ਬਠਿੰਡਾ: ਅਕਾਲੀ ਦਲ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ।ਆਏ ਦਿਨ ਲੋਕ ਰੋਹ ਵੱਖੋ ਵੱਖੋ ਤਰੀਕਿਆਂ ਨਾਲ ਆਪਣਾ ਪ੍ਰਗਟਾਵਾ ਕਰ ਰਿਹਾ ਹੈ।ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਰਨ ਅਕਾਲੀ ਆਗੂ ਲੋਕਾਂ ਵਿੱਚ ਜਾਣ ਤੋਂ ਘਬਰਾ ਰਹੇ ਹਨ ਉੱਥੇ ਹੀ ਕਿਸਾਨ ਜਥੇਬੰਦੀਆਂ ਦੇ ਵਿਰੋਧ ਦਾ ਵੀ ਅਕਾਲੀ ਆਗੂਆਂ ਨੂੰ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੰਤ ਫਤਿਹ ਸਿੰਘ ਦੀ 43ਵੀਂ ਬਰਸੀ ਤੇ ਬਠਿੰਡਾ ਜਿਲ੍ਹੇ ਦੇ ਪਿੰਡ ਬਡਿਆਲਾ ਵਿਖੇ ਰੱਖੇ ਗਏ ਸਮਾਗਮ ਦੌਰਾਨ ਅਕਾਲੀ ਆਗੂ ਨੂੰ ਕਿਸਾਨ ਜਥੇਬੰਦੀਆਂ ਦੇ ਵਿਰੋਧ ਕਾਰਨ ਸਟੇਜ ਵਿਚਾਲੇ ਹੀ ਛੱਡਣੀ ਪਈ। ਚੱਲ ਰਹੇ ਸਮਾਗਮ ਵਿੱਚ ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ, ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਅਤੇ ਪੰਜਾਬ ਕੈਬਿਨਿਟ ਦੇ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਭਾਸ਼ਣ ਤੋਂ ਬਾਅਦ ਜਦੋਂ ਮੁੱਖ ਮਹਿਮਾਨ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੁੰਦੜ ਨੇ ਬੋਲਣਾ ਸ਼ੁਰੂ ਕੀਤਾ ਤਾਂ ਪੰਡਾਲ ਦੇ ਬਾਹਰੋਂ ਕਿਸਾਨਾ ਵੱਲੋਂ ਨਾਅਰੇਬਾਜੀ ਸ਼ੁਰੂ ਕਰ ਦਿੱਤੀ ਗਈ ਅਤੇ ਕਾਲੇ ਝੰਡਿਆਂ ਨਾਲ ਰੋਸ ਦਾ ਪ੍ਰਗਟਾਵਾ ਕੀਤਾ ਗਿਆ।ਪਰ ਅਕਾਲੀ ਆਗੂਆਂ ਲਈ ਹਾਲਾਤ ਉਦੋਂ ਹੋਰ ਕਸੂਤੇ ਬਣ ਗਏ ਜਦੋਂ ਪੰਡਾਲ ਵਿੱਚ ਬੈਠੇ ਵੱਡੀ ਗਿਣਤੀ ਵਿੱਚ ਲੋਕ ਵੀ ਪ੍ਰਦਰਸ਼ਨ ਕਰ ਰਹੇ ਕਿਸਾਨਾ ਨਾਲ ਜਾ ਜੁੜੇ।ਇਸ ਤੋਂ ਬਾਅਦ ਭੁੰਦੜ ਨੂੰ ਆਪਣੀ ਤਕਰੀਰ ਬੰਦ ਕਰਨੀ ਪਈ। ਕਿਸਾਨਾ ਦੇ ਇਸ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਪੇਂਡੂ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਹਿੱਸਾ ਲਿਆ।ਪੰਡਾਲ ਦੇ ਬਾਹਰ ਬੈਟਰੀ ਵਾਲੇ ਮਾਈਕ ਤੇ ਕਿਸਾਨ ਆਗੂ ਹਰਵਿੰਦਰ ਕੌਰ ਅਤੇ ਬਸੰਤ ਸਿੰਘ ਨੇ ਤਕਰੀਰਾਂ ਕੀਤੀਆਂ। ਕਿਸਾਨਾ ਵੱਲੋਂ ਬਾਸਮਤੀ ਦੇ ਘੱਟ ਮੁੱਲ, ਨਰਮੇ ਦੇ ਨੁਕਸਾਨ ਦੀ ਅਦਾਇਗੀ ਅਤੇ 12 ਅਕਤੂਬਰ ਨੂੰ ਕਿਸਾਨ ਸੰਘਰਸ਼ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੇ ਭਰੋਸੇ ਤੇ ਅਮਲ ਨਾ ਕੀਤੇ ਜਾਣ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।