ਪੁਰਾਣੀ ਤਸਵੀਰ: ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਤੋਂ ਬਾਅਦ ਸੰਗਤਾਂ ਸ਼ਾਂਤਮਈ ਰੋਸ ਪ੍ਰਗਟ ਕਰਦੀਆਂ ਹੋਈਆਂ (2015)

ਲੇਖ

ਪਿੰਡ ਜਵਾਹਰ ਸਿੰਘ ਵਾਲਾ ਘਟਨਾ ਤੋਂ ਇਕ ਸਾਲ ਬਾਅਦ …

By ਸਿੱਖ ਸਿਆਸਤ ਬਿਊਰੋ

June 01, 2016

– ਸ਼ਿਵਜੀਤ ਸਿੰਘ

ਅੱਜ ਪੂਰਾ ਸਾਲ ਬੀਤ ਗਿਆ ਹੈ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਤੋਂ ਸਰੂਪ ਚੋਰੀ ਹੋਏ ਨੂੰ… ਜਿਸ ਦਿਨ ਇਹ ਘਟਨਾ ਵਾਪਰੀ ਸੀ ਬਹੁਤ ਸਾਰੀਆਂ ਜੱਥੇਬੰਦੀਆਂ ਅਤੇ ਪ੍ਰਚਾਰਕਾਂ ਨੇ ਇਸ ਸੰਬੰਧੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਯੋਗ ਬਣਦੀ ਕਾਰਵਾਈ ਲਈ ਤਰਲੇ ਪਾਏ ਸਨ।

ਢਿੱਲੀ ਕਾਰਵਾਈ ‘ਤੇ ਜਦੋਂ ਜੱਥੇਬੰਦੀਆਂ ਨੇ ਰੋਸ ਪ੍ਰਗਟਾਇਆ ਤਾਂ ਪਿੰਡ ਦੀ ਪ੍ਰਚਾਇਤ ਤੋਂ ਇਹ ਬਿਆਨ ਦਵਾ ਦਿੱਤੇ ਗਏ ਕਿ ਇਹ ਸਾਡੇ ਪਿੰਡ ਦਾ ਮਸਲਾ ਹੈ ਤੇ ਜੱਥੇਬੰਦੀਆਂ ਪਿੰਡ ਦਾ ਮਾਹੌਲ ਖ਼ਰਾਬ ਕਰਵਾ ਰਹੀਆਂ ਹਨ ਪਰ ਮਾਮਲੇ ਦੀ ਗੰਭੀਰਤਾ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਜਿਸਦਾ ਗੰਭਿਰ ਸਿੱਟਾ ਸਤੰਬਰ ਅਕਤੂਬਰ 2015 ਦੀਆਂ ਘਟਨਾਵਾਂ ਵਿੱਚ ਭੁਗਤਣਾ ਪਿਆ। ਦੋ ਅਨਮੋਲ ਜਿੰਦਾਂ ‘ਅਣਪਛਾਤੇ ਪੁਲਸੀਆਂ’ ਦੀਆਂ ਗੋਲੀਆਂ ਦਾ ਸ਼ਿਕਾਰ ਹੋਈਆਂ ਤੇ ਦਸ ਦਿਨ ਤੱਕ ਪੰਜਾਬ ਜਾਮ ਹੋਇਆ ਰਿਹਾ।

ਸਰਕਾਰੀ ਪ੍ਰਸ਼ਾਸਨ ਨੇ ਜਾਂਚ ਦੇ ਨਾਮ ‘ਤੇ ਸਿਰਫ ਛਿੱਟੇ ਹੀ ਮਾਰੇ ਹਨ ਤੇ ਹੁਣ ਤੱਕ ਕੋਈ ਵੀ ਅਜਿਹੀ ਕਾਰਵਾਈ ਨਹੀਂ ਕੀਤੀ ਜੋ ਇਸ ਮਾਮਲੇ ਵਿੱਚ ਸੁਹਿਰਦਤਾ ਦਾ ਪ੍ਰਗਟਾਵਾ ਕਰੇ। ਸੂਹੀਆ ਏਜੰਸੀਆਂ ਇੰਗਲੈੰਡ-ਕਨੇਡੇ ਚੱਲਦੇ ਅੱਤਵਾਦੀ ਕੈਂਪ ਪਤਾ ਨੀ ਕਿਸ ਐਨਕ ਰਾਹੀਂ ਵੇਖ ਲੈਂਦੀਆਂ ਹਨ ਜਦਕਿ ਗੁਰੂ ਸਾਹਿਬ ਦੇ ਚੋਰੀ ਸਰੂਪ ਤੇ ਦੋਸ਼ੀ ਅਤੇ ‘ਅਣਪਛਾਤੇ ਪੁਲਸੀਏ’ ਹਾਲੇ ਤੱਕ ਨੀ ਦਿਸ ਰਹੇ।

ਬੁਰਜ ਜਵਾਹਰ ਸਿੰਘ ਵਾਲੇ ਦਾ ਸਰੂਪ, ਬਰਗਾੜੀ ਵਾਲਾ ਸਰੂਪ, ਗੁਰੂਸਰ ਜਲਾਲ ਵਾਲਾ ਸਰੂਪ ਅਜੇ ਤੱਕ ਵੀ ਸ਼ਰਾਰਤੀ ਅਨਸਰਾਂ ਦੇ ਕੋਲ ਹਨ ਅਤੇ ਇਹਨਾਂ ਦੀ ਕੋਈ ਵੀ ਸ਼ਨਾਖਤ ਜਾਂ ਬਰਾਮਦਗੀ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਸੁਹਿਰਦ ਯਤਨ ਦਿਖਾਈ ਦੇ ਰਹੇ ਹਨ। ਜਦੋਂ ਤੱਕ ਇਹ ਸਰੂਪ ਬਰਾਮਦ ਨਹੀਂ ਹੁੰਦੇ ਉਦੋਂ ਤੱਕ ਪੰਜਾਬ ਵਿੱਚ ਸ਼ਾਂਤੀ ਤੇ ਅਮਨ ਕਾਨੂੰਨ ਦੇ ਸਥਿਤੀ ਦੀ ਹਾਲਤ ਸਬੰਧੀ ਦਾਅਵੇ ਪੇਸ਼ ਨਹੀਂ ਕੀਤੇ ਜਾ ਸਕਦੇ।

ਪੰਜਾਬ ਅਜੇ ਵੀ ਅੱਗ ਦੇ ਭਾਂਬੜ ‘ਤੇ ਬੈਠਾ ਹੈ, ਪ੍ਰਸ਼ਾਸਨ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਅਤੇ ਇਸ ਮਸਲੇ ਨੂੰ ਸੁਹਿਰਦਤਾ ਨਾਲ ਲੈਣਾ ਚਾਹੀਦਾ ਹੈ।

ਉਕਤ ਲਿਖਤ ਮੂਲ ਰੂਪ ਵਿਚ ‘ਸ਼ਿਵਜੀਤ ਸਿੰਘ ਸੰਘਾ’ ਵੱਲੋਂ ਫੇਸਬੁੱਕ ਉੱਤੇ ਸਾਂਝੀ ਕੀਤੀ ਗਈ ਸੀ। ਅਸੀਂ ਇਸ ਲਿਖਤ ਨੂੰ ਇਥੇ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਮੁੜ ਛਾਪਿਆ ਹੈ। ਅਸੀਂ ਲੇਖਕ ਦੇ ਧੰਨਵਾਦੀ ਹਾਂ: ਸੰਪਾਦਕ, ਸਿੱਖ ਸਿਆਸਤ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: