ਲੁਧਿਆਣਾ (9 ਜੂਨ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਪ੍ਰਜ਼ੀਡੀਅਮ ਮੈਂਬਰ ਭਾਈ ਕੱਮਿਕਰ ਸਿੰਘ ਅਤੇ ਜਸਵੀਰ ਸਿਘ ਖੰਡੂਰ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਸਬੰਧ ਵਿੱਚ ਏ. ਡੀ. ਜੀ. ਪੀ. ਤਿਵਾੜੀ ਦੀ ਰਿਪੋਰਟ ਨੂੰ ਪੰਜਾਬ ਸਰਕਾਰ ਹੂ-ਬ-ਹੂ ਲੋਕਾਂ ਸਾਹਮਣੇ ਜਨਤਕ ਕਰੇ ਕਿਉਂਕਿ ਸੀਨੀਅਰ ਪੱਤਰਕਾਰ ਐਚ. ਐਸ.ਬਾਵਾ ਨੇ ਇਸ ਰਿਪੋਰਟ ਦੇ ਤੱਥ ਜਨਤਾ ਦੀ ਕਚਿਹਰੀ ਵਿੱਚ ਪੇਸ਼ ਕਰ ਦਿਤੇ ਹਨ। ਇਨ੍ਹਾਂ ਤੱਥਾਂ ਨੇ ਸਪੱਸ਼ਟ ਕਰ ਦਿੱਤਾ ਹੈ ਪੁਲਿਸ ਅਫਸਰ ਉਸ ਸਮੇਂ ਕਿਸ ਸਿਸਟਮ ਹੇਠ ਕੰਮ ਕਰ ਰਹੇ ਸੀ ਤੇ ਕਿਸ ਲਾਬੀ ਨੇ ਇਸ ਸਿਸਟਮ ਰਾਹੀਂ ਪੰਜਾਬ ਦੀ ਧਰਤੀ ’ਤੇ ਖ਼ੂਨ ਦੀ ਹੋਲੀ ਖੇਡੀ ਹੈ। ਉਨ੍ਹਾਂ ਅਫਸਰਾਂ ਨੂੰ ਬਚਾਉਣ ਲਈ ਹੀ ਪੰਜਾਬ ਵਿੱਚ ਸਥਾਪਿਤ ਸਰਕਾਰਾਂ ਨੇ ਹੁਣ ਤੱਕ ਇਹ ਰਿਪੋਰਟ ਦਬਾ ਕੇ ਰੱਖੀ ਹੈ। ਉਨ੍ਹਾਂ ਪੰਜਾਬ ਦੀ ਸਮੁੱਚੀ ਜਨਤਾ ਨੂੰ ਅਪੀਲ ਕਰਦਿਆ ਕਿਹਾ ਕਿ ਮਨੁੱਖੀ ਕਦਰਾਂ ਕੀਮਤਾਂ ਦਾ ਆਦਰ ਕਰਨ ਵਾਲੇ ਲੋਕਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਲੋਕਾਂ ਦਾ ਖ਼ੂਨ ਵਹਾਉਣ ਵਾਲੇ ਅਸਲ ਦੋਸ਼ੀਆਂ ਨੂੰ ਕਟਿਹਰੇ ਵਿੱਚ ਖੜ੍ਹਾ ਕਰਨ ਲਈ ਲਾਮਬੰਦ ਹੋਣ। ਉਕਤ ਆਗੂਆਂ ਨੇ ਕਿਹਾ ਸਾਬਕਾ ਪੁਲਿਸ ਮੁਖੀ ਕੇ.ਪੀ.ਐਸ. ਗਿੱਲ ਅਤੇ ਉਸਦੇ ਸਾਥੀ ਪੁਲਿਸ ਅਫਸਰ, ਜਥੇਦਾਰ ਕਾਉਂਕੇ ਅਤੇ ਮਨੁੱਖੀ ਅਧਿਕਾਰ ਆਗੂ ਸ਼ਹੀਦ ਜਸਵੰਤ ਸਿੰਘ ਖਾਲੜਾ ਦੋਵਾਂ ਦੇ ਕਤਲ ਲਈ ਜਿੰਮੇਵਾਰ ਹਨ। ਉਕਤ ਆਗੂਆਂ ਨੇ ਕਿਹਾ ਕਿ ਭਾਈ ਕਾਉਂਕੇ ਦੇ ਪੁਲਿਸ ਹਿਰਾਸਤ ਵਿੱਚੋਂ ‘ਫਰਾਰ’ ਹੋਣ ਦੇ ਪੁਲਿਸ ਦੇ ਦਾਵਿਆਂ ਨੂੰ ਤਿਵਾੜੀ ਰਿਪੋਰਟ ਵਿੱਚ ਝੂਠ ਦੱਸਿਆ ਗਿਆ ਹੈ।ਭਾਈ ਕਾਉਂਕੇ ਦੀ ਤਰ੍ਹਾ ਹੀ ਉਸ ਸਮੇਂ ਵਿੱਚ ਇਸ ਜੁੰਡਲੀ ਵਲੋਂ ਅਣਗਿਣਤ ਲੋਕਾਂ ਨੂੰ ਹਿਰਾਸਤ ਵਿੱਚ ਮਾਰਨ ਤੋਂ ਬਾਅਦ ਉਨ੍ਹਾਂ ਨੂੰ ਭਗੌੜੇ ਐਲਾਨ ਦਿੱਤਾ ਗਿਆ। ਇਸ ਲਈ ਜਿੰਨੇ ਵੀ ਨੌਜਵਾਨ ਪੁਲਿਸ ਨੇ ਉਸ ਸਮੇਂ ਦੌਰਾਨ ਭਗੌੜੇ ਐਲਾਨੇ ਹਨ ਉਨ੍ਹਾਂ ਸਾਰਿਆਂ ਬਾਰੇ ਵੀ ਜਾਂਚ ਕਰਕੇ ਸਚਾਈ ਸਾਹਮਣੇ ਲਿਆਂਦੀ ਜਾਵੇ। ਉਕਤ ਆਗੂਆਂ ਨੇ ਕਿਹਾ ਕਿ ਸੂਬੇ ਦੀ ਪੰਥਕ ਸਰਕਾਰ ਇਹ ਸਪੱਸ਼ਟ ਕਰੇ ਕਿ ਬਾਰਾਂ ਸਾਲ ਤੋਂ ਸਰਕਾਰ ਕੋਲ ਦਾਖਲ ਹੋਈ ਇਹ ਰਿਪੋਰਟ ਹੁਣ ਤੱਕ ਜਨਤਕ ਕਿਉਂ ਨਹੀਂ ਕੀਤੀ ਗਈ? ਸ਼ਰਕਾਰ ਦੋਸ਼ੀ ਪੁਲਿਸ ਅਧਿਕਾਰੀਆ ਨੂੰ ਕਿਉਂ ਬਚਾਉਣਾ ਚਾਹੁੰਦੀ ਹੈ? ਜੇ ਸਰਕਾਰ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਸਬੰਧੀ ਰਿਪੋਰਟ ਨੂੰ ਜਨਤਕ ਕਰਕੇ ਦੋਸ਼ੀ ਅੀਧਕਾਰੀਆਂ ਨੂੰ ਸਜ਼ਾ ਨਹੀਂ ਦੇ ਸਕਦੀ ਤਾਂ ਸੂਬੇ ਦੇ ਆਮ ਲੋਕ ਸਰਕਾਰ ਤੋਂ ਕੀ ਇਨਸਾਫ ਦੀ ਕੀ ਉਮੀਦ ਰੱਖ ਸਕਦੇ ਹਨ?