ਲੁਧਿਆਣਾ (29 ਜੂਨ, 2011): ਅਕਾਲੀ ਦਲ ਪੰਚ ਪਰਧਾਨੀ ਦੇ ਟਰਾਂਟੋ (ਕੈਨੇਡਾ) ਇਕਾਈ ਦੇ ਆਗੂ ਭਾਈ ਲਖਵਿੰਦਰ ਸਿੰਘ ਦੇ ਪਿਤਾ ਜੀ ਬਾਪੂ ਆਤਮਾ ਸਿੰਘ ਭਰੋਵਾਲ ਜੀ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਸਿੱਖ ਚਿੰਤਕ ਸ. ਅਜਮੇਰ ਸਿੰਘ ਨੇ ਕਿਹਾ ਕਿ ਕੁਦਰਤੀ ਮੌਤਾਂ ਨੂੰ ਅਸੀਂ ਭਾਣਾ ਮੰਨ ਸਕਦੇ ਹਾਂ ਪਰ ਹਾਕਮਾਂ ਵਲੋਂ ਪੈਦਾ ਕੀਤੇ ਹਲਾਤਾਂ ਨੂੰ ਭਾਣਾ ਨਹੀਂ ਕਿਹਾ ਜਾ ਸਕਦਾ ਤੇ ਮੈਂ ਸਮਝਦਾ ਹਾਂ ਕਿ ਸ. ਆਤਮਾ ਸਿੰਘ ਜੀ ਮੌਤ ਵਿਚ ਕਤਲ ਦਾ ਅੰਸ਼ ਜਰੂਰ ਹੈ ਜਿਸ ਵਾਸਤੇ ਹਾਕਮਾਂ ਵਲੋਂ ਪੈਦਾ ਕੀਤੇ ਹਲਾਤ ਜਿੰਮੇਵਾਰ ਹਨ ਅਤੇ ਅੱਜ ਪੰਜਾਬ ਵਿਚ ਹੋ ਰਹੀਆਂ ਬਹੁਤੀਆਂ ਮੌਤਾਂ ਜਿਹੜੀਆਂ ਕਿ ਉਪਰੋਂ ਦੇਖਣ ਨੂੰ ਕੁਦਰਤੀ ਦਿਸਦੀਆਂ ਹਨ ਪਰ ਅਸਲ ਵਿਚ ਉਹਨਾਂ ਵਿਚ ਪਿਛਲੇ 30 ਸਾਲਾਂ ਦਾ ਸੰਤਾਪ ਸ਼ਾਮਲ ਹੈ ਜਿਸ ਵਿਚ ਸਾਡੇ ਨੌਜਾਵਨਾਂ ਨੂੰ ਸ਼ਹੀਦ ਕੀਤਾ ਗਿਆ ਜਾਂ ਜੇਲ੍ਹਾਂ ਵਿਚ ਡੱਕ ਦਿੱਤਾ ਗਿਆ ਜਾਂ ਭਾਈ ਲਖਵਿੰਦਰ ਸਿੰਘ ਵਾਂਗ ਜਲੀਲ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਨੂੰ ਹਾਕਮਾਂ ਵਲੋਂ ਸਿਰਜੇ ਅਜਿਹੇ ਹਲਾਤਾਂ ਨੂੰ ਬਦਲਣ ਲਈ ਯਤਨ ਕਰਨੇ ਚਾਹੀਦੇ ਹਨ।ਉਹਨਾਂ ਲਖਵਿੰਦਰ ਸਿੰਘ ਬਾਰੇ ਕਿਹਾ ਕਿ ਉਹ ਗੁਲਾਮੀ ਨੂੰ ਮਹਿਸੂਸ ਕਰਨ ਵਾਲਾ ਸਿੱਖ ਹੈ ਅਤੇ ਇਸ ‘ਦੋਸ਼’ ਕਾਰਨ ਹੀ ਉਸਨੂੰ ਆਪਣੇ ਪਿਤਾ ਜੀ ਦੀਆਂ ਅੰਤਮ ਰਸਮਾਂ ਵਿਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ।ਅਤੇ ਵਿਦੇਸ਼ਾਂ ਵਿਚ ਵਸਦੇ ਬਹੁਤਿਆਂ ਸਿੱਖਾਂ ਦੇ ਦਿਲਾਂ ਵਿਚ ਇਹ ਪੀੜ ਹੈ ਕਿ ਉਹ ਆਪਣੀ ਜੰਮਣ-ਭੋਇਂ ਵਾਪਸ ਜਾਣ ਪਰ ਉਹ ਹਾਕਮਾਂ ਦੇ ਸਿਰਜੇ ਹਲਾਤਾਂ ਕਾਰਨ ਇੱਥੇ ਨਹੀਂ ਆ ਸਕਦੇ।
ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਬਾਪੂ ਆਤਮਾ ਸਿੰਘ ਜੀ ਦੀ ਅੰਤਿਮ ਅਰਦਾਸ ਅੱਜ ਪਿੰਡ ਭਰੋਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਸ੍ਰੀ ਗੁਰੁ ਗੰ੍ਰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਉਪਰੰਤ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੇ ਵੈਰਾਗਮਈ ਕੀਰਤਨ ਦੁਆਰਾ ਜਿੱਥੇ ਸੰਗਤਾਂ ਨੂੰ ਨਿਹਾਲ ਕੀਤਾ ਉੱਥੇ ਸੰਗਤਾਂ ਨੂੰ ਨਾਮ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕਰਨ ਦੀ ਵੀ ਪਰੇਰਨਾ ਦਿੱਤੀ।
ਇਸ ਮੌਕੇ ਸ਼ਰਧਾ ਭੇਟ ਕਰਦਿਆਂ ਅਕਾਲੀ ਦਲ ਪੰਚ ਪਰਧਾਨੀ ਦੇ ਆਗੂ ਭਾਈ ਮਨਧੀਰ ਸਿੰਘ ਨੇ ਦੱਸਿਆ ਕਿ ਬਾਪੂ ਜੀ ਹੁਰਾਂ ਦਾ ਪਰਿਵਾਰ 1947 ਦੀ ਵੰਡ ਸਮੇਂ ਬਹਾਵਲਪੁਰ (ਪਾਕਿਸਤਾਨ) ਤੋਂ ਆਪਣੀ ਸੈਂਕੜੇ ਏਕੜ ਜ਼ਰਖੇਜ਼ ਜ਼ਮੀਨ ਛੱਡ ਕੇ ਭਾਰਤ ਦੇ ਇਸ ਇਲਾਕੇ ਦੀ ਬੰਜਰ ਜ਼ਮੀਨ ਤੇ ਆਇਆ ਸੀ ਕਿ ਅਸੀਂ ਅਜ਼ਾਦ ਫਿਜ਼ਾ ਵਿਚ ਸਾਹ ਲੈ ਸਕਾਂਗੇ ਪਰ ਤਰਾਸਦੀ ਹੈ ਕਿ ਜਿਸ ਮੁਲਕ ਲਈ ਬਰਬਾਦ ਹੋਣ ਦੀ ਹੱਦ ਤੱਕ ਗਏ ਉਸ ਮੁਲਕ ਨੇ ਉਸ ਬਜ਼ੁਰਗ ਦੀ ਅਰਥੀ ਨੂੰ ਉਸ ਦੇ ਪੁੱਤਰ ਵਲੋਂ ਮੋਢਾ ਦੇਣ ਤੋਂ ਰੋਕਣ ਲਈ ਅਣਐਲਾਨੀ ਰੋਕ ਲਗਾ ਦਿੱਤੀ।ਉਹਨਾਂ ਦੱਸਿਆ ਕਿ ਭਾਈ ਲਖਵਿੰਦਰ ਸਿੰਘ ਉੱਤੇ ਭਾਰਤ ਜਾਂ ਹੋਰ ਕਿਤੇ ਕੋਈ ਕੇਸ ਨਹੀਂ ਅਤੇ ਨਾ ਹੀ ਉਸਦਾ ਨਾਮ ਕਿਸੇ ਕਾਲੀ ਸੂਚੀ ਵਿਚ ਸੀ ਪਰ ਉਸਦਾ ਦੋਸ਼ ਇਹ ਹੈ ਕਿ ਉਹ ਰਾਜ ਕਰੇਗਾ ਖ਼ਾਲਸਾ ਦੇ ਸਿਧਾਂਤ ਉੱਤੇ ਖੜਾ ਹੈ ਅਤੇ ਆਪਣੀ ਜਥੇਬੰਦਕ ਯੋਗਤਾ ਨਾਲ ਵਿਦੇਸ਼ਾਂ ਵਿਚ ਬੈਠੇ ਸਿੱਖਾਂ ਨੂੰ ਵਿਚਾਰ ਪੱਧਰ ਉੱਤੇ ਇਸ ਸੰਕਲਪ ਨਾਲ ਜੋੜਦਾ ਹੈ।ਉਹਨਾਂ ਕਿਹਾ ਕਿ ਕਾਨੂੰਨ ਇਕ ਕੈਦੀ ਨੂੰ ਵੀ ਆਪਣੇ ਪਿਤਾ ਦੀਆਂ ਅੰਤਮ ਰਸਮਾਂ ਵਿਚ ਸ਼ਾਮਲ ਹੋਣ ਦਾ ਹੱਕ ਦਿੰਦਾ ਹੈ ਪਰ ਭਾਈ ਲਖਵਿੰਦਰ ਸਿੰਘ ਨੂੰ ਉਹ ਹੱਕ ਵੀ ਨਹੀਂ ਦਿੱਤਾ ਗਿਆ।
ਇਸ ਮੌਕੇ ਬੋਲਦਿਆਂ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪਰਧਾਨ ਭਾਈ ਕਰਨੈਲ਼ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਅੱਜ ਕਾਲੀਆਂ ਸੂਚੀਆਂ ਨੂੰ ਖਤਮ ਕਰਨ ਦਾ ਦਾਅਵਾ ਕਰਨ ਵਾਲਿਆਂ ਤੇ ਇਸ ਬਦਲੇ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੂੰ ਸਨਮਾਨਤ ਕਰਨ ਵਾਲ਼ਿਆਂ ਸਾਹਮਣੇ ਭਾਈ ਲਖਵਿੰਦਰ ਸਿੰਘ ਪਰਤੱਖ ਮਿਸਾਲ ਹੈ ਕਿ ਉਸਨੂੰ ਆਪਣੇ ਪਿਤਾ ਦੀਆਂ ਅੰਤਮ ਰਸਮਾਂ ਵਿਚ ਵੀ ਸ਼ਾਮਲ ਨਹੀਂ ਹੋਣ ਦਿੱਤਾ ਗਿਆ ਅਤੇ ਇਕ ਪਾਸੇ ਚਿਦਾਂਬਰਮ ਸਿੱਖਾਂ ਨੂੰ 84 ਨੂੰ ਭੁਲਾਉਣ ਦੀਆਂ ਨਾ-ਮੰਨਣਯੋਗ ਅਪੀਲਾਂ ਕਰ ਰਹੇ ਹਨ ਅਤੇ ਨਾਲ ਹੀ ਦੂਜੇ ਪਾਸੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ, ਭਾਈ ਦਲਜੀਤ ਸਿੰਘ ਬਿੱਟੂ ਨੂੰ ਜੇਲ੍ਹ ਤੇ ਭਾਈ ਲਖਵਿੰਦਰ ਸਿੰਘ ਵਰਗਿਆਂ ਸਿੱਖਾਂ ਉੱਤੇ ਅਣਐਲਾਨੀਆਂ ਰੋਕਾਂ ਲਗਾ ਰਹੀ ਹੈ।
ਇਸ ਮੌਕੇ ਸਟੇਜ ਦੀ ਸੇਵਾ ਨਿਭਾਉਂਦਿਆਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਬਾਪੂ ਆਤਮਾ ਸਿੰਘ ਜੀ ਅੰਤਿਮ ਅਰਦਾਸ ਮੌਕੇ ਭਾਈ ਦਲਜੀਤ ਸਿੰਘ ਬਿੱਟੂ ਵਲੋਂ, ਸਿੱਖ ਫੈਡਰੇਸ਼ਨ ਜਰਮਨੀ ਦੇ ਭਾਈ ਗੁਰਮੀਤ ਸਿੰਘ ਖਨਿਆਣ ਵਲੋਂ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਗਾਜ਼ੀ ਵਲੋਂ ਯੂ.ਕੇ ਤੋਂ ਸ਼ੋਕ ਸੰਦੇਸ਼ ਭੇਜੇ ਹਨ। ਉਹਨਾਂ ਦੱਸਿਆ ਕਿ ਭਾਈ ਲਖਵਿੰਦਰ ਸਿੰਘ ਵਲੋਂ ਟਰਾਂਟੋ ਵਿਖੇ 3 ਜੁਲਾਈ ਨੂੰ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਜਾਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਪੂ ਆਤਮਾ ਸਿੰਘ ਜੀ ਦੀ ਧਰਮ ਸੁਪਤਨੀ ਮਾਤਾ ਸੁਰਜੀਤ ਕੌਰ, ਭਰਾਤਾ ਅਤਰ ਸਿੰਘ ਤੇ ਸੁਖਵਿੰਦਰ ਸਿੰਘ, ਭਾਈ ਨਿਰਮਲ ਸਿੰਘ ਨਿੰਮਾ (ਸਾਥੀ ਸ਼ਹੀਦ ਹਰਜਿੰਦਰ ਸਿੰਘ ਜਿੰਦਾ), ਭਾਈ ਰਾਜਵਿੰਦਰ ਸਿੰਘ ਭੰਗਾਲੀ, ਭਾਈ ਦਲਜੀਤ ਸਿੰਘ ਬਿੱਟੂ ਦੀ ਧਰਮ ਸੁਪਤਨੀ ਬੀਬੀ ਅੰਮ੍ਰਿਤ ਕੌਰ, ਸਵ: ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਧਰਮ ਸੁਪਤਨੀ ਬੀਬੀ ਸਰਤਾਜ ਕੌਰ, ਬੀਬੀ ਪਰਮਿੰਦਰਪਾਲ ਕੌਰ ਤੋਂ ਇਲਾਵਾ ਰਿਸ਼ਤੇਦਾਰ, ਦੋਸਤ ਤੇ ਇਲਾਕੇ ਦੀਆਂ ਮੋਹਤਬਾਰ ਸਖਸ਼ੀਅਤਾਂ ਮੌਜੂਦ ਸਨ।