ਕੰਵਰਪਾਲ ਸਿੰਘ

ਸਿੱਖ ਖਬਰਾਂ

ਨਾਨਕਸ਼ਾਹੀ ਕੈਲੰਡਰ ਮੁੱਦੇ ਦੇ ਹੱਲ ਲਈ ਐਲਾਨੀ ਕਮੇਟੀ ਇੱਕ ਤਰਫਾ ਕਾਰਵਾਈ: ਦਲ ਖਾਲਸਾ

By ਸਿੱਖ ਸਿਆਸਤ ਬਿਊਰੋ

March 10, 2015

ਅੰਮ੍ਰਿਤਸਰ (9 ਮਾਰਚ, 2015): ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜਾਂ ਤਖਤਾਂ ਦੇ ਜੱਥੇਦਾਰਾਂ ਦੀ ਹੋਈ ਮੀਟਿੰਗ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ‘ਤੇ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ।ਜੱਥੇਦਾਰਾਂ ਵੱਲੋਂ ਐਲਾਨੀ ਇਸ ਕਮੇਟੀ ‘ਤੇ ਸਿੱਖ ਜੱਥੇਬੰਦੀ ਦਲ ਖਾਲਸਾ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਰਾਜ਼ ਉਠਾਏ ਹਨ।

ਇਸ ਕਮੇਟੀ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਇਕ ਨੁਮਾਇੰਦਾ, ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਇਕ ਨੁਮਾਇੰਦਾ, ਸ਼੍ਰੋਮਣੀ ਕਮੇਟੀ ਵੱਲੋਂ ਦੋ ਨੁਮਾਇੰਦੇ, ਦਿੱਲੀ ਕਮੇਟੀ ਵੱਲੋਂ ਇੱਕ ਨੁਮਾਇੰਦਾ ਸ਼ਾਮਲ ਹੋਵੇਗਾ। ਜਦੋਂਕਿ ਵਿਦਵਾਨਾਂ ਵਿਚੋਂ ਨਾਨਕਸ਼ਾਹੀ ਕੈਲੰਡਰ ਦੇ ਰਚੇਤਾ ਪਾਲ ਸਿੰਘ ਪੁਰੇਵਾਲ, ਡਾ.ਗੁਰਚਰਨ ਸਿੰਘ ਲਾਂਬਾ ਯੂ.ਐਸ.ਏ, ਡਾ. ਅਨੁਰਾਗ ਸਿੰਘ ਲੁਧਿਆਣਾ,ਕਰਨਲ ਸੁਰਜੀਤ ਸਿੰਘ ਨਿਸ਼ਾਨ ਸ਼ਾਮਲ ਹਨ।

ਇਸੇ ਤਰ੍ਹਾਂ ਸੰਤ ਸਮਾਜ ਦੇ ਦੋ ਨੁਮਾਇੰਦੇ, ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇੱਕ ਨੁਮਾਇੰਦਾ, ਨਿਰਮਲ ਭੇਖ ਵੱਲੋਂ ਇੱਕ ਨੁਮਾਇੰਦਾ ਸ਼ਾਮਲ ਹੋਵੇਗਾ। ਇਸੇ ਤਰ੍ਹਾਂ ਵਿਦੇਸ਼ਾਂ ਵਿੱਚੋਂ ਅਮਰੀਕਾ, ਕੈਨੇਡਾ, ਅਸਟਰੇਲੀਆ, ਇੰਗਲੈਂਡ ਤੇ ਯੂਰਪ ਤੋਂ ਸਿੱਖ ਸੰਗਤ 1-1 ਨੁਮਾਇੰਦੇ ਦਾ ਨਾਂ ਭੇਜੇਗੀ।

ਇਸ ਦੌਰਾਨ ਨਵੀਂ ਬਣੀ ਕਮੇਟੀ ‘ਤੇ ਹੁਣ ਤੋਂ ਉਂਗਲਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਦਲ ਖ਼ਾਲਸਾ ਸਮੇਤ ਕੁੱਝ ਜਥੇਬੰਦੀਆਂ ਨੇ ਬਣਾਈ ਗਈ ਕਮੇਟੀ ‘ਤੇ ਇਤਰਾਜ਼ ਪ੍ਰਗਟ ਕਰਦਿਆਂ ਇਸਨੂੰ ਇਕ ਤਰਫਾ ਕਾਰਵਾਈ ਕਰਾਰ ਦਿੱਤਾ ਹੈ।

ਏ. ਜੀ. ਪੀ. ਸੀ. ਦੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ ਨੇ ਕਮੇਟੀ ਨੂੰ ਰੱਦ ਕਰਦਿਆਂ ਕਿਹਾ ਕਿ ਕੈਲੰਡਰ ਮਾਹਿਰਾਂ ਵੱਲੋਂ ਵਿਚਾਰਿਆ ਜਾਣ ਵਾਲਾ ਮੁੱਦਾ ਹੈ ਨਾ ਕਿ ਆਮ ਨੁਮਾਇੰਦਿਆਂ ਵੱਲੋਂ ਘੋਖਿਆ ਜਾਣ ਵਾਲਾ। ਉਨ੍ਹਾਂ ਕਿਹਾ ਕਿ ਕਮੇਟੀ ਦੀ ਰੂਪ ਰੇਖਾ ਹੀ ਬਿਕਰਮੀ ਕੈਲੰਡਰ ਨੂੰ ਲਾਗੂ ਕਰਵਾਉਣ ਵਾਲੀ ਨਜ਼ਰ ਆ ਰਹੀ ਹੈ।

ਦਲ ਖਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਅਨੁਸਾਰ ਕਮੇਟੀ ਇਕ ਬਨਾਮ ਸਾਰੇ ਦਾ ਰੂਪ ਹੈ ਕਿਉਂਕਿ ਨਾਨਕਸ਼ਾਹੀ ਕੈਲੰਡਰ ਦੇ ਹਮਾਇਤੀਆਂ ਵੱਲੋਂ ਕੇਵਲ ਸ: ਪਾਲ ਸਿੰਘ ਪੁਰੇਵਾਲ ਨੂੰ ਸ਼ਾਮਿਲ ਕਰਦਿਆਂ ਬਾਕੀ ਸਾਰੀ ਟੀਮ ਬਿਕਰਮੀ ਹਮਾਇਤੀਆਂ ਦੀ ਬਣਾਈ ਗਈ ਹੈ।

ਜ਼ਿਕਰਯੋਗ ਹੈ ਕਿ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੀ ਨਿਆਰੇਪਣ (ਵੱਖਰੀ ਹੋਂਦ) ਦਾ ਪ੍ਰਤੀਕ ਹੈ ਜੋ ਸਿੱਖ ਵਿਦਵਾਨ ਸ੍ਰ. ਪਾਲ ਸਿੰਘ ਪੁਰੇਵਾਲ ਨੇ ਕਰੜੀ ਘਾਲਣਾ ਘਾਲ ਕੇ ਤਿਆਰ ਕੀਤਾ ਹੈ।

ਇਸ ਕੈਲੰਡਰ ਨੂੰ ਸਾਲ 2003 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਗੂ ਕਰ ਦਿੱਤਾ ਸੀ। ਸੰਸਾਰ ਭਰ ਵਿੱਚ ਵੱਸਦੇ ਸਿੱਖਾਂ ਨੇ ਇਸ ਕੈਲੰਡਰ ਦਾ ਸਵਾਗਤ ਕਰਦਿਆਂ ਇਸਨੂੰ ਪ੍ਰਾਵਨ ਕੀਤਾ ਸੀ। ਸਿਰਫ ਸੰਤ ਸਮਾਜ ਵੱਲੋਂ ਹੀ ਇਸਦਾ ਵਿਰੋਧ ਕੀਤਾ ਗਿਆ ਸੀ।

ਸਿੱਖੀ ਦੇ ਨਿਆਰੇਪਨ ਦੇ ਪ੍ਰਤੀਕ ਇਸ ਕੈਲੰਡਰ ਨੂੰ ਹਿੰਦੂਤਵੀ ਜੱਥੇਬੰਦੀ ਆਰ. ਐੱਸ. ਐੱਸ ਵੱਲੋਂ ਇਸ ਕੈਲੰਡਰ ਨੂੰ ਮਹੱਤਵਹੀਨ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: