ਭਾਈ ਬਲਵੰਤ ਸਿੰਘ ਰਾਜੋਆਣਾ (ਖੱਬੇ) | ਅਮਿਤ ਸ਼ਾਹ (ਸੱਜੇ) | ਪੁਰਾਣੀਆਂ ਤਸਵੀਰਾਂ

ਖਾਸ ਖਬਰਾਂ

ਭਾਈ ਰਾਜੋਆਣਾ ਬਾਰੇ ਅਮਿਤ ਸ਼ਾਹ ਦੇ ਬਿਆਨ ਵਿਚ ਕਈ ਵਲ਼ ਹਨ: ਖਾਸ ਪੜਚੋਲ

By ਸਿੱਖ ਸਿਆਸਤ ਬਿਊਰੋ

December 06, 2019

ਭਾਰਤ ਸਰਕਾਰ ਦੇ ਘਰੇਲੂ ਮਾਮਲਿਆਂ ਦੇ ਵਜ਼ੀਰ ਅਮਿਤ ਸ਼ਾਹ ਨੇ ਫਾਂਸੀ ਦੀ ਸਜਾਯਾਫਤਾ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਬਾਰੇ ਲੁਧਿਆਣੇ ਤੋਂ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਦੇ ਲੋਕ ਸਭਾ ਵਿਚ ਪੁੱਛੇ ਸਵਾਲ ਦਾ ਜੋ ਜਵਾਬ ਦਿੱਤਾ ਹੈ ਉਸ ਤੋਂ ਇਸ ਮਾਮਲੇ ’ਤੇ ਸਿਆਸੀ ਚਰਚਾ ਅਤੇ ਭੰਬਲਭੂਸਾ ਵਧ ਗਿਆ ਹੈ।

ਭਾਰਤੀ ਜਨਤਾ ਪਾਰਟੀ ਦੇ ਸਿਆਸੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਕੇਂਦਰ ਸਰਕਾਰ ਉੱਤੇ ਭਾਈ ਰਾਜੋਆਣੀ ਦੀ ਫਾਂਸੀ ਦੇ ਮਾਮਲੇ ਵਿਚ ਪਲਟ ਜਾਣ ਦਾ ਦੋਸ਼ ਲਾਉਂਦਿਆਂ ਅਮਿਤ ਸ਼ਾਹ ਦੇ ਬਿਆਨ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਐਲਾਨ ਕੀਤਾ ਹੈ ਕਿ ਦਲ ਦਾ ਇਕ ਵਫਦ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਭਾਈ ਰਾਜੋਆਣਾ ਦੀ ਫਾਂਸੀ ਖਿਲਾਫ ਸਿੱਖ ਭਾਵਨਾਵਾਂ ਤੋਂ ਭਾਜਪਾ ਆਗੂ ਨੂੰ ਜਾਣੂ ਕਰਵਾਏਗਾ।

ਪਰ ਦੂਜੇ ਬੰਨੇ ਬੇਅੰਤ ਸਿੰਘ ਦੇ ਦੂਜੇ ਪੋਤੇ ਤੇ ਰਵਨੀਤ ਸਿੰਘ ਬਿੱਟੂ ਦੇ ਭਰਾ ਗੁਰਕੀਰਤ ਸਿੰਘ ਕੋਟਲੀ ਨੇ ਸਤੰਬਰ ਦੇ ਆਖਰੀ ਦਿਨਾਂ ਵਿਚ ਭਾਰਤ ਸਰਕਾਰ ਦੀ ਘਰੇਲੂ ਵਜਾਰਤ ਦੇ ਮੀਤ-ਸਕੱਤਰ ਵਲੋਂ ਜਾਰੀ ਹੋਈ ਚਿੱਠੀ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਅਮਿਤ ਸ਼ਾਹ ਨੇ ਭਾਈ ਰਾਜੋਆਣਾ ਦੀ ਫਾਂਸੀ ਦੇ ਮਾਮਲੇ ਵਿਚ ਲੋਕ ਸਭਾ ਨੂੰ ਗੁਮਰਾਹ ਕੀਤਾ ਹੈ। ਉਸਨੇ ਕਿਹਾ ਕਿ ਅਮਿਤ ਸ਼ਾਹ ਇਹ ਸਪਸ਼ਟ ਕਰੇ ਕਿ ਕੀ ਸੰਤਬਰ ਵਿਚ ਜਾਰੀ ਹੋਈ ਇਹ ਚਿੱਠੀ ਵਾਪਸ ਲੈ ਲਈ ਗਈ ਹੈ ਜਾਂ ਨਹੀਂ?

ਅਜਿਹੇ ਵਿਚ ਇਹ ਸਪਸ਼ਟ ਨਹੀਂ ਹੋ ਰਿਹਾ ਕਿ ਇਸ ਮਾਮਲੇ ’ਤੇ ਹਕੀਕੀ ਹਾਲਾਤ ਕੀ ਹਨ। ਇਸ ਭੰਬਲਭੂਸੇ ਵਾਲੀ ਹਾਲਤ ਦਾ ਅਸਲ ਜੜ੍ਹ ਅਮਿਤ ਸ਼ਾਹ ਦੇ ਬਿਆਨ ਵਿਚਲੇ ਵਲ਼-ਵਲੇਵਿਆਂ ਵਿਚ ਹੈ, ਜਿਹਨਾਂ ਨੂੰ ਹੇਠਲੀ ਚਰਚਾ ਵਿਚ ਵਿਚਾਰਿਆ ਜਾ ਰਿਹਾ ਹੈ।

ਸਵਾਲ ਤੇ ਜਵਾਬ:

3 ਦਸੰਬਰ ਨੂੰ ਰਵਨੀਤ ਸਿੰਘ ਬਿੱਟੂ ਨੇ ਅਮਿਤ ਸ਼ਾਹ ਨੂੰ ਸਵਾਲ ਪੁੱਛਦਿਆਂ ਕਿਹਾ: “ਅਮਿਤ ਸ਼ਾਹ ਜੀ ਆਪ ਪਲੀਜ਼ ਮੇਰਾ ਉੱਤਰ ਦੀਜੀਏ, ਆਪ ਨੇ ਪੰਜਾਬ ਵਾਲੋਂ ਕੋ ਕਿਉਂ ਬਲਵੰਤ ਸਿੰਘ ਰਾਜੋਆਣੇ ਕੋ ਫਾਂਸੀ ਮਾਫ ਕੀ ਹੈ”?

ਇਸ ਦੇ ਜਵਾਬ ਵਿੱਚ ਅਮਿਤ ਸ਼ਾਹ ਨੇ ਕਿਹਾ “ਆਪ ਪਲੀਜ਼ ਮੀਡੀਆ ਰਿਪੋਰਟਸ ਪਰ ਨਾ ਜਾਈਏ, ਕੋਈ ਮਾਫੀ ਕੀ ਨਹੀਂ ਗਈ”।

‘ਮਾਫੀ’ – ‘ਪਾਰਡਨ’ ਜਾਂ ‘ਕਮਿਊਟ’:

ਰਵਨੀਤ ਸਿੰਘ ਬਿੱਟੂ ਨੇ ਆਪਣੇ ਸਵਾਲ ਵਿਚ ਅਤੇ ਅਮਿਤ ਸ਼ਾਹ ਨੇ ਆਪਣੇ ਜਵਾਬ ਵਿਚ ‘ਮਾਫੀ’ ਲਫਜ਼ ਦੀ ਵਰਤੋਂ ਕੀਤੀ ਹੈ। ਰਵਨੀਤ ਸਿੰਘ ਬਿੱਟੂ ਨੇ “ਕਿਉਂ… ਫਾਂਸੀ ਮਾਫ ਕੀ” ਅਤੇ ਅਮਿਤ ਸ਼ਾਹ ਨੇ “ਕੋਈ ਮਾਫੀ ਕੀ ਨਹੀਂ ਗਈ” ਵਰਤਿਆ ਹੈ। ਕਾਨੂੰਨੀ ਸ਼ਬਦਾਵਲੀ ਵਿਚ ‘ਮਾਫੀ’ ਤੋਂ ਭਾਵ ‘ਪਾਰਡਨ’ ਤੋਂ ਹੁੰਦਾ ਹੈ। ‘ਪਾਰਡਨ’ ਜਾਂ ‘ਮਾਫੀ’ ਦਾ ਕਾਨੂੰਨੀ ਮਤਲਬ ਹੁੰਦਾ ਹੈ ਕਿ ਕਿਸੇ ਦਾ ਕਾਨੂੰਨੀ ਜ਼ੁਰਮ ਹੀ ਮਾਫ ਕਰ ਦੇਣਾ- ਜ਼ੁਰਮ ਮਾਫ ਕਰਨ ਨਾਲ ਉਸ ਦੇ ਨਤੀਜੇ ਵਜੋਂ ਹੋਈ ਜਾਂ ਹੋਣ ਵਾਲੀ ਸਜਾ ਮੂਲੋਂ ਹੀ ਰੱਦ ਹੋ ਜਾਂਦੀ ਹੈ। ਇਕ ਹੋਰ ਭਾਵ ਜੋ ਉਕਤ ਸਵਾਲ-ਜਵਾਬ ਵਿਚ ਵਰਤੀ ਗਈ ਮਾਫੀ ਦਾ ਲਿਆ ਜਾ ਸਕਦਾ ਹੈ, ਉਹ ਹੈ ‘ਕਮਿਊਟ’। ਕਾਨੂੰਨੀ ਸ਼ਬਦਾਵਲੀ ਵਿਚ ‘ਕਮਿਊਟ’ ਤੋਂ ਭਾਵ ਹੁੰਦਾ ਹੈ ਕਿਸੇ ਸਜਾ, ਖਾਸ ਕਰਕੇ ਫਾਂਸੀ ਦੀ ਸਜਾ ਨੂੰ, ਘਟਾ ਕੇ ਕਿਸੇ ਹੋਰ ਘੱਟ ਸਜਾ ਵਿਚ ਤਬਦੀਲ ਕਰਨਾ।

ਸਵਾਲ-ਜਵਾਬ ਦਾ ਪਿਛੋਕੜ:

ਜ਼ਿਕਰਯੋਗ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸੋਧਣ ਦੇ ਮਾਮਲੇ ਵਿਚ ਭਾਰਤੀ ਅਦਾਲਤ ਵਲੋਂ ਫਾਂਸੀ ਦੀ ਸਜਾ ਸੁਣਾਈ ਗਈ ਸੀ। ਇਸ ਸਜਾ ਖਿਲਾਫ ਭਾਰਤੀ ਰਾਸ਼ਟਰਪਤੀ ਕੋਲ ਸੰਵਿਧਾਨ ਦੀ ਧਾਰਾ 72 ਤਹਿਤ ਪਾਈ ਗਈ ਮੁੜ-ਵਿਚਾਰ ਅਰਜੀ ਸਾਲ 2012 ਤੋਂ ਵਿਚਾਰ ਹੇਠ ਹੈ।

ਸਤੰਬਰ 2019 ਦੇ ਆਖਰੀ ਦਿਨਾਂ ਵਿਚ ਕੇਂਦਰ ਸਰਕਾਰ ਨੇ ਫਾਂਸੀ ਦੀ ਸਜਾਯਾਫਤਾ ਇਕ ਸਿੱਖ ਦੀ ਸਜਾ ਨੂੰ ਉਮਰਕੈਦ ਵਿਚ ਤਬਦੀਲ (ਕਮਿਊਟ) ਕਰਨ ਲਈ ਅਮਲ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਉਮਰਕੈਦੀ 8 ਹੋਰ ਸਿੱਖ ਕੈਦੀਆਂ ਨੂੰ ਖਾਸ ਛੋਟ ਦੇ ਕੇ ਪੱਕੇ ਤੌਰ ਉੱਤੇ ਰਿਹਾਅ ਕਰਨ ਦਾ ਐਲਾਨ ਕੀਤਾ ਸੀ।

ਭਾਵੇਂ ਕੇਂਦਰ ਸਰਕਾਰ ਨੇ ਇਹਨਾਂ ਸਿੱਖਾਂ ਦੇ ਨਾਂ ਜਨਤਕ ਨਹੀਂ ਸਨ ਕੀਤੇ ਪਰ ਕਿਉਂਕਿ ਭਾਈ ਬਲਵੰਤ ਸਿੰਘ ਰਾਜੋਆਣਾ ਫਾਂਸੀ ਦੀ ਸਜਾਯਾਫਤਾ ਇਕੋ-ਇੱਕ ਸਿੱਖ ਕੈਦੀ ਸੀ, ਇਸ ਲਈ ਸਪਸ਼ਟ ਸੀ ਕਿ ਉਹਨਾਂ ਦੀ ਫਾਂਸੀ ਦੀ ਸਜਾ ਹੀ ਉਮਰ ਕੈਦ ਵਿਚ ਬਦਲਣ ਦਾ ਅਮਲ ਸ਼ੁਰੂ ਕਰਨ ਬਾਰੇ ਜ਼ਿਕਰ ਆਇਆ ਹੈ।

ਬਾਅਦ ਵਿਚ ਕੇਂਦਰ ਸਰਕਾਰ ਦੀ ਘਰੇਲੂ ਵਜ਼ਾਰਤ ਦੇ ਮੀਤ-ਸਕੱਤਰ ਵੱਲੋਂ 10 ਅਕਤੂਬਰ 2019 ਨੂੰ ਸਿੱਖ ਕੈਦੀਆਂ ਨੂੰ ਦਿੱਤੀ ਜਾਣ ਵਾਲੀ ਉਕਤ ਰਿਆਇਤ ਬਾਰੇ ਜਾਰੀ ਕੀਤੀ ਚਿੱਠੀ ਸਿੱਖ ਸਿਆਸਤ ਨੂੰ ਮਿਲਣ ਉੱਤੇ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਫਾਂਸੀ ਨੂੰ ਉਮਰ ਕੈਦ ਵਿਚ ਬਦਲਣ ਵਾਲਾ ਮਾਮਲਾ ਭਾਈ ਬਲਵੰਤ ਸਿੰਘ ਰਾਜੋਆਣਾ ਵਾਲਾ ਦਾ ਹੀ ਹੈ ਕਿਉਂਕਿ ਚਿੱਠੀ ਨਾਲ ਨੱਥੀ ਕੀਤੀ ਸੂਚੀ ਵਿਚ “ਫਾਂਸੀ ਦੀ ਸਜਾ ਘਟਾ ਕੇ ਉਮਰ ਕੈਦ ਵਿਚ ਬਦਲਣ ਵਾਲੇ ਮਾਮਲੇ” ਸਿਰਲੇਖ ਹੇਠ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਨਾਂ ਤੇ ਵੇਰਵਾ ਹੀ ਦਰਜ਼ ਸੀ।

ਅਮਿਤ ਸ਼ਾਹ ਦੇ ਬਿਆਨ ਤੋਂ ਭੰਬਲਭੂਸਾ ਕਿਵੇਂ ਖੜ੍ਹਾ ਹੋਇਆ:

ਅਮਿਤ ਸ਼ਾਹ ਦਾ ਬਿਆਨ ਭਾਵੇ ਇਸ ਸਤਰ ਦਾ ਹੀ ਹੈ ਪਰ ਇਸ ਦੇ ਕੋਈ ਵੀ ਸਿੱਧੇ-ਸਿੱਧੇ ਮਾਅਨੇ ਨਹੀਂ ਕੱਢੇ ਜਾ ਸਕਦੇ। ਇਸ ਬਿਆਨ ਬਾਰੇ ਭੰਬਲਭੂਸਾ ਦੋ ਨੁਕਤਿਆਂ ਤੋਂ ਖੜ੍ਹਾ ਹੁੰਦਾ ਹੈ:-

ਪਹਿਲਾ, ਮਾਫੀ ਲਫਜ਼ ਤੋਂ ਲਏ ਜਾਣ ਵਾਲੇ ਭਾਵ ਬਾਰੇ; ਅਤੇ

ਦੂਜਾ, ਫਾਂਸੀ ਦੀ ਸਜਾ ਉਮਰ ਕੈਦ ਵਿਚ ਬਦਲਣ (ਕਮਿਊਟ ਕਰਨ) ਦੇ ਅਮਲ ਬਾਰੇ।

ਮਾਫੀ ਤੋਂ ਭਾਵ ਦਾ ਮਾਮਲਾ:

ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਹੈ ਕਿ ਮਾਫੀ ਤੋਂ ਦੋ ਭਾਵ ਲਏ ਜਾ ਸਕਦੇ ਹਨ- ‘ਪਾਰਡਨ’ ਅਤੇ ‘ਕਮਿਊਟ’; ਤੇ ਅਮਿਤ ਸ਼ਾਹ ਵਲੋਂ ਵਰਤੇ ਗਏ ਮਾਫੀ ਲਫਜ਼ ਉੱਤੇ ਦੋਵੇਂ ਹੀ ਭਾਵ ਢੁਕਾਏ ਜਾ ਸਕਦੇ ਹਨ, ਭਾਵੇਂ ਕਿ ਭਾਈ ਰਾਜੋਆਣਾ ਨੂੰ ‘ਪਾਰਡਨ’ ਦੇਣ ਦੀ ਗੱਲ ਕਦੇ ਵੀ ਨਹੀਂ ਸੀ ਚੱਲੀ।

ਵੱਖ-ਵੱਖ ਖਬਰ ਅਦਾਰਿਆਂ ਨੇ ਮਾਫੀ ਤੋਂ ਵੱਖ-ਵੱਖ ਭਾਵ ਲਿਆ:

‘ਇਕਨਾਮਿਕ ਟਾਈਮਜ਼’ ਅਤੇ ‘ਦਾ ਇੰਡੀਅਨ ਐਕਸਪ੍ਰੈਸ’ ਸਮੇਤ ਕਈ ਹੋਰਨਾਂ ਖਬਰ ਅਦਾਰਿਆ ਨੇ ‘ਮਾਫੀ’ ਤੋਂ ਭਾਵ ‘ਪਾਰਡਨ’ ਲੈਂਦਿਆਂ ਇਹ ਖਬਰ ਦਿੱਤੀ ਹੈ ਕਿ ਅਮਿਤ ਸ਼ਾਹ ਨੇ ਕਿਹਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜਾ ‘ਪਾਰਡਨ’ ਨਹੀਂ ਕੀਤੀ ਗਈ।

‘ਦਾ ਟ੍ਰਿਬਿਊਨ’ ਅਤੇ ‘ਸਕਰੋਲ’ ਸਮੇਤ ਕਈ ਹੋਰਨਾਂ ਖਬਰ ਅਦਾਰਿਆ ਨੇ ਮਾਫੀ ਤੋਂ ਭਾਵ ‘ਕਮਿਊਟ’ ਲੈ ਕੇ ਇਹ ਖਬਰ ਨਸ਼ਰ ਕੀਤੀ ਹੈ ਕਿ ਅਮਿਤ ਸ਼ਾਹ ਨੇ ਕਿਹਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜਾ ‘ਕਮਿਊਟ’ (ਭਾਵ ਫਾਂਸੀ ਤੋਂ ਘਟਾ ਕੇ ਉਮਰ ਕੈਦ) ਨਹੀਂ ਕੀਤੀ ਗਈ।

ਅਮਿਤ ਸ਼ਾਹ ਦੇ ਬਿਆਨ ਦੀ ਕੀ ਵਿਆਖਿਆ ਬਣਦੀ ਹੈ:

ਅਮਿਤ ਸ਼ਾਹ ਦੇ ਬਿਆਨ ਦੀਆਂ ਹੇਠਲੀਆਂ ਵਿਆਖਿਆਵਾਂ ਬਣਦੀਆਂ ਹਨ-

ਜੇਕਰ ‘ਮਾਫੀ’ ਤੋਂ ਭਾਵ ਪਾਰਡਨ ਲਿਆ ਜਾਵੇ: ਜੇਕਰ ਅਮਿਤ ਸ਼ਾਹ ਵਲੋਂ ਵਰਤੇ ਲਫਜ਼ ਮਾਫੀ ਤੋਂ ਭਾਵ ਪਾਰਡਨ ਲਿਆ ਜਾਵੇ ਤਾਂ ਅਮਿਤ ਸ਼ਾਹ ਦਾ ਬਿਆਨ ਇਕ ਤਕਨੀਕੀ ਜਵਾਬ ਹੈ ਕਿ ਭਾਈ ਰਾਜੋਆਣਾ ਨੂੰ ਪਾਰਡਨ ਨਹੀਂ ਕੀਤਾ ਗਿਆ।

ਜੇਕਰ ‘ਮਾਫੀ’ ਤੋਂ ਭਾਵ ਕਮਿਊਟ ਲਿਆ ਜਾਵੇ: ਜੇਕਰ ਅਮਿਤ ਸ਼ਾਹ ਵਲੋਂ ਵਰਤੇ ਲਫਜ਼ ਮਾਫੀ ਤੋਂ ਭਾਵ ਕਮਿਊਟ ਲਿਆ ਜਾਵੇ ਤਾਂ ਅਮਿਤ ਸ਼ਾਹ ਦੇ ਬਿਆਨ ਦੇ ਦੋ ਸੰਭਾਵੀ ਭਾਵ ਨਿਕਲਦੇ ਹਨ:

ਸਿੱਟਾ: ਉਕਤ ਸਾਰੀ ਚਰਚਾ ਤੋਂ ਬਾਅਦ ਇਹੀ ਸਿੱਟਾ ਨਿਕਲਦਾ ਹੈ ਕਿ ਅਮਿਤ ਸ਼ਾਹ ਦੇ ਬਿਆਨ ਤੋਂ ਹਾਲੀ ਦੀ ਘੜੀ ਇਹ ਸਿੱਧਾ-ਸਿੱਧਾ ਨਤੀਜਾ ਨਹੀਂ ਕੱਢਿਆ ਜਾ ਸਕਦਾ ਕਿਉਂਕਿ ਇਸ ਬਿਆਨ ਦੇ ਕਈ ਭਾਵ ਨਿੱਕਲਦੇ ਹਨ। ਇਸ ਲਈ ਇਹ ਬਿਆਨ ਭੰਬਲਭੂਸੇ ਵਿਚ ਹੀ ਵਾਧਾ ਕਰਨ ਵਾਲਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: