ਸਿਆਸੀ ਖਬਰਾਂ

ਹੁੱਡਾ ਨਾਲ ਮੁਲਾਕਾਤ ਤੋਂ ਬਾਅਦ ਹਰਿਆਣਾ ਕਮੇਟੀ ਆਗੂਆਂ ਨੇ ਕਿਹਾ ਕਿ “ਨਹੀਂ ਲੈਣਗੇ ਜ਼ਬਰਦਸਤ ਕਬਜ਼ਾ,ਹਰਿਆਣਾਂ ਚੋਣਾਂ ਤੱਕ ਰਹੇਗੀ ਸ਼ਾਂਤੀ

By ਸਿੱਖ ਸਿਆਸਤ ਬਿਊਰੋ

August 05, 2014

ਚੰਡੀਗੜ੍ਹ( 4 ਅਗਸਤ 2014):  ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਗਦੀਸ਼ ਸਿੰਘ ਝੀਂਡਾ ਤੇ ਸੀਨੀਅਰ ਉਪ ਪ੍ਰਧਾਨ ਸ. ਦੀਦਾਰ ਸਿੰਘ ਨਲਵੀ ਨੇ ਅੱਜ ਇੱਥੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਪੱਸ਼ਟ ਸ਼ਬਦਾਂ ਵਿਚ ਐਲਾਨ ਕੀਤਾ ਹੈ ਕਿ ਉਹ ਰਾਜ ਦੇ ਇਤਿਹਾਸਕ ਗੁਰਦੁਆਰਿਆਂ ‘ਤੇ ਜ਼ਬਰਦਸਤੀ ਕਬਜ਼ਾ ਨਹੀਂ ਕਰਨਗੇ ਤੇ ਨਾ ਹੀ ਹਰਿਆਣਾ ਦੇ ਸਿੱਖਾਂ ਵਿਚ ਖ਼ੂਨ ਖ਼ਰਾਬੇ ਦੀ ਨੌਬਤ ਆਉਣ ਦੇਣਗੇ।

ਸ. ਝੀਂਡਾ ਤੇ ਸ. ਨਲਵੀ ਨੇ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦੀ ਕੋਠੀ ਸਾਹਮਣੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਹੁੱਡਾ ਵੀ ਉਨ੍ਹਾਂ ਦੀ ਇਸ ਸਲਾਹ ਨਾਲ ਸਹਿਮਤ ਹਨ ਕਿ ਹਰਿਆਣਾ ਵਿਧਾਨ ਸਭਾ ਦੀਆਂ ਅਗਲੇ ਮਹੀਨੇ ਦੇ ਅੰਤ ਤੱਕ ਹੋਣ ਵਾਲੀਆਂ ਚੋਣਾਂ ਦੌਰਾਨ ਪੂਰੀ ਤਰ੍ਹਾਂ ਸ਼ਾਂਤੀ ਰਹਿਣੀ ਚਾਹੀਦੀ ਹੈ ਤੇ ਕੋਈ ਖ਼ੂਨ ਖਰਾਬਾ ਨਹੀਂ ਹੋਣਾ ਚਾਹੀਦਾ।

ਸ. ਝੀਂਡਾ ਤੇ ਨਲਵੀ ਨੇ ਕਿਹਾ ਕਿ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਹੱਲ ਕੱਢਣ ਵਾਸਤੇ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੇ ਪੰਜਾਬ ਦੀ ਅਕਾਲੀ ਲੀਡਰਸ਼ਿਪ ਨਾਲ ਗੱਲਬਾਤ ਵੀ ਚੱਲ ਰਹੀ ਹੈ ਪਰ ਇਸ ਦਾ ਵਿਸਥਾਰ ਦੱਸਣ ਤੋਂ ਉਨ੍ਹਾਂ ਇਨਕਾਰ ਕਰ ਦਿੱਤਾ।

ਇਸ ਦੇ ਨਾਲ ਹੀ ਸ. ਝੀਂਡਾ ਨੇ ਕਿਹਾ ਕਿ ਵੱਖਰੀ ਹਰਿਆਣਾ ਗੁ: ਪ੍ਰਬੰਧਕ ਕਮੇਟੀ ਦੇ ਸਬੰਧ ਵਿਚ ਇਨਸਾਫ਼ ਪ੍ਰਾਪਤ ਕਰਨ ਲਈ ਹਰਿਆਣਾ ਦੇ ਸਿੱਖ ਸ਼ਾਂਤੀਪੂਰਵਕ ਧਰਨਾ ਦੂਜੇ ਸ਼ਬਦਾਂ ਵਿਚ ਜੱਦੋ ਜਹਿਦ ਜਾਰੀ ਰੱਖਣਗੇ ਕਿਉਂਕਿ ਇਹ ਸਾਡਾ ਕਾਨੂੰਨੀ ਹੱਕ ਹੈ ਤੇ ਕਾਨੂੰਨੀ ਲੜਾਈ ਵੀ ਜਾਰੀ ਰਹੇਗੀ।

ਸ: ਝੀਂਡਾ ਨੇ ਕਿਹਾ ਕਿ ਅਸੀਂ ਸ਼ਾਂਤੀ ਚਾਹੁੰਦੇ ਹਾਂ ਤੇ ਸ੍ਰੀ ਹੁੱਡਾ ਵੀ ਇਹੋ ਚਾਹੁੰਦੇ ਹਨ ਕਿ ਰਾਜ ਵਿਚ ਸ਼ਾਂਤੀ ਬਣੀ ਰਹੀ। ਦੋਨਾਂ ਆਗੂਆਂ ਨੇ ਇਹ ਗੱਲ ਸਵੀਕਾਰ ਕੀਤੀ ਕਿ ਉਨ੍ਹਾਂ ਨੇ ਸ੍ਰੀ ਹੁੱਡਾ ਨੂੰ ਕੋਈ ਐਸੀ ਵੈਸੀ ਕਾਰਵਾਈ ਨਾ ਕਰਨ ਦਾ ਭਰੋਸਾ ਦਿਵਾਇਆ ਹੈ, ਜਿਸ ਨਾਲ ਖ਼ੂਨ ਖਰਾਬਾ ਹੁੰਦਾ ਹੋਵੇ ਪਰ ਇਸ ਦੇ ਨਾਲ ਹੀ ਉਨ੍ਹਾਂ ਆਸ ਪ੍ਰਗਟ ਕੀਤੀ ਕਿ ਪੰਜਾਬ ਦੀ ਅਕਾਲੀ ਲੀਡਰਸ਼ਿਪ ਵੀ ਟਕਰਾਅ ਦੀ ਬਜਾਏ ਮਾਮਲੇ ਦਾ ਸ਼ਾਂਤੀਪੂਰਵਕ ਹੱਲ ਲੱਭਣ ਦਾ ਰਾਹ ਅਪਣਾਏਗੀ।

ਉਨ੍ਹਾਂ ਕਿਹਾ ਕਿ ਸੰਭਵ ਹੈ ਕਿ ਕੋਈ ਨਾ ਕੋਈ ਹੱਲ ਨਿਕਲ ਆਏਗਾ। ਝੀਂਡਾ ਤੇ ਸ: ਨਲਵੀ ਨਾਲ ਭੂਪਿੰਦਰ ਸਿੰਘ ਅਸੰਧ, ਹਰਪਾਲ ਸਿੰਘ ਪਾਲੀ ਤੇ ਜੋਗਾ ਸਿੰਘ ਵੀ ਸ੍ਰੀ ਹੁੱਡਾ ਨੂੰ ਮਿਲਣ ਵਾਲਿਆਂ ‘ਚ ਸ਼ਾਮਿਲ ਸਨ।

ਦਿਲਚਸਪ ਗੱਲ ਇਹ ਹੈ ਕਿ ਸ੍ਰੀ ਹੁੱਡਾ ਦੀ ਸ. ਝੀਂਡਾ ਤੇ ਸ. ਨਲਵੀ ਨਾਲ ਮੁੱਖ ਮੰਤਰੀ ਦੀ ਕੋਠੀ ‘ਤੇ ਹੋਈ ਮੁਲਾਕਾਤ ਦੇ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ, ਜਨਰਲ ਸਕੱਤਰ ਰਾਜਨਬੀਰ ਸਿੰਘ ਅਤੇ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ੋਕ ਤੰਵਰ ਵੀ ਵੇਖੇ ਗਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: