ਸਿੱਖ ਖਬਰਾਂ

ਜੱਥੇਦਾਰ ਨੰਦਗੜ੍ਹ ਖਿਲਾਫ ਕਾਰਵਾਈ ਲਈ ਸ਼੍ਰੋਮਣੀ ਕਮੇਟੀ ਨੇ ਮੁੱਢਲਾ ਖਾਕਾ ਕੀਤਾ ਤਿਆਰ

By ਸਿੱਖ ਸਿਆਸਤ ਬਿਊਰੋ

January 17, 2015

ਅੰਮਿ੍ਤਸਰ (16 ਜਨਵਰੀ, 2015): ਨਾਨਕਸ਼ਾਹੀ ਕੈਲੰਡਰ ਮੁੱਦੇ ‘ਤੇ ਦ੍ਰਿੜਤਾ ਨਾਲ ਖੜ੍ਹਨ ਵਾਲੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਸ੍ਰੀ ਅਕਾਲ ਤਖਤ ਸਾਹਿਬ ਨਾਲ ਵਖਰੇਵਾਂ ਰੱਖਦਿਆਂ ਧੜਾ ਬਣਾਕੇ ਪੰਥਕ ਸਫਾ ਵਿੱਚ ਵਿਵਾਦ ਪੈਦਾ ਕਰਨ ਦੇ ਦੋਸ਼ਾਂ ਅਧੀਨ ਅਹੁਦੇ ਤੋਂ ਫਾਰਗ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ 17 ਜਨਵਰੀ ਨੂੰ ਫਤਹਿਗੜ੍ਹ ਸਾਹਿਬ ਵਿਖੇ ਹੋ ਰਹੀ ਅੰਤਿਰਗ ਕਮੇਟੀ ਦੀ ਬੈਠਕ ਦੌਰਾਨ ਫੈਸਲਾ ਲੈਣ ਹਿਤ ਖਾਕਾ ਤਿਆਰ ਕਰ ਲਏ ਜਾਣ ਦੀ ਸੂਚਨਾ ਹੈ।

ਤਖਤ ਸ੍ਰੀ ਦਮਦਮਾ ਸਾਹਿਬ ਦੇ ਨਵੇਂ ਜਥੇਦਾਰ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਸੁਖਜਿੰਦਰ ਸਿੰਘ ਦਾ ਨਾਂਅ ਪ੍ਰਮੁੱਖਤਾ ਨਾਲ ਚਰਚਾ ‘ਚ ਹੈ ।

ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਕੱਲ੍ਹ ਹੋਣ ਵਾਲੀ ਸ਼੍ਰੋਮਣੀ ਕਮੇਟੀ ਦੀ ਅੰਤਿ੍ੰਗ ਬੈਠਕ ‘ਚ ਵਿਚਾਰੇ ਜਾਣ ਵਾਲੇ ਮਾਮਲਿਆਂ ਦੇ ਏਜੰਡੇ ‘ਚ ਭਾਵੇਂ ਉਕਤ ਮੁੱਦਾ ਨਹੀਂ ਹੈ ਪਰ ਇਸ ਮਹੱਤਵਪੂਰਨ ਮਾਮਲੇ ਨੂੰ ਮੌਕੇ ‘ਤੇ ਪੇਸ਼ ਕਰਨ ਸਬੰਧੀ ਸਭ ਯੋਜਨਾਵਾਂ ਅਗਾਊਾ ਉਲੀਕ ਲਈਆਂ ਗਈਆਂ ਹਨ ।

ਇਸ ਮੌਕੇ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ 150 ਤੋਂ ਵਧੇਰੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਹਸਤਾਖਰਾਂ ਵਾਲੀ ਚਿੱਠੀ ਦਾ ਹਵਾਲਾ ਦੇ ਕੇ ਗੈਰ ਰਸਮੀ ਤੌਰ ‘ਤੇ ‘ਹਾਊਸ’ ਦੀ ਰਜ਼ਾਮੰਦੀ ਵਜੋਂ ਪੇਸ਼ ਕੀਤਾ ਜਾਵੇਗਾ। ਬੇਸ਼ੱਕ ਇਸ ਸਬੰਧੀ ਸਮੂਹ ਹਦਾਇਤਾਂ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਨ ਵੱਲੋਂ ਹੀ ਜਾਰੀ ਕੀਤੇ ਜਾਣ ਦੀ ਚਰਚਾ ਹੈ ਪਰ ਕਾਰਵਾਈ ਨੂੰ ਅਮਲ ਰਵਾਇਤੀ ਤਰੀਕੇ ਨਾਲ ਹੀ ਦਿੱਤਾ ਜਾਵੇਗਾ।

