ਗ੍ਰਿਫ਼ਤਾਰ ਕੀਤਾ ਨੌਜਵਾਨ ਪੁਲੀਸ ਹਿਰਾਸਤ ਵਿੱਚ

ਵਿਦੇਸ਼

ਸਿੱਖਾਂ ਦੀ ਗ੍ਰਿਫਤਾਰੀ; ਅਖੇ “ਅੱਤਵਾਦ ਫੈਲਾਉਣਾ ਚਾਹੁੰਦਾ ਸੀ, ਪਹਿਲਾਂ ਹੀ ਨੱਪ ਲਿਆ”

By ਸਿੱਖ ਸਿਆਸਤ ਬਿਊਰੋ

May 27, 2016

ਜਗਰਾਉਂ: ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਸੀਨੀਅਰ ਪੁਲੀਸ ਕਪਤਾਨ ਉਪਿੰਦਰਜੀਤ ਸਿੰਘ ਘੁੰਮਣ ਨੇ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਬੀਤੇ ਦਿਨ ਗ੍ਰਿਫ਼ਤਾਰ ਕੀਤੇ ਗਏ ਥਾਣਾ ਦਾਖਾ ਦੇ ਪਿੰਡ ਚੱਕ ਕਲਾਂ ਵਾਸੀ ਮਨਦੀਪ ਸਿੰਘ, ਜੋ ਕੈਨੇਡਾ ਤੋਂ ਆਇਆ ਹੈ, ਦੇ ਖਾੜਕੂ ਜਥੇਬੰਦੀ ਬੱਬਰ ਖ਼ਾਲਸਾ ਨਾਲ ਸਬੰਧ ਹਨ। ਇਹ ਨੌਜਵਾਨ 2012 ਤੋਂ ਕੈਨੇਡਾ ਰਹਿ ਰਿਹਾ ਹੈ ਅਤੇ ਹਰ ਵਰ੍ਹੇ ਇਨ੍ਹਾਂ ਦਿਨਾਂ ਵਿੱਚ ਵਾਪਸ ਆਉਂਦਾ ਹੈ।

ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਨੌਜਵਾਨ ਫੇਸਬੁੱਕ ਦੇ ਜ਼ਰੀਏ ਖਾੜਕੂ ਜਥੇਬੰਦੀ ਦੇ ਸੰਪਰਕ ਵਿੱਚ ਆਇਆ। ਪਿਛਲੇ 20 ਵਰ੍ਹਿਆਂ ਤੋਂ ਕੈਨੇਡਾ ਰਹਿੰਦੇ ਹਰਦੀਪ ਸਿੰਘ ਨਿੱਝਰ ਰਾਹੀਂ ਇਸ ਦੇ ਸੰਪਰਕ ਪਾਕਿਸਤਾਨ ’ਚ ਰਹਿੰਦੇ ਖਾੜਕੂਆਂ ਨਾਲ ਹੋਏ। ਜ਼ਿਲ੍ਹਾ ਜਲੰਧਰ ਦੇ ਪਿੰਡ ਭਾਰ ਸਿੰਘ ਪੁਰਾ ਨਾਲ ਸਬੰਧਤ ਹਰਦੀਪ ਨਿੱਝਰ ਨੇ ਇਸ ਨੌਜਵਾਨ ਨੂੰ ਖਾੜਕੂ ਸੰਘਰਸ਼ ਨੂੰ ਸੁਰਜੀਤ ਕਰਨ ਅਤੇ ਉਨ੍ਹਾਂ ਨੂੰ ਫੰਡ ਮੁਹੱਈਆ ਕਰਵਾਉਣ ਲਈ ਪ੍ਰੇਰਿਤ ਕੀਤਾ।

ਦਾਖਾ ਡੀ.ਐਸ.ਪੀ. ਅਜੈਰਾਜ ਸਿੰਘ ਨਾਹਲ ਦੀ ਪੁਲੀਸ ਪਾਰਟੀ ਨੇ ਗ੍ਰਿਫਤਾਰ ਕੀਤਾ। ਥਾਣਾ ਦਾਖਾ ਵਿੱਚ ਮਨਦੀਪ ਸਿੰਘ ਅਤੇ ਉਸ ਦੇ ਕੈਨੇਡਾ ਰਹਿੰਦੇ ਸਾਥੀ ਹਰਦੀਪ ਸਿੰਘ ਖਿਲਾਫ 124ਏ, 153ਏ, 120ਬੀ. ਅਤੇ ਅਸਲਾ 1 ਦੀ ਧਾਰਾ 25, 54, 59 ਅਧੀਨ ਮਾਮਲਾ ਦਰਜ ਕੀਤਾ ਹੈ। ਗ੍ਰਿਫਤਾਰੀ ਸਮੇਂ ਉਕਤ ਨੌਜਵਾਨ ਤੋਂ ਕੋਈ ਵੀ ਹਥਿਆਰ ਨਹੀਂ ਮਿਲਿਆ। ਪੁਲੀਸ ਇਸ ਨੌਜਵਾਨ ਦੇ ਕੈਨੇਡਾ ਅਤੇ ਪੰਜਾਬ ’ਚ ਰਹਿਣ ਸਮੇਂ ਦਾ ਪੂਰਾ ਰਿਕਾਰਡ ਛਾਣ ਰਹੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਵਿਚ ਰੋਜ਼ ਏ.ਟੀ.ਐਮ. ਲੁੱਟਣ, ਗੈਂਗਵਾਰ ਦੀਆਂ ਘਟਨਾਵਾਂ ਹੋ ਰਹੀਆਂ ਹਨ, ਪੁਲਿਸ ਨੂੰ ਉਨ੍ਹਾਂ ਦਾ ਪਤਾ ਘਟਨਾ ਤੋਂ ਪਹਿਲਾਂ ਨਹੀਂ ਚਲਦਾ ਪਰ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਵੇਲੇ ਇਨ੍ਹਾਂ ਨੂੰ ਪਹਿਲਾਂ ਹੀ “ਇਲਹਾਮ” ਹੋ ਜਾਂਦਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: