ਆਮ ਖਬਰਾਂ

ਸੌਦਾ ਸਾਧ ਦੀ ਫਿਲਮ ਨੂੰ ਪਾਸ ਕਰਨ ਵਿਰੁੱਧ ਅਤੇ ਸੈਂਸਰ ਬੋਰਡ ਦੀ ਮੁਖੀ ਦੀ ਹਮਾਇਤ ‘ਚ ਮੈਂਬਰਾਂ ਨੇ ਵੀ ਦਿੱਤੇ ਅਸਤੀਫੇ

By ਸਿੱਖ ਸਿਆਸਤ ਬਿਊਰੋ

January 17, 2015

ਨਵੀਂ ਦਿੱਲੀ ( 17 ਜਨਵਰੀ, 2015): ਸਿਰਸਾ ਦੇ ਡੇਰਾ ਸੌਦਾ ਦੀ ਵਿਵਾਦਤ ਫਿਲਮ ਦਾ ਚਾਰ-ਚੁਫੇਰਿਉਂ ਵਿਰੋਧ ਹੋ ਰਿਹਾ ਹੈ ਅਤੇ ਫਿਲਮ ਨੂੰ ਨਜ਼ਰਸ਼ਾਨੀ ਬੋਰਡ ਵੱਲੋਂ ਮਨਜ਼ੂਰੀ ਦਿੱਤੇ ਜਾਣ ਦੇ ਰੋਸ ਵਜੋੰ ਸੈਂਸਰ ਬੋਰਡ ਦੇ ਮੈਂਬਰਾਂ ਨੇ ਫਿਲਮ ਵਿਰੁੱਧ ਬਗਾਵਤ ਕਰ ਦਿੱਤੀ ਹੈ।

ਸੌਦਾ ਸਾਧ ਗੁਰਮੀਤ ਰਾਮ ਰਹੀਮ ਦੀ ਫਿਲਮ ‘ਮੈਸੇਂਜਰ ਆਫ ਗੌਡ’ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਵਿਰੋਧ ‘ਚ ਸੈਂਸਰ ਬੋਰਡ ਦੀ ਚੇਅਰਪਰਸਨ ਲੀਲਾ ਸੈਮਸਨ ਦੇ ਅਸਤੀਫੇ ਤੋਂ ਬਾਅਦ 8 ਹੋਰ ਮੈਂਬਰਾਂ ਨੇ ਅਸਤੀਫਾ ਦੇ ਦਿੱਤਾ ਹੈ। ਸੈਂਸਰ ਬੋਰਡ ਦੇ ਮੈਂਬਰਾਂ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ।

ਅਸਤੀਫਾ ਦੇਣ ਵਾਲੇ ਮੈਂਬਰ ਈਰਾ ਭਾਸਕਰ, ਲੋਰਾ ਪ੍ਰਭੂ, ਪੰਕਜ ਸ਼ਰਮਾ, ਰਾਜੀਵ ਮਸੰਦ, ਸ਼ੇਖਬਾਬੂ, ਕਾਜੀ ਕਰੁਣ, ਸ਼ੁਰਭਾ ਗੁਪਤਾ ਅਤੇ ਟੀ. ਜੀ. ਥਾਯਗਰਾਜਨ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਲੀਲਾ ਸੈਮਸਨ ਦੇ ਸਮਰਥਨ ‘ਚ ਅਸਤੀਫਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਬੋਰਡ ‘ਚ ਪ੍ਰਧਾਨ ਹੀ ਨਹੀਂ ਤਾਂ ਫਿਰ ਬੋਰਡ ਦਾ ਕੀ ਮਤਲਬ ਹੈ?

ਜ਼ਿਕਰਯੋਗ ਹੈ ਕਿ ਵਿਵਾਦਪੂਰਨ ਫਿਲਮ ‘ਮੈਸੇਂਜਰ ਆਫ ਗੌਡ’ (ਐਮ. ਐਸ. ਜੀ.) ਨੂੰ ਫਿਲਮ ਟ੍ਰਿਬਿਊਨਲ ਸੰਬੰਧੀ ਪ੍ਰਮਾਣ ਪੱਤਰ (ਐਫ. ਸੀ. ਏ. ਟੀ.) ਨੇ ਪ੍ਰਦਰਸ਼ਨ ਲਈ ਹਰੀ ਝੰਡੀ ਦੇ ਦਿੱਤੀ ਹੈ ਜਦੋਂ ਕਿ ਸੈਂਸਰ ਬੋਰਡ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਸੀ।

ਫਿਲਮ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਬੋਰਡ ਦੇ ਚੇਅਰਪਰਸਨ ਲੀਲਾ ਸੈਮਸਨ ਨੇ ਅਸਤੀਫਾ ਦੇਣ ਦਾ ਫੈਸਲਾ ਲਿਆ ਸੀ। ਲੀਲਾ ਨੇ ਪੈਨਲ ਦੇ ਮੈਂਬਰਾਂ ਅਤੇ ਸੰਸਥਾ ਦੇ ਅਧਿਕਾਰੀਆਂ ਦੇ ਭ੍ਰਿਸ਼ਟਾਚਾਰ ਨੂੰ ਅਸਤੀਫੇ ਦਾ ਮੁੱਖ ਕਾਰਨ ਦੱਸਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸੈਂਸਰ ਬੋਰਡ ਦਾ ਮਜ਼ਾਕ ਬਣਾ ਦਿੱਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: