ਅੰਮ੍ਰਿਤਸਰ: ਇੱਥੋਂ ਦੇ ਡਵੀਜ਼ਨ ‘ਈ’ ਠਾਣੇ ਦੀ ਪੁਲਿਸ ਨੇ ਅੱਜ ਸਿੱਖ ਸਿਆਸੀ ਕੈਦੀ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਜੇਲ੍ਹ ਵਿੱਚ ਲਿਆ ਕੇ 2013 ਦੇ ਇਕ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ। ਭਾਈ ਮਿੰਟੂ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਨਜ਼ਰਬੰਦ ਸੀ।
ਸਿੱਖ ਸਿਆਸੀ ਕੈਦੀਆਂ (ਬੰਦੀ ਸਿੰਘਾਂ) ਦੀ ਸੂਚੀ ਬਣਾਉਣ ਵਾਲੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨੂੰ ਜਾਣਕਾਰੀ ਦਿੱਤੀ ਕਿ ਭਾਈ ਮਿੰਟੂ ਨੂੰ ਮੁਕਦਮਾ ਐਫ. ਆਈ. ਆਰ. 108/2013 (ਠਾਣਾ ਡਵੀਜ਼ਨ ਈ ਅੰਮ੍ਰਿਤਸਰ) ਵਿੱਚ ਅੱਜ ਮੈਜਿਸਟ੍ਰੇਟ ਰਵਿੰਦਰ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਭਾਈ ਮਿੰਟੂ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ।
ਦਿਲਚਸਪ ਗੱਲ ਹੈ ਕਿ ਮਈ 2016 ਵਿੱਚ ਭਾਈ ਮਿੰਟੂ ਨੇ ਆਪ ਅਦਾਲਤ ਕੋਲ ਪਹੁੰਚ ਕਰਕੇ ਪੁਲਿਸ ਨੂੰ ਇਸ ਮੁਕਦਮੇਂ ਵਿੱਚ ਬਣਦੀ ਕਾਰਵਾਈ ਸ਼ੁਰੂ ਕਰਨ ਦੀ ਹਿਦਾਇਤ ਦੇਣ ਲਈ ਕਿਹਾ ਸੀ, ਕਿਉਂਕਿ ਉਸ ਦਾ ਮੰਨਣਾ ਸੀ ਕਿ ਪੁਲਿਸ ਜਾਣ ਬੁੱਝ ਕੇ ਮਾਮਲੇ ਨੂੰ ਲਮਕਾ ਰਹੀ ਹੈ। ਪਰ ਉਸ ਵੇਲੇ ਪੁਲਿਸ ਦੇ ਅਦਾਲਤ ਵਿੱਚ ਇਹ ਬਿਆਨ ਦਿੱਤਾ ਸੀ ਕਿ ਉਨ੍ਹਾਂ ਦੇ ਰਿਕਾਰਡ ਮੁਤਾਬਕ ਹਰਮਿੰਦਰ ਸਿੰਘ ਮਿੰਟੂ ਪਾਕਿਸਤਾਨ ਵਿੱਚ ਹੈ। ਭਾਵੇਂ ਕਿ ਉਸ ਵੇਲੇ ਭਾਈ ਮਿੰਟੂ ਮੈਕਸੀਮਮ ਸਕਿਉਰਟੀ ਜੇਲ੍ਹ ਨਾਭਾ ਵਿੱਚ ਨਜ਼ਰਬੰਦ ਸੀ ਪਰ ਫਿਰ ਵੀ ਅਦਾਲਤ ਨੇ ਪੁਲਿਸ ਦੇ ਦਾਅਵੇ ਦੀ ਬਿਨਾਅ ‘ਤੇ ਭਾਈ ਮਿੰਟੂ ਦੀ ਅਰਜ਼ੀ ਰੱਦ ਕਰ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਅੰਮ੍ਰਿਤਸਰ ਪੁਲਿਸ ਨੇ ਥਾਈਲੈਂਡ ਤੋਂ ਲਿਆਂਦੇ ਗੁਰਦੇਵ ਸਿੰਘ ਟਾਂਡਾ ਦਾ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ।