ਅਲੀਗੜ੍ਹ: ਅਲੀਗੜ੍ਹ ਦੇ ਇਕ ਕਾਲਜ ਦੇ ਆਡੀਟੋਰੀਅਮ ਵਿੱਚ ਵਕੀਲ ਪ੍ਰਸ਼ਾਂਤ ਭੂਸ਼ਨ ਦੇ ਪ੍ਰੋਗਰਾਮ ਦੌਰਾਨ ਏਬੀਵੀਪੀ ਵਰਕਰਾਂ ਨੇ ਹੰਗਾਮਾ ਕਰ ਕੀਤਾ।
ਅਲੀਗੜ੍ਹ ਦੇ ਧਰਮ ਸਮਾਜ ਡਿਗਰੀ ਕਾਲਜ ਵਿੱਚ ਸ਼ਨੀਵਾਰ ਨੂੰ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਦੇ ਕਾਰਕੁਨਾਂ ਨੇ ਭੂਸ਼ਣ ਦਾ ਇਸ ਗੱਲੋਂ ਵਿਰੋਧ ਕੀਤਾ ਕਿ ਉਨ੍ਹਾਂ ਨਰਿੰਦਰ ਮੋਦੀ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਲਾਏ। ਏਬੀਵੀਪੀ ਕਾਰਕੁਨਾਂ ਨੇ ਇਸ ਸੈਮੀਨਾਰ ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐਮਯੂ) ਵਿਦਿਆਰਥੀ ਯੂਨੀਅਨ ਪ੍ਰਧਾਨ ਫੈਜ਼-ਉਲ ਹਸਨ ਦੀ ਮੌਜੂਦਗੀ ਉਤੇ ਵੀ ਇਤਰਾਜ਼ ਜ਼ਾਹਰ ਕੀਤਾ। ਪ੍ਰੋਗਰਾਮ ‘ਚ ਵਿਘਨ ਪੈਣ ਤੋਂ ਬਚਾਉਣ ਲਈ ਫੈਜ਼-ਉਲ ਹਸਨ ਖੁਦ ਹੀ ਆਡੀਟੋਰੀਅਮ ਤੋਂ ਬਾਹਰ ਚਲਾ ਗਿਆ।
ਪ੍ਰਬੰਧਕਾਂ ਅਤੇ ਏਬੀਵੀਪੀ ਦੋਵਾਂ ਨੇ ਗਾਂਧੀ ਪਾਰਕ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਐਸਪੀ (ਸਿਟੀ) ਅਤੁਲ ਸ੍ਰੀਵਾਸਤਵ ਨੇ ਦੱਸਿਆ ਕਿ ਪੂਰੀ ਪੜਤਾਲ ਮਗਰੋਂ ਕੇਸ ਦਰਜ ਕੀਤਾ ਗਿਆ ਹੈ। ‘ਭ੍ਰਿਸ਼ਟਾਚਾਰ ਮੁਕਤ ਭਾਰਤ ਅਤੇ ਅਮਨ’ ਦੇ ਵਿਸ਼ੇ ਉਤੇ ਇਸ ਸੈਮੀਨਾਰ ਦਾ ਪ੍ਰਬੰਧ ‘ਉੱਤਰ ਪ੍ਰਦੇਸ਼ ਸਵਰਾਜ ਅਭਿਆਨ’ ਨੇ ਕੀਤਾ ਸੀ। ਏਬੀਵੀਪੀ ਆਗੂ ਅਮਿਤ ਗੋਸਵਾਮੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਕਾਲਜ ਵਿੱਚ ਫੈਜ਼-ਉਲ ਹਸਨ ਦੀ ਮੌਜੂਦਗੀ ਦਾ ਵਿਰੋਧ ਕਰ ਰਹੇ ਸਨ ਕਿਉਂਕਿ ਉਹ ਜੇਐਨਯੂ ਵਿਦਿਆਰਥੀ ਆਗੂ ਘਨ੍ਹਈਆ ਕੁਮਾਰ ਦੇ “ਦੇਸ਼ ਵਿਰੋਧੀ ਸਟੈਂਡ” ਦਾ ਹਮਾਇਤੀ ਹੈ। ਗੋਸਵਾਮੀ ਨੇ ਕਿਹਾ ਕਿ ਅਹਿਮ ਮਸਲਿਆਂ ਉਤੇ ‘ਦੇਸ਼ ਵਿਰੋਧੀ ਸਟੈਂਡ’ ਰੱਖਣ ਵਾਲੇ ਭੂਸ਼ਣ ਵਰਗੇ ਬੰਦਿਆਂ ਦਾ ਸਵਾਗਤ ਨਹੀਂ ਕੀਤਾ ਜਾ ਸਕਦਾ।
ਸਬੰਧਤ ਖ਼ਬਰ: ਜਸਟਿਸ ਮਾਰਕੰਡੇ ਕਾਟਜੂ ਨੇ ਕਿਹਾ; ਮੇਰਾ ਡੰਡਾ ਬੇਸਬਰੀ ਨਾਲ ਏ.ਬੀ.ਵੀ.ਪੀ. ਦੀ ਉਡੀਕ ਕਰ ਰਿਹੈ …
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੈਜ਼-ਉਲ ਹਸਨ ਨੇ ਕਿਹਾ ਕਿ ਉਹ ਸੈਮੀਨਾਰ ਵਿੱਚ ਹਿੱਸਾ ਲੈਣ ਗਿਆ ਸੀ ਕਿਉਂਕਿ ਸੰਵਾਦ ਸਮੇਂ ਦੀ ਲੋੜ ਹੈ। ਇਸ ਦੌਰਾਨ ਪੁਲਿਸ ਪ੍ਰਸ਼ਾਂਤ ਭੂਸ਼ਣ ਨੂੰ ਪ੍ਰੋਗਰਾਮ ਤੋਂ ਬਾਹਰ ਲੈ ਗਈ।