ਫਤਿਹਗੜ੍ਹ ਸਾਹਿਬ (15 ਸਿਤੰਬਰ, 2013): ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਦੇ ਪਿੰਡ ਡਡਹੇੜੀ ਵਿਚ ਅਕਾਲੀ ਦਲ ਪੰਚ ਪਰਧਾਨੀ ਵਲੋਂ ਮਹਾਰਾਜਾ ਰਣਜੀਤ ਸਿੰਘ ਕਲੱਬ ਦੇ ਸਹਿਯੋਗ ਨਾਲ ਨਸ਼ੇ ਵਿਰੋਧੀ ਸੈਮੀਨਾਰ ਪਿੰਡ ਦੇ ਗੁਰੂ ਘਰ ਵਿਚ ਕਰਵਾਇਆ ਗਿਆ।
ਸੈਮੀਨਾਰ ਵਿਚ ਬੋਲਦਿਆਂ ਸਾਬਕਾ ਡੀ.ਜੀ ਪੀ. (ਜੇਲ੍ਹਾਂ) ਸ੍ਰੀ ਸਸ਼ੀ ਕਾਂਤ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ ਅਤੇ ਇਸ ਵਿਚ ਸੱਤਾ ਦਾ ਸੁੱਖ ਮਾਣ ਰਹੀਆਂ ਪਾਰਟੀਆਂ ਸਮੇਤ ਉੱਚ ਪੁਲਿਸ ਅਧਿਕਾਰੀ ਵੀ ਜਿੰਮੇਵਾਰ ਹਨ ਅਤੇ ਇਸ ਦਰਿਆ ਨੁੰ ਠੱਲਣ ਲਈ ਲੋਕਾਂ ਨੂੰ ਆਪ ਇਕਮੁੱਠ ਹੋਣਾ ਪਵੇਗਾ ਅਤੇ ਇਹ ਕਾਰਜ ਗੁਰੂ-ਘਰਾਂ ਤੋਂ ਹੀ ਆਰੰਭ ਹੋਣੇ ਚਾਹੀਦੇ ਹਨ ਅਤੇ ਅੱਜ ਅਸੀਂ ਗੁਰੂ-ਘਰ ਵਿਚ ਬੈਠ ਕੇ ਆਪਣੇ ਸੋਹਣੇ ਪੰਜਾਬ ਨੂੰ ਬਚਾਉਂਣ ਲਈ ਵਿਚਾਰਾਂ ਕਰ ਰਹੇ ਹਾਂ ਅਤੇ ਸਾਨੂੰ ਅੱਜ ਤੋਂ ਹੀ ਇਸ ਮੁਹਿੰਮ ਵਿਚ ਸ਼ਾਮਲ ਹੋ ਕੇ ਆਉਂਣ ਵਾਲੀਆਂ ਪੀੜੀਆਂ ਸਾਹਮਣੇ ਆਪਣੇ ਆਪ ਨੂੰ ਸ਼ਰਮਸ਼ਾਰ ਹੋਣ ਤੋਂ ਬਚਾ ਲੈਣਾ ਚਾਹੀਦਾ ਹੈ।
ਇਸ ਮੌਕੇ ਬੋਲਦਿਆਂ ਅਕਾਲੀ ਦਲ ਪੰਚ ਪਰਧਾਨੀ ਦੇ ਕਾਰਜਕਾਰੀ ਮੁਖੀ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੀ ਦਲਦਲ ਸਰਕਾਰੀ ਸਾਜ਼ਿਸ਼ ਦਾ ਹੀ ਇੱਕ ਹਿੱਸਾ ਹੈ ਜਿਸ ਤਹਿਤ ਨੌਜਵਾਨਾਂ ਦੀ ਅਣਖ ਖਤਮ ਕਰਕੇ ਉਹਨਾਂ ਨੂੰ ਸਰੀਰਕ ਤੇ ਮਾਨਸਕ ਰੂਪ ਵਿਚ ਨਕਾਰਾ ਕੀਤਾ ਜਾ ਰਿਹਾ ਹੈ। ਉਹਨਾਂ ਸਾਬਕਾ ਡੀ.ਜੀ.ਪੀ (ਜੇਲਾਂ) ਸ੍ਰੀ ਸਸ਼ੀ ਕਾਂਤ ਵਲੋਂ ਪੰਜਾਬ ਵਿਚ ਨਸ਼ਿਆਂ ਲਈ ਜਿੰਮੇਵਾਰ ਸਿਆਸੀ ਤੇ ਪੁਲਿਸ ਅਫਸਰਾਂ ਦਾ ਭਾਂਡਾ ਚੌਰਾਹੇ ਵਿਚ ਭੰਨਣ ਨੂੰ ਦਲੇਰਾਨਾ ਕਦਮ ਦੱਸਦਿਆਂ ਕਿਹਾ ਕਿ ਸ੍ਰੀ ਸਸ਼ੀ ਕਾਂਤ ਵਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਲਹਿਰ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਇਸ ਮੁਹਿੰਮ ਨੂੰ ਹੋਰ ਤੇਜ ਕੀਤਾ ਜਾਵੇਗਾ ਅਤੇ ਇਸ ਲਹਿਰ ਨੂੰ ਪਿੰਡ-ਪਿੰਡ, ਸ਼ਹਿਰ-ਸ਼ਹਿਰ, ਗਲੀ-ਮਹੱਲਿਆਂ ਤੱਕ ਲਿਜਾਇਆ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ, ਅਮਰਜੀਤ ਸਿੰਘ ਬਡਗੁੱਜਰਾਂ, ਦਰਸ਼ਨ ਸਿੰਘ ਬੈਣੀ, ਹਰਪਾਲ ਸਿੰਘ ਸ਼ਹੀਦਗੜ, ਭਗਵੰਤ ਸਿੰਘ ਮਹੱਦੀਆਂ, ਸੰਤੋਖ ਸਿੰਘ ਸਲਾਣਾ ਅਤੇ ਪਿੰਡ ਦੀਆਂ ਸੰਗਤਾਂ ਹਾਜ਼ਰ ਸਨ।