ਆਮ ਖਬਰਾਂ

ਸੂਫ਼ੀ ਮਤ ਦੇ ਸੰਗਠਨ ਨੇ ਮੋਦੀ ਨੂੰ ਭਾਰਤ ਵਿਚ ਕੱਟੜਪੰਥੀ ਵਿਚਾਰਧਾਰਾ ਫੈਲਾਉਣ ਵਾਲੀਆਂ ਗਲਤੀਆਂ ਨੂੰ ਦਰੁਸਤ ਕਰਨ ਦੀ ਅਪੀਲ ਕੀਤੀ

By ਸਿੱਖ ਸਿਆਸਤ ਬਿਊਰੋ

March 21, 2016

ਨਵੀਂ ਦਿੱਲੀ (20 ਮਾਰਚ, 2016): ਆਲ ਇੰਡੀਆ ਉਲਾਮਾ ਅਤੇ ਮਸ਼ੈਖ ਬੋਰਡ (ਏ. ਆਈ. ਯੂ. ਐਮ. ਬੀ.) ਸੰਗਠਨ ਮੁਤਾਬਕ ਮੁਸਲਮਾਨਾਂ ਵਿਚ ਦੰਗਿਆਂ ਕਾਰਨ ਡਰ ਦੀ ਭਾਵਨਾ ਪਾਈ ਜਾ ਰਹੀ ਹੈ ।ਇਥੇ ਚਾਰ ਦਿਨਾ ਚੱਲੇ ਪਹਿਲੇ ਵਿਸ਼ਵ ਸੂਫ਼ੀ ਸੰਮੇਲਨ ਦੀ ਸਮਾਪਤੀ ਮੌਕੇ ਰਾਮ ਲੀਲਾ ਮੈਦਾਨ ਵਿਖੇ ਇਕ ਵੱਡੇ ਇਕੱਠ ਵਿਚ 25 ਸੂਤਰੀ ਐਲਾਨਨਾਮੇ ਵਿਚ ਸੁਫ਼ੀ ਸੰਗਠਨ ਨੇ ਕਿਹਾ ਕਿ ਸਰਕਾਰ ਨੂੰ ਇਹ ਡਰ ਖਤਮ ਕਰਨਾ ਚਾਹੀਦਾ ਹੈ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦੱਸਣਾ ਚਾਹੀਦਾ ਹੈ ਕਿ ਦੇਸ਼ ਦੇ ਵੱਖ ਵੱਖ ਭਾਗਾਂ ਵਿਚ ਛੋਟੀਆਂ ਜਾਂ ਵੱਡੀਆਂ ਵਾਪਰੀਆਂ ਫਿਰਕੂ ਘਟਨਾਵਾਂ ਅਤੇ ਦੰਗਿਆਂ ਦੇ ਸਬੰਧ ਵਿਚ ਕੀ ਕਦਮ ਚੁੱਕੇ ਗਏ ਹਨ ।

ਸੂਫ਼ੀ ਮਤ ਦੀ ਪ੍ਰਤੀਨਿਧਤਾ ਕਰਦੇ ਇਕ ਮੁਸਲਿਮ ਸੰਗਠਨ ਨੇ ਸਰਕਾਰ ਨੂੰ ਮੁਸਲਮਾਨਾਂ ਵਿਚ ਦੰਗਿਆਂ ਦੇ ਡਰ ਨੂੰ ਦੂਰ ਕਰਨ ਲਈ ਕਿਹਾ ਹੈ ਅਤੇ ਇਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਵਿਚ ਇਨ੍ਹਾਂ ਇਤਿਹਾਸਕ ਗਲਤੀਆਂ ਨੂੰ ਦਰੁਸਤ ਕਰਨ ਦੀ ਅਪੀਲ ਕੀਤੀ ਕਿ ਜਿਸ ਨਾਲ ਕੱਟੜਪੰਥੀ ਵਿਚਾਰਧਾਰਾ ਦਾ ਵਰਤਾਰਾ ਫੈਲਿਆ ਜਿਹੜਾ ਭਾਈਚਾਰੇ ਲਈ ਖਤਰਾ ਪੈਦਾ ਕਰ ਰਿਹਾ ਹੈ ।

ਇਕੱਠ ਨੂੰ ਸੰਬੋਧਨ ਕਰਦਿਆਂ ਸੰਗਠਨ ਦੇ ਪ੍ਰਧਾਨ ਸਈਦ ਮੁਹੰਮਦ ਅਸ਼ਰਫ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਤਿਹਾਸਕ ਗਲਤੀਆਂ ਨੂੰ ਦਰੁਸਤ ਕਰਨ ਅਤੇ ਸੂਫ਼ੀ ਮਤ ਦੀ ਥਾਂ ਅੱਤਵਾਦੀ ਵਿਚਾਰਧਾਰਾਵਾਂ ਦੇ ਵਧ ਰਹੇ ਰੁਝਾਨ ਨੂੰ ਰੋਕਣ ਲਈ ਉਪਾਵਾਂ ਦੀ ਸ਼ੁਰੂਆਤ ਕਰਨ ਸਮੇਤ ਭਾਈਚਾਰੇ ਦੀਆਂ ਮੰਗਾਂ ਵੱਲ ਧਿਆਨ ਦੇਣ ਲਈ ਕਿਹਾ ਹੈ ।

ਸ੍ਰੀ ਅਸ਼ਰਫ ਨੇ ਇਸ ਗੱਲ ‘ਤੇ ਚਿੰਤਾ ਪ੍ਰਗਟ ਕੀਤੀ ਕਿ ਭਾਰਤ ਵਿਚ ਸੂਫ਼ੀ ਮਤ ਨੂੰ ਕਮਜ਼ੋਰ ਕਰਨ ਅਤੇ ਇਸ ਦੀ ਥਾਂ ਕੱਟੜਪੰਥੀ ਤੇ ਗਰਮਖਿਆਲ ਵਿਚਾਰਾਧਾਰਾਵਾਂ ਲਿਆਉਣ ਦੇ ਠੋਸ ਯਤਨ ਕੀਤੇ ਗਏ ਹਨ ਅਤੇ ਉਨ੍ਹਾਂ ਇਸ ਰੁਝਾਨ ਨੂੰ ਰੋਕਣ ਲਈ ਸਰਕਾਰ ਦੇ ਦਖਲ ਦੀ ਮੰਗ ਕੀਤੀ ।

ਉਨ੍ਹਾਂ ਕਿਹਾ ਕਿ ਇਹ ਵਰਤਾਰਾ ਕੇਵਲ ਮੁਸਲਮਾਨਾਂ ਲਈ ਹੀ ਨਹੀਂ ਸਗੋਂ ਭਾਰਤ ਲਈ ਵੀ ਖਤਰਨਾਕ ਹੈ ।ਅਸੀਂ ਪ੍ਰਧਾਨ ਮੰਤਰੀ ਨੂੰ ਇਨ੍ਹਾਂ ਇਤਿਹਾਸਕ ਗਲਤੀਆਂ ਨੂੰ ਠੀਕ ਕਰਨ ਦੀ ਅਪੀਲ ਕਰਦੇ ਹਾਂ ।ਚਾਰ ਦਿਨਾਂ ਵਿਸ਼ਵ ਸੂਫ਼ੀ ਸੰਮੇਲਨ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ ਅਤੇ ਇਸ ਵਿਚ 22 ਦੇਸ਼ਾਂ ਦੇ ਵਫਦਾਂ ਨੇ ਹਿੱਸਾ ਲਿਆ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: