ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 7 ਜਨਵਰੀ ਨੂੰ ਮਾਨਸਾ ਵਿਖੇ ਕੀਤੇ ਜਾ ਰਹੇ ਕਰਜ਼ਾ ਮੁਆਫ਼ੀ ਸਮਾਗਮ ਨੂੰ ਡਰਾਮਾ ਕਰਾਰ ਦਿੰਦੇ ਹੋਏ, ਇਸ ਨੂੰ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਨਾਲ ਵਿਸ਼ਵਾਸਘਾਤ ਦੱਸਿਆ ਹੈ।
ਆਪ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ-ਖੇਤ ਮਜ਼ਦੂਰਾਂ ਨਾਲ ਸਮੁੱਚਾ ਕਰਜ਼ਾ ਮੁਆਫ਼ ਕਰਨ ਦਾ ਲਿਖਤ ਚੋਣ ਵਾਅਦਾ ਕੀਤਾ ਸੀ, ਪੰਜਾਬ ਦੀਆਂ ਕੰਧਾਂ, ਕਾਂਗਰਸ ਦਾ ਚੋਣ ਮੈਨੀਫੈਸਟੋ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਦਸਤਖਤਾਂ ਥੱਲੇ ਕਿਸਾਨਾਂ ਕੋਲੋਂ ਭਰਵਾਏ ਗਏ ਫਾਰਮ ਕੈਪਟਨ ਦੇ ਸੰਪੂਰਨ ਕਰਜ਼ਾ ਮੁਆਫ਼ੀ ਵਾਲੇ ਵਾਅਦੇ ਦੀ ਅੱਜ ਵੀ ਗਵਾਹੀ ਭਰਦੇ ਹਨ।
ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਵਾਅਦਿਆਂ ‘ਤੇ ਵਿਸ਼ਵਾਸ ਕਰਦੇ ਹੋਏ ਚੋਣਾਂ ‘ਚ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦਿੱਤਾ, ਪਰੰਤੂ ਸੱਤਾ ਸੰਭਾਲਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਬੇਰੁਜ਼ਗਾਰਾਂ ਅਤੇ ਹੋਰ ਵਰਗਾਂ ਸਮੇਤ ਕਿਸਾਨਾਂ-ਖੇਤ ਮਜ਼ਦੂਰਾਂ ਨਾਲ ਵੀ ਵਿਸ਼ਵਾਸਘਾਤ ਕੀਤਾ ਹੈ। ਸਮੁੱਚਾ ਕਰਜ਼ਾ ਮਾਫ਼ ਕਰਨ ਦੀ ਥਾਂ ਕਦੇ ਢਾਈ ਏਕੜ ਅਤੇ ਕਦੇ ਪੰਜ ਏਕੜ ਤੱਕ ਦੀਆਂ ਘੁਣਤਰਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਥੇ ਹੀ ਬਸ ਨਹੀਂ ਵਿਸ਼ਵਾਸਘਾਤ ਦੀਆਂ ਸਾਰੀਆਂ ਹੱਦਾਂ ਟੱਪਦੇ ਹੋਏ ਕਰਜਈ ਕਿਸਾਨਾਂ ਨੂੰ ਕਾਂਗਰਸੀ, ਅਕਾਲੀ ਅਤੇ ਆਪ ਦੇ ਨਾਂ ‘ਤੇ ਵੰਡਣ ਦੀ ਕੋਝੀ ਸਾਜ਼ਿਸ਼ ਰਚ ਦਿੱਤੀ।
ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਭਰ ‘ਚੋਂ ਇਹ ਸ਼ਿਕਾਇਤਾਂ ਆ ਰਹੀਆਂ ਹਨ ਕਿ ਸੱਤਾਧਾਰੀ ਆਪਣੀ ਤਾਕਤ ਦੀ ਦੁਰਵਰਤੋਂ ਕਰਦੇ ਹੋਏ ਸਿਰਫ਼ ਚਹੇਤੇ ਅਤੇ ਕਾਂਗਰਸੀ ਪਿਛੋਕੜ ਵਾਲੇ ਕਿਸਾਨਾਂ ਨੂੰ ਹੀ ਇਸ ਤੁੱਛ ਮਦਦ ਦਾ ਭਾਗੀਦਾਰ ਬਣਾਉਣ ‘ਤੇ ਤੁਲੇ ਹੋਏ ਹਨ, ਆਮ ਆਦਮੀ ਪਾਰਟੀ ਇਸ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦੀ ਹੈ। ਅਮਨ ਅਰੋੜਾ ਨੇ ਕਿਹਾ ਕਿ 7 ਜਨਵਰੀ ਨੂੰ ਉਨ੍ਹਾਂ ਸਮੇਤ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ, ਮਾਨਸਾ ਪਹੁੰਚ ਕੇ ਕੈਪਟਨ ਅਮਰਿੰਦਰ ਸਿੰਘ ਦੇ ‘ਡਰਾਮੇ’ ਦੀ ਪੋਲ ਖੋਲ੍ਹੇਗੀ ਅਤੇ ਜਵਾਬ ਮੰਗੇਗੀ ਕਿ ਜਦ ਸਮੁੱਚੇ ਕਰਜ਼ੇ ਉੱਪਰ ਲਕੀਰ ਮਾਰਨ ਦਾ ਵਾਅਦਾ ਕੀਤਾ ਗਿਆ ਸੀ ਤਾਂ ਸਰਕਾਰੀ ਖ਼ਜ਼ਾਨੇ ‘ਚ ਲੱਖਾਂ ਰੁਪਏ ਖ਼ਰਚ ਕੇ ਇਹ ਡਰਾਮਾ ਕਿਊ ਕੀਤਾ ਜਾ ਰਿਹਾ ਹੈ।
ਅਮਨ ਅਰੋੜਾ ਨੇ ਕਿਹਾ ਕਿ ਕਰਜ਼ੇ ਦੇ ਝੰਬੇ ਕਿਸਾਨਾਂ ਦੇ ਨਾਵਾਂ ਦੀਆਂ ਬੈਂਕਾਂ ਅਤੇ ਪਿੰਡਾਂ ਦੀਆਂ ਸੱਥਾਂ ‘ਚ ਲੱਗ ਰਹੀਆਂ ਸੂਚੀਆਂ ਕਰਜ਼ਦਾਰ ਪਰਿਵਾਰਾਂ ਦੀ ਸਮਾਜਿਕ ਇੱਜ਼ਤ ਰੋਲਣ ਦਾ ਕੰਮ ਕਰ ਰਹੀਆਂ ਹਨ। ਆਮ ਆਦਮੀ ਪਾਰਟੀ ਕੈਪਟਨ ਸਰਕਾਰ ਦੀ ਇਸ ਪਹੁੰਚ ਨਾਲ ਸਹਿਮਤ ਨਾ ਹੋ ਕੇ ਇਸ ਗੱਲ ਦੀ ਵਕਾਲਤ ਕਰਦੀ ਹੈ ਕਿ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਉੱਪਰ ਸੁਚੱਜੇ ਢੰਗ ਅਤੇ ਸਲੀਕੇ ਨਾਲ ਲਕੀਰ ਫੇਰੀ ਜਾਵੇ ਤਾਂ ਕਿ ਕਰਜ਼ਦਾਰ ਕਿਸਾਨ ਅਤੇ ਖੇਤ ਮਜ਼ਦੂਰ ਦੇ ਸਮਾਜਿਕ ਰੁਤਬੇ ਨੂੰ ਕੋਈ ਠੇਸ ਨਾ ਪਹੁੰਚੇ।