ਕਾਰਜਕਾਰਨੀ ਦੀ ਬੈਠਕ ਦੌਰਾਨ ਭਾਵੇਂ ਨਾਨਕਸ਼ਾਹੀ ਕੈਲੰਡਰ ਦੇ ਹਾਮੀ ਮੰਨੇ ਜਾਂਦੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ: ਸੁਖਦੇਵ ਸਿੰਘ ਭੌਰ, ਮੈਂਬਰ ਸ: ਕਰਨੈਲ ਸਿੰਘ ਪੰਜੌਲੀ ਤੇ ਬੀਬੀ ਰਵਿੰਦਰ ਕੌਰ ਹਰਿਆਣਾ ਵੱਲੋਂ ਰਸਮੀ ਤੌਰ ‘ਤੇ ਜਥੇਦਾਰ ਨੰਦਗੜ੍ਹ ਦੀ ਸਿੱਧੀ ਸੇਵਾ ਮੁਕਤੀ ਦਾ ਵਿਰੋਧ ਕੀਤੇ ਜਾਣ ਦੀ ਸੰਭਾਵਨਾ ਹੈ ਪਰ ਸੂਤਰਾਂ ਅਨੁਸਾਰ ਬਾਕੀ ਸਭ ਦੀ ਇਕ ਰਾਇ ਬਣਨ ਉਪਰੰਤ ਕਿਸੇ ਉਲਝਣ ਦੀ ਕਿਆਸਅਰਾਈ ਨਹੀਂ ਕੀਤੀ ਜਾ ਰਹੀ।

ਸਮੁੱਚੇ ਘਟਨਾਕ੍ਰਮ ਦੌਰਾਨ ਜੇਕਰ ਜਥੇਦਾਰ ਨੰਦਗੜ੍ਹ ਦੀ ਸੇਵਾ ਮੁਕਤੀ ਯਕੀਨੀ ਹੋ ਜਾਂਦੀ ਹੈ ਤਾਂ ਇਸ ਨਾਲ ਜਿਥੇ ਸੰਤ ਸਮਾਜ ਵੱਲੋਂ ਨਾਨਕਸ਼ਾਹੀ ਕੈਲੰਡਰ ਰੱਦ ਕਰਵਾਉਣ ਸਬੰਧੀ ਜਾਰੀ ਚਾਰਾਜੋਈ ਨੂੰ ਬਲ ਮਿਲਣ ਦੀ ਸੰਭਾਵਨਾ ਹੈ ਉਥੇ ਮੂਲ ਨਾਨਕਸ਼ਾਹੀ ਕੈਲੰਡਰ ਦੀਆਂ ਹਮਾਇਤੀ ਸਿੱਖ ਜਥੇਬੰਦੀਆਂ ਵੱਲੋਂ ਵੀ ਰੋਸ ਵਖਾਏ ਕਰਨ ਦੇ ਨਾਲ ਅਦਾਲਤੀ ਰਾਹ ਵੀ ਅਖਤਿਆਰ ਕੀਤਾ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਜੱਥੇਦਾਰ ਨੰਦਗੜ੍ਹ ਸੰਤ ਸਮਾਜ ਵੱਲੋਂ ਪ੍ਰਸਤਾਵਿਤ ਬਿਕ੍ਰਮੀ ਕੈਲੰਡਰ ਲਾਗੂ ਕਰਨ ਦੇ ਰਾਹ ਵਿੱਚ ਸਭ ਤੋਂ ਵੱਡਾ ਅੜਿੱਕਾ ਹਨ ਅਤੇ ਉਨ੍ਹਾਂ ਨੂੰ ਹਟਾਉਣ ਲਈ ਹੁਣ ਸ਼ੋਮਣੀ ਕਮੇਟੀ ਵੱਲੋਂ “ਸ੍ਰੀ ਅਕਾਲ ਤਖਤ ਸਾਹਿਬ” ਤੋਂ ਵਖਰੇਵਿਆਂ ਦਾ ਮੁੱਦਾ ਬਣਾ ਕੇ ਇਹ ਕਾਰਵਾਈ ਕੀਤੀ ਜਾ ਰਹੀ ਹੈ। ਅਸਲ ਕਾਰਣ ਤਾਂ ਨਾਨਕਸ਼ਾਹੀ ਕੈਲੰਡਰ ਨੂੰ ਮੁੱਢੋਂ ਰੱਦ ਕਰਕੇ ਸੰਤਸਮਾਜੀ ਹਿੰਦੂਤਵੀ ਬਿਕ੍ਰਮੀ ਕੈਲੰਡਰ ਨੂੰ ਲਾਗੂ ਕਰਨਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: