ਸਿਆਸੀ ਖਬਰਾਂ

ਅਕਾਲੀ ਦਲ ਪੰਚ ਪਰਧਾਨੀ ਸਰਕਾਰੀ ਦਮਨਕਾਰੀ ਨੀਤੀਆਂ ਵਿਰੁੱਧ ਜੂਝਦਾ ਰਹੇਗਾ

By ਸਿੱਖ ਸਿਆਸਤ ਬਿਊਰੋ

September 16, 2013

ਲੁਧਿਆਣਾ (14 ਸਿਤੰਬਰ 2013): ਅਕਾਲੀ ਦਲ ਪੰਚ ਪਰਧਾਨੀ ਵਲੋਂ ਆਪਣੇ ਲੁਧਿਆਣਾ ਸਥਿਤ ਪਰਸਾਸ਼ਕੀ ਦਫਤਰ ਵਿਚ ਕੀਤੀ ਕੇਂਦਰੀ ਕਾਰਜਕਾਰਣੀ ਦੀ ਅਹਿਮ ਮੀਟਿੰਗ ਵਿਚ ਫੈਸਲਾ ਕੀਤਾ ਕਿ ਦਲ, ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਸਿੱਖ ਤੇ ਪੰਜਾਬ ਦਮਨਕਾਰੀ ਨੀਤੀਆਂ ਦਾ ਡਟਵਾਂ ਵਿਰੋਧ ਕਰਦੇ ਹੋਏ ਜੂਝਦਾ ਰਹੇਗਾ ਅਤੇ ਆਪਣੀ ਸਮੱਰਥਾ ਮੁਤਾਬਕ ਲੋਕ-ਲਹਿਰ ਦੀ ਉਸਾਰੀ ਲਈ ਕਾਰਜ ਕਰਨੇ ਜਾਰੀ ਰੱਖੇ ਜਾਣਗੇ।

ਦਲ ਦੀ ਕੇਂਦਰੀ ਕਾਰਜਕਾਰਨੀ ਦੀ ਮੀਟਿੰਗ ਦੀ ਪਰਧਾਨਗੀ ਦਲ ਦੇ ਕਾਰਜਕਾਰੀ ਮੁਖੀ ਭਾਈ ਹਰਪਾਲ ਸਿੰਘ ਚੀਮਾ ਨੇ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਲ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਅਮਰੀਕ ਸਿੰਘ ਈਸੜੂ, ਮੀਤ ਪਰਧਾਨ ਭਾਈ ਬਲਦੇਵ ਸਿੰਘ ਸਿਰਸਾ, ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਸਕੱਤਰ ਜਨਰਲ ਭਾਈ ਮਨਧੀਰ ਸਿੰਘ, ਜਨਰਲ ਸਕੱਤਰ ਭਾਈ ਜਰਨੈਲ ਸਿੰਘ ਹੁਸੈਨਪੁਰ, ਭਾਈ ਦਲਜੀਤ ਸਿੰਘ ਮੋਲਾ, ਡਾ. ਜਸਬੀਰ ਸਿੰਘ ਡਾਂਗੋ, ਭਾਈ ਸਤਨਾਮ ਸਿੰਘ ਨਥਾਣਾ, ਭਾਈ ਸੁਲਤਾਨ ਸਿੰਘ ਸੋਢੀ, ਭਾਈ ਪਲਵਿੰਦਰ ਸਿੰਘ ਸ਼ੁਤਰਾਣਾ, ਭਾਈ ਆਤਮਾ ਸਿੰਘ, ਭਾਈ ਗੁਰਦੀਪ ਸਿੰਘ ਮੂੰਡੀਆਂ ਕਲਾਂ ਆਦਿ ਵੀ ਹਾਜ਼ਰ ਸਨ।

ਗੰਭੀਰ ਵਿਚਾਰਾਂ ਮਗਰੋਂ ਦਲ ਦੀ ਕਾਰਜਕਾਰਣੀ ਵਲੋਂ ਹੇਠ ਲਿਖੇ ਮਤੇ ਪਾਸ ਕੀਤੇ ਗਏ:

1. ਦਲ ਨੇ ਦਿੱਲੀ ਤੇ ਪੰਜਾਬ ਸਰਕਾਰ ਦੀ ਮਿਲੀਭੁਗਤ ਨਾਲ ਦਲ ਦੇ ਮੁਖੀ ਤੇ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਮੈਂਬਰ ਭਾਈ ਕੁਲਵੀਰ ਸਿੰਘ ਬੜਾਪਿੰਡ ਅਤੇ ਦਲ ਦੀ ਸੁਪਰੀਮ ਕੌਂਸਲ ਦੇ ਮੈਂਬਰ ਅਤੇ ਸਾਬਕਾ ਮੁਖੀ ਭਾਈ ਦਲਜੀਤ ਸਿੰਘ ਬਿੱਟੂ ਉੱਤੇ ਪਾਏ ਝੂਠੇ ਤੇ ਬੇ-ਬੁਨਿਆਦ ਕੇਸਾਂ ਦੀ ਨਿਖੇਧੀ ਕਰਦੇ ਹੋਏ ਅਦਾਲਤਾਂ ਵਲੋਂ ਵੀ ਸਿਆਸੀ ਦਬਾਅ ਅਧੀਨ ਜਮਾਨਤਾਂ ਨਾ ਦੇ ਕੇ ਕੇਸ ਲਮਕਾਉਂਣ ਦੀ ਪ੍ਰਕਿਰਿਆ ਦੀ ਅਲੋਚਨਾ ਕਰਦਿਆਂ ਕਿਹਾ ਕਿ ਦਲ ਦੇ ਸਭ ਆਗੂ ਤੇ ਵਰਕਰ ਸਰਕਾਰਾਂ ਦੀਆਂ ਦਮਨਕਾਰੀ ਨੀਤੀਆਂ ਅੱਗੇ ਨਹੀਂ ਝੁਕਣਗੇ ਅਤੇ ਵੱਖ-ਵੱਖ ਪੱਧਰਾਂ ਉਪਰ ਲੋਕ-ਲਹਿਰ ਉਸਾਰਣ ਲਈ ਕਾਰਜ ਕਰਦੇ ਰਹਿਣਗੇ।

2. ਦਲ ਵਲੋਂ ਸਮੁੱਚੇ ਪੰਥ ਨੂੰ ਅਪੀਲ਼ ਕੀਤੀ ਗਈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਅਤੇ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਮੇਤ ਹੋਰਨਾਂ ਗੁਰਧਾਮਾਂ ਉਪਰ ਕਹਿਰ ਵਰਤਾਉਂਣ ਵਾਲੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸਦੇ ਕੀਤੇ ਦਾ ਫਲ਼ ਭੁਗਤਾਉਂਣ ਵਾਲੇ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ ਦਾ ਸ਼ਹੀਦੀ ਦਿਹਾੜਾ 31 ਅਕਤੂਬਰ 2013 ਨੂੰ ਸ੍ਰੀ ਅਕਾਲ ਸਾਹਿਬ ਵਿਖੇ ਖਾਲਸਈ ਜਾਹੋ-ਜਲਾਲ ਨਾਲ ਮਨਾਉਂਣ ਲਈ ਪੁੱਜਿਆ ਜਾਵੇ।

