ਅਮਰਦੀਪ ਸਿੰਘ ਨੇ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਇਤਿਹਾਸ ਅਤੇ ਮੌਜੂਦਾ ਸਥਿਤੀ 'ਤੇ ਲਿਖੀ ਖੋਜ ਭਰਪੂਰ ਕਿਤਾਬ

ਦਸਤਾਵੇਜ਼

ਅਮਰਦੀਪ ਸਿੰਘ ਨੇ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਇਤਿਹਾਸ,ਮੌਜੂਦਾ ਸਥਿਤੀ ‘ਤੇ ਲਿਖੀ ਖੋਜ ਭਰਪੂਰ ਕਿਤਾਬ

By ਸਿੱਖ ਸਿਆਸਤ ਬਿਊਰੋ

November 14, 2017

ਅੰਮ੍ਰਿਤਸਰ: 1947 ਦੀ ਵੰਡ ਤੋਂ ਬਾਅਦ ਸਿੱਖ ਇਤਿਹਾਸ ਅਤੇ ਵਿਰਾਸਤ ਨਾਲ ਸਬੰਧਤ 80 ਫ਼ੀਸਦੀ ਪੁਰਾਤਨ ਇਮਾਰਤਾਂ, ਗੁਰਦੁਆਰਾ ਸਾਹਿਬ, ਸਕੂਲ, ਪੁਰਾਤਨ ਕਿਲ੍ਹੇ, ਜੰਗ ਦੇ ਮੈਦਾਨ ਤੇ ਹੋਰ ਦੁਰਲੱਭ ਨਿਸ਼ਾਨੀਆਂ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ‘ਚ ਮੌਜੂਦ ਹਨ ਅਤੇ ਉਨ੍ਹਾਂ ‘ਚੋਂ 70 ਫ਼ੀਸਦੀ ਯਾਦਗਾਰਾਂ ਰੱਖ-ਰਖਾਅ ਦੀ ਕਮੀ ਅਤੇ ਕਬਜ਼ਿਆਂ ਦੇ ਚਲਦਿਆਂ ਖੰਡਰਾਂ ‘ਚ ਤਬਦੀਲ ਹੋ ਚੁੱਕੀਆਂ ਹਨ।

ਇਹ ਜਾਣਕਾਰੀ ‘ਦ ਕੁਏਸਟ ਕੰਟੀਨਿਊਜ਼-ਲੌਸਟ ਹੈਰੀਟੇਜ, ਦ ਸਿੱਖ ਲੈਗੇਸੀ ਇਨ ਪਾਕਿਸਤਾਨ’ ਪੁਸਤਕ ਦੇ ਲੇਖਕ ਅਮਰਦੀਪ ਸਿੰਘ ਨੇ ਸਥਾਨਕ ਪਾਰਟੀਸ਼ਨ ਮਿਊਜ਼ੀਅਮ ਵਿਚ ਗੱਲਬਾਤ ਕਰਦਿਆਂ ਦਿੱਤੀ। ਇਸ ਮੌਕੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਪੁਨਰਜੋਤ ਸੰਸਥਾ ਦੇ ਡਾਇਰੈਕਟਰ ਡਾ: ਕੀਰਤ ਸੰਧੂ ਚੀਮਾ, ਸਪਰਿੰਗ ਡੇਲ ਸੁਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ, ਪਾਰਟੀਸ਼ਨ ਮਿਊਜ਼ੀਅਮ ਦੀ ਸੀ. ਈ. ਓ. ਤੇ ਹੋਰ ਪਤਵੰਤੇ ਵੀ ਮੌਜੂਦ ਸਨ। ਚੜ੍ਹਦੇ ਪੰਜਾਬ ਵਿਚ ਜਨਮੇ ਅਤੇ ਲੰਬੇ ਸਮੇਂ ਤੋਂ ਸਿੰਘਾਪੁਰ ਵਿਚ ਰਹਿ ਰਹੇ ਅਮਰਦੀਪ ਸਿੰਘ ਨੇ ਦੱਸਿਆ ਕਿ ਸਿੱਖ ਕੌਮ ਲਈ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਬਹੁਤ ਅਹਿਮੀਅਤ ਰੱਖਦੇ ਹਨ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਸਿੱਖ ਯਾਦਗਾਰਾਂ ਦੇ ਰੱਖ-ਰਖਾਅ ਅਤੇ ਉਨ੍ਹਾਂ ਨੂੰ ਨਵਿਆਉਣ ਲਈ ਤਿਆਰ ਹੈ, ਪਰ ਇਸ ਬਾਰੇ ਸਿੱਖ ਜਥੇਬੰਦੀਆਂ ਵਲੋਂ ਕੋਈ ਵਿਸ਼ੇਸ਼ ਦਿਲਚਸਪੀ ਨਾ ਵਿਖਾਏ ਜਾਣ ਕਾਰਨ ਇਹ ਕੰਮ ਹਾਲੇ ਨੇਪਰੇ ਨਹੀਂ ਚੜ੍ਹ ਰਿਹਾ। 1947 ਦੀ ਗੱਲ ਕਰਦਿਆਂ ਅਮਰਦੀਪ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਬੰਗਾਲ ਦੀ ਵੰਡ ਵਿਚ ਸਭ ਤੋਂ ਵਧੇਰੇ ਨੁਕਸਾਨ ਸਰਹੱਦ ਦੇ ਆਰ-ਪਾਰ ਬੈਠੇ ਸਿੱਖਾਂ, ਮੁਸਲਮਾਨਾਂ ਤੇ ਹਿੰਦੂਆਂ ਦਾ ਹੋਇਆ ਹੈ ਅਤੇ ਹੁਣ ਉਸ ਨੂੰ ਭੁਲਾ ਕੇ ਨਵੇਂ ਰਿਸ਼ਤਿਆਂ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ।

ਅਮਰਦੀਪ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੇ ਪਾਕਿਸਤਾਨ ਦੇ ਸੂਬਾ ਸਿੰਧ, ਬਲੋਚਿਸਤਾਨ, ਖ਼ੈਬਰ ਪਖਤੂਨਖਵਾ, ਪੰਜਾਬ ਤੇ ਪੀ.ਓ.ਕੇ. ਦੇ 126 ਦੇ ਕਰੀਬ ਵੱਖ-ਵੱਖ ਪਿੰਡਾਂ ਸ਼ਹਿਰਾਂ ‘ਚ ਖੋਜ ਭਰਪੂਰ ਜਾਣਕਾਰੀ ਇਕੱਠੀ ਕਰਕੇ ਇਹ ਕਿਤਾਬ ਲਿਖੀ ਹੈ। ਉਸ ਨੇ ਕਿਹਾ ਕਿ ਸਿੱਖ ਮਿਸਲਾਂ ਤੇ ਮਹਾਰਾਜਾ ਰਣਜੀਤ ਸਿੰਘ ਸਮੇਂ ਦੇ ਸਿੱਖ ਰਾਜ ਦਾ ਕੇਵਲ 20 ਫ਼ੀਸਦੀ ਹਿੱਸਾ ਹੀ ਇੱਧਰਲੇ ਪੰਜਾਬ ‘ਚ ਮੌਜੂਦ ਹੈ ਜਦੋਂਕਿ ਬਾਕੀ ਦਾ 80 ਫ਼ੀਸਦੀ ਹਿੱਸਾ ਲਹਿੰਦੇ ਪੰਜਾਬ ਅਤੇ ਪਾਕਿਸਤਾਨ ‘ਚ ਹੀ ਮੌਜੂਦ ਹੈ। ਉਨ੍ਹਾਂ ਦੱਸਿਆ ਕਿ 1947 ਦੀ ਵੰਡ ਤੋਂ ਫੌਰੀ ਬਾਅਦ ਸਿਰਫ਼ ਇਕ ਹੀ ਗੁਰਦੁਆਰਾ ਆਬਾਦ ਸੀ, ਜਦਕਿ ਹੁਣ ਦੋ ਦਰਜ਼ਨ ਦੇ ਕਰੀਬ ਗੁਰਦੁਆਰੇ ਸਿੱਖ ਸੰਗਤਾਂ ਲਈ ਖੁੱਲ੍ਹ ਗਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: