ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ਤੇ ਡੀਜੀਪੀ ਸੁਰੇਸ਼ ਅਰੋੜਾ

ਸਿਆਸੀ ਖਬਰਾਂ

ਸੁਖਬੀਰ ਬਾਦਲ ਮੁਤਾਬਕ ਪੰਜਾਬ ‘ਚ ਸਿਰਫ 1.27 ਫ਼ੀਸਦੀ ਨੌਜਵਾਨ ਨਸ਼ੇੜੀ

By ਸਿੱਖ ਸਿਆਸਤ ਬਿਊਰੋ

October 22, 2016

ਚੰਡੀਗੜ੍ਹ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਹੈ ਕਿ ਸੂਬੇ ਵਿੱਚ ਨਸ਼ਾ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ ਮਹਿਜ਼ 1.27 ਫ਼ੀਸਦੀ ਹੈ ਤੇ ਵਿਰੋਧੀ ਪਾਰਟੀਆਂ ਵੱਲੋਂ ਆਪਣੇ ਸਿਆਸੀ ਹਿੱਤਾਂ ਲਈ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਪ ਮੁੱਖ ਮੰਤਰੀ ਨੇ ਇਨ੍ਹਾਂ ਤੱਥਾਂ ਦੀ ਪੁਸ਼ਟੀ ਲਈ ਪੱਤਰਕਾਰਾਂ ਦੇ ਸਨਮੁੱਖ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਅਤੇ ਡੀਜੀਪੀ ਸੁਰੇਸ਼ ਅਰੋੜਾ ਨੂੰ ਅਸਲੀਅਤ ਸਾਹਮਣੇ ਲਿਆਉਣ ਲਈ ਕਿਹਾ। ਬਾਦਲ, ਡਾ. ਰਾਜ ਬਹਾਦਰ ਅਤੇ ਡੀਜੀਪੀ ਨੇ ਇੱਕੋ ਸੁਰ ’ਚ ਨਸ਼ਿਆਂ ਦੇ ਪ੍ਰਕੋਪ ਸਬੰਧੀ ਦਾਅਵਿਆਂ ਨੂੰ ਝੂਠੇ ਕਰਾਰ ਦਿੱਤਾ।

ਉਨ੍ਹਾਂ ਕਿਹਾ ਕਿ ਇਹ ਤੱਥ ਪੰਜਾਬ ਪੁਲਿਸ ਦੀ ਭਰਤੀ ਦੌਰਾਨ ਨੌਜਵਾਨਾਂ ਦੇ ਕੀਤੇ ‘ਡੋਪ ਟੈਸਟ’ ਦੌਰਾਨ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵੱਲੋਂ ਨਸ਼ੇ ਕਰਨ ਸਬੰਧੀ ਪ੍ਰਤੀਸ਼ਤਤਾ ਕੌਮਾਂਤਰੀ ਅਤੇ ਕੌਮੀ ਪੱਧਰ ਨਾਲੋਂ ਬਹਤ ਘੱਟ ਹੈ। ਉਪ ਮੁੱਖ ਮੰਤਰੀ ਅਨੁਸਾਰ ਸਿਪਾਹੀਆਂ ਦੀ ਭਰਤੀ ਲਈ 490037 ਨੌਜਵਾਨਾਂ ਨੇ ਅਰਜ਼ੀਆਂ ਦਿੱਤੀਆਂ ਸਨ ਤੇ ਇਨ੍ਹਾਂ ਵਿੱਚੋਂ 376355 ਉਮੀਦਵਾਰਾਂ ਵਜੋਂ ਪੇਸ਼ ਹੋਏ ਜੋ 74 ਫ਼ੀਸਦੀ ਬਣਦਾ ਹੈ। ਡੀਜੀਪੀ ਨੇ ਇਹ ਵੀ ਦਾਅਵਾ ਕੀਤਾ ਕਿ 2011 ਦੌਰਾਨ ਹੋਈ ਸਿਪਾਹੀਆਂ ਦੀ ਭਰਤੀ ਮੌਕੇ ਸਿਪਾਹੀਆਂ ਲਈ ਉਮੀਦਵਾਰਾਂ ਵਜੋਂ ਹਾਜ਼ਰੀ 65 ਫ਼ੀਸਦੀ ਸੀ ਜਦੋਂਕਿ ਉਸ ਸਮੇਂ ‘ਡੋਪ ਟੈਸਟ’ ਲਾਜ਼ਮੀ ਕਰਾਰ ਨਹੀਂ ਸੀ। ਬਾਦਲ ਨੇ ਸਰਹੱਦ ਪਾਰ ਤੋਂ ਨਸ਼ੇ ਆਉਣ ਦਾ ਰਾਗ ਵੀ ਮੁੜ ਅਲਾਪਿਆ।

ਇਸ ਮੌਕੇ ਡਾ. ਰਾਜ ਬਹਾਦਰ ਨੇ ਦਾਅਵਾ ਕੀਤਾ ਕਿ ਪੁਲਿਸ ਭਰਤੀ ਦੌਰਾਨ ‘ਡੋਪ ਟੈਸਟ’ ਲੈਣ ਦੀ ਪ੍ਰਕਿਰਿਆ ਇੱਕ ਅਧਿਐਨ ਵਾਂਗ ਸੀ। ਉਪ ਕੁਲਪਤੀ ਮੁਤਾਬਕ ਟੈਸਟ ਦੌਰਾਨ ਨੌਜਵਾਨਾਂ ਵਿੱਚ ‘ਐਮਫਿਟਾਮਿਨ’ ਦੇ ਲੱਛਣ ਜ਼ਿਆਦਾ ਪਾਏ ਗਏ, ਜੋ ਕਿ .44 ਫ਼ੀਸਦੀ ਸਨ। ਉਨ੍ਹਾਂ ਕਿਹਾ ਕਿ ਇਹ ਇੱਕ ਦਵਾਈ ਹੈ ਜੋ ਆਮ ਤੌਰ ’ਤੇ ਬਿਮਾਰੀ ਲਈ ਵਰਤੀ ਜਾਂਦੀ ਹੈ। ਇਸੇ ਤਰ੍ਹਾਂ ਹੋਰ ਲੱਛਣ ਵੀ ਦਵਾਈਆਂ ਦੇ ਸਨ, ਸਿਰਫ਼ ਭੰਗ ਇੱਕ ਅਜਿਹਾ ਨਸ਼ਾ ਕਿਹਾ ਜਾ ਸਕਦਾ ਹੈ ਜੋ ਦਵਾਈ ਨਹੀਂ ਤੇ ਭੰਗ ਦੇ ਲੱਛਣ .42 ਫੀਸਦੀ ਨੌਜਵਾਨਾਂ ਵਿੱਚ ਸਨ। ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੇ ਕਿਹਾ ਕਿ ਭਾਰਤੀ ਫ਼ੌਜ ਵਿੱਚ ਸਿਪਾਹੀਆਂ ਦੀ ਭਰਤੀ ਦੌਰਾਨ ਵੀ ‘ਡੋਪ ਟੈਸਟ’ ਲਿਆ ਗਿਆ। ਉਨ੍ਹਾਂ ਕਿਹਾ ਕਿ ਫ਼ੌਜ ਵਿੱਚ ਭਰਤੀ ਦੌਰਾਨ ਕੀਤੇ ਟੈਸਟ ਵਿੱਚ ਮਹਿਜ਼ 10 ਫ਼ੀਸਦੀ ਹੀ ਨਸ਼ਾ ਕਰਨ ਵਾਲੇ ਸਾਹਮਣੇ ਆਏ ਸਨ। ਡੀਜੀਪੀ ਨੇ ਦਾਅਵਾ ਕੀਤਾ ਕਿ ਪੰਜਾਬ ’ਚ 431 ਸਮਗਲਰਾਂ ਦੀ 197 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਤਸਕਰੀ ਦੇ ਮਾਮਲਿਆਂ ’ਚ ਸਜ਼ਾ ਦੀ ਦਰ ਹੋਰਨਾਂ ਸੂਬਿਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ। ਪੰਜਾਬ ’ਚ ਸਜ਼ਾ ਦੀ ਦਰ 81 ਫੀਸਦੀ ਹੈ। ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਗੁਜਰਾਤ ਤੇ ਗੋਆ ਸਮੇਤ ਹੋਰਨਾਂ ਸੂਬਿਆਂ ਵਿੱਚ ਕਿਤੇ ਵੀ ਸਜ਼ਾ ਦੀ ਦਰ 50 ਫ਼ੀਸਦੀ ਤੋਂ ਜ਼ਿਆਦਾ ਨਹੀਂ ਹੈ। ਉਪ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਇਨ੍ਹਾਂ ਤੱਥਾਂ ਦਾ ਅਧਿਐਨ ਕਰਨ ਤੋਂ ਬਾਅਦ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨਾ ਬੰਦ ਕਰ ਦੇਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: