ਨਵੀਂ ਦਿੱਲੀ: ਭਾਰਤ ਦੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਸਰਕਾਰੀ ਖ਼ਬਰ ਏਜੰਸੀ ਪੀਟੀਆਈ (ਪ੍ਰੈਸ ਟਰੱਸਟ ਆਫ ਇੰਡੀਆ) ਨੂੰ ਦੱਸਿਆ ਕਿ ਭ੍ਰਿਸ਼ਟਾਚਾਰ ਅਤੇ ਕਈ ਹੋਰਨਾਂ ਕੇਸਾਂ ਵਿੱਚ ਸ਼ਮੂਲੀਅਤ ਕਾਰਨ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਗੁਰਮੀਤ ਪਿੰਕੀ ਸਣੇ ਤਿੰਨ ਪੁਲਿਸ ਮੁਲਾਜ਼ਮਾਂ ਦੇ “ਬਹਾਦਰੀ ਮੈਡਲ” ਵਾਪਸ ਲੈ ਲਏ ਗਏ ਹਨ। ਇਨ੍ਹਾਂ ਮੁਲਾਜ਼ਮਾਂ ਵਿੱਚ ਮੱਧ ਪ੍ਰਦੇਸ਼ ਦੇ ਏਸੀਪੀ ਧਰਮਿੰਦਰ ਚੌਧਰੀ ਅਤੇ ਝਾਰਖੰਡ ਦੇ ਸਬ ਇੰਸਪੈਕਟਰ ਲਲਿਤ ਕੁਮਾਰ ਵੀ ਸ਼ਾਮਲ ਹਨ।
ਚੌਧਰੀ ਦਾ ਬਹਾਦਰੀ ਮੈਡਲ ਸਤੰਬਰ ਵਿੱਚ ਵਾਪਸ ਲਿਆ ਗਿਆ ਹੈ ਜਦਕਿ ਪਿੰਕੀ ਤੇ ਲਲਿਤ ਕੁਮਾਰ ਦੇ ਤਗ਼ਮੇ ਕ੍ਰਮਵਾਰ ਮਈ ਤੇ ਜੂਨ ਵਿੱਚ ਵਾਪਸ ਲੈ ਲਏ ਗਏ ਸਨ।
ਗੁਰਮੀਤ ਪਿੰਕੀ ਨੂੰ ਇਹ ਮੈਡਲ 1997 ਵਿੱਚ ਉਸ ਵੇਲੇ ਦੀ ਪੰਜਾਬ ਸਰਕਾਰ ਦੀ ਸਿਫਾਰਸ਼ ’ਤੇ ਦਿੱਤਾ ਗਿਆ ਸੀ। ਸੰਨ 2006 ਵਿੱਚ ਉਸਨੇ ਲੁਧਿਆਣਾ ਵਿਖੇ ਅਵਤਾਰ ਸਿੰਘ ਗੋਲਾ ਨਾਂ ਦੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਸੀ ਜਿਸ ਵਿਚ ਉਸਨੂੰ ਉਮਰ ਕੈਦ ਦੀ ਸਜ਼ਾ ਹੋ ਗਈ। ਬਾਅਦ ਵਿੱਚ ਉਸ ਨੂੰ ਬਰਤਰਫ਼ ਕਰ ਦਿੱਤਾ ਗਿਆ ਸੀ। ਹੈਰਾਨੀ ਦੀ ਗੱਲ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਪਿੰਕੀ ਵਲੋਂ ਕਤਲ ਅਤੇ ਉਸਨੂੰ ਉਮਰ ਕੈਦ ਦੀ ਜਾਣਕਾਰੀ ਉਸਨੂੰ ਜੁਲਾਈ 2015 ਵਿੱਚ ਹੋਈ। ਸਜ਼ਾ ਦੀ ਰਿਪੋਰਟ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਮੈਡਲ ਵਾਪਸ ਲੈਣ ਲਈ ਉਸ ਵੇਲੇ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਲਿਖਿਆ, ਜਿਸ ਨੇ ਪਿੰਕੀ ਤੋਂ “ਸਨਮਾਨ” ਵਾਪਸ ਲੈਣ ਦੀ ਮਨਜ਼ੂਰੀ ਦੇ ਦਿੱਤੀ।
ਜ਼ਿਕਰਯੋਗ ਹੈ ਕਿ ਗੁਰਮੀਤ ਪਿੰਕੀ ‘ਪਿੰਕੀ ਕੈਟ’ ਦੇ ਨਾਂ ਨਾਲ ਬਦਨਾਮ ਹੈ, ਇਸਨੇ ਖੁਦ ਆਪਣੇ ਬਿਆਨ ‘ਚ ਮੰਨਿਆ ਕਿ ਵੱਡੇ ਪੁਲਿਸ ਅਫਸਰਾਂ ਦੇ ਕਹਿਣ ‘ਤੇ ਇਸਨੇ ਕਈ ਸਿੱਖ ਨੌਜਵਾਨਾਂ ਨੂੰ ਕਤਲ ਕੀਤਾ। ਧਰਮਿੰਦਰ ਚੌਧਰੀ ਦਾ ਮੈਡਲ ਝੂਠੇ ਪੁਲੀਸ ਮੁਕਾਬਲੇ ਅਤੇ ਲਲਿਤ ਕੁਮਾਰ ਦਾ ਮੈਡਲ ਭ੍ਰਿਸ਼ਟਾਚਾਰ ਦੇ ਕੇਸ ਕਰ ਕੇ ਵਾਪਸ ਲਿਆ ਗਿਆ ਹੈ।
ਸਬੰਧਤ ਖ਼ਬਰ: ਝੂਠੇ ਪੁਲਿਸ ਮੁਕਾਬਲੇ: ਪਿਛਲੇ ਦਸ ਸਾਲ ਤੋਂ ਆਪਣੇ ਕੀਤੇ ‘ਤੇ ਪਛਤਾ ਰਿਹਾ ਹਾਂ -ਪਿੰਕੀ …