-ਗੁਰਮੀਤ ਸਿੰਘ ਸਿੱਧੂ (ਡਾ.) *
ਮੈਦਾਨ-ਏ ਜੰਗ ਵਿਚ ਦੁਸ਼ਮਣਾਂ ਦਾ ਸਿਦਕਦਿਲੀ ਨਾਲ ਟਾਕਰਾ ਕਰਨ ਦੀ ਵਿਰਾਸਤ ਵਿਚੋਂ ਜਵਾਨ ਹੋਏ ਅਤੇ ਸ਼ੇਰੇ-ਏ ਪੰਜਾਬ ਵਜੋਂ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਨੇ ਜਵਾਨੀ ਵਿਚ ਪੈਰ ਧਰਦਿਆਂ ਰਾਜਨੀਤੀ ਅਤੇ ਕੂਟਨੀਤੀ ਦੇ ਸਬਕ ਗ੍ਰਹਿਣ ਕਰ ਲਏ ਸਨ। ਉਸਦੇ ਜੀਵਨ ਦਾ ਸਿੱਖਰ ਖ਼ਾਲਸਾ ਰਾਜ ਦੀ ਚੜ੍ਹਤ ਦਾ ਸਮਾਂ ਸੀ। ਉਸਦੀ ਮੌਤ ਨਾਲ ਖ਼ਾਲਸਾ ਰਾਜ ਦਾ ਅੰਤ ਹੋ ਸ਼ੁਰੂ ਹੋ ਗਿਆ ਸੀ। ਉਸ ਦੇ ਜੀਵਨ ਕਾਲ ਦੌਰਾਨ ਬਰਤਾਨੀਆ ਪੰਜਾਬ ’ਤੇ ਕਬਜਾ ਨਹੀਂ ਕਰ ਸਕਿਆ ਪਰ ਉਸਦੀ ਮੌਤ ਤੋਂ ਪਿਛੋਂ ਕੇਵਲ ਇਕ ਦਹਾਕੇ ਵਿਚ ਬਰਤਾਨੀਵੀਂ ਫੌਜ ਨੇ ਪੰਜਾਬ ’ਤੇ ਆਪਣੇ ਕਾਬਜ ਹੋਣ ਦਾ ਐਲਾਨ ਕਰ ਦਿੱਤਾ ਸੀ।
ਮਹਾਰਾਜਾ ਰਣਜੀਤ ਸਿੰਘ ਬੀਮਾਰ ਹੋਣ ਉਪਰੰਤ 15 ਹਾੜ 1896 ਬਿਕ੍ਰਮੀ 27 ਜੂਨ 1839 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਏ ਸਨ। ਉਸਦੀ ਮੌਤ ਤੋਂ ਪਿਛੋਂ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਬਾਰੇ ਮਹਾਰਾਜੇ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ।
ਯੋਧਿਆਂ ਦੀਆਂ ਕੁਰਬਾਨੀਆਂ ਨਾਲ ਉਸਰੇ ਖ਼ਾਲਸਾ ਰਾਜ ਦੀ ਹਾਰ ਦਾ ਕਾਰਣ ਖ਼ਾਲਸਾ ਸਰਕਾਰ ਦੇ ਨਜਦੀਕੀ ਲੋਕ ਗਦਾਰ ਬਣ ਗਏ ਸਨ। ਧੋਖੇ ਅਤੇ ਦੇਸ਼ ਧਰੋਹ ਦੇ ਅਜਿਹੇ ਕਾਂਡ ਵਾਪਰੇ ਕਿ ਸਰਕਾਰ ਦਾ ਸਿਰਜਿਆ ਮਜਬੂਤ ਰਾਜ ਖਾਕ ਦੀ ਢੇਰੀ ਬਣ ਗਿਆ। ਯੋਧਿਆਂ ਨੇ ਆਪਣੇ ਸਿਰਜੇ ਸੁਪਨੇ ਬਚਾਉਣ ਲਈ ਪੂਰੀ ਵਾਹ ਲਾਈ ਪਰੰਤੂ ਸਰਕਾਰ ਤੋਂ ਬਗੈਰ ਉਹ ਹਾਰ ਗਏ।
ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਅਤੇ ਸਿੱਖ ਰਾਜ ਬਾਰੇ ਕਿਤਾਬਾਂ ਇਹ ਪੰਨਾ ਖੋਲ ਕੇ ਖਰੀਦੋ।
ਸ਼ਾਹ ਮੁਹੰਮਦ ਅਨੁਸਾਰ ਸਰਕਾਰ ਤੋਂ ਬਾਝੋਂ ਸਿੱਖ ਜੰਗ ਜਿੱਤ ਕੇ ਵੀ ਹਾਰ ਗਏ ਸਨ। ਮਹਾਰਾਜਾ ਰਣਜੀਤ ਸਿੰਘ ਸਮਾਕਲੀ ਰਾਜਿਆਂ ਤੋਂ ਵਿਲੱਖਣ ਸਨ। ਉਹਨਾਂ ਦੀ ਵਿਲੱਖਣਤਾ ਇਸ ਕਰਕੇ ਵੀ ਸੀ ਕਿ ਉਹ ਆਪਣੇ ਰਾਜ ਨੂੰ ਗੁਰੂ ਦੀ ਮਿਹਰ ਸਮਝਦੇ ਸਨ। ਦਰਬਾਰ ਲਗਾਉਣ ਤੋਂ ਪਹਿਲਾਂ ਉਹ ਗੁਰੂ ਨੂੰ ਯਾਦ ਕਰਦੇ ਸਨ। ਗੁਰੂ ਨਾਲ ਜੁੜੇ ਹੋਣ ਕਰਕੇ ਉਹ ਖ਼ੁਦ ‘ਸਰਕਾਰ’ ਬਣ ਗਏ ਸਨ। ਜੰਗਨਾਮੇ ਦਾ ਲੇਖਕ ਸ਼ਾਹ ਮੁਹੰਮਦ ਮਹਾਰਾਜੇ ਨੂੰ ਯਾਦ ਕਰਦਾ ਲਿਖਦਾ ਹੈ;
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੀ।
ਮਹਾਰਾਜਾ ਰਣਜੀਤ ਸਿੰਘ ਬੇਸ਼ੱਕ ਇਕ ਯੋਧਾ ਅਤੇ ਨਿਪੁੰਨ ਸ਼ਾਸਕ ਸੀ। ਉਸਦਾ ਯੋਧੇ ਤੋਂ ਸਰਕਾਰ ਬਣਨ ਤਕ ਦਾ ਸ਼ਫਰ ਅਤੇ ਫਿਰ ਇਸ ਸਰਕਾਰ ਦਾ ਦੁਖਦਇਕ ਅੰਤ ਖ਼ਾਲਸੇ ਦੇ ਵਰਤਮਾਨ ਅਤੇ ਭਵਿੱਖ ਨਾਲ ਜੁੜਿਆ ਹੋਇਆ ਹੈ। ਬੇਸ਼ੱਕ ਉਹ ਸਰਕਾਰ ਅੱਜ ਨਹੀਂ ਰਹੀਂ ਪਰ ਉਸਦਾ ਸਿਰਜਿਆ ਸੁਪਨਾ ਸਿੱਖਾਂ ਦੇ ਮਨਾਂ ਵਿਚ ਵਸ ਚੁੱਕਾ ਹੈ।
ਖ਼ਾਲਸਾ ਰਾਜ ਸਿੱਖ ਸਿਮਰਤੀ ਦਾ ਹਿਸਾ ਬਣ ਚੁੱਕਾ ਹੈ ਅਤੇ ਨਿਤਨੇਮ ਦੀ ਅਰਦਾਸ ਵਿਚ ਸਿੱਖ ਇਸ ਯਾਦ ਨੂੰ ਤਾਜਾ ਰੱਖ ਰਹੇ ਹਨ। ਮਹਾਰਾਜਾ ਰਣਜੀਤ ਸਿੰਘ ਅਤੇ ਉਹਨਾਂ ਵਲੋਂ ਸਥਾਪਤ ਕੀਤਾ ਰਾਜ ਦੁਨੀਆਂ ਦੇ ਵੱਡੇ ਸਾਮਰਾਜ ਨੂੰ ਜਿਥੇ ਇਕ ਚੁਣੌਤੀ ਸੀ ਉਥੇ ਇਹ ਪੰਜਾਬੀਆਂ ਲਈ ਸਵੈਮਾਣ ਦਾ ਪ੍ਰਤੀਕ ਸੀ।
ਮਹਾਰਾਜਾ ਰਣਜੀਤ ਸਿੰਘ ਨੇ ‘ਰਾਜ ਕਰੇਗਾ ਖ਼ਾਲਸਾ’ ਦੇ ਖਿਆਲ ਨੂੰ ਲਾਗੂ ਹੀ ਨਹੀਂ ਕੀਤਾ ਬਲਕਿ ਇਸ ਸੰਕਲਪ ਨੂੰ ਸਿੱਖਾਂ ਦੇ ਦਿਲਾਂ ਵਿਚ ਵਸਾ ਦਿੱਤਾ ਹੈ। ਸੁਪਨੇ ਨੂੰ ਹਕੀਕਤ ਵਿਚ ਬਦਲਣ ਵਾਲੇ ਇਸ ਨਾਇਕ ਦੇ ਰਾਜ ਦਰਬਾਰ ਵਿਚ ਸਭ ਨੂੰ ਬਰਾਬਰ ਮਾਣ-ਸਤਿਕਾਰ ਅਤੇ ਇਨਸਾਫ ਦਿੱਤਾ ਜਾਂਦਾ ਸੀ।
ਮਹਾਰਾਜਾ ਰਣਜੀਤ ਸਿੰਘ ਨੂੰ ਪਰਜਾ ਵਲੋਂ ਪੂਰਾ ਮਾਣ ਸਤਿਕਾਰ ਹਾਸਲ ਸੀ ਇਸ ਦੀ ਮੁੱਖ ਵਜ੍ਹਾ ਇਹ ਸੀ ਕਿ ਉਹ ਗੁਰੂ ਸਿਧਾਂਤ ’ਤੇ ਸੇਵਕ ਦੀ ਤਰ੍ਹਾਂ ਪਹਿਰਾ ਦਿੰਦਾ ਸੀ। ਇਤਿਹਾਸਕਾਰ ਡਾ. ਗੰਡਾ ਸਿੰਘ ਨੇ ਇਹਨਾਂ ਦੇ ਪਰਿਵਾਰਕ ਵਿਰਾਸਤ ਦਾ ਵਰਨਣ ਕਰਦਿਆਂ ਦੱਸਿਆ ਹੈ ਕਿ ਮਹਾਰਾਜੇ ਪੂਰਵਜ ਸਰਦਾਰ ਬੁੱਢਾ ਸਿੰਘ ਸਧਾਰਨ ਕਿਸਾਨ ਸਨ ਅਤੇ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿਚ ਸਰਗਰਮ ਸਨ। ਉਹ ਮਹਾਂ ਸ਼ਕਤੀਸਾਲੀ ਸੀ ਅਤੇ ਕਿਹਾ ਜਾਂਦਾ ਹੈ ਕਿ ਉਸਨੇ ਆਪਣੇ ਸਰੀਰ ’ਤੇ ਤੀਹ ਤਲਵਾਰ ਦੇ ਜ਼ਖ਼ਮ ਅਤੇ ਨੌ ਬੰਦੂਕ ਦੇ ਜ਼ਖ਼ਮ ਸਹੇ ਸਨ।
ਉਹ ਆਪਣੀ ਚਿਤਕਾਰੀ ਘੋੜੀ ਕਾਰਨ ਪ੍ਰਸਿੱਧ ਸੀ, ਜਿਸਦਾ ਨਾਂ ‘ਦੇਸੀ’ ਸੀ ਅਤੇ ਜਿਸ ’ਤੇ ਸਵਾਰ ਹੋ ਕੇ ਉਸਨੇ ਕੋਈ ਪੰਜਾਹ ਵਾਰੀ ਰਾਵੀ, ਚਨਾਵ ਅਤੇ ਜੇਹਲਮ ਨਦੀਆਂ ਨੂੰ ਪਾਰ ਕੀਤਾ ਸੀ। ਮਹਾਨ ਯੋਧਿਆਂ ਦੀ ਵਿਰਾਸਤ ਵਿਚੋਂ ਰਣਜੀਤ ਸਿੰਘ ਨੇ ਜੋ ਗੁਣ ਗ੍ਰਹਿਣ ਕੀਤੇ ਉਹਨਾਂ ਨੂੰ ਉਸਨੇ ਆਪਣੀ ਯੁੱਧਨੀਤੀ, ਕੂਟਨੀਤੀ ਅਤੇ ਪ੍ਰਸ਼ਸ਼ਾਨਿਕ ਕੁਸ਼ਲਤਾ ਲਈ ਵਰਤਿਆ।
ਉਹ ਯੋਧਾ ਹੋਣ ਦੇ ਨਾਲ-ਨਾਲ ਦੂਰ-ਅੰਦੇਸ਼ੀ ਅਤੇ ਵਿਸ਼ਾਲ ਹਿਰਦੇ ਦਾ ਮਾਲਕ ਸੀ। ਮਿਸਲਾਂ ਵਿਚ ਏਕਤਾ ਅਤੇ ਖ਼ਾਲਸਾ ਰਾਜ ਦੇ ਕੀਤੇ ਵਿਸਥਾਰ ਤੋਂ ਉਸਦੇ ਗੁਣਾ ਦਾ ਪਤਾ ਚਲਦਾ ਹੈ। ਮਹਾਰਾਜੇ ਦੀ ਸਖ਼ਸ਼ੀਅਤ ਦਾ ਸਭ ਤੋਂ ਅਹਿਮ ਪੱਖ ਉਹਨਾਂ ਦਾ ਗਰੂ ਪ੍ਰੇਮ ਸੀ।
ਮਹਾਰਾਜੇ ਨੂੰ ਜਦੋਂ ਬਾਦਸ਼ਾਹੀ ਦਾ ਤਿਲਕ ਲਗਾਇਆ ਗਿਆ ਤਾਂ ਉਸਨੇ ਆਪਣੇ ਲਈ ਕਿਸੇ ਬਾਦਸ਼ਾਹਤ ਦਾ ਦਾਅਵਾ ਨਹੀਂ ਕੀਤਾ। ਉਸ ਲਈ ਗੁਰੂ ਹੀ ਸੱਚਾ ਪਾਤਸ਼ਾਹ ਸੀ, ਅਸਲੀ ਬਾਦਸ਼ਾਹ ਸੀ ਅਤੇ ਉਹ (ਮਹਾਰਾਜਾ) ਆਪ ਰੱਬ ਦਾ ਨਿਮਾਣਾ ਸੇਵਕ ਸੀ ਜਿਸਨੂੰ ਲੋਕਾਂ ਦੀ ਸੇਵਾ ਲਈ ਭੇਜਿਆ ਗਿਆ ਸੀ।
ਉਹ ਚਾਹੁੰਦਾ ਸੀ ਕਿ ਉਸਨੂੰ ਅਗੇ ਤੋਂ ਸਰਕਾਰ ਕਹਿ ਸੰਬੋਧਿਤ ਕੀਤਾ ਜਾਵੇ। ਆਪਣੀ ਭਰਪੂਰ ਸ਼ਰਧਾ ਕਾਰਨ ਉਸਨੇ ਹੁਕਮ ਦਿੱਤਾ ਕਿ ਉਸਦੇ ਸਾਮਰਾਜ ਦੇ ਸਿੱਕਿਆਂ ’ਤੇ ਅਸਲੀ ਬਾਦਸ਼ਾਹ ਗੁਰੂ ਦਾ ਨਾਮ ਢਾਲਿਆ ਜਾਵੇ। ਮਹਾਰਾਜੇ ਨੇ ਆਪਣਾ ਰਾਜ ਨਾ ਕੇਵਲ ਗੁਰੂ ਦੇ ਨਾਮ ’ਤੇ ਚਲਾਇਆ ਬਲਕਿ ਉਹ ਆਪਣੀ ਨੀਤੀਆਂ ਨੂੰ ਤਿਆਰ ਕਰਨ ਅਤੇ ਫੈਸਲੇ ਲੈਣ ਵਿਚ ਗੁਰੂ ਸਿਧਾਂਤਾਂ ਦਾ ਅਸਾਰਾ ਲੈਂਦਾ ਸੀ।
ਇਥੋਂ ਤਕ ਕਿ ਅੰਗਰੇਜ਼ਾਂ ਨਾਲ ਸੰਧੀਆਂ ਸਮੇਂ ਹੋਈ ਵਾਰਤਾਲਾਪ ਵਿਚ ਉਹ ਗੁਰੂ ਨੂੰ ਸਰਵ-ਉਤਮ ਮੰਨ ਕੇ ਆਪਣੀ ਰਾਇ ਦਿੰਦਾ ਸੀ। ਉਸਨੇ ਗੁਰੂ ਦੀ ਧਰਮ ਨਿਰਪੱਖ ਨੀਤੀ ਦੇ ਅਨੁਸਾਰ ਹਰ ਧਰਮ ਦੇ ਲੋਕਾਂ ਅਤੇ ਸੰਸਥਾਵਾਂ ਦੀ ਮਦੱਦ ਕੀਤੀ ਸੀ। ਮਹਾਰਾਜਾ ਪੰਜਾਬ ਦੀ ਸਰਕਾਰ ਦਾ ਪਰਤੀਕ ਬਣ ਕੇ ਪੰਜਾਬੀਆਂ ਵਿਚ ਖ਼ਾਲਸਾ ਰਾਜ ਦੇ ਸੁਪਨੇ ਨੂੰ ਤਾਜ਼ਾ ਕਰ ਗਿਆ ਹੈ। ਇਸ ਸੁਪਨੇ ਦੀ ਪੂਰਤੀ ਲਈ ਪੰਜਾਬ ਦੀ ਧਰਤੀ ਤੋਂ ਅਜ਼ਾਦੀ ਅਤੇ ਖੁਦਮੁਖਤਿਆਰੀ ਦੇ ਸੰਘਰਸ਼ਾਂ ਲਈ ਉਹਨਾਂ ਦਾ ਜੀਵਨ ਪ੍ਰੇਰਨਾ ਦਾ ਸੋਮਾ ਹੈ।
ਭਾਰਤ ਦੇ ਖੇਤਰੀ ਰਾਜੇ ਅੰਗਰੇਜ਼ਾਂ ਪਾਸੋਂ ਹਾਰ ਗਏ ਸਨ ਅਤੇ ਇਕਲਾ ਖ਼ਾਲਸਾ ਰਾਜ ਆਪਣੀ ਅਜ਼ਾਦ ਹਸਤੀ ਕਾਇਮ ਰੱਖ ਰਿਹਾ ਸੀ। ਬਰਤਾਨਵੀਂ ਫੌਜ ਦੀ ਸਿੱਖ ਰਾਜ ਨੂੰ ਹੜੱਪਣ ਲਈ ਮੌਕੇ ਦੀ ਤਾਕ ਵਿਚ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਅਗੇ ਚਟਾਨ ਦੀ ਤਰ੍ਹਾਂ ਕਾਇਮ ਸਨ। ਬੇਸ਼ੱਕ ਅੰਗਰੇਜ਼ਾਂ ਨਾਲ ਸੰਧੀ ਕਰਨ ਪਿਛੇ ਉਸਦੀਆਂ ਰਾਜਨੀਤਕ ਮਜਬੁਰੀਆਂ ਸਨ ਫਿਰ ਉਹ ਆਪਣੀ ਫੋਜੀ ਤਾਕਤ ਨੂੰ ਸੰਗਠਿਤ ਅਤੇ ਸਿੱਖਿਅਤ ਰੱਖ ਰਿਹਾ ਸੀ। ਇਸ ਮਕਸਦ ਲਈ ਉਸਨੇ ਵਿਦੇਸ਼ੀ ਸੈਨਿਕਾਂ ਦੀ ਮਦੱਦ ਵੀ ਲਈ ਸੀ ਅਤੇ ਖ਼ਾਲਸਾ ਫੌਜ ਦਾ ਸੰਗਠਨ ਉਸ ਸਮੇਂ ਦੀਆਂ ਫੌਜਾਂ ਦੇ ਹਾਣ ਦਾ ਕੀਤਾ ਸੀ।
ਇਸ ਫੌਜ ਵਿਚ, ਪੈਦਲ, ਘੋੜ ਸਵਾਰ ਅਤੇ ਤੋਪਖਾਨੇ ਦੀ ਫੌਜ ਸੀ ਅਤੇ ਇਸਦੇ ਵਿਭਾਗਾਂ ਦੀ ਵੰਡ ਵੀ ਕੀਤੀ ਹੋਈ ਸੀ। ਫੌਜੀਆਂ ਨੂੰ ਬਕਾਇਦਾ ਸਿਖਲਾਈ ਦਿੱਤੀ ਜਾਂਦੀ ਸੀ ਅਤੇ ਫੌਜ ਵਿਚ ਅਨੁਸ਼ਾਸਨ ਵੀ ਪੂਰਾ ਸੀ ਅਤੇ ਇਸਨੂੰ ਕਾਇਮ ਰੱਖਣ ਲਈ ਜਿਥੇ ਦੰਡਵਾਲੀ ਦੀ ਵਿਵਸਥਾ ਸੀ ਉਥੇ ਫੌਜ ਨੂੰ ਉਤਸ਼ਾਹਤ ਕਰਨ ਲਈ ਪੈਨਸ਼ਨਾਂ, ਤੋਹਫੇ, ਪੁਰਸਕਾਰ ਅਤੇ ਖਿਤਾਬ ਵੀ ਦਿੱਤੇ ਜਾਦੇ ਸਨ। ਸਿੱਖ ਰਾਜ ਦਾ ਹਰ ਨਾਗਰਿਕ ਸਿਪਾਹੀ ਸੀ ਅਤੇ ਫੌਜੀ ਹੈਲਮਿਟ ਦੀ ਥਾਂ ’ਤੇ ਲਾਲ ਪਗੜੀਆਂ ਬੰਨਦੇ ਸਨ।
ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੇ ਸਿਵਲ ਪ੍ਰਸ਼ਾਸਨ ਨੂੰ ਚਾਰ ਸੂਬਿਆਂ ਲਹੋਰ, ਮੁਲਤਾਨ, ਕਸ਼ਮੀਰ ਅਤੇ ਪੇਸ਼ਾਵਰ ਵਿਚ ਵੰਡਿਆ ਹੋਇਆ ਸੀ। ਸੂਬੇ ਦਾ ਮੁਖੀ ਸੂਬੇਦਾਰ (ਨਾਜ਼ਮ) ਹੁੰਦਾ ਸੀ। ਸੂਬਾ ਅਗਾਂਹ ਪਰਗਨਿਆਂ, ਤਾਲੁਕਿਆਂ ਅਤੇ ਮੋਜਿਆਂ ਵਿਚ ਵੰਡਿਆ ਜਾਂਦਾ ਸੀ। ਇਕ ਤਾਲੁਕੇ ਵਿਚ 50 ਤੋਂ 100 ਤਕ ਮੋਜੇ ਸ਼ਾਮਲ ਹੁੰਦੇ ਸਨ। ਤਾਲੁਕੇ ਦਾ ਅਧਿਕਾਰੀ ਕਾਰਦਾਰ ਕਹਾਉਂਦਾ ਸੀ। ਜਿਥੇ ਕਿਤੇ ਕਿਸੇ ਤਾਲੁਕੇ ਵਿਚ ਪਿੰਡਾਂ ਦੀ ਗਿਣਤੀ ਜ਼ਿਆਦਾ ਹੁੰਦੀ ਤਾਂ ਉਥੇ ਇਕ ਤੋਂ ਵਿਧੇਰੇ ਕਾਰਦਾਰ ਹੁੰਦੇ ਸਨ। ਇਸ ਵੰਡ ਮੁਤਾਬਕ ਸਿਵਲ ਅਤੇ ਨਿਆਂ ਵਿਵਸਥਾ ਕੀਤੀ ਹੋਈ ਸੀ। ਕਾਰਦਾਰ ਸਰਕਾਰ ਦੇ ਕਰਮਚਾਰੀ ਸਨ ਪਰ ਉਹ ਲੋਕਾਂ ਨਾਲ ਚੰਗਾ ਵਰਤਾਉ ਕਰਦੇ ਸਨ। ਬੇਸ਼ੱਕ ਸਰਕਾਰ ਵਲੋਂ ਕਰ ਇਕੱਠਾ ਕੀਤਾ ਜਾਂਦਾ ਸੀ ਫਿਰ ਵੀ ਕਰ ਇਕੱਠਾ ਕਰਨ ਸਮੇਂ ਲੋਕਾਂ ਦੀਆਂ ਮੁਸੀਬਤਾਂ ਦਾ ਖਿਆਲ ਰੱਖਿਆ ਜਾਂਦਾ ਸੀ।
ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਕਰ ਇਕੱਠਾ ਕਰਨ ਲਈ ਬਕਾਇਦਾ ਨੀਤੀ ਤਿਆਰ ਕੀਤੀ ਹੋਈ ਸੀ ਅਤੇ ਕਈ ਤਰ੍ਹਾਂ ਦੀਆਂ ਵਿਧੀਆਂ ਨਾਲ ਕਰ ਇਕੱਠਾ ਕੀਤਾ ਜਾਂਦਾ ਸੀ। ਜਿਵੇਂ; ਬਟਾਈ ਦੀ ਵਿਧੀ, ਜਿਸ ਤਹਿਤ ਫਸਲ ਦੀ ਕਟਾਈ ਤੋਂ ਉਪਰੰਤ ਕਰ ਦੇ ਬਦਲੇ ਫਸਲ ਦਾ ਕੁਝ ਹਿੱਸਾ ਲਿਆ ਜਾਂਦਾ ਸੀ। ਇਹ ਵਿਧੀ ਬਹੁਤੀ ਕਾਰਗਰ ਸਾਬਤ ਨਾ ਹੋਣ ਕਰਕੇ ਕਾਨਕੂਤ ਵਿਧੀ ਅਪਣਾਈ ਗਈ ਸੀ। ਇਸ ਵਿਧੀ ਅਨੁਸਾਰ ਖੜ੍ਹੀਆਂ ਫਸਲਾਂ ਤੋਂ ਅਨਾਜ ਬਾਰੇ ਅੰਦਾਜਾ ਲਗਾ ਕੇ ਕਰ ਤਹਿ ਕੀਤਾ ਜਾਂਦਾ ਸੀ। ਕਾਨਕੂਤ ਵਿਧੀ ਦੇ ਚਲਦਿਆਂ ਮਹਾਰਾਜੇ ਨੇ ਨਕਦ ਭੁਗਤਾਨ ਦੀ ਵਿਵਸਥਾ ਕੀਤੀ ਹੋਈ ਸੀ। ਇਸ ਤਰਾਂ ਹੀ ਜਿਨਸੀ ਅਤੇ ਨਕਦ ਦੋਵੇਂ ਰੂਪਾਂ ਵਿਚ ਕਰ ਇਕੱਤਰ ਕਰਨ ਲਈ ਮਿਸ਼ਰਤ ਵਿਧੀ ਵੀ ਪ੍ਰਚਲਤ ਸੀ। ਇਹਨਾਂ ਵਿਧੀਆਂ ਦੇ ਨਾਲ-ਨਾਲ ਵਿਘਾ, ਹਲ, ਖੂਹ ਆਦਿ ਨੂੰ ਅਧਾਰ ਬਣਾ ਕੇ ਵੀ ਕਰ ਨਿਰਧਾਤ ਕੀਤਾ ਜਾਂਦਾ ਸੀ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਲੋਕਾਂ ਦੀ ਹਿਸੇਦਾਰੀ ਸੀ ਬਾਵ ਇਹ ਕਿ ਪਰਜਾ ਆਪਣੇ ਸਾਂਝੇ ਕੰਮ ਆਪ ਕਰਦੇ ਸਨ। ਇਸ ਸਮੇਂ ਸੰਚਾਈ ਪ੍ਰਬੰਧਾਂ ਨੂੰ ਬੇਹਤਰ ਬਣਾਉਣ ਸਰਕਾਰ ਵਲੋਂ ਲੋਕਾਂ ਦੀ ਅਗਵਾਈ ਕੀਤੀ ਜਾਂਦੀ ਸੀ। ਮਹਾਰਾਜੇ ਦੀ ਪ੍ਰੇਰਨਾ ਨਾਲ ਲੋਕ ਨਹਿਰਾਂ ਦੀ ਪੁਟਾਈ ਦਾ ਕੰਮ ਖੁਦ ਕਰਦੇ ਸਨ। ਇਕ ਪਿੰਡ ਦੇ ਲੋਕ ਆਪਣੇ ਪਿੰਡ ਦੀ ਜ਼ਮੀਨ ਵਿਚੋਂ ਨਹਿਰ ਤਿਆਰ ਕਰਦੇ ਤਾਂ ਉਸਤੋਂ ਅਗਲੇ ਪਿੰਡ ਦੇ ਲੋਕ ਆਪਣੀ ਜੁੰਮੇਵਾਰੀ ਸੰਭਾਲ ਲੈਂਦੇ ਸਨ।
ਬਾਦਸ਼ਾਹ ਅਕਬਰ ਦੇ ਸ਼ਾਸਨ ਦੌਰਾਨ ਲਾਹੌਰ ਦੇ ਸ਼ਾਲੀਮਾਰ ਬਾਗਾਂ ਨੂੰ ਪਾਣੀ ਦੇਣ ਲਈ ਪੁਟੀ ਗਈ ਹਸਲੀ ਨਹਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਮਿਟੀ ਨਾਲ ਭਰ ਗਈ ਸੀ। ਇਸ ਨਹਿਰ ਦਾ ਪੁਨਰ-ਨਿਰਮਾਣ ਕਰਵਾਇਆ ਗਿਆ। ਉਸ ਸਮੇਂ ਦੇ ਉਦਾਸੀ ਸਾਧੂਆਂ ਦੀ ਪ੍ਰੇਰਨਾ ਨਾਲ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਅਤੇ ਰਾਮਬਾਗ ਨੂੰ ਪਾਣੀ ਪਹੁੰਚਾਉਣ ਦੇ ਮੰਤਵ ਨਾਲ ਇਸਦੀ ਇਕ ਸ਼ਾਖ ਮਾਧੋਪੁਰ ਤੋਂ ਅੰਮ੍ਰਿਤਸਰ ਤੱਕ ਲਿਆਂਦੀ ਗਈ। ਇਕ ਪਿੰਡ ਦੇ ਸਿੱਖ ਇਸ ਨੂੰ ਪੁੱਟ ਕੇ ਅਗਲੇ ਪਿੰਡ ਤੱਕ ਪਹੁੰਚਾਉਂਦੇ ਸਨ ਤੇ ਫੇਰ ਇਸ ਪਿੰਡ ਦੇ ਸਿੱਖ ਇਸ ਨੂੰ ਅਗਲੇ ਪਿੰਡ ਤਕ ਇਸ ਤਰ੍ਹਾਂ ਅਗੇ ਵੀ। ਇਸ ਨੂੰ ਪੁੱਟਣ ਵਾਲੇ ਸਿੱਖਾਂ ਨੇ ਕੋਈ ਮਿਹਤਾਨਾ ਨਾ ਮੰਗਿਆ। ਕਿਉਂਕਿ ਇਹ ਇਕ ਪਵਿੱਤਰ ਮਕਸਦ ਲਈ ਪੁੱਟੀ ਜਾ ਰਹੀ ਸੀ।
ਖ਼ਾਲਸਾ ਰਾਜ ’ਤੇ ਅੰਗਰੇਜ਼ ਫੌਜ ਦੇ ਹਮਲੇ ਦਾ ਖਤਰਾ ਬਣਿਆ ਹੋਇਆ ਸੀ। ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਨੂੰ ਅੰਗਰੇਜ਼ਾਂ ਨਾਲ ਸੰਧੀਆਂ ਕਰਨ ਦਾ ਕੌੜਾ ਘੁਟ ਵੀ ਭਰਨਾ ਪਿਆ ਸੀ। ਪਰ ਉਸਨੇ ਮਜਬੂਰੀ ਨੂੰ ਫ਼ਾਇਦਾ ਬਣਾਉਦਿਆਂ ਇਹਨਾਂ ਸੰਧੀਆਂ ਤੋਂ ਧਿਆਨ ਪਾਸੇ ਲਗਾਇਆ ਅਤੇ ਖ਼ਾਲਸਾ ਰਾਜ ਦਾ ਵਿਸਥਾਰ ਕੀਤਾ। ਸੰਧੀ ਤੋਂ ਬਾਅਦ ਰਣਜੀਤ ਸਿੰਘ ਨੇ ਆਪਣਾ ਬਹੁਤਾ ਜ਼ੋਰ ਸਤਲੁਜ ਦੇ ਲਾਹੌਰ ਵਾਲੇ ਪਾਸੇ ਦੇ ਇਲਾਕੇ ਨੂੰ ਜਿਤੱਣ ਤੇ ਮਜਬੂਤ ਕਰਨ ’ਤੇ ਲਗਾਉਣਾ ਸ਼ੁਰੂ ਕੀਤਾ। ਛੇਤੀ ਹੀ ਉਸਨੇ ਮੁਲਤਾਨ, ਝੰਗ ਅਤੇ ਕਸ਼ਮੀਰ ਦੀਆਂ ਸੁਤੰਤਰ ਰਿਆਸਤਾਂ ਨੂੰ ਜਿੱਤ ਲਿਆ।
ਫੇਰ ਉਸਨੇ ਸਿੰਧ ਦਰਿਆਂ ਪਾਰ ਕਰਕੇ ਬੰਨੂ ਕੋਹਾਟ ਦੇ ਡੇਰਿਆਂ ਅਤੇ ਪੇਸ਼ਾਵਰ ਨੂੰ ਜਿਤਿਆ ਤੇ ਅਫਗਾਨਿਸਾਨ ਦੇ ਹੁਕਮਰਾਨ ਦਾ ਘੁਮੰਡ ਤੋੜਿਆ। ਮਹਾਰਾਜੇ ਨਾਲ ਬ੍ਰਿਟਿਸ਼ ਸਰਕਾਰ ਨੇ 1809 ਵਿਚ ਜੋ ਵਾਅਦੇ ਕੀਤੇ ਸਨ ਉਹ ਨਹੀਂ ਨਿਭਾਏ। ਬਲਕਿ ਸੰਧੀਆਂ ਦੀ ਆੜ ਵਿਚ ਉਹਨਾਂ ਨੇ ਆਪਣਾ ਦਾਖਲ ਵਧਾਇਆ ਅਤੇ ਸਿੱਖਾਂ ’ਤੇ ਹਮਲਾ ਕਰਨ ਦੀਆਂ ਵਿਧੀਆਂ ਤਿਆਰ ਕੀਤੀਆਂ ਸਨ।
ਮਹਾਰਾਜੇ ਨੂੰ ਆਪਣੀਆਂ ਮਜਬੁਰੀ ਦਾ ਪਤਾ ਸੀ। ਮਹਾਰਾਜੇ ਦੀ ਦੂਰ ਦ੍ਰਿਸ਼ਟੀ ਸੀ ਕਿ ਉਸਨੇ ਬ੍ਰਿਟਿਸ ਸਰਕਾਰ ਨਾਲ ਸਮਝੋਤੇ ਕਰਕੇ ਆਪਣੇ ਜੀਵਨ ਕਾਲ ਵਿਚ ਘਾਤਕ ਟਕਰਾਅ ਨੂੰ ਟਾਲ ਦਿੱਤਾ ਸੀ। ਉਸਦੇ ਜਿੰਦਾ ਰਹਿਣ ਤੱਕ ਅੰਗਰੇਜ਼ ਪੰਜਾਬ ’ਤੇ ਹਮਲਾ ਕਰਨ ਤੋਂ ਤ੍ਰਹਿੰਦੇ ਸਨ।
ਮਹਾਰਜੇ ਦੀ ਮੌਤ ਤੋਂ ਪਿਛੋਂ ਇਹਨਾਂ ਨੇ ਆਪਣੇ ਅਸਿਧੇ ਅਤੇ ਸਿਧੇ ਹਮਲੇ ਤੇਜ ਕੀਤੇ ਅਤੇ ਪੰਜਾਬ ਨੂੰ ਆਪਣੇ ਅਧੀਨ ਕਰਕੇ ਖ਼ਾਲਸਾ ਸਰਕਾਰ ਨੂੰ ਖਤਮ ਕਰਨ ਦਾ ਐਲਾਨ ਕੀਤਾ। 1849 ਵਿਚ ਅੰਗਰੇਜ਼ ਭਾਵੇਂ ਪੰਜਾਬ ’ਤੇ ਕਾਬਜ ਹੋ ਗਏ ਪਰੰਤੂ ਪੰਜਾਬੀਆਂ ਦੀ ਸਰਕਾਰ ਇਹਨਾਂ ਦੇ ਮਨਾਂ ਵਿਚ ਅੱਜ ਵੀ ਜਿੰਦਾ ਹੈ। ਖ਼ਾਲਸਾ ਰਾਜ ਦੇ ਸੁਪਨੇ ਸਾਕਾਰ ਕਰਨ ਦੀ ਮਿੱਥ ਪੰਜਾਬ ਦੀ ਅਜ਼ਾਦੀ ਦੇ ਸੰਘਰਸ਼ਾਂ ਵਿਚੋਂ ਨਵੇਂ ਰੂਪ ਲੈਂਦੀ ਰਹੇਗੀ ਅਤੇ ਇਸ ਲਈ ਮਹਾਰਾਜਾ ਰਣਜੀਤ ਸਿੰਘ ਦਾ ਬਿੰਬ ਜਿੰਦਾ ਰਹੇਗਾ।
* ਪ੍ਰੋਫੈਸਰ, ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ।