ਪੰਜਾਬ ਦੀ ਰਾਜਨੀਤੀ

ਦਿੱਲੀ ਸਰਕਾਰ ਵਲੋਂ ਪੰਜਾਬੀ ਭਾਸ਼ਾ ਨੂੰ ਪ੍ਰਮੁੱਖਤਾ ਦੇਣ ਦਾ ਆਮ ਆਦਮੀ ਪਾਰਟੀ ਵਲੋਂ ਸਵਾਗਤ

By ਸਿੱਖ ਸਿਆਸਤ ਬਿਊਰੋ

June 11, 2016

ਚੰਡੀਗੜ੍ਹ: ਆਮ ਆਦਮੀ ਪਾਰਟੀ, ਪੰਜਾਬ ਨੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਵਲੋਂ ਰਾਜਧਾਨੀ ਦਿੱਲੀ ‘ਚ ਪੰਜਾਬੀ ਭਾਸ਼ਾ ਨੂੰ ਵਧਾਵਾ ਦੇਣ ਦਾ ਸੁਆਗਤ ਕੀਤਾ ਹੈ। ਆਮ ਆਦਮੀ ਪਾਰਟੀ ਦੇ ਸੰਜੇ ਸਿੰਘ, ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅਤੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਾਧੂ ਸਿੰਘ ਨੇ ਦਿੱਲੀ ਸਰਕਾਰ ਵਲੋਂ ਸਰਕਾਰੀ ਸਕੂਲਾਂ ਵਿਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਦੇ ਫੈਸਲੇ ਦੀ ਪ੍ਰਸ਼ੰਸਾ ਕੀਤੀ ਹੈ।

ਸ਼ੁਕਰਵਾਰ ਨੂੰ ਜਾਰੀ ਇਕ ਬਿਆਨ ਵਿਚ ਸੁੱਚਾ ਸਿੰਘ ਛੋਟੇਪੁਰ ਅਤੇ ਪ੍ਰੋ. ਸਾਧੂ ਸਿੰਘ ਨੇ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਪੰਜਾਬੀ ਭਾਸ਼ਾ ਪੜ੍ਹਨ ਵਾਲੇ ਅਤੇ ਵਿਸ਼ਵ ਭਰ ਵਿਚ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਮਾਣ ਕਰਨ ਦਾ ਦਿੱਲੀ ਸਰਕਾਰ ਨੇ ਮੌਕਾ ਦਿੱਤਾ ਹੈ। ਉਹਨਾਂ ਦਿੱਲੀ ਸਰਕਾਰ ਵਲੋਂ ਪੰਜਾਬੀ ਅਧਿਆਪਕਾਂ ਦਾ ਮਿਹਨਤਾਨਾ ਵਧਾਉਣ ਦੇ ਫੈਸਲੇ ਦਾ ਵੀ ਸੁਆਗਤ ਕੀਤਾ।

ਅਕਾਲੀ-ਭਾਜਪਾ ਅਤੇ ਕਾਂਗਰਸ ਵਲੋਂ ਦਿੱਲੀ ਸਰਕਾਰ ਦੀ ਇਸ਼ਤਿਹਾਰ ਦੇ ਮੁੱਦੇ ਉੱਤੇ ਕੀਤੀ ਜਾ ਰਹੀ ਨਿੰਦਿਆ ਉੱਤੇ ਬੋਲਦਿਆਂ ਸੰਜੇ ਸਿੰਘ ਨੇ ਕਿਹਾ ਕਿ ਜੇਕਰ ਦਿੱਲੀ ਸਰਕਾਰ ਪੰਜਾਬੀ ਭਾਸ਼ਾ ਲਈ ਕੁਝ ਚੰਗਾ ਕਰ ਜਾ ਰਹੀ ਹੈ ਤਾਂ ਲੋਕਾਂ ਨੂੰ ਇਸ ਬਾਰੇ ਕਿਉਂ ਨਹੀਂ ਪਤਾ ਲੱਗਣਾ ਚਾਹੀਦਾ? ਉਹਨਾਂ ਪੁੱਛਿਆ ਕਿ ਜਦ ਪਿਛਲੇ ਦਿਨੀਂ ਸਾਰੇ ਅਖ਼ਬਾਰਾਂ ਵਿਚ ਤੇਲੰਗਾਨਾ ਸਰਕਾਰ ਦੀ ਪੂਰਾ-ਪੂਰਾ ਪੇਜ ਦਾ ਇਸ਼ਤਿਹਾਰ ਛਪਿਆ, ਉਦੋਂ ਅਕਾਲੀ-ਭਾਜਪਾ ਅਤੇ ਕਾਂਗਰਸ ਨੇ ਕਿਉਂ ਚੁੱਪੀ ਸਾਧੀ? ਉਨ੍ਹਾਂ ਦਾ ਪੰਜਾਬੀ ਭਾਸ਼ਾ ਵਿਰੋਧੀ ਰਵੱਈਆ ਹੈ ਜਿਹੜਾ ਉਹਨਾਂ ਨੂੰ ਆਮ ਆਦਮੀ ਪਾਰਟੀ ਉੱਤੇ ਵਾਰ-ਵਾਰ ਉਂਗਲ ਚੁੱਕਣ ਲਈ ਮਜਬੂਰ ਕਰਦਾ ਹੈ।

ਛੋਟੇਪੁਰ ਨੇ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸੀ ਲੀਡਰਾਂ ਨੇ ਪੰਜਾਬੀਆਂ ਦੇ ਜ਼ਿਹਰ ਵਿਚ ਹਮੇਸ਼ਾ ਹੀ ਆਮ ਆਦਮੀ ਪਾਰਟੀ ਦੇ ਪ੍ਰਤੀ ਗਲਤ ਧਾਰਨਾ ਫੈਲਾਉਣ ਦੀ ਕੋਸ਼ਿਸ਼ਕੀਤੀ ਕਿ ਪਾਰਟੀ ਗ਼ੈਰ ਪੰਜਾਬੀ ਹੈ ਪਰ ਸਚਾਈ ਇਹ ਹੈ ਕਿ ਆਮ ਆਦਮੀ ਪਾਰਟੀ ਇਕੱਲੀ ਅਜਿਹੀ ਪਾਰਟੀ ਹੈ ਜੋ ਪੰਜਾਬੀਆਂ ਦੇ ਮੁੱਦਿਆਂ ਪ੍ਰਤੀ ਗੰਭੀਰ ਹੈ। ਉਹਨਾਂ ਸਵਾਲ ਕੀਤਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਰਾਜਸਥਾਨ ਸਕੂਲ ਬੋਰਡ ਵਲੋਂ ਪੰਜਾਬੀ ਭਾਸ਼ਾ ਨੂੰ ਹਟਾਏ ਜਾਣ ਦਾ ਮੁੱਦਾ ਕਿਉਂ ਨਹੀਂ ਚੁੱਕਿਆ ਅਤੇ ਇਹਨਾਂ ਪਾਰਟੀਆਂ ਨੇ ਪੰਜਾਬੀ ਕਲਚਰ ਕਾਉਂਸਲ ਵਲੋਂ ਹਰਿਆਣਾ ‘ਚ ਪੰਜਾਬੀ ਭਾਸ਼ਾ ਦੀ ਅਣਦੇਖੀ ਦੇ ਮੁੱਦੇ ‘ਤੇ ਵੀ ਇਕ ਸ਼ਬਦ ਕਿਉਂ ਨਹੀਂ ਬੋਲਿਆ?

ਉਥੇ ਹੀ ਇਸ ਮੁੱਦੇ ਉੱਤੇ ਪ੍ਰੋ. ਸਾਧੂ ਸਿੰੂਘ ਨੇ ਕਿਹਾ ਕਿ ਆਪ ਹਮੇਸ਼ਾ ਹੀ ਪੰਜਾਬੀਆਂ ਦੇ ਮੁੱਦਿਆਂ ਦੇ ਨਾਲ ਖੜ੍ਹੀ ਰਹੀ ਹੈ, ਚਾਹੇ ਉਹ 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਆਰਥਿਕ ਮਦਦ ਦੇਣ ਦਾ ਹੋਵੇ ਜਾਂ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਉੱਤੇ ਪੁਲ ਬਣਾਉਣ ਦਾ ਮੁੱਦਾ ਹੋਵੇ। ਉਹਨਾਂ ਕਿਹਾ ਕਿ ਦਿੱਲੀ ਵਿਚ ਪੰਜਾਬੀ ਭਾਸ਼ਾ ਨੂਮ ਜ਼ਿਆਦਾ ਤਰਜ਼ੀਹ ਦੇਣ ਨਾਲ ਭਵਿੱਖ ਦੇ ਵਿਚ ਚੰਗੇ ਪੱਧਰ ਦੇ ਸਾਹਿਤ ਦਾ ਨਿਰਮਾਣ ਹੋਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: