November 6, 2010 | By ਪਰਦੀਪ ਸਿੰਘ
ਤਲਵੰਡੀ ਸਾਬੋ 6 ਨਵੰਬਰ (ਪੰਜਾਬ ਨਿਊਜ਼ ਨੈੱਟ.) : ਸੌਦਾ ਸਾਧ ਦੇ ਡੇਰੇ ਬੰਦ ਕਰਵਾਉਣ ਲਈ ਸੰਘਰਸ਼ ਕਰ ਰਹੀਆਂ ਪੰਥਕ ਜਥੇਬੰਦੀਆਂ ਨੇ ਅੱਜ ਇੱਥੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿੱਚ ਸ਼੍ਰੋਮਣੀ ਕਮੇਟੀ ਚੋਣਾਂ ਤੱਕ ਡੇਰਾਵਾਦ ਵਿਰੋਧੀ ਸੰਘਰਸ਼ ਦੀ ਰੂਪ-ਰੇਖਾ ਬਦਲਣ ਦਾ ਐਲਾਨ ਕੀਤਾ ਹੈ। ਪੰਥਕ ਆਗੂਆਂ ਨੇ ਦੱਸਿਆ ਕਿ ਤਖ਼ਤ ਦਮਦਮਾ ਸਾਹਿਬ ਤੋਂ ਸਲਾਬਤਪੁਰਾ ਵੱਲ ਜਥੇ ਭੇਜਣ ਦਾ ਅਮਲ ਕੁਝ ਸਮੇਂ ਲਈ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਮੁੱਖ ਰੱਖਦਿਆਂ ਸਿੱਖ ਸੰਗਤ ਦੀ ਕਚਿਹਰੀ ਵਿੱਚ ਲਿਜਾਇਆ ਜਾ ਰਿਹਾ ਹੈ ਤਾਂ ਜੋ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਤੋਂ ਡੇਰਾਵਾਦ ਨੂੰ ਮੁਹੱਈਆ ਹੋ ਰਹੀ ਮਦਦ ਬੰਦ ਕਰਕੇ ਪੰਜਾਬ ਦੀ ਧਰਤੀ ਤੋਂ ਅਪਰਾਧ ਦੇ ਇਨ੍ਹਾਂ ਅੱਡਿਆਂ ਦਾ ਜੜ੍ਹ ਤੋਂ ਸਫ਼ਾਇਆ ਕਰ ਸਕੀਏ। ਉਕਤ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਪੰਥ ਦੋਖੀਆਂ ਨੂੰ ਭਾਂਜ ਦੇਣਾ ਵੀ ਸੌਦਾ ਸਾਧ ਵਿਰੋਧੀ ਸੰਘਰਸ਼ ਦਾ ਹੀ ਇੱਕ ਹਿੱਸਾ ਹੈ ਕਿਉਂਕਿ ਇਸ ਸੰਸਥਾ ’ਤੇ ਕਬਜ਼ ਲੋਕ ਇਨ੍ਹਾਂ ਡੇਰਿਆਂ ਦਾ ਹੀ ਪੁਸ਼ਤ ਪਨਾਹੀ ਕਰ ਰਹੇ ਹਨ। ਸੌਦਾ ਸਾਧ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਵਾਗ ਰਚਾ ਕੇ ਸਿੱਖ ਕੌਮ ਨੂੰ ਪਾਈ ਗਈ ਵੰਗਾਰ ਤੋਂ ਬਾਅਦ ਅਕਾਲ ਤਖ਼ਤ ਵਲੋਂ ਉਸਦੇ ਡੇਰੇ ਬੰਦ ਕਰਵਾਉਣ ਵਾਲੇ ਹੁਕਮਨਾਮੇ ਮੁਤਾਬਕ ਪੰਥਕ ਜਥੇਬੰਦੀਆਂ ਅਕਾਲੀ ਦਲ ਪੰਚ ਪ੍ਰਧਾਨੀ, ਸੰਤ ਸਮਾਜ ਦੇ ਆਗੂ ਤੇ ਉਘੇ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ, ਏਕਨੂਰ ਖਾਲਸਾ ਫ਼ੌਜ ਅਤੇ ਇੰਟਰਨੈਸਨਲ ਮਾਲਵਾ ਤਰਨਾ ਦਲ ਦੀ ਅਗਵਾਈ ਹੇਠ ਸੰਘਰਸ ਸ਼ੁਰੂ ਕੀਤਾ ਸੀ। ਜਿਸ ਤਹਿਤ 22 ਮਾਰਚ 2009 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸੌਦਾ ਸਾਧ ਦੇ ਪੰਜਾਬ ਵਿਚਲੇ ਪ੍ਰਮੁੱਖ ਅੱਡੇ ਸਲਾਬਤਪੁਰਾ ਵੱਲ ਪੰਜ ਪਿਆਰਿਆਂ ਭਾਈ ਚੜ੍ਹਤ ਸਿੰਘ, ਭਾਈ ਹਰਨੇਕ ਸਿੰਘ ਗਿਆਨਾ, ਭਾਈ ਮਨਜੀਤ ਸਿੰਘ ਮਾਹੂਆਣਾ, ਭਾਈ ਜਸਵੀਰ ਸਿੰਘ ਔਡਾ ਅਤੇ ਭਾਈ ਸਵਰਨ ਸਿੰਘ ਦਾਦੂ ਦੀ ਅਗਵਾਈ ਹੇਠ ਸ਼ਹੀਦੀ ਜਥੇ ਭੇਜਣੇ ਸ਼ੁਰੂ ਕੀਤੇ ਸਨ। ਹੁਣ ਤੱਕ 85 ਜਥੇ ਸਲਾਬਤਪੁਰਾ ਵੱਲ ਨੂੰ ਰਵਾਨਾ ਹੋ ਚੁੱਕੇ ਹਨ। ਉਨਾਂ ਕਿਹਾ ਕਿ ਸਿੱਖਾ ਦੀ ਸਿਰਮੌਰ ਕਹੀ ਜਾਣ ਵਾਲੀ ਸੰਸਥਾ ਸ਼੍ਰੋਮਣੀ ਕਮੇਟੀ ਅਤੇ ਸਿੱਖ ਤਖ਼ਤਾ ਦੇ ਜਥੇਦਾਰ ਪੰਥਕ ਦੋਖੀਆਂ ਵਿਰੁੱਧ ਕੋਈ ਕਾਰਾਗਰ ਕਦਮ ਨਹੀਂ ਚੁੱਕ ਸਕੇ ਸਗੋਂ ਬਾਦਲ-ਭਾਜਪਾ ਦੇ ਇਸ਼ਾਰੇ ’ਤੇ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਸਿੱਧੇ-ਅਸਿੱਧੇ ਤੌਰ ’ਤੇ ਸੌਦਾ ਸਾਧ ਤੇ ਹੋਰਨਾਂ ਪੰਥ ਦੋਖੀ ਡੇਰੇਦਾਰਾਂ ਦੇ ਹੱਕ ਵਿੱਚ ਹੀ ਭੁਗਤਦੀ ਰਹੀ ਹੈ। ਜਿਹੜੀਆਂ ਪੰਥਕ ਜਥੇਬੰਦੀਆਂ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਮੁਤਾਬਕ ਇਸ ਸੰਘਰਸ਼ ਵਿਚ ਕੁੱਦੀਆਂ ਉਨ੍ਹਾਂ ਨੂੰ ਵੀ ਸ਼੍ਰੋਮਣੀ ਕਮੇਟੀ ਅਤੇ ਬਾਦਲ ਸਰਕਾਰ ਦੇ ਕੁਰੱਖਤ ਰਵਈਏ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਲੋਕਾਂ ਦੀ ਬਦੌਲਤ ਹੀ ਪੰਜਾਬ ਦੀ ਧਰਤੀ ’ਤੇ ਪਾਖੰਡਵਾਦ ਪ੍ਰਚੰਡ ਰੂਪ ਵਿਚ ਸਥਾਪਿਤ ਹੋ ਚੁੱਕਿਆ ਹੈ। ਉਕਤ ਆਗੂਆਂ ਨੇ ਕਿਹਾ ਕਿ ਇਸ ਅਮਲ ਨੂੰ ਵੇਖਦਿਆਂ ਹੀ ਅਸੀਂ ਫ਼ੈਸਲਾ ਕੀਤਾ ਹੈ ਪੰਜਾਬ ਦੀ ਧਰਤੀ ਤੋਂ ਡੇਰਾਵਾਦ ਦੇ ਖ਼ਾਤਮੇ ਲਈ ਇਨ੍ਹਾਂ ਦੀ ਢਾਲ ਬਣ ਚੁੱਕੀ ਸ਼੍ਰੋਮਣੀ ਕਮੇਟੀ ਚੋਣਾਂ ਵੱਲ ਧਿਆਨ ਕੇਂਦਰਤ ਕੀਤਾ ਜਾਵੇ ਤਾਂ ਜੋ ਡੇਰਾਵਾਦ ਦੇ ਨਾਲ-ਨਾਲ ਪੰਥ ਦੁਸ਼ਮਣਾਂ ਦੇ ਇਸ਼ਾਰੇ ’ਤੇ ਪੰਥ ਦੇ ਜੋ ਮਸਲੇ ਪਿਛਲ਼ੇ ਲੰਮੇ ਸਮੇਂ ਤੋਂ ਜਾਨ-ਬੁੱਝ ਕੇ ਲਟਕਾਏ ਜਾ ਰਹੇ ਹਨ ਉਹ ਵੀ ਅਸਾਨੀ ਨਾਲ ਸੁਲਝਾ ਕੇ ਪੰਥਕ ਇਕਸੁਰਤਾ ਤੇ ਮਾਣ ਮਰਿਯਾਦਾ ਦਾ ਮੁੱਢ ਬੰਨ੍ਹਿਆ ਜਾ ਸਕੇ। ਉਕਤ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਦੀ ਸਮਾਪਤੀ ਉਪਰੰਤ ਤਖ਼ਤ ਸੀ ਦਮਦਮਾ ਸਾਹਿਬ ਵਿੱਖੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਕੱਠ ਸੱਦ ਕੇ ਹਰ ਪੱਖ ਤੋਂ ਸੋਚ ਵਿਚਾਰ ਕਰਨ ਉਪਰੰਤ ਇਸ ਸੰਘਰਸ਼ ਨੂੰ ਹੋਰ ਵੀ ਮਜ਼ਬੂਤੀ ਨਾਲ ਸਿੱਧੇ ਤੌਰ ’ਤੇ ਸ਼ੁਰੂ ਕੀਤਾ ਜਾਵੇਗਾ। ਇਸ ਕਾਨਫਰੰਸ ਵਿਚ ਆਗੂਆਂ ਨੇ ਇਸ ਪੰਥਕ ਸੰਘਰਸ਼ ਵਿਚ ਯੋਗਦਾਨ ਪਾਉਣ ਵਾਲੀਆਂ ਸਮੁੱਚੀਆਂ ਜਥੇਬੰਦੀਆਂ ਤੇ ਸਿੱਖਾਂ ਦਾ ਧੰਨਵਾਦ ਕੀਤਾ।