3. ਦਲ ਨੇ ਸਾਬਕਾ ਡੀ.ਜੀ.ਪੀ (ਜੇਲਾਂ) ਸ੍ਰੀ ਸਸ਼ੀ ਕਾਂਤ ਵਲੋਂ ਪੰਜਾਬ ਵਿਚ ਨਸ਼ਿਆਂ ਲਈ ਜਿੰਮੇਵਾਰ ਸਿਆਸੀ ਤੇ ਪੁਲਿਸ ਅਫਸਰਾਂ ਦਾ ਭਾਂਡਾ ਚੌਰਾਹੇ ਵਿਚ ਭੰਨਣ ਨੂੰ ਦਲੇਰਾਨਾ ਕਦਮ ਦੱਸਦਿਆਂ ਕਿਹਾ ਗਿਆ ਕਿ ਸ੍ਰੀ ਸਸ਼ੀ ਕਾਂਤ ਵਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਲਹਿਰ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਇਸ ਮੁਹਿੰਮ ਨੂੰ ਹੋਰ ਤੇਜ ਕੀਤਾ ਜਾਵੇਗਾ ਅਤੇ ਇਸ ਲਹਿਰ ਨੂੰ ਪਿੰਡ-ਪਿੰਡ, ਸ਼ਹਿਰ-ਸ਼ਹਿਰ, ਗਲੀ-ਮਹੱਲਿਆਂ ਤੱਕ ਲਿਜਾਇਆ ਜਾਵੇਗਾ।

4. ਦਲ ਨੇ ਪੰਜਾਬ ਵਿਚ ਪੁਲਿਸ ਵਲੋਂ ਸਿੱਖ ਨੌਜਵਾਨਾਂ ਦੀ ਧੜ-ਪਕੜ ਦੀ ਨਿਖੇਧੀ ਕਰਦਿਆ ਕਿਹਾ ਗਿਆ ਕਿ ਪੰਜਾਬ ਪੁਲਿਸ ਸਿੱਖ ਨੌਜਵਾਨਾਂ ਵਿਚ ਦਹਿਸ਼ਤ ਦਾ ਮਾਹੌਲ ਬਣਾ ਕੇ ਰੱਖਣ ਲਈ ਅਜਿਹੀਆਂ ਕਾਰਵਾਈਆਂ ਕਰ ਰਹੀ ਹੈ ਅਤੇ ਅੱਤਵਾਦ ਨੇ ਨਾਮ ਹੇਠ ਸਿੱਖ ਨੌਜਵਾਨਾਂ ਉਪਰ ਟਾਡਾ-ਪੋਟਾ ਦੀ ਤਰਜ਼ ਉਪਰ ਤਿਆਰ ਕੀਤੇ ਕਾਲੇ ਕਾਨੂੰਨ ਯੂ.ਏ.ਪੀ ਐਕਟ ਅਧੀਨ ਕੇਸ ਦਰਜ਼ ਕਰ ਹੀ ਹੈ ਤਾਂ ਜੋ ਉਹਨਾਂ ਨੂੰ ਲੰਮੇ ਸਮੇਂ ਤੱਕ ਜੇਲ੍ਹਾਂ ਵਿਚ ਰੱਖਿਆ ਜਾ ਸਕੇ।

5 ਦਲ ਨੇ ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਰਾਹੀਂ ਖਾਲੀ ਕੀਤੇ ਸਰਕਾਰੀ ਖਜ਼ਾਨੇ ਨੂੰ ਭਰਨ ਲਈ ਆਮ ਜਨਤਾ ਉਪਰ ਟੈਕਸ ਲਾ ਕੇ ਪਾਏ ਜਾ ਰਹੇ ਬੋਝ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਦੇ ਮੰਤਰੀਆਂ ਦੀਆਂ ਜਾਇਦਾਦਾਂ ਵਿਚ ਹੋਏ ਬੇ-ਹਤਾਸ਼ਾ ਵਾਧੇ ਦਾ ਕਾਰਨ ਭ੍ਰਿਸ਼ਟਾਚਾਰ, ਨਸ਼ਿਆਂ ਦਾ ਵਪਾਰ ਅਤੇ ਭੁ-ਮਾਫੀਆ, ਰੇਤ-ਮਾਫੀਆ, ਟਰਾਂਸਪੋਰਟ-ਮਾਫੀਆ ਤੇ ਕੇਬਲ-ਮਾਫੀਆ ਆਦਿ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: