ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਏਅਰ ਇੰਡੀਆ ਵੱਲੋਂ ਅੱਜ (23 ਦਸੰਬਰ, 2017) ਅੰਮਿਤਸਰ ਅਤੇ ਹਜ਼ੂਰ ਸਾਹਿਬ, ਨਾਂਦੇੜ ਵਿਚਕਾਰ ਹਵਾਈ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਹੋਏ ਇਕ ਸਾਦਾ ਸਮਾਗਮ ਦੌਰਾਨ ਦਰਬਾਰ ਸਾਹਿਬ ਦੇ ਮੁੱਖ ਗੰ੍ਰਥੀ ਗਿਆਨੀ ਜਗਤਾਰ ਸਿੰਘ, ਅੰਤ੍ਰਿੰਗ ਕਮੇਟੀ ਮੈਂਬਰ ਗੁਰਮੀਤ ਸਿੰਘ ਬੂਹ ਤੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ਼੍ਰੋਮਣੀ ਕਮੇਟੀ ਮੈਂਬਰ ਰਾਜਿੰਦਰ ਸਿੰਘ ਮਹਿਤਾ, ਮੁੱਖ ਸਕੱਤਰ ਡਾ. ਰੂਪ ਸਿੰਘ, ਨਿੱਜੀ ਸਹਾਇਕ ਜਗਜੀਤ ਸਿੰਘ ਜੱਗੀ, ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਐਡੀਸ਼ਨਲ ਮੈਨੇਜਰ ਸੁਖਬੀਰ ਸਿੰਘ ਅਤੇ ਸਹਾਇਕ ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ ਦਰਬਾਰ ਸਾਹਿਬ ਅਤੇ ਏਅਰ ਇੰਡੀਆ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਭਾਈ ਸੁਲਤਾਨ ਸਿੰਘ ਨੇ ਅਰਦਾਸ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਇਹ ਹਵਾਈ ਸੇਵਾ ਸ਼ੁਰੂ ਹੋਣ ਨਾਲ ਹਜ਼ੂਰ ਸਾਹਿਬ ਜਾਣ ਵਾਲੀਆਂ ਸੰਗਤਾਂ ਦੇ ਸਮੇਂ ਦੀ ਬਚਤ ਹੋਵੇਗੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਵਲੋਂ ਇਸ ਮੌਕੇ ਮੰਗ ਕੀਤੀ ਗਈ ਕਿ ਸੰਗਤਾਂ ਦੀ ਮੰਗ ਨੂੰ ਦੇਖਦਿਆਂ ਅੰਮ੍ਰਿਤਸਰ ਤੋਂ ਤਖ਼ਤ ਪਟਨਾ ਸਾਹਿਬ ਲਈ ਅਤੇ ਹਜ਼ੂਰ ਸਾਹਿਬ ਤੋਂ ਤਖ਼ਤ ਪਟਨਾ ਸਾਹਿਬ ਲਈ ਵੀ ਹਵਾਈ ਸੇਵਾਵਾਂ ਦੀ ਸ਼ੁਰੂਆਤ ਕੀਤੀ ਜਾਵੇ। ਇਸ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਏਅਰ ਇੰਡੀਆ ਦੇ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ।