ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਬਾਦਲ ਪਰਿਵਾਰ ਨੂੰ ਕਿਹਾ ਹੈ ਕਿ ਉਹ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦੀ ਤਰ੍ਹਾਂ ਸੂਬੇ ਦੇ ਹਿੱਤਾਂ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਲੈ ਕੇ ਨਰਿੰਦਰ ਮੋਦੀ ਸਰਕਾਰ ਉੱਤੇ ਦਬਾਅ ਪਾਉਣ।
‘ਆਪ’ ਵੱਲੋਂ ਜਾਰੀ ਸਾਂਝੇ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਮੁੱਖ ਬੁਲਾਰੇ ਅਤੇ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਹਰਜੋਤ ਸਿੰਘ ਬੈਂਸ, ਮਾਲਵਾ ਜ਼ੋਨ ਦੇ ਤਿੰਨੋਂ ਪ੍ਰਧਾਨ ਦਲਬੀਰ ਸਿੰਘ ਢਿੱਲੋਂ, ਗੁਰਦਿੱਤ ਸਿੰਘ ਸੇਖੋਂ, ਅਨਿਲ ਠਾਕੁਰ, ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਅਤੇ ਦੁਆਬਾ ਜ਼ੋਨ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਦਾ ਹਿੱਸਾ ਹੋਣ ਦੇ ਬਾਵਜੂਦ ਚੰਦਰ ਬਾਬੂ ਨਾਇਡੂ ਦੀ ਤੇਲਗੂ ਦੇਸਮ ਪਾਰਟੀ (ਟੀਡੀਪੀ) ਜੇਕਰ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸ਼੍ਰੇਣੀ ਸੂਬੇ ਦੇ ਰੁਤਬੇ ਅਤੇ ਰਾਜਧਾਨੀ ਸਮੇਤ ਲਟਕ ਰਹੀਆਂ ਮੰਗਾਂ ਲਈ ਆਪਣੇ ਦੋ ਮੰਤਰੀਆਂ ਦੇ ਅਹੁਦੇ ਰੋਸ ਵਜੋਂ ਕੁਰਬਾਨ ਕਰ ਸਕਦਾ ਹੈ ਤਾਂ ਪੰਜਾਬ ਦੀਆਂ ਲਟਕ ਰਹੀਆਂ ਅਤੇ ਭਖਵੀਂਆਂ ਮੰਗਾਂ ਲਈ ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਦੇ ਕੇ ਮੋਦੀ ਸਰਕਾਰ ਉੱਤੇ ਦਬਾਅ ਕਿਉਂ ਨਹੀਂ ਬਣਾਇਆ ਜਾਂਦਾ?
ਹਰਜੋਤ ਬੈਂਸ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਉੱਪਰ ਪੰਜਾਬ ਦੇ ਵਡੇਰੇ ਹਿੱਤਾਂ ਦੀ ਥਾਂ ਆਪਣੇ ਪਰਿਵਾਰ ਦੇ ਸਵਾਰਥੀ ਹਿੱਤ ਪਾਲਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸੇ ਦਿਨ ਬਾਦਲ ਪਰਿਵਾਰ ਦੀ ਕਮਜ਼ੋਰੀ ਭਾਂਪ ਲਈ ਸੀ ਜਦੋਂ ਬਾਦਲ ਪਰਿਵਾਰ ਨੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਦਰਕਿਨਾਰ ਕਰ ਕੇ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਬਣਵਾਇਆ ਸੀ। ਬਾਦਲ ਪਰਿਵਾਰ ਦੀ ਇਸੇ ਕਮਜ਼ੋਰੀ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਦੇ ਵੀ ਪੰਜਾਬ ਦੀ ਪ੍ਰਵਾਹ ਨਹੀਂ ਕੀਤੀ। ਇੱਥੋਂ ਤੱਕ ਕਿ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰਾਲਾ ਹੋਣ ਦੇ ਬਾਵਜੂਦ ਹਰਸਿਮਰਤ ਕੌਰ ਬਾਦਲ ਆਪਣੇ ਖੇਤੀ ਪ੍ਰਧਾਨ ਸੂਬੇ ਲਈ ਇੱਕ ਵੀ ਵੱਡਾ ਫੂਡ ਪ੍ਰੋਸੈਸ ਉਦਯੋਗ ਨਹੀਂ ਲਿਆ ਸਕੇ।
ਸਬੰਧਿਤ ਖਬਰ: ਟੀਡੀਪੀ ਦੇ ਦੋ ਕੇਂਦਰੀ ਮੰਤਰੀਆਂ ਦੇ ਅਸਤੀਫੇ ਦੇ ਰੌਲੇ ਵਿਚੋਂ ਉੱਠੀ ਦੱਖਣ ਭਾਰਤ ਵਿਚ ਵੱਖਰੇ ਅਜ਼ਾਦ ਦੇਸ਼ ਦੀ ਅਵਾਜ਼
‘ਆਪ’ ਆਗੂਆਂ ਨੇ ਕਿਹਾ ਕਿ ਬਾਦਲਾਂ ਨੇ ਆਪਣੇ ਪਰਿਵਾਰਕ ਹਿੱਤਾਂ ਅਤੇ ਸਵਾਰਥੀ ਸਿਆਸਤ ਲਈ ਕੇਂਦਰ ‘ਚ ਆਪਣੀ ਗਠਜੋੜ ਸਰਕਾਰ ਉੱਤੇ ਪੰਜਾਬ ਦੀਆਂ ਦਹਾਕਿਆਂ ਤੋਂ ਲਟਕਦੀਆਂ ਮੰਗਾਂ ਲਈ ਦਬਾਅ ਨਹੀਂ ਬਣਾਇਆ। ‘ਆਪ’ ਆਗੂਆਂ ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਚੰਦਰ ਬਾਬੂ ਨਾਇਡੂ ਤੋਂ ਨਸੀਹਤ ਲੈਣੀ ਚਾਹੀਦੀ ਹੈ।
ਹੋਰ ਤਾਂ ਹੋਰ ਬਾਦਲ ਆਪਣੀ ਕੇਂਦਰ ਸਰਕਾਰ ਕੋਲੋਂ ਸ੍ਰੀ ਦਰਬਾਰ ਸਾਹਿਬ ਦੀ ਲੰਗਰ ਸੇਵਾ ਨੂੰ ਜੀਐਸਟੀ ਤੋਂ ਛੋਟ ਨਹੀਂ ਲੈ ਸਕੇ ਜਦਕਿ ਦੇਸ਼ ਦੇ ਕੁੱਝ ਧਾਰਮਿਕ ਸਥਾਨਾਂ ਨੂੰ ਜੀਐਸਟੀ ਦੇ ਦਾਇਰੇ ਤੋਂ ਬਾਹਰ ਰੱਖਿਆ ਹੋਇਆ ਹੈ। ਇਸੇ ਤਰ੍ਹਾਂ ਪਹਾੜੀ ਰਾਜਾਂ ਵਾਂਗ ਪੰਜਾਬ ਨੂੰ ਵਿਸ਼ੇਸ਼ ਉਦਯੋਗਿਕ ਪੈਕੇਜ, ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੇ ਪਾਣੀ ਅਤੇ ਹੋਰ ਅਹਿਮ ਮੁੱਦੇ ਹਨ ਜਿੰਨ੍ਹਾ ਲਈ ਕੇਂਦਰ ਸਰਕਾਰ ਉੱਤੇ ਦਬਾਅ ਪਾਉਣਾ ਚਾਹੀਦਾ ਹੈ ਅਤੇ ਪੰਜਾਬ ਦੇ ਇੰਨਾ ਹਿੱਤਾਂ ਅੱਗੇ ਹਰਸਿਮਰਤ ਦਾ ਅਹੁਦਾ ਨਿਗੁਣੀ ਚੀਜ਼ ਹੈ।