ਤਰਨ ਤਾਰਨ (1 ਜੂਨ, 2015): ਭਾਜਪਾ ਅਤੇ ਇਸਦੀਆਂ ਸਹਿਯੋਗੀ ਜੱਥੇਬੰਦੀਆਂ ਨੂੰ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜ਼ਾ ਦਿੰਦੀ ਧਾਰਾ 370 ਹਮੇਸ਼ਾਂ ਕੰਡੇ ਵਾਂਗੂੰ ਰੜਕਦੀ ਰਹਿੰਦੀ ਹੈ ਅਤੇ ਮੌਕੇ ਮਿਲਦੇ ਹੀ ਇਸਤੇ ਬਿਆਨਬਾਜ਼ੀ ਕਰਨ ਤੋਂ ਖੁੰਜਦੇ ਨਹੀ।
ਅੱਜ ਇੱਥੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਪ੍ਰਵੀਨ ਤੋਗੜੀਆ ਨੇ ਅੱਜ ਇਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜੰਮੂ-ਕਸ਼ਮੀਰ ਵਿਚ ਲਗਾਈ ਧਾਰਾ 370 ਨੂੰ ਖ਼ਤਮ ਕਰਨਾ ਚਾਹੀਦਾ ਹੈ, ਕਿਉਂਕਿ ਭਾਰਤ ਦੇ ਸੰਵਿਧਾਨ ਮੁਤਾਬਿਕ ਦੇਸ਼ ਦੇ ਸਾਰੇ ਰਾਜਾਂ ਵਿਚ ਇਕਸਾਰ ਕਾਨੂੰਨ ਲਾਗੂ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਇਕ ਸਾਜਿਸ਼ ਤਹਿਤ ਜੰਮੂ-ਕਸ਼ਮੀਰ, ਆਸਾਮ ਅਤੇ ਬੰਗਾਲ ਵਿਚੋਂ ਹਿੰਦੂ ਵਰਗ ਨਾਲ ਸਬੰਧਿਤ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ।
ਅਯੁੱਧਿਆ ਵਿਚ ਰਾਮ ਮੰਦਿਰ ਦੀ ਉਸਾਰੀ ਹਰ ਹਾਲਤ ‘ਚ ਹੋਵੇਗੀ। ਤੋਗੜੀਆ ਨੇ ਕਿਹਾ ਕਿ ਰਾਮ ਮੰਦਿਰ ਦਾ ਨਿਰਮਾਣ ਹਰ ਹਿੰਦੂ ਦਾ ਮੌਲਿਕ ਅਧਿਕਾਰ ਹੈ, ਜੇਕਰ ਇਹ ਅਧਿਕਾਰ ਪਿਆਰ ਨਾਲ ਦਿੱਤਾ ਗਿਆ ਤਾਂ ਠੀਕ ਹੈ, ਨਹੀਂ ਤਾਂ ਇਹ ਮੰਦਿਰ ਉਸਾਰੀ ਦਾ ਅਧਿਕਾਰ ਆਪਣੇ ਹੱਥ ਲੈ ਲਿਆ ਜਾਵੇਗਾ।
ਇਸ ਮੌਕੇ ਸੂਬਾ ਸਕੱਤਰ ਹਰਿੰਦਰ ਅਗਰਵਾਲ, ਜ਼ਿਲ੍ਹਾ ਪ੍ਰਧਾਨ ਸੁਰਜੀਤ ਅਹੂਜਾ, ਸਾਬਕਾ ਚੇਅਰਮੇਨ ਚੰਦਰ ਅਗਰਵਾਲ, ਅਰੁਣ ਕੁਮਾਰ ਗੋਲਡੀ, ਅਤੁਲ ਗੁਪਤਾ, ਕਮਲ ਗੁਪਤਾ, ਸੁਰਿੰਦਰ ਸਿੰਘ ਸ਼ਿੰਦਾ ਆਦਿ ਹਾਜ਼ਰ ਸਨ।