ਫਰੀਦਕੋਟ: ਫਰੀਦਕੋਟ ਪੁਲਿਸ ਵਲੋਂ ਅੰਮ੍ਰਿਤਸਰ ਸਾਹਿਬ ਤੋਂ ਆ ਰਹੇ ਸਿੱਖ ਨੌਜਵਾਨ ਸੰਦੀਪ ਸਿੰਘ ਤੇ ਅਮਰ ਸਿੰਘ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਸਬੰਧ ਵਿਚ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੇ ਕਿਹਾ ਕਿ ਅੰਮ੍ਰਿਤਧਾਰੀ ਸਮਾਜਿਕ ਕਾਰਕੁੰਨ ਸਿੱਖ ਨੌਜਵਾਨਾਂ ਨੂੰ ਕਾਂਗਰਸ ਹਕੂਮਤ ਵਲੋਂ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰਿਕ ਢੰਗ ਨਾਲ ਕੋਈ ਵੀ ਕੌਮ ਆਪਣੇ ਹੱਕਾਂ ਅਤੇ ਅਜ਼ਾਦੀ ਦੀ ਮੰਗ ਕਰ ਸਕਦੀ ਹੈ। ਇਸ ਦੌਰਾਨ ਸੰਦੀਪ ਸਿੰਘ ਬੰਗੀ ਨਿਹਾਲ ਸਿੰਘ ਦੇ ਘਰ ਜਾ ਕੇ ਦਲ ਖਾਲਸਾ ਦੀ ਟੀਮ ਨੇ ਪਰਿਵਾਰ ਨਾਲ ਗੱਲਬਾਤ ਕੀਤੀ।
ਪਰਿਵਾਰ ਨੇ ਦੱਸਿਆ ਕਿ ਸੰਦੀਪ ਸਿੰਘ ਦਾ ਪਰਿਵਾਰ ਬੜਾ ਗਰੀਬ ਹੈ ਪਰ ਸੰਦੀਪ ਸਿੰਘ ਪੂਰੀ ਚੜ੍ਹਦੀ ਕਲਾ ਵਾਲਾ ਅੰਮ੍ਰਿਤਧਾਰੀ ਸਿੰਘ ਹੈ ਤੇ ਆਈ. ਐੱਸ. ਐੱਫ ਨਾਲ ਜੁੜਿਆ ਹੋਣ ਕਰਕੇ ਸਮਾਜ ਭਲਾਈ ਦੇ ਕੰਮਾਂ ਵਿੱਚ ਜ਼ਿਆਦਾ ਸਮਾਂ ਗੁਜਾਰਦਾ ਹੈ।
ਸੰਦੀਪ ਸਿੰਘ ਦੀ ਵੱਡੀ ਭੈਣ ਜੀ ਨੇ ਦੱਸਿਆ ਕਿ ਜੋ ਫੰਡ ਦੀ ਗੱਲ ਪੁਲਿਸ ਕਰ ਰਹੀ ਹੈ ਕਿ ਵਿਦੇਸ਼ਾਂ ਵਿੱਚੋਂ ਸੰਦੀਪ ਸਿੰਘ ਨੇ ਹਥਿਆਰਾਂ ਲਈ ਮੰਗਵਾਇਆ ਸੀ, ਉਹ ਗੱਲ ਬਿਲਕੁੱਲ ਨਿਰਮੂਲ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹਦੇ ਕੋਲ ਬਾਹਰੋਂ ਪੈਸੇ ਆਏ ਸਨ ਪਰ ਉਹਨੇ ਉਹ ਪੈਸੇ ਪਿੰਡ ਦੇ ਇੱਕ ਡੇਰੇ ਵਿੱਚ ਗਰੀਬ ਲੜਕੀਆਂ ਦੇ ਵਿਆਹ ਲਈ ਅਤੇ ਗਰੀਬ ਬੱਚਿਆਂ ਦੀ ਫੀਸ ਭਰਨ ਦਿੱਤੇ ਸਨ, ਜਿਸ ਦੇ ਕਈ ਸਬੂਤ ਵੀ ਉਹਨਾਂ ਕੋਲ ਹਨ।
ਇਸ ਤੋਂ ਇਲਾਵਾ ਇਸੇ ਹੀ ਪਿੰਡ ਦਾ ਇੱਕ ਹੋਰ ਨੌਜਵਾਨ ਵਕੀਲ ਸਿੰਘ ਵੀ ਫਰੀਦਕੋਟ ਪੁਲਿਸ ਦੀ ਹਿਰਾਸਤ ਵਿੱਚ ਹੈ ਪਰ ਉਸ ਦਾ ਨਾਮ ਪੈ੍ਸ ਵਿੱਚ ਨਸ਼ਰ ਨਹੀਂ ਕੀਤਾ ਗਿਆ।
ਬਾਬਾ ਹਰਦੀਪ ਸਿੰਘ ਨੇ ਕਿਹਾ ਕਿ ਕਾਂਗਰਸ ਹਕੂਮਤ ਸਿੱਖ ਨੌਜਵਾਨਾਂ ‘ਤੇ ਝੂਠੇ ਮੁਕੱਦਮੇ ਦਰਜ ਕਰਕੇ ਉਨ੍ਹਾਂ ‘ਤੇ ਤਸ਼ੱਦਦ ਢਾਹੁਣ, ਜੇਲ੍ਹਾਂ ਵਿਚ ਸੁੱਟਣ ਤੋਂ ਬਾਝ ਆਵੇ। ਇਸ ਤੋਂ ਇਲਾਵਾ ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਨਿਰਦੋਸ਼ ਨੌਜਵਾਨਾਂ ਵਿਰੁੱਧ ਝੂਠੇ ਮੁਕੱਦਮੇ ਦਰਜ ਕਰਕੇ ਤਰੱਕੀਆਂ ਲੈਣੀਆਂ ਤੇ ਬਹੁ ਗਿਣਤੀ ਵਰਗ ਨੂੰ ਖੁਸ਼ ਕਰਨ ਦੀ ਨੀਤੀ ਬੰਦ ਕੀਤੀ ਜਾਵੇ।
ਸਬੰਧਿਤ ਖ਼ਬਰ: ਮੋਟਰਸਾਇਕਲ ਕਾਰ ਦੀ ਟੱਕਰ ਤੋਂ ਬਾਅਦ ਗ੍ਰਿਫਤਾਰ ਕੀਤੇ 2 ਖਿਲਾਫ ਯੂ.ਏ.ਪੀ.ਏ. ਤਹਿਤ ਮਾਮਲਾ ਦਰਜ਼
ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਸਰਕਾਰ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਕੇ ਸਿੱਖਾਂ ਵਿੱਚ ਦਹਿਸ਼ਤ ਪਾਉਣ ਦੀ ਕੋਸ਼ਿਸ ਕਰ ਰਹੀ ਹੈ ਤੇ ਇਹ ਤਿੰਨੋ ਨੌਜਵਾਨਾਂ ਨੂੰ ਵੀ ਇਸੇ ਕੜੀ ਤਹਿਤ ਚੁੱਕਿਆ ਗਿਆ ਹੈ।
ਬਾਬਾ ਹਰਦੀਪ ਸਿੰਘ ਨੇ ਕਿਹਾ ਕਿ ਸਿੱਖ ਨੌਜਵਾਨ ਸੰਦੀਪ ਸਿੰਘ (25) ਪੁੱਤਰ ਨਿਰਮਲ ਸਿੰਘ ਪਿੰਡ ਬੰਗੀ ਨਿਹਾਲ ਸਿੰਘ (ਬਠਿੰਡਾ) ਗਰੀਬ ਪਰਿਵਾਰ ਨਾਲ ਸਬੰਧਿਤ ਹੈ। ਜੋ ਆਪਣੀ ਮਿਹਨਤ ਦੀ ਰੋਜੀ ਰੋਟੀ ਕਮਾ ਕੇ ਗੁਜਾਰਾ ਕਰ ਰਿਹਾ ਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਉਣ ਤੇ ਗਰੀਬ ਲੜਕੀਆਂ ਦੇ ਵਿਆਹ ਕਰਨ ਲਈ ਮਦਦ ਦਾ ਸਮਾਜਿਕ ਕਾਰਜ ਵੀ ਕਰ ਰਿਹਾ ਸੀ।
ਇਸ ਮੌਕੇ ਸੁਰਿੰਦਰ ਸਿੰਘ ਨਥਾਣਾ, ਗੁਰਵਿੰਦਰ ਸਿੰਘ ਬਠਿੰਡਾ, ਪਰਮਜੀਤ ਸਿੰਘ ਜੱਗੀ ਕੋਟਫੱਤਾ ਵੀ ਹਾਜਿਰ ਸਨ।