ਼ਾਹ ਨੇ ਦਮਦਮਾ ਸਾਹਿਬ ਵਿਖੇ ਮੁੜ ਸਮੁੱਚੀ ਬਾਣੀ ਦਾ ਉਚਾਰਨ ਕੀਤਾ। ਉਸਤੋਂ ਉਪਰੰਤ ਹਜੂਰ ਸਾਹਿਬ ਦੀ ਪਾਵਨ ਧਰਤੀ ਤੇ ਆਦਿ ਬੀੜ ਨੂੰ ਦਸਵੇਂ ਪਾਤਸ਼ਾਹ ਨੇ ਗੁਰਿਆਈ ਬਖਸ਼ੀ।

ਉਸ ਮੁਬਾਰਕ ਘੜੀ ਤੋਂ ਹੁਣ ਤੱਕ ਸਮੁੱਚੀ ਸਿੱਖ ਸੰਗਤ ਦਸਾਂ ਪਾਤਿਸ਼ਾਹੀਆਂ ਦੀ ਆਤਮਕ ਜੋਤਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣੀ ਗੁਰੂ ਮੰਨਦੀ ਆਈ ਹੈ ਅਤੇ ਗੁਰੂ ਖਾਲਸਾ ਪੰਥ ਜੋ ਕਿ ਗੁਰੂ ਸਾਹਿਬ ਦਾ ਦੇਹ ਰੂਪ ਹੈ ਸ਼ਬਦ ਗੁਰੂ ਦੇ ਹੁਕਮ ਨੂੰ ਸੰਸਾਰ ਵਿੱਚ ਅਟੱਲ ਕਰਵਾਉਣ ਵਿਚ ਭੂਮਿਕਾ ਨਿਭਾਉਦਾ ਹੈ। ਸੋ ਅੱਜ ਲੋੜ ਹੈ ਕਿ ਸਾਨੂੰ ਆਪਣੇ ਗਿਆਨ ਸ਼ਾਸਤਰਾ ਨੂੰ ਮੁੜ ਸੁਰਜੀਤ ਕਰਨਾ ਚਾਹੀਦਾ ਹੈ ਜਿਨ੍ਹਾਂ ਗਿਆਨ ਵਿਧਾਵਾ ਦੀ ਸ਼ੁਰੂਆਤ ਗੁਰੂ ਘਰ ਨੂੰ ਪ੍ਰਣਾਏ ਸਿੱਖ ਵਿਦਵਾਨ ਅਤੇ ਸੇਵਕ ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਗੋਆ ਜੀ ਨੇ ਕੀਤੀ ਸੀ। ਜਿਸ ਰਾਹੀ ਸਿੱਖੀ ਨੂੰ ਵੇਖਿਆ ਸਿੱਖੀ ਦੇ ਬ੍ਰਹਿਮੰਡੀ ਰੂਪ ਦੇ ਦਰਸ਼ਨ ਹੁੰਦੇ ਹਨ ਪਰ ਜਦਕਿ ਸਾਡੇ ਮੌਜੂਦਾ ਗਿਆਨ ਪ੍ਰਬੰਧ ਸਿੱਖੀ ਦੀ ਵਿਆਪਕ ਵਿਆਖਿਆ ਅਤੇ ਅਮਲ ਨੂੰ ਭੂਗੋਲਿਕਤਾ ਦੇ ਮਨੋਵਿਗਿਆਨਕ ਅਤੇ ਭੌਤਿਕ ਘੇਰਿਆ ਤੱਕ ਮਹਿਦੂਦ ਕਰਨ ਦੇ ਕੋਝੇ ਯਤਨ ਕਰ ਰਹੇ ਹਨ। ਸੋ ਸਾਨੂੰ ਸ਼ਬਦ ਗੁਰੂ ਦਾ ਪਹਿਲਾ ਪ੍ਰਕਾਸ਼ ਜੋ ਕਿ ਹਰਿਮੰਦਰ ਸਾਹਿਬ ਵਿੱਚ ਹੋਇਆ ਸੀ, ਦੀਆਂ ਇਲਾਹੀ ਰਮਜਾਂ ਨੂੰ ਸਮਝਣ ਦੇ ਯਤਨ ਕਰਨੇ ਚਾਹੀਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: