ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਪਾਣੀਆਂ ਦੇ ਮੁੱਦੇ ਉੱਤੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਚੁਣੌਤੀ ਨੂੰ ਕਬੂਲ ਕਰਨ ਤੋਂ ਝਿਜਕਦੀ ਦਿਖਾਈ ਦਿੱਤੀ। ਬਜਟ ਉੱਤੇ ਬਹਿਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਸਪੱਸ਼ਟ ਕਿਹਾ ਕਿ ਜੇਕਰ ਪੰਜਾਬ ਸਰਕਾਰ ਦਿੱਲੀ ਨੂੰ ਪੀਣ ਵਾਲੇ ਪਾਣੀ ਦਾ ਬਿੱਲ ਭੇਜੇ ਤਾਂ ਦਿੱਲੀ ਸਰਕਾਰ ਅਦਾਇਗੀ ਕਰਨ ਨੂੰ ਤਿਆਰ ਹੈ। ਉਨ੍ਹਾਂ ਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਗੱਲ ਹੋ ਚੁੱਕੀ ਹੈ। ਬਹਿਸ ਦਾ ਜਵਾਬ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਬੁੱਧਵਾਰ ਨੂੰ ਦੇਣਗੇ।
ਬਜਟ ਉੱਤੇ ਬਹਿਸ ਦੌਰਾਨ ਕਾਂਗਰਸ ਵਿਧਾਇਕ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਹਰਿਮੰਦਰ ਸਾਹਿਬ ਅਤੇ ਦੁਰਗਿਆਨਾ ਮੰਦਰ ਦੇ ਲੰਗਰ ਤੋਂ ਜੀਐੱਸਟੀ ਹਟਾਉਣ ਵਾਂਗ ਹੀ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਅਤੇ ਗੁਰਦੁਆਰਾ ਸੀਸਗੰਜ ਸਾਹਿਬ ਦੇ ਲੰਗਰ ਤੋਂ ਵੀ ਜੀਐੱਸਟੀ ਹਟਾਉਣ ਅਤੇ ਪਾਣੀਆਂ ਬਾਰੇ ਦਿੱਲੀ ਸਰਕਾਰ ਨਾਲ ਗੱਲ ਕੀਤੀ ਜਾਵੇ।
ਇਸੇ ਦੌਰਾਨ ਅਮਨ ਅਰੋਡ਼ਾ ਨੇ ਕਿਹਾ ਕਿ ਉਨ੍ਹਾਂ ਦੀ ਦਿੱਲੀ ਦੇ ਮੁੱਖ ਮੰਤਰੀ ਨਾਲ ਗੱਲ ਹੋ ਚੁੱਕੀ ਹੈ, ਜੇਕਰ ਪੰਜਾਬ ਸਰਕਾਰ ਪੀਣ ਵਾਲੇ ਪਾਣੀ ਦੇ ਪੈਸੇ ਵਸੂਲ ਕਰਨਾ ਚਾਹੁੰਦੀ ਹੈ ਤਾਂ ਬਿੱਲ ਭੇਜ ਦੇਵੇ ਅਤੇ ਦਿੱਲੀ ਸਰਕਾਰ ਅਦਾਇਗੀ ਕਰ ਦੇਵੇਗੀ। ਇਸ ਦੇ ਨਾਲ ਸ਼ਰਤ ਇਹ ਹੈ ਫਿਰ ਅਜਿਹੇ ਬਿੱਲ ਗੁਆਂਢੀ ਰਾਜਾਂ (ਰਾਜਸਥਾਨ ਅਤੇ ਹਰਿਆਣਾ) ਨੂੰ ਵੀ ਭੇਜਣੇ ਪੈਣਗੇ। ਇਸੇ ਦੌਰਾਨ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਸਰਕਾਰੀ ਧਿਰ ਤੋਂ ਬਿੱਲ ਭੇਜਣ ਦੀ ਤਰੀਕ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਤਾਂ ਸਰਕਾਰੀ ਧਿਰ ਨੇ ਇਸ ਨੂੰ ਮਿੱਟੀ-ਘੱਟੇ ਰੋਲਣ ਵਿੱਚ ਹੀ ਭਲਾਈ ਸਮਝੀ।