ਲੇਖ

ਬਿਜਲ ਸੱਥ ਅਤੇ ਵਿਚਾਰਾਂ ਦੀ ਆਜ਼ਾਦੀ ਵਿਸ਼ੇ ਤੇ ਸੈਮੀਨਾਰ ਬਾਰੇ ਇੱਕ ਸਰੋਤੇ ਦੇ ਤਜ਼ਰਬੇ

By ਸਿੱਖ ਸਿਆਸਤ ਬਿਊਰੋ

May 16, 2023

ਬੀਤੇ ਕੱਲ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਸੋਸ਼ਲ ਮੀਡੀਆ ਸਬੰਧੀ ਗੋਸ਼ਟਿ ਸਭਾ ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕਰਵਾਏ ਸੈਮੀਨਾਰ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲਿਆ।

ਸੈਮੀਨਾਰ ਵਿੱਚ ਅੱਜ ਦੇ ਸਮੇਂ ਵਿਚ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦੇ ਤਰੀਕੇ, ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲਿਆਂ ਨੂੰ ਹੁੰਦੇ ਫਾਇਦੇ ਨੁਕਸਾਨ ਸਬੰਧੀ ਕਾਫ਼ੀ ਵੱਡੀ ਗੱਲਬਾਤ ਕੀਤੀ ਗਈ। ਦੂਸਰੀ ਗੱਲ ਬੋਲਣ ਦੀ ਅਜ਼ਾਦੀ ਬਾਰੇ ਸੀ, ਜਿਹੜਾ ਕਿ ਸੋਸ਼ਲ ਮੀਡੀਆ ਨੂੰ ਕਿਸਾਨੀ ਮੋਰਚੇ ਦੀ ਮੁਹਿੰਮ ਜਾਂ ਉਸਤੋਂ ਪਹਿਲਾਂ ਵੀ ਲੋਕਾਂ ਨੂੰ ਲੱਗਦਾ ਸੀ ਕਿ ਸੋਸ਼ਲ ਮੀਡੀਆ ਉਪਰ ਕਿਸੇ ਨੂੰ ਸਵਾਲ ਕੀਤਾ ਜਾ ਸਕਦਾ ਹੈ। ਖਾਸ ਕਰਕੇ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਕਿੰਨਾ ਕ ਲਿਆ ਜਾ ਸਕਦਾ ਹੈ, ਇਸ ਗੱਲ ਦਾ ਤੱਤ ਨਿਚੋੜਿਆ ਗਿਆ।

ਸੈਮੀਨਾਰ ਵਿੱਚ ਕਾਫੀ ਬੁਲਾਰਿਆਂ ਨੂੰ ਸੱਦਾ ਸੀ। ਅਜਿਹਾ ਕਰਨ ਦਾ ਇੱਕ ਮਕਸਦ ਇਹ ਸਮਝ ਪੈਂਦਾ ਹੈ ਕਿ ਇਹ ਵਿਸ਼ਾ ਕਾਫੀ ਪੱਖਾਂ ਵਿਚ ਖੁੱਲ੍ਹਾ ਸੀ, ਕਿਸੇ ਵੀ ਪੱਖ ਤੋਂ ਕਈ ਤਰੀਕਿਆਂ ਨਾਲ ਗੱਲ ਸੁਣਾਈ ਜਾ ਸਕਦੀ ਸੀ। ਇਸ ਵਜ੍ਹਾ ਕਰਕੇ ਸੈਮੀਨਾਰ ਦੇ ਦੋ ਸੈਸ਼ਨ ਰੱਖਣੇ ਪਏ। ਇੱਕ ਤਾਂ ਮਹੌਲ, ਦੂਸਰਾ ਬੁਲਾਰਿਆਂ ਨੇ ਸੋਸ਼ਲ ਮੀਡੀਆ ਬਿਜਲ ਸੱਥ ਪਿਛਲੇ ਤੰਤਰ ਦੀਆਂ ਗੱਲਾਂ ਏਸ ਤਰੀਕੇ ਸੁਣਾਈਆਂ ਕਿ ਅਕੇਵਾਂ ਨਹੀਂ ਹੋਇਆ।

ਸੁਰੂਆਤ ਵਿਚ ਭਾਈ ਪਰਮਜੀਤ ਸਿੰਘ ਗਾਜ਼ੀ ਨੇ ਸੋਸ਼ਲ ਮੀਡੀਆ ਬਾਰੇ ਆਮ ਬਣਿਆ ਹੋਇਆ ਖਿਆਲ ਕਿ ਸਥਾਪਿਤ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਦੇ ਮੁਕਾਬਲੇ ਸੋਸ਼ਲ ਮੀਡੀਆ ਲੋਕਾਂ ਦਾ ਮੀਡੀਆ ਹੋਣ ਦੇ ਭਰਮ ਨੂੰ ਤਕਨੀਕੀ ਨੁਕਤਿਆਂ ਅਤੇ ਨਿੱਜੀ ਤਜ਼ਰਬਿਆਂ ਦੇ ਆਧਾਰ ਤੇ ਝੁਠਲਾਇਆ। ਉਹਨਾਂ ਲਗਾਤਾਰ ਆਪਣੇ ਚੈਨਲ ਤੇ ਸਿੱਖ ਮਸਲਿਆਂ ਦੀ ਤੱਥਾਂ ਸਹਿਤ ਪੜਚੋਲ ਸਾਂਝੀ ਕਰਦੇ ਰਹਿੰਦੇ ਹਨ। ਜਿਸ ਦੇ ਚੱਲਦਿਆਂ ਉਹਨਾਂ ਨੂੰ ਸਮੇਂ ਸਮੇਂ ਤੇ ਰੋਕਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਸੋਸ਼ਲ ਮੀਡੀਆ ਵਿਚ ਲੋਕਾਂ ਦੀ ਗੱਲ ਰੱਖਣ ਵਾਲਿਆਂ ਨੂੰ ਕਾਬੂ ਵਿਚ ਕਰਨ ਦੀ ਪਿਛਲੇ ਮਹੀਨੇ ਜਿਹੜੀ ਮੁਹਿੰਮ ਸਰਕਾਰ ਦੁਆਰਾ ਚਲਾਈ ਗਈ, ਉਸਤੋਂ ਕੋਈ ਸ਼ੱਕ ਨਹੀਂ ਹੈ, ਸੋਸ਼ਲ ਮੀਡੀਆ ਨੂੰ ਵੀ ਹੁਣ ਸਰਕਾਰ ਨੇ ਆਪਣੇ ਕਾਬੂ ਵਿਚ ਕਰ ਰੱਖਿਆ ਹੈ। ਜਿਹੜੀਆਂ ਦਿੱਕਤਾਂ ਦਾ ਕਦੇ ਉਹਨਾਂ ਨੂੰ ਸਾਹਮਣਾ ਕਰਨਾ ਪਿਆ, ਉਦੋਂ ਬਾਕੀ ਪੱਤਰਕਾਰਾਂ ਨੇ ਕੋਈ ਵਿਰੋਧ ਨਹੀਂ ਕੀਤਾ, ਹੁਣ ਸਰਕਾਰ ਨੇ ਆਮ ਪੰਜਾਬੀ ਚੈਨਲਾਂ ਨੂੰ ਬੰਦ ਕਰ ਦਿੱਤਾ। ਜੇਕਰ ਸਮੇਂ ਸਿਰ ਵਿਰੋਧ ਕੀਤਾ ਜਾਂਦਾ ਤਾਂ ਲੋਕਾਂ ਦੀ ਆਵਾਜ਼ ਬੰਦ ਨਾ ਹੁੰਦੀ।

ਸ੍ਰ: ਹਰਮੀਤ ਸਿੰਘ ਫਤਹਿ ਨੇ ਸੋਸ਼ਲ ਮੀਡੀਆ ਦੇ ਨਾਂਹ ਪੱਖੀ, ਪੱਖਾਂ ਨੂੰ ਇੱਕ ਵਰਤੋਂਕਾਰ ਦੇ ਤੌਰ ਤੇ ਦੱਸਿਆ। ਸੋਸ਼ਲ ਮੀਡੀਆ ਨਾਲ ਬੰਦੇ ਦੀ ਬੰਦੇ ਤੋਂ ਦੂਰੀ ਵਧੀ ਹੈ। ਭਾਵੇਂ ਇਸ ਨਾਲ ਨਵੇਂ ਸੰਪਰਕ ਵੀ ਬਣੇ ਹਨ। ਉਹਨਾਂ ਦੱਸਿਆ ਕਿ ਫੋਨ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ। ਫੋਨ ਅਤੇ ਸੋਸ਼ਲ ਮੀਡੀਆ ਨਾਲ ਬੰਦੇ ਦੀ ਇਕਾਗਰਤਾ ਘਟੀ ਹੈ। ਵੱਡੀਆਂ ਕੰਪਨੀਆਂ ਦੇ ਮਾਲਕ ਆਪਣੇ ਬੱਚਿਆਂ ਨੂੰ ਤਕਨੋਲੋਜੀ ਤੋਂ ਦੂਰ ਰੱਖਦੇ ਹਨ। ਰਾਤ ਨੂੰ ਸੌਣ ਤੋਂ ਪਹਿਲਾਂ ਅਤੇ ਅੰਮ੍ਰਿਤ ਵੇਲੇ ਫੋਨ ਅਤੇ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਦੀ ਸਲਾਹ ਉਹਨਾਂ ਦੀ ਬਹੁਤ ਸਹੀ ਹੈ, ਜੋ ਮੰਨਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ।

ਯੂਨੀਵਰਸਿਟੀ ਚਾਂਸਲਰ ਸ੍ਰੀ ਅਰਵਿੰਦ ਜੀ ਨੇ ਸੋਸ਼ਲ ਮੀਡੀਆ ਨੂੰ ਮਨੁੱਖੀ ਵਿਕਾਸ ਦੇ ਨਾਲ ਜੋੜ ਕੇ ਸੋਸ਼ਲ ਮੀਡੀਆ ਦੀ ਵਿਆਖਿਆ ਕੀਤੀ। ਉਹਨਾਂ ਨੇ ਸੋਸ਼ਲ ਮੀਡੀਆ ਦੇ ਉਸਾਰੂ ਪੱਖਾਂ ਉਪਰ ਵੀ ਚਾਨਣਾ ਪਾਇਆ ਅਤੇ ਸਾਡੇ ਇਸਨੂੰ ਵਰਤਣ ਦੇ ਢੰਗ ਤਰੀਕਿਆਂ ਨੂੰ ਵਧੀਆ ਬਣਾਉਣ, ਨਾਂਹ ਪੱਖੀ ਗੱਲਾਂ ਤੋਂ ਦੂਰ ਰਹਿਣ ਦੀ ਗੱਲ ਰੱਖੀ। ਉਹਨਾਂ ਦੇ ਬੋਲਣ ਨਾਲ ਮਨ ਵਿਚ ਖਿਆਲ ਆਇਆ ਕਿ ਅੱਜ ਦੇ ਸਮੇਂ ਲੋਕ ਆਮ ਲੋਕ ਸੋਸ਼ਲ ਮੀਡੀਆ ਨੂੰ ਆਪਸ ਵਿੱਚ ਇੱਕ ਦੂਜੇ ਨਾਲ ਜੁੜਨ ਲਈ ਹੀ ਵਰਤਦੇ ਹਨ। ਬਾਅਦ ਵਿਚ ਭਾਵੇਂ ਕੰਪਨੀਆਂ ਉਹਨਾਂ ਦੀ ਜਾਣਕਾਰੀ ਨਾਲ ਜਿਵੇਂ ਮਰਜ਼ੀ ਦਖ਼ਲਅੰਦਾਜ਼ੀ ਕਰੀ ਜਾਣ।

ਡਾ: ਸੁਰਜੀਤ ਸਿੰਘ ਨੂੰ ਪਹਿਲੀ ਵਾਰ ਸੁਣਿਆ ਸੀ। ਉਹਨਾਂ ਦੀਆਂ ਕਾਫੀ ਗੱਲਾਂ ਐਸੀਆਂ ਲਭੀਆ, ਜੋ ਕਦੇ ਸੋਚੀਆ ਨਹੀਂ ਸਨ। ਇੱਕ ਉਹਨਾਂ ਨੇ ਦੱਸਿਆ ਕਿ ਤਕਨੀਕ ਫੋਨ ਦੇ ਤਰੀਕੇ ਉਹਨਾਂ ਨੇ ਪੜਾਉਣ ਦੀ ਕੋਸ਼ਿਸ ਕੀਤੀ, ਪਰ ਉਹ ਤਜ਼ਰਬਾ ਕਾਮਯਾਬ ਨਹੀਂ ਹੋਇਆ। ਦੂਜਾ ਕਿ ਸਾਰੀ ਵਿਦਿਆ ਸੋਸ਼ਲ ਮੀਡੀਆ, ਨੈੱਟ ਤੇ ਆਉਣ ਨਾਲ ਸਾਇਦ ਆਉਣ ਵਾਲੀਆਂ ਪੀੜ੍ਹੀਆਂ ਵਿਚ ਅਧਿਆਪਕ ਦੀ ਅਸਾਮੀ ਖਤਮ ਹੀ ਨਾ ਹੋ ਜਾਵੇ।

ਇਹਨਾਂ ਤੋਂ ਇਲਾਵਾ ਸ੍ਰ: ਅਜੈਪਾਲ ਸਿੰਘ ਬਰਾੜ, ਡਾ: ਸਿਕੰਦਰ ਸਿੰਘ, ਡਾ: ਗੁਰਮੁਖ ਸਿੰਘ, ਡਾ: ਸੇਵਕ ਸਿੰਘ ਹੋਰਾਂ ਨੇ ਵੀ ਸੋਸ਼ਲ ਮੀਡੀਆ ਅਤੇ ਨੈਟ ਰਾਹੀਂ ਆਉਦੀ ਜਾਣਕਾਰੀ ਬਾਰੇ ਤੱਥ ਸਾਹਮਣੇ ਰੱਖੇ।

ਕੁਲ ਮਿਲਾ ਕੇ ਸੋਸ਼ਲ ਮੀਡੀਆ ਪ੍ਰਤੀ ਸਾਰੇ ਹੀ ਬੁਲਾਰਿਆਂ ਦੀਆਂ ਗੱਲਾਂ ਮੇਰੇ ਮੁਤਾਬਿਕ ਸਹੀ ਸਨ। ਭਾਵੇਂ ਕੋਈ ਸੋਸ਼ਲ ਮੀਡੀਆ ਦੇ ਵਿਰੁੱਧ ਜਾਂ ਹੱਕ ਵਿੱਚ ਬੋਲਿਆ। ਮੈਨੂੰ ਮਹਿਸੂਸ ਹੋਇਆ ਕਿ ਸੋਸ਼ਲ ਮੀਡੀਆ ਪ੍ਰਤੀ ਮੇਰੀ ਸਮਝ ਪਹਿਲਾਂ ਊਣੀ ਸੀ। ਭਾਵੇਂ ਸਰੋਤੇ ਤੇ ਤੌਰ ਤੇ ਮੈਂ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਿਆ ਕਿ ਸੋਸ਼ਲ ਮੀਡੀਆ ਵਰਤਣਾ ਜਾਂ ਨਹੀਂ। ਪਰ ਤਾਂਵੀ ਸੈਮੀਨਾਰ ਵਿੱਚ ਹਿੱਸਾ ਲੈਣਾ ਫਾਇਦੇਮੰਦ ਰਿਹਾ। ਮੇਰੇ ਅੰਦਾਜ਼ੇ ਸੋਸ਼ਲ ਮੀਡੀਆ ਨੂੰ ਸਹੀ ਤਰੀਕੇ ਨਾਲ ਵਰਤਿਆ ਜਾਣਾ ਚਾਹੀਦਾ। ਜਿੰਨੀ ਕਉ ਥਾਂ ਇਥੇ ਮਿਲਦੀ ਹੈ। ਇਸਨੂੰ ਪੂਰਾ ਸੰਸਾਰ ਨਹੀਂ ਮੰਨਣਾ ਚਾਹੀਦਾ, ਇਸਤੇ ਪੋਜ਼ੀਟਿਵ ਗੱਲ ਲਿਖਣੀ ਪੜਨੀ ਚਾਹੀਦੀ ਹੈ। ਪਰ ਜ਼ਮੀਨ ਨਾਲੋਂ ਟੁੱਟਣਾ ਨਹੀਂ ਚਾਹੀਦਾ। ਡਾ: ਸੇਵਕ ਸਿੰਘ ਮੁਤਾਬਕ ਭਾਈਚਾਰਾ, ਮੇਲ ਜੋਲ ਵਧਾਉਣ ਦਾ ਸਮਾਂ ਹੈ।

ਵਿਚਾਰਾਂ ਦੀ ਅਜ਼ਾਦੀ ਦਾ ਜਿੱਥੇ ਤੱਕ ਸਵਾਲ ਹੈ, ਉਹ ਵੀ ਇਥੇ ਕੋਈ ਖਾਸ ਨਹੀਂ ਬਚੀ ਹੈ। ਬਾਕੀ ਦੇ ਮੀਡੀਆ ਦੀ ਤਰ੍ਹਾਂ ਸੋਸ਼ਲ ਮੀਡੀਆ ਵੀ ਹੁਣ ਸਰਕਾਰ ਦੇ ਕਾਬੂ ਹੇਠ ਹੀ ਹੋ ਗਿਆ ਹੈ। ਅਖੀਰ ਤੇ ਪ੍ਰਬੰਧਕਾਂ ਦੁਆਰਾ ਸੋਸ਼ਲ ਮੀਡੀਆ ਨੂੰ ਬਿਜਲ ਸੱਥ ਕਹਿਣ ਦਾ ਉਪਰਾਲਾ ਪਸੰਦ ਆਇਆ। ਉਮੀਦ ਹੈ ਅਜਿਹੇ ਉਪਰਾਲੇ ਭਵਿੱਖ ਵਿਚ ਵੀ ਪ੍ਰਬੰਧਕਾਂ ਵਲੋਂ ਹੁੰਦੇ ਰਹਿਣਗੇ, ਜਿੱਥੇ ਇਸ ਤਰ੍ਹਾਂ ਦੀ ਸੁਹਿਰਦ ਵਿਚਾਰ ਹੁੰਦੀ ਰਹੇ।

 

ਹਰਪ੍ਰੀਤ ਸਿੰਘ ਲੌਂਗੋਵਾਲ, ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਬਾਰੇ ਆਈ ਕਿਤਾਬ ‘ ਰਾਜ ਜੋਗੀ ‘ ਦਾ ਲੇਖਕ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: