March 28, 2012 | By ਸਿੱਖ ਸਿਆਸਤ ਬਿਊਰੋ
– ਅਜਮੇਰ ਸਿੰਘ
0091-97790-28756
ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਕਾਤਲ ਦੁਸ਼ਮਣਾਂ ਅੱਗੇ ਰਹਿਮ ਦੀ ਭੀਖ ਮੰਗਣ ਨਾਲੋਂ, ਪੂਰੀ ਖੁਸ਼ੀ ਤੇ ਅਡੋਲਤਾ ਨਾਲ ਸ਼ਹੀਦ ਹੋ ਜਾਣ ਨੂੰ ਤਰਜੀਹ ਦੇਣ ਦਾ ਦ੍ਰਿੜ੍ਹ ਪੈਂਤੜਾ ਅਖਤਿਆਰ ਕੀਤੇ ਜਾਣ ਨਾਲ ਸਿੱਖ ਕੌਮ ਸਾਹਮਣੇ ਇਕ ਉਕਾ ਹੀ ਨਵੀਂ ਹਾਲਤ ਪੈਦਾ ਹੋ ਗਈ ਹੈ। ਸਮੁੱਚੀ ਕੌਮ ਅੰਦਰ ਭਾਈ ਬਲਵੰਤ ਸਿੰਘ ਪ੍ਰਤੀ ਜਾਗ ਉਠੇ ਸਨੇਹ, ਹਮਦਰਦੀ ਤੇ ਪ੍ਰਸੰਸਾ ਦੇ ਭਾਵਾਂ ਦੀ ਪਰਬਲ ਤਰੰਗ ਪੈਦਾ ਹੋ ਗਈ ਹੈ। ਅਜਿਹੇ ਮਾਹੌਲ ਵਿਚ ਪੰਜ ਸਿੰਘ ਸਾਹਿਬਾਨ ਵੱਲੋਂ 23 ਮਾਰਚ ਨੂੰ ‘ਸਮੂਹ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ’ ਭਾਈ ਸਾਹਿਬ ਨੂੰ ‘ਜ਼ਿੰਦਾ ਸ਼ਹੀਦ’ ਦੇ ਰੁਤਬੇ ਨਾਲ ਨਿਵਾਜਣਾ ਸਾਰੇ ਸਿੱਖ ਜਗਤ ਨੂੰ ਇਕ ਵਾਰ ਤਾਂ ਪੂਰਾ ਠੀਕ ਤੇ ਵਾਜਿਬ ਲੱਗਿਆ ਸੀ। ਪਰ ਭਾਈ ਬਲਵੰਤ ਸਿੰਘ ਵੱਲੋਂ ਅਗਲੇ ਹੀ ਦਿਨ ਪੰਜ ਸਿੰਘ ਸਾਹਿਬਾਨ ਦੇ ਇਸ ਫੈਸਲੇ ਨੂੰ ਬਹੁਤ ਹੀ ਅਦਬ ਤੇ ਨਿਮਰਤਾ ਨਾਲ ਨਾਮਨਜ਼ੂਰ ਕਰਦੇ ਹੋਏ, ਸਿੰਘ ਸਾਹਿਬਾਨ ਨੂੰ ਇਸ ਫੈਸਲੇ ਉਤੇ ਨਜ਼ਰਸਾਨੀ ਕਰਨ ਤੇ ਇਸ ਨੂੰ ਵਾਪਸ ਲੈਣ ਦੀ ਪੁਰਜ਼ੋਰ ਬੇਨਤੀ ਕੀਤੇ ਜਾਣ, ਖਾਸ ਕਰਕੇ ਇਸ ਫੈਸਲੇ ਨੂੰ ਸਿਧਾਂਤਕ ਤੇ ਨੈਤਿਕ ਪੱਖ ਤੋਂ ਗਲਤ ਕਰਾਰ ਦੇਣ ਨਾਲ ਨਾ ਸਿਰਫ ਸਿੰਘ ਸਾਹਿਬਾਨ ਨੂੰ ਥੋੜ੍ਹੀ ਹੈਰਾਨੀ ਤੇ ਪ੍ਰੇਸ਼ਾਨੀ ਹੋਈ ਹੈ, ਸਗੋਂ ਸਿੱਖਾਂ ਦੇ ਕਾਫੀ ਵੱਡੇ ਹਿੱਸੇ ਦੇ ਮਨਾਂ ਅੰਦਰ ਅਸਪੱਸ਼ਟਤਾ ਤੇ ਉਲਝਣ ਜਿਹੀ ਖੜ੍ਹੀ ਹੋ ਗਈ ਸੀ। ਭਾਵੇਂ ਕਿ ਸਿੰਘ ਸਾਹਿਬਾਨ ਨੇ ਸਾਰੇ ਮਸਲੇ ਉਤੇ ਮੁੜ ਵਿਚਾਰ ਕਰਨ ਤੋਂ ਬਾਅਦ ਆਪਣੇ ਫੈਸਲੇ ਨੂੰ ਹਰ ਪੱਖ (ਸਿਧਾਂਤਕ ਤੇ ਨੈਤਿਕ) ਤੋਂ ਸਹੀ ਤੇ ਉਚਿਤ ਠਹਿਰਾਇਆ ਹੈ, ਪ੍ਰੰਤੂ ਇਸ ਨਾਲ ਮਸਲਾ ਹੱਲ ਜਾਂ ਖ਼ਤਮ ਨਹੀਂ ਹੋਇਆ। ਭਾਈ ਬਲਵੰਤ ਸਿੰਘ ਵੱਲੋਂ ਅੰਤ ਵਿਚ ਸਿੰਘ ਸਾਹਿਬਾਨ ਦੇ ਫੈਸਲੇ ਨੂੰ ਸਿਧਾਂਤਕ ਰੂਪ ਵਿੱਚ ਮੰਨਦਿਆਂ ਖ਼ਿਤਾਬ ਕਬੂਲ ਕਰ ਲੈਣ ਦੇ ਬਾਵਜੂਦ ਭਾਈ ਰਾਜੋਆਣਾ ਦੀਆਂ ਸਿਧਾਂਤਕ ਤੇ ਨੈਤਿਕ ਦਲੀਲਾਂ ਰਾਹੀਂ ਉਠਾਏ ਗਏ ਸਵਾਲ ਜਿਉਂ ਦੇ ਤਿਉਂ ਖੜ੍ਹੇ ਹਨ। ਖ਼ਾਸ ਕਰ ਭਾਈ ਰਾਜੋਆਣਾ ਦੀ ਫਾਂਸੀ ਰੁਕਵਾਉਣ ਲਈ ਸਿੰਘ ਸਾਹਿਬਾਨ ਦੇ ਆਦੇਸ਼ਾਂ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੱਤਾਧਾਰੀ ਅਕਾਲੀ ਦਲ(ਬਾਦਲ) ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਕੇਂਦਰ ਸਰਕਾਰ ਨੂੰ ਕੀਤੀਆਂ ਜਾਣ ਵਾਲੀਆਂ ਰਹਿਮ ਦੀਆਂ ਦਲੀਲਾਂ ਦੇ ਮੱਦੇਨਜ਼ਰ ਇਸ ਸਾਰੇ ਵਰਤਾਰੇ ਵਿਚੋਂ ਸਿੱਖ ਕੌਮ ਦੀ, ਵਿਸ਼ੇਸ਼ ਕਰਕੇ ਇਸ ਦੇ ਧਾਰਮਿਕ ਤੇ ਰਾਜਸੀ ਰਹਿਬਰਾਂ ਦੀ, ਅਜੋਕੀ ਰੂਹਾਨੀ ਤੇ ਇਖ਼ਲਾਕੀ ਦਸ਼ਾ ਦੀ ਬਹੁਤ ਹੀ ਤਰਸਯੋਗ ਤੇ ਉਦਾਸ ਤਸਵੀਰ ਉਘੜਦੀ ਹੈ। ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਸਿੱਖ ਕੌਮ ਭਾਈ ਬਲਵੰਤ ਸਿੰਘ ਦੇ ਬਹੁਤ ਨੇੜੇ ਹੁੰਦੀ ਹੋਈ ਵੀ, ਉਸ ਨਾਲੋਂ ਕੋਹਾਂ ਦੀ ਦੂਰੀ ਉਤੇ ਖੜੋਤੀ ਹੈ। ਭਾਈ ਬਲਵੰਤ ਸਿੰਘ ਜਿਸ ਉਚੀ ਆਤਮਕ ਅਵਸਥਾ ‘ਚੋਂ ਕੌਮ ਨੂੰ ਮੁਖ਼ਾਤਿਬ ਹੋ ਰਿਹਾ ਹੈ, ਦੁਨਿਆਵੀ ਧਰਾਤਲ ਤੇ ਵਿਚਰ ਰਹੀ ਕੌਮ ਨੂੰ ਉਸ ਦੇ ਬੋਲਾਂ ਦੀ ਪੂਰੀ ਸਮਝ ਨਹੀਂ ਪੈ ਰਹੀ। ਭਾਈ ਸਾਹਿਬ ਹਰ ਗੱਲ ਨੂੰ ਕਿਸੇ ਵੱਖਰੇ ਨਜ਼ਰੀਏ ਤੋਂ ਦੇਖ ਰਹੇ ਹਨ, ਕੌਮ ਦੇ ਰਹਿਬਰਾਂ ਦੀ ਦ੍ਰਿਸ਼ਟੀ ਤੇ ਸੁਰਤ ਕਿਤੇ ਹੋਰ ਭਟਕ ਰਹੀ ਹੈ। ਭਾਈ ਸਾਹਿਬ ਕੋਈ ਹੋਰ ਗੱਲ ਕਹਿਣੀ ਚਾਹੁੰਦੇ ਹਨ, ਕੌਮ ਦੇ ਆਗੂ ਕੋਈ ਹੋਰ ਗੱਲ ਸੁਣਨੀ ਚਾਹੁੰਦੇ ਹਨ। ਦੋਵਾਂ ਵਿਚਕਾਰ ਅਮਿੱਟ ਦੂਰੀ ਬਣੀ ਹੋਈ ਹੈ। ਇਹ ਹਾਲਤ ਕੌਮ ਅੰਦਰ ਰੂਹਾਨੀ ਕੀਮਤਾਂ ‘ਚ ਆਏ ਸੰਕਟ, ਅਰਥਾਤ ਖਾਲਸੇ ਦੀਆਂ ਨਿੱਜੀ ਤੇ ਸਮੂਹਕ ਕਮਜ਼ੋਰੀਆਂ ਵੱਲ ਇਸ਼ਾਰਾ ਕਰਦੀ ਹੈ।
ਇਹ ਇਕ ਮੰਨੀ ਪ੍ਰਮੰਨੀ ਸਚਾਈ ਹੈ ਕਿ ਧਰਮ ਉਨਾ ਚਿਰ ਜਿਉਂਦਾ ਰਹਿੰਦਾ ਹੈ, ਜਿੰਨਾ ਚਿਰ ਉਹ ਰੂਹਾਨੀ ਕੀਮਤਾਂ ਨੂੰ ਅਪਣਾਈ ਰਖਦਾ ਹੈ। ਸਿੱਖ ਪੰਥ ਦੇ ਮਹਾਂ-ਵਿਦਵਾਨ ਸਵਰਗਵਾਸੀ ਪ੍ਰੋæਹਰਿੰਦਰ ਸਿੰਘ ਮਹਿਬੂਬ ਨੇ ਸਿੱਖ ਸ਼ਹਾਦਤ ਦੀ ਵਿਲੱਖਣਤਾ ਤੇ ਗੌਰਵਤਾ ਦਰਸਾਉਂਦਿਆਂ ਕਿਹਾ ਹੈ ਕਿ ਰੂਹਾਨੀ ਕੀਮਤਾਂ ਨੂੰ ਪਹਿਲ ਦੇਣ ਦੇ ਅਮਲ ਦੀ ਸਿਖਰ ਸ਼ਹਾਦਤ ਉਤੇ ਪਹੁੰਚ ਕੇ ਹੁੰਦੀ ਹੈ। ਸ਼ਹਾਦਤ ਜ਼ਿੰਦਗੀ ਦੇ ਕੁੱਲ ਡਰਾਂ, ਲਾਲਚਾਂ, ਸਰੀਰ ਦੀਆਂ ਅਸ਼ਲੀਲ ਤ੍ਰਿਸ਼ਨਾਵਾਂ ਦੇ ਤਿਆਗ ਦਾ ਨਾਂ ਹੈ। ਖਾਲਸਾ-ਚੇਤਨਾ ਸ਼ਹਾਦਤ ਦੇ ਅਮਲ ਦੌਰਾਨ ਹੀ ਵੱਧ ਰੌਸ਼ਨ ਹੁੰਦੀ ਹੈ। ਇਹ ਸਿੱਖ ਦੀ ਰੂਹ, ਅਕਲ ਤੇ ਇਖ਼ਲਾਕ ਨੂੰ ਰੂਹਾਨੀ ਖੁਰਾਕ ਬਖ਼ਸ਼ਦੀ ਹੈ। ਰੂਹਾਨੀ ਅਸੂਲ ਹੀ ਸਿੱਖ ਦੇ ਇਖ਼ਲਾਕ ਦੀ ਨੀਂਹ ਹਨ। ਸਿੱਖ ਜਦੋਂ ਗੁਰੂ ਨੂੰ ਪੂਰਨ ਰੂਪ ਵਿਚ ਸਮਰਪਤ ਹੋ ਕੇ ਸ਼ਹਾਦਤ ਦੇ ਮੁਕਾਮ ਵੱਲ ਵਧਦਾ ਹੈ ਤਾਂ ਉਸ ਦੀ ਸ਼ਖ਼ਸੀਅਤ ਵਿਚ ਸਾਰਾ ਸਿੱਖ ਇਤਿਹਾਸ ਇਕਾਗਰ ਹੋ ਜਾਂਦਾ ਹੈ। ਉਸ ਵੇਲੇ ਉਸ ਦੇ ਆਤਮ ਜਲੌਅ ਵਿਚ ਗੁਰੂ ਚਮਕ ਰਿਹਾ ਹੁੰਦਾ ਹੈ। ਸਿੱਖ ਸ਼ਹਾਦਤ ਪਾਉਂਦਿਆਂ ਹੱਠ ਵਿਚ ਨਹੀਂ ਹੁੰਦਾ, ਸਗੋਂ ਮੌਤ ਦੇ ਸਾਹਮਣੇ ਉਹ ਪੂਰਨ ਵਿਗਾਸ ਦਾ ਰੂਪ ਹੁੰਦਾ ਹੈ। ਇਸ ਤੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਤੇ ਆਮ ਸਿੱਖ, ਖਾਸ ਕਰਕੇ ਪੰਥ ਦੇ ਅਜੋਕੇ ਧਾਰਮਿਕ ਤੇ ਰਾਜਸੀ ਆਗੂਆਂ ਦੀ ਮਾਨਸਿਕ ਅਵਸਥਾ ਤੇ ਆਤਮਕ ਚੇਤਨਾ ਅੰਦਰਲਾ ਪਾੜਾ ਸਪਸ਼ਟ ਹੋ ਜਾਂਦਾ ਹੈ।
ਭਾਈ ਬਲਵੰਤ ਸਿੰਘ ਰਾਜੋਆਣਾ ਦਾ ਸਮੁਚਾ ਅਮਲ ਸਾਫ਼ ਦਰਸਾਉਂਦਾ ਹੈ ਕਿ ਉਹ ਦੁਨਿਆਵੀ ਸੋਚ ਤੋਂ ਬਹੁਤ ਉਚਾ ਉਠ ਗਿਆ ਹੈ। ਉਹ ਇਖ਼ਲਾਕ ਦੀ ਉਸ ਬੁਲੰਦੀ ਉਤੇ ਪਹੁੰਚ ਗਿਆ ਹੈ ਜਿਥੇ ਰੂਹਾਨੀ ਕੀਮਤਾਂ ਦੀ ਤੁਲਨਾ ਵਿਚ, ਉਸ ਨੂੰ ਦੁਨੀਆਂ ਦੀ ਹਰ ਚੀਜ਼ ਤੁੱਛ ਦਿਖਣ ਲੱਗ ਪਈ ਹੈ। ਹੁਣ ਉਸ ਦੀ ਸਾਰੀ ਸੁਰਤ ਪੂਰਨ ਤੌਰ ‘ਤੇ ਆਪਣੇ ਆਦਰਸ਼ ਉਤੇ ਇਕਾਗਰ ਹੋ ਗਈ ਹੈ। ਉਸ ਲਈ ਜ਼ਿੰਦਗੀ ਦੇ ਮਾਅਨੇ ਹੀ ਬਦਲ ਗਏ ਹਨ। ਜਿਹੜੀਆਂ ਚੀਜ਼ਾਂ ਆਮ ਆਦਮੀ ਨੂੰ ਭਾਰੀ ਖਿੱਚ ਪਾਉਂਦੀਆਂ ਹਨ, ਉਸ ਨੂੰ ਉਹ ਉਕਾ ਹੀ ਨਿਗੂਣੀਆਂ ਅਤੇ ਫਜ਼ੂਲ ਲੱਗ ਰਹੀਆਂ ਹਨ। ਉਸ ਨੇ ਹਰ ਕਿਸਮ ਦੇ ਦੁਨੀਆਦਾਰੀ ਰਿਸ਼ਤਿਆਂ ਤੇ ਸੁਆਰਥਾਂ ਨਾਲੋਂ ਆਪਣਾ ਮੋਹ ਤੋੜ ਲਿਆ ਹੈ। ਉਸ ਨੇ ਖੂਨ ਦੇ ਜਾਂ ਨੇੜੇ ਦੇ ਜਜ਼ਬਾਤੀ ਰਿਸ਼ਤਿਆਂ ਦਾ ਤਿਆਗ਼ ਕਰਕੇ ਵਧੇਰੇ ਪਾਕ ਕੀਮਤਾਂ ਦਾ ਰਿਸ਼ਤਾ ਅਪਣਾ ਲਿਆ ਹੈ। ਉਹ ਜਿਉਂ ਜਿਉਂ ਮੌਤ ਦੇ ਕਰੀਬ ਹੋ ਰਿਹਾ ਹੈ, ਤਿਉਂ ਤਿਉਂ ਉਹ ਹੋਰ ਵਧੇਰੇ ਨਿਰਮਲ ਰੂਪ ਹੁੰਦਾ ਜਾ ਰਿਹਾ ਹੈ। ਉਸ ਦੀ ਆਤਮਾ ਖਿੜਦੀ ਜਾ ਰਹੀ ਹੈ। ਉਹ ਆਪਣੀ ਆਤਮਕ ਆਭਾ ਦਾ ਸਬੂਤ ਸ਼ਹਾਦਤ ਰਾਹੀਂ ਦੇਣ ਲਈ ਸਿਰਫ਼ ਤਤਪਰ ਹੀ ਨਹੀਂ, ਬਹੁਤ ਉਤਾਵਲਾ ਹੈ। ਉਸ ਦਾ ਹਿਰਦਾ ਸ਼ਹਾਦਤ ਦੇ ਚਾਅ ਨਾਲ ਛਲਕ ਰਿਹਾ ਹੈ, ਉਸ ਉਤੇ ਦਿਨੋ ਦਿਨ ਰੂਪ ਚੜ੍ਹਦਾ ਜਾ ਰਿਹਾ ਹੈ। ਉਹ ਇਖ਼ਲਾਕ ਦਾ ਨਿਰਾਲਾ ਪ੍ਰਕਾਸ਼ ਕਰ ਰਿਹਾ ਹੈ। ਸੰਸਾਰੀ ਸੁਆਰਥ ਨਾਲ ਪਤਿਤ ਹੋਏ ਆਗੂਆਂ ਨੂੰ ਇਸ ਪ੍ਰਕਾਸ਼ ਕੋਲੋਂ ਭੈਅ ਆ ਰਿਹਾ ਹੈ। ਉਨ੍ਹਾਂ ਕੋਲੋਂ ਇਸ ਦੀ ਤਾਬ ਝੱਲੀ ਨਹੀਂ ਜਾਂਦੀ। ਉਹ ਇਸ ਦੀ ਸ਼ਾਨ ਨੂੰ ਮੱਧਮ ਪਾਉਣਾ ਚਾਹੁੰਦੇ ਹਨ। ਇਸ ਦੇ ਵਾਸਤੇ ਉਹ ਕਿਸੇ ਵੀ ਕਮੀਨਗ਼ੀ ਤਕ ਜਾ ਸਕਦੇ ਹਨ। ਜਦੋਂ ਭਾਈ ਬਲਵੰਤ ਸਿੰਘ ਇਹ ਕਹਿੰਦਾ ਹੈ ਕਿ ‘ਮੇਰੇ ਸੰਘਰਸ਼ ਦਾ ਮਨੋਰਥ ਸਿੱਖੀ ਦੇ ਮਾਰਗ ‘ਤੇ ਚੱਲ ਕੇ ਪੁਰਾਤਨ ਸਿੱਖ ਪਰੰਪਰਾਵਾਂ ਨੂੰ, ਕਦਰਾਂ-ਕੀਮਤਾਂ ਨੂੰ ਕਾਇਮ ਕਰਨਾ ਹੈ…(ਅਤੇ) ਜਦੋਂ ਕਿਸੇ ਵਿਅਕਤੀ ਦੇ ਮਨ ਵਿਚ ਇਸ ਮਾਰਗ ‘ਤੇ ਚੱਲ ਕੇ ਕੋਈ ਕੌਮੀ ਕਾਰਜ ਕਰਨ ਦੀ ਇੱਛਾ ਜਾਗਦੀ ਹੈ, ਉਸ ਸਮੇਂ ਉਸ ਦਾ ਮਨੋਰਥ ਕੋਈ ਖ਼ਿਤਾਬ ਹਾਸਲ ਕਰਨਾ ਨਹੀਂ ਹੁੰਦਾ, ਸਗੋਂ ਉਸ ਦੇ ਮਨ ਵਿਚ, ਮਿਲੇ ਹੋਏ ਕਾਰਜ ਨੂੰ ਪੂਰਾ ਕਰਕੇ, ਆਪਣੇ ਧਰਮ ਪ੍ਰਤੀ, ਆਪਣੀ ਕੌਮ ਪ੍ਰਤੀ ਆਪਣਾ ਫਰਜ਼ ਨਿਭਾਉਣਾ ਹੁੰਦਾ ਹੈ’, ਤਾਂ ਉਨ੍ਹਾਂ ਲੋਕਾਂ ਨੂੰ, ਜਿਨ੍ਹਾਂ ਦਾ ਮਨੋਰਥ ਹੀ ਖ਼ਿਤਾਬ ਹਾਸਲ ਕਰਨਾ ਤੇ ਇਨ੍ਹਾਂ ਦਾ ਸੁਆਦ ਮਾਨਣਾ ਹੈ, ਉਨ੍ਹਾਂ ਨੂੰ ਭਾਈ ਬਲਵੰਤ ਸਿੰਘ ਦੀ ਇਹ ਗੱਲ ਕਿਵੇਂ ਰਾਸ ਆ ਸਕਦੀ ਹੈ? ਉਨ੍ਹਾਂ ਨੂੰ ਧਰਮ ਜਾਂ ਕੌਮ ਪ੍ਰਤੀ ਫਰਜ਼ਾਂ ਦੀ ਭਾਸ਼ਾ ਦੀ ਸਮਝ ਕਿਵੇਂ ਪੈ ਸਕਦੀ ਹੈ। ਉਨ੍ਹਾਂ ਦੀ ਸੋਚ ਹੀ ਅਲੱਗ ਹੈ, ਉਨ੍ਹਾਂ ਦੇ ਸਰੋਕਾਰ ਹੀ ਵੱਖਰੇ ਹਨ। ਜਿਹੜੇ ਲੋਕਾਂ ਨੇ ਅਜੇ ਪਿੱਛੇ ਜਿਹੇ ਹੀ ਖ਼ਿਤਾਬ ਦੇਣ ਤੇ ਲੈਣ ਦੀ ਸੁਆਰਥ-ਮੁਖੀ ਰਾਜਨੀਤੀ ਦਾ ਕੋਝਾ ਪ੍ਰਦਰਸ਼ਨ ਕੀਤਾ ਹੈ, ਉਹ ਭਾਈ ਬਲਵੰਤ ਸਿੰਘ ਦੀਆਂ ਦਲੀਲਾਂ ਨਾਲ ਕਿਵੇਂ ਕਾਇਲ ਹੋ ਸਕਦੇ ਹਨ? ਭਾਈ ਸਾਹਿਬ ਦੇ ਸ਼ੁੱਧ ਹਿਰਦੇ ਵਿਚੋਂ ਨਿਕਲੇ ਇਹ ਸ਼ਬਦ, ਕਿ ‘ਮੈਂ ਇਕ ਗਰੀਬ ਸਿੱਖ ਹਾਂ, ਕਿਸੇ ਖ਼ਿਤਾਬ ਨੂੰ ਪਾਉਣ ਦੀ ਮੇਰੀ ਕੋਈ ਇੱਛਾ ਨਹੀਂ’, ਉਨਾਂ ਲੋਕਾਂ ਦੇ ਹਿਰਦਿਆਂ ਅੰਦਰ ਬੇਆਰਾਮੀ ਤੇ ਜਲਣ ਕਿਉਂ ਨਹੀਂ ਪੈਦਾ ਕਰਨਗੇ, ਜਿਨ੍ਹਾਂ ਦੀ ਜ਼ਿੰਦਗ਼ੀ ਦਾ ਮਨੋਰਥ ਹੀ ਸ਼ਖਸੀ ਸੁਆਰਥਾਂ ਤਕ ਸੁੰਗੜਿਆ ਹੋਇਆ ਹੈ? ਭਾਈ ਬਲਵੰਤ ਸਿੰਘ ਵੱਲੋਂ, ਗੁਰੂ ਸਾਹਿਬਾਨ ਦੇ ਆਦਰਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ, ਖ਼ੂਨ ਦੇ ਰਿਸ਼ਤਿਆਂ ਨਾਲੋਂ ਰੂਹਾਨੀ ਅਤੇ ਇਖ਼ਲਾਕੀ ਸਿਧਾਂਤਾਂ ਨੂੰ ਪਹਿਲ ਦੇਣੀ, ਅਤੇ ਇਹ ਕਹਿਣਾ ਕਿ ‘ਹੁਣ ਸਮੁੱਚਾ ਖਾਲਸਾ ਪੰਥ ਜਿਹੜਾ ਕੇਸਰੀ ਨਿਸ਼ਾਨ ਲੈ ਕੇ ਸੜਕਾਂ ‘ਤੇ ਨਿਕਲ ਆਇਆ ਹੈ, ਉਹ ਹੀ ਉਸ ਦਾ ਰਿਸ਼ਤੇਸਾਰ ਹੈ’, ਉਨ੍ਹਾਂ ਲੋਕਾਂ ਨੂੰ ਕਿਵੇਂ ਹਜ਼ਮ ਹੋ ਸਕਦਾ ਹੈ, ਜਿਹੜੇ ਖ਼ੂਨ ਦੇ ਰਿਸ਼ਤਿਆਂ ਦੇ ਮੋਹ ਵਿਚ ਸਮੁਚੀ ਕੌਮ ਦਾ ਬੇੜਾ ਡੋਬਣ ਉਤੇ ਉਤਾਰੂ ਹਨ? ਅਜਿਹੇ ਸਿਰੇ ਦੇ ਖ਼ੁਦਗਰਜ਼ ਤੇ ਨਿਰਦਈ ਨੇਤਾਵਾਂ ਕੋਲੋਂ ਭਾਈ ਬਲਵੰਤ ਸਿੰਘ ਦੇ ਭਲੇ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ?
ਭਾਈ ਬਲਵੰਤ ਸਿੰਘ ਨੇ ਆਪਣੀ ਜ਼ਿੰਦਗੀ ਨੂੰ ਬਚਾਉਣ ਦੀ ਥਾਵੇਂ, ਸ਼ਹੀਦ ਹੋ ਜਾਣ ਦਾ ਜੋ ਸਵੈ-ਇੱਛਤ ਫੈਸਲਾ ਕੀਤਾ ਹੈ, ਉਹ ਕਿਸੇ ਵਕਤੀ ਜ਼ੋਸ਼ ਵਿਚ, ਜਾਂ ਕਿਸੇ ਦੁਨੀਆਂਦਾਰੀ ਸੁਆਰਥ ਅਧੀਨ ਨਹੀਂ ਕੀਤਾ। ਉਸ ਨੇ ਇਹ ਫੈਸਲਾ ਇਖ਼ਲਾਕ ਦੀ ਇਕ ਬੁਲੰਦੀ ਉਤੇ ਪਹੁੰਚ ਕੇ ਕੀਤਾ ਹੈ। ਇਸ ਬੁਲੰਦੀ ਉਤੇ ਪਹੁੰਚ ਕੇ ਹੀ ਕੋਈ ਉਸ ਦੇ ਇਸ ਫੈਸਲੇ ਉਤੇ ਕਿੰਤੂ ਕਰਨ ਦਾ ਹੱਕਦਾਰ ਬਣ ਸਕਦਾ ਹੈ। ਜੇਕਰ ਕੋਈ, ਕਿਸੇ ਦੁਨਿਆਵੀ ਬਿਰਤੀ ਜਾਂ ਸੁਆਰਥ ਅਧੀਨ ਉਸ ਨੂੰ ਇਸ ਫੈਸਲੇ ਨੂੰ ਬਦਲਣ ਲਈ ਕਹਿੰਦਾ ਹੈ, ਤਾਂ ਇਹ ਉਸ ਦੀ ਇਖ਼ਲਾਕੀ ਉਚਤਾ ਤੇ ਸੁਚਤਾ ਦੀ, ਉਸ ਦੀ ਕੁਰਬਾਨੀ ਦੀ ਨਿਸ਼ਕਾਮ ਭਾਵਨਾ ਦੀ ਤੌਹੀਨ ਕਰਨਾ ਹੈ।
ਇਸ ਦਾ ਇਹ ਮਤਲਬ ਕਦਾਚਿਤ ਨਹੀਂ ਕਿ ਭਾਈ ਬਲਵੰਤ ਸਿੰਘ ਦੇ ਇਸ ਫੈਸਲੇ ਦੇ ਰੂਬਰੂ ਸਿੱਖ ਜਗਤ ਉਦਾਸੀਨ (ਸਿਥਲ) ਹੋ ਕੇ ਬੈਠ ਜਾਵੇ ਅਤੇ ‘ਤੀਸਰੇ ਰਾਹ’ ਨਾਲ ਜਨਮ ਤੋਂ ਹੀ ਖਾਰ ਖਾਂਦੀਆਂ ਆ ਰਹੀਆਂ ਬਿਪਰਵਾਦੀ ਤਾਕਤਾਂ ਨੂੰ ਭਾਈ ਬਲਵੰਤ ਸਿੰਘ ਦੇ ਜੀਵਨ ਦਾ ਅੰਤ ਕਰ ਦੇਣ ਦੀ ਖੁਲ੍ਹੀ ਛੁੱਟੀ ਤੇ ਮੌਕਾ ਪ੍ਰਦਾਨ ਕਰ ਦੇਵੇ। ਭਾਈ ਬਲਵੰਤ ਸਿੰਘ ਦੀ ਜ਼ਿੰਦਗੀ ਨੂੰ ਬਚਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਪ੍ਰੰਤੂ ਇਹ ਕੋਸ਼ਿਸ਼ਾਂ ਉਚਿਤ ਮਰਯਾਦਾ ਵਿਚ ਰਹਿੰਦਿਆਂ ਹੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਭਾਵ ਇਹ ਕਿ ਅਜਿਹਾ ਕਰਦਿਆਂ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਤੇ ਭਾਈ ਬਲਵੰਤ ਸਿੰਘ ਵੱਲੋਂ ਕੀਤੇ ਕਾਰਨਾਮੇ ਦੇ ਗੌਰਵ ਤੇ ਮਹੱਤਵ ਨੂੰ ਰਤੀ ਭਰ ਵੀ ਕੋਈ ਆਂਚ ਨਾ ਆਵੇ। ਭਾਈ ਬਲਵੰਤ ਸਿੰਘ ਦੇ ਹੱਕ ਵਿਚ ਸਮੁੱਚੇ ਸਿੱਖ ਪੰਥ ਨੂੰ ਲਾਮਬੰਦ ਕਰਨ ਦੇ ਪੁਰਜ਼ੋਰ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਪਰ ਇਸ ਮਾਮਲੇ ਵਿਚ ਭਾਈ ਬਲਵੰਤ ਸਿੰਘ ਦੇ ਇਸ ਆਦੇਸ਼ ਨੂੰ ਕਦੇ ਨਹੀਂ ਭੁਲਾਉਣਾ ਚਾਹੀਦਾ ਕਿ ‘ਮੇਰੀ ਕੈਦ ਜਾਂ ਰਿਹਾਈ ਦੇ ਮਸਲੇ ਨੂੰ ਇਨਸਾਫ਼ ਲਈ ਸੰਘਰਸ਼ ਦੇ ਸੰਦਰਭ ‘ਚ ਦੇਖਿਆ ਜਾਵੇ’। ਸਿੱਖਾਂ ਦੇ ਦੁਸ਼ਮਣਾਂ ਕੋਲੋਂ ਪੂਰੇ ਧੜੱਲੇ ਨਾਲ ਇਨਸਾਫ਼ ਦੀ ਮੰਗ ਕੀਤੀ ਜਾਵੇ ਪਰ ਇਸ ਚੋਂ ਕਿਸੇ ਵੀ ਤਰ੍ਹਾਂ ਰਹਿਮ ਮੰਗਣ ਦਾ ਪ੍ਰਭਾਵ ਨਾ ਮਿਲੇ। ਰਹਿਮ ਦੀ ਮੰਗ ਕਰਕੇ ਕੌਮੀ ਪੱਤ ਨੂੰ ਦਿੱਲੀ ਦੇ ਮਗ਼ਰੂਰ ਹਾਕਮਾਂ ਦੇ ਪੈਰਾਂ ਵਿਚ ਨਾ ਰੋਲਿਆ ਜਾਵੇ। ਭਾਈ ਭਲਵੰਤ ਸਿੰਘ ਵੱਲੋਂ ਲਏ ਗਏ ਦਲੇਰ ਪੈਂਤੜੇ ਨੇ ਖਾਲਸੇ ਦੀ ਚੇਤਨਾ ਵਿਚ ਸੁੱਤੀਆਂ ਅਨੇਕਾਂ ਤਰੰਗਾਂ ਜਾਗ ਪਈਆਂ ਹਨ। ਭਾਈ ਬਲਵੰਤ ਸਿੰਘ ਦੀ ਇਸ ਅਦੁੱਤੀ ਕਮਾਈ ਦਾ ਪੂਰਾ ਮਾਣ ਸਤਿਕਾਰ ਕਾਇਮ ਰਹਿਣਾ ਚਾਹੀਦਾ ਹੈ।
ਭਾਈ ਬਲਵੰਤ ਸਿੰਘ ਆਪਣੇ ਬਿਆਨਾਂ ਤੇ ਸੰਦੇਸ਼ਾਂ ਦੇ ਜ਼ਰੀਏ ਜਿਥੇ ਸਮੁੱਚੇ ਪੰਥ ਦੀ ਸੁਰਤ ਤੇ ਗ਼ੈਰਤ ਨੂੰ ਹਲੂਣਾ ਦੇ ਰਹੇ ਹਨ, ਉਥੇ ਨਾਲ ਹੀ ਉਹ ਪੰਥ ਦੇ ਬੇਦੀਨੇ ਰਹਿਬਰਾਂ ਅੰਦਰ ਅਜਿਹੀ ਰੂਹਾਨੀ ਚਿਣਗ਼ ਪੈਦਾ ਕਰਨਾ ਚਾਹੁੰਦੇ ਹਨ, ਜਿਸ ਦੀ ਰੋਸ਼ਨੀ ਵਿਚ ਉਹ ਆਪਣਾ ਆਤਮਕ ਕੋਹਜ ਦੇਖ ਸਕਣ। ਸ਼ਾਲਾ ਭਾਈ ਸਾਹਿਬ ਦਾ ਇਹ ਯਤਨ ਸਾਰਥਕ ਹੋ ਜਾਵੇ!
Related Topics: Ajmer Singh, Bhai Balwant Singh Rajoana