ਸਿਆਸੀ ਖਬਰਾਂ

‘ਆਪ’ ਵਲੋਂ ਚੋਣ ਕਮਿਸ਼ਨ ਨੂੰ ਪੀਟੀਸੀ ਚੈਨਲ ਦੀ ਸ਼ਿਕਾਇਤ; ਪ੍ਰਸਾਰਣ ਬੰਦ ਕਰਨ ਦੀ ਮੰਗ

By ਸਿੱਖ ਸਿਆਸਤ ਬਿਊਰੋ

January 22, 2017

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਵੱਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਚੋਣ ਕਮਿਸ਼ਨ ਨੇ ਫੇਸਬੁੱਕ ਪੇਜ ‘ਅਕਾਲੀ ਆਵਾਜ਼’ ਚਲਾਉਣ ਵਾਲਿਆਂ ਦਾ ਪਤਾ ਲਾਉਣ ਲਈ ਮਾਮਲਾ ਸਾਈਬਰ ਅਪਰਾਧ ਸੈੱਲ ਹਵਾਲੇ ਕੀਤਾ ਹੈ। ‘ਆਪ’ ਨੇ ਪੀਟੀਸੀ ਨਿਊਜ਼ ਚੈਨਲ ਉਪਰ ਝੂਠੀਆਂ ਖਬਰਾਂ ਪ੍ਰਸਾਰਿਤ ਕਰਨ ਦੇ ਦੋਸ਼ ਲਾ ਕੇ ਇਸ ਚੈਨਲ ਨੂੰ 4 ਫਰਵਰੀ ਤੱਕ ਬੰਦ ਕਰਨ ਦੀ ਮੰਗ ਕੀਤੀ ਹੈ।

ਪਾਰਟੀ ਦੇ ਮਨੁੱਖੀ ਅਧਿਕਾਰ ਸੈੱਲ ਦੇ ਕਨਵੀਨਰ ਐਡਵੋਕੇਟ ਨਵਕਿਰਨ ਸਿੰਘ ਨੇ ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਰਾਹੀਂ ਭਾਰਤ ਦੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜ ਕੇ ਦੋਸ਼ ਲਾਇਆ ਹੈ ਕਿ ਬਾਦਲ ਪਰਿਵਾਰ ਦੀ ਮਾਲਕੀ ਵਾਲੇ ਪੀਟੀਸੀ ਨਿਊਜ਼ ਚੈਨਲ ਉਪਰ ‘ਆਪ’ ਸਬੰਧੀ ਗੁਮਰਾਹਕੁਨ ਖ਼ਬਰਾਂ ਚਲਾ ਕੇ ਕਾਇਦੇ-ਕਾਨੂੰਨਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੀਟੀਸੀ ਉਪਰ ‘ਆਪ ਉਮੀਦਵਾਰ ਹਰਵਿੰਦਰ ਸਿੰਘ ਫੂਲਕਾ ਨੋਇਡਾ ਟੋਲ ਪਲਾਜ਼ਾ ਵਿੱਚ ਹਿੱਸੇਦਾਰ’ ਸਿਰਲੇਖ ਹੇਠ ਖ਼ਬਰ ਚਲਾਈ ਗਈ। ਇਹੀ ਖ਼ਬਰ ਫੇਸਬੁੱਕ ਪੇਜ ‘ਅਕਾਲੀ ਆਵਾਜ਼’ ਉਤੇ ਵੀ ਚੱਲ ਰਹੀ ਹੈ। ਇਸ ਸਬੰਧੀ ਚੋਣ ਕਮਿਸ਼ਨ ਨੇ ਤੁਰੰਤ ਸਾਈਬਰ ਅਪਰਾਧ ਸੈੱਲ ਨੂੰ ਇਹ ਫੇਸਬੁੱਕ ਪੇਜ ਚਲਾਉਣ ਵਾਲਿਆਂ ਦੀ ਜਾਣਕਾਰੀ ਹਾਸਲ ਕਰਨ ਦੇ ਆਦੇਸ਼ ਦੇ ਦਿੱਤੇ ਹਨ।

ਪਾਰਟੀ ਨੇ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਕਿ 20 ਜਨਵਰੀ ਨੂੰ ਪੀਟੀਸੀ ਉਤੇ ਵਿਧਾਨ ਸਭਾ ਹਲਕਾ ਦਾਖਾ ਤੋਂ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੀ ਇੰਟਰਵਿਊ ਦੌਰਾਨ ‘ਆਪ’ ਉਮੀਦਵਾਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਵਿਰੁੱਧ ਗਲਤ ਜਾਣਕਾਰੀ ਦਿੱਤੀ ਗਈ।

ਇਆਲੀ ਨੇ ਪੀਟੀਸੀ ਨੂੰ ਦੱਸਿਆ ਕਿ ਫੂਲਕਾ ਦਾ ਨੋਇਡਾ ਟੋਲ ਪਲਾਜ਼ਾ ਵਿੱਚ ਹਿੱਸਾ ਹੈ ਅਤੇ ਦੇਸ਼ ਵਿੱਚੋਂ ਸਭ ਤੋਂ ਵੱਧ ਕਮਾਈ ਵਾਲੇ ਇਸ ਪਲਾਜ਼ਾ ਵਿੱਚ ਸਿੱਖ ਕਤਲੇਆਮ ਦੇ ਮੁਲਜ਼ਮ ਜਗਦੀਸ਼ ਟਾਈਟਲਰ ਅਤੇ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਵੀ ਹਿੱਸੇਦਾਰ ਹਨ। ਉਨ੍ਹਾਂ ਦੱਸਿਆ ਕਿ ਅਸਲ ਵਿੱਚ ਫੂਲਕਾ ਦਾ ਇਸ ਵਪਾਰ ਨਾਲ ਕੋਈ ਸਬੰਧ ਨਹੀਂ ਹੈ। ਦਰਅਸਲ ਫੂਲਕਾ ਦੀ ਪਤਨੀ ਨੇ ਨੋਇਡਾ ਟੋਲ ਬ੍ਰਿਜ ਕੰਪਨੀ ਲਿਮਟਿਡ ਦੇ ਆਨਲਾਈਨ ਮਹਿਜ਼ ਇਕ ਲੱਖ ਰੁਪਏ ਦੇ ਸ਼ੇਅਰ ਖਰੀਦੇ ਸਨ ਅਤੇ ਇਸ ਕੰਪਨੀ ਦੇ ਅਜਿਹੇ 82 ਹਜ਼ਾਰ ਸ਼ੇਅਰ ਧਾਰਕ ਹਨ।

ਉਨ੍ਹਾਂ ਦੱਸਿਆ ਕਿ ਨਾ ਤਾਂ ਫੂਲਕਾ ਅਤੇ ਨਾ ਉਨ੍ਹਾਂ ਦੀ ਪਤਨੀ ਇਸ ਟੋਲ ਪਲਾਜ਼ਾ ਕੰਪਨੀ ਦੇ ਡਾਇਰੈਕਟਰ ਹਨ ਅਤੇ ਨਾ ਪ੍ਰਬੰਧਕੀ ਕਮੇਟੀ ਦੇ ਮੈਂਬਰ ਹਨ। ਨਵਕਿਰਨ ਸਿੰਘ ਨੇ ਚੋਣ ਕਮਿਸ਼ਨ ਨੂੰ ਦਿੱਤੇ ਮੰਗ ਪੱਤਰ ਵਿੱਚ ਕਿਹਾ ਕਿ ਪੀਟੀਸੀ ਚੈਨਲ ਨੇ ‘ਲੋਕ ਪ੍ਰਤੀਨਿਧਤਾ ਐਕਟ-1951’ ਦੀ ਧਾਰਾ 123(4) ਦੀ ਉਲੰਘਣਾ ਕੀਤੀ ਹੈ।

ਪੀਟੀਸੀ ਨਿਊਜ਼ ਚੈਨਲ ਦੇ ਮੁੱਖ ਸੰਪਾਦਕ ਰਬਿੰਦਰਾ ਨਰਾਇਣ ਨੇ ਦੱਸਿਆ ਕਿ ਖ਼ਬਰ ਇਕਪਾਸੜ ਦਿਖਾਉਣ ਦੇ ਦੋਸ਼ ਗਲਤ ਹਨ ਕਿਉਂਕਿ ਇਆਲੀ ਵੱਲੋਂ ਲਾਏ ਦੋਸ਼ਾਂ ਬਾਰੇ ਫੂਲਕਾ ਦਾ ਪੱਖ ਵੀ ਪ੍ਰਸਾਰਿਤ ਕੀਤਾ ਗਿਆ ਹੈ, ਜਿਸ ਵਿੱਚ ਫੂਲਕਾ ਨੇ ਮੰਨਿਆ ਹੈ ਕਿ ਉਨ੍ਹਾਂ ਕਾਨੂੰਨੀ ਢੰਗ ਨਾਲ ਇਸ ਕੰਪਨੀ ਦੇ ਸ਼ੇਅਰ ਖਰੀਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: