ਲੁਧਿਆਣਾ : ਪੀ.ਏ.ਸੀ. (ਪਬਲਿਕ ਐਕਸ਼ਨ ਕਮੇਟੀ ਫਾਰ ਸਤਲੁਜ, ਮੱਤੇਵਾੜਾ ਅਤੇ ਬੁੱਢਾ ਦਰਿਆ) ਦੇ ਮੈਂਬਰਾਂ ਨੇ ਅੱਜ ਇੱਥੇ ਇੱਕ ਹੰਗਾਮੀ ਮੀਟਿੰਗ ਕੀਤੀ, ਜਿਸ ਵਿੱਚ ਚਮਕੌਰ ਸਾਹਿਬ ਨੇੜੇ ਰੁਚਿਰਾ ਪੇਪਰ ਮਿੱਲ ਵਿਰੁਧ ਕੀਤੇ ਜਾ ਰਹੇ ਅੰਦੋਲਨ ਦੀ ਹਮਾਇਤ ਕਰਨ ਦਾ ਮਤਾ ਪਾਸ ਕੀਤਾ ਗਿਆ। ਮੈਂਬਰਾਂ ਦਾ ਵਿਚਾਰ ਸੀ ਕਿ ਸੂਬੇ ਦੀਆਂ ਨਦੀਆਂ ਅਤੇ ਧਰਤੀ ਹੇਠਲਾ ਪਾਣੀ ਪਹਿਲਾਂ ਹੀ ਬੇਹੱਦ ਪ੍ਰਦੂਸ਼ਿਤ ਹੈ ਅਤੇ ਸਰਕਾਰ ਨੂੰ ਹੁਣ ਤੋਂ ਸੂਬੇ ਵਿੱਚ ਸਿਰਫ਼ ਪ੍ਰਦੂਸ਼ਣ ਰਹਿਤ ਅਤੇ ਉੱਚ ਮਿਆਰ ਵਾਲੇ ਉਦਯੋਗਾਂ ਨੂੰ ਹੀ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਪੀ.ਏ.ਸੀ ਦੇ ਕਰਨਲ ਸੀ.ਐਮ ਲਖਨਪਾਲ ਨੇ ਕਿਹਾ ਕਿ ਅਸੀਂ ਪੰਜਾਬ ਵਿੱਚ ਆ ਰਹੇ ਕਿਸੇ ਵੀ ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗ ਦੇ ਖਿਲਾਫ ਡਟੇ ਹੋਏ ਹਾਂ, ਚਾਹੇ ਉਹ ਜ਼ੀਰਾ ਵਿੱਚ ਮਲਬਰੋਸ ਡਿਸਟਿਲਰੀ ਹੋਵੇ ਜਾਂ ਚਮਕੌਰ ਸਾਹਿਬ ਵਿੱਚ ਰੁਚੀਰਾ ਪੇਪਰ। ਇਸ ਪ੍ਰਦੂਸ਼ਣ ਦਾ ਅਸਲ ਅਸਰ ਕਈ ਦਹਾਕਿਆਂ ਬਾਅਦ ਦਿਖਾਈ ਦਿੰਦਾ ਹੈ ਜਿਵੇਂ ਜ਼ੀਰਾ ਦੇ ਲੋਕਾਂ ਨੂੰ ਹੁਣ ਮਹਿਸੂਸ ਹੋਇਆ ਹੈ। ਪੇਪਰ ਮਿੱਲਾਂ ਬਹੁਤ ਪਾਸੇ ਪ੍ਰਦੂਸ਼ਣ ਫੈਲਾ ਰਹੀਆਂ ਹਨ। ਨੀਲੋਂ ਨਹਿਰ ਦੇ ਕੰਢੇ ਇਸ ਪੇਪਰ ਮਿੱਲ ਨੂੰ ਲਗਾਉਣ ਦੀ ਯੋਜਨਾ ਵਾਤਾਵਰਨ ਪੱਖੋਂ ਮਾੜਾ ਫੈਸਲਾ ਹੈ। ਦੂਜੇ ਪਾਸੇ ਸਤਲੁਜ ਤੋਂ ਵੀ ਇਹ ਬਹੁਤੀ ਦੂਰ ਨਹੀਂ ਹੈ। ਇਲਾਕੇ ਦੇ ਲੋਕ ਆਪਣੇ ਧਰਤੀ ਹੇਠਲੇ ਪਾਣੀ ਦੇ ਪ੍ਰਦੂਸ਼ਣ ਨੂੰ ਲੈ ਕੇ ਚਿੰਤਤ ਹਨ। ਉਹ ਇਸ ਪ੍ਰੋਜੈਕਟ ਦੇ ਖਿਲਾਫ ਜਥੇਬੰਦ ਹੋ ਰਹੇ ਹਨ ਅਤੇ ਅੰਦੋਲਨ ਕਰ ਰਹੇ ਹਨ ਅਤੇ ਪੀਏਸੀ ਉਹਨਾਂ ਦੀ ਇਸ ਮੁਹਿੰਮ ਦਾ ਪੂਰਾ ਸਮਰਥਨ ਕਰੇਗੀ।”
ਨਰੋਆ ਪੰਜਾਬ ਮੰਚ ਦੇ ਜਸਕੀਰਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੀਏਸੀ ਨੂੰ 11 ਜੁਲਾਈ ਦੀ ਮੀਟਿੰਗ ਵਿੱਚ ਭਰੋਸਾ ਦਿੱਤਾ ਸੀ ਕਿ ਜਲ ਸਰੋਤਾਂ ਦੇ ਨੇੜੇ ਕੋਈ ਵੀ ਪ੍ਰਦੂਸ਼ਣ ਫੈਲਾਉਣ ਵਾਲਾ ਉਦਯੋਗ ਨਹੀਂ ਲਗਾਇਆ ਜਾਵੇਗਾ। ਜਿਸ ਪਲਾਟ ਵਿੱਚ ਰੁਚਿਰਾ ਪੇਪਰ ਮਿੱਲ ਲਾਉਣ ਦੀ ਤਜਵੀਜ਼ ਹੈ ਉਹ ਨੀਲੋਂ ਨਹਿਰ ਤੋਂ ਮੁਸ਼ਕਿਲ ਨਾਲ 250 ਮੀਟਰ ਦੀ ਦੂਰੀ ਤੇ ਹੈ ਅਤੇ ਇਸ ਲਈ ਇਹ ਮੁੱਖ ਮੰਤਰੀ ਵੱਲੋਂ ਦਿੱਤੇ ਭਰੋਸੇ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦਾ। ਪੰਜਾਬ ਪਹਿਲਾਂ ਹੀ ਪਾਣੀ ਦੇ ਪ੍ਰਦੂਸ਼ਣ ਦੇ ਨਕਾਰਾਤਮਕ ਸਿਹਤ ਪ੍ਰਭਾਵਾਂ ਦੀ ਮਾਰ ਝੱਲ ਰਿਹਾ ਹੈ, ਚਾਹੇ ਉਹ ਸਤਲੁਜ ਨੂੰ ਪ੍ਰਦੂਸ਼ਿਤ ਕਰਨ ਵਾਲਾ ਬੁੱਢਾ ਦਰਿਆ ਹੋਵੇ ਜਾਂ ਜ਼ੀਰਾ ਵਿੱਚ ਮਲਬਰੋਜ਼ ਵਰਗੀਆਂ ਰਸਾਇਣਕ ਫੈਕਟਰੀਆਂ ਦੇ ਆਲੇ ਦੁਆਲੇ ਭੂਮੀਗਤ ਪਾਣੀ ਦਾ ਪ੍ਰਦੂਸ਼ਣ ਹੋਵੇ। ਉਨ੍ਹਾਂ ਕਿਹਾ ਕਿ ਇਸ ਵਰਤਾਰੇ ਨੂੰ ਚਲਾਉਣ ਦੀ ਦੀ ਹੋਰ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਪੀਏਸੀ ਦੇ ਮਨਿੰਦਰਜੀਤ ਸਿੰਘ ਨੇ ਕਿਹਾ, “ਚਮਕੌਰ ਸਾਹਿਬ ਦੀ ਧਰਤੀ ਇੱਕ ਸੁੰਦਰ ਹਰਿਆ ਭਰਿਆ ਇਲਾਕਾ ਹੋਣ ਦੇ ਨਾਲ ਨਾਲ ਬਹੁਤੀ ਵੱਡੀ ਇਤਹਾਸਿਕ ਮਹੱਤਤਾ ਰੱਖਦੀ ਹੈ ਅਤੇ ਇਤਿਹਾਸ ਗਵਾਹ ਹੈ ਚਮਕੌਰ ਸਾਹਿਬ ਦੀ ਧਰਤੀ ਤੇ ਜਬਰ, ਜ਼ੋਰ ਦੇ ਖਿਲਾਫ ਅਤੇ ਮਨੁਖਤਾ ਦੇ ਭੱਲੇ ਦੀ ਗੱਲ ਹੋਈ ਹੈ। ਇਸ ਦਾ ਇਸ ਤਰ੍ਹਾਂ ਸ਼ੋਸ਼ਣ ਨਹੀਂ ਕੀਤਾ ਜਾਣਾ ਚਾਹੀਦਾ। ਅਜਿਹੇ ਖੇਤਰ ਵਿੱਚ ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗ ਦੀ ਸਥਾਪਨਾ ਨਹੀਂ ਹੋਣੀ ਚਾਹੀਦੀ। ਅਸੀਂ ਟਾਟਾ ਸਟੀਲ ਵਰਗੀਆਂ ਇੰਡਸਟਰੀਆਂ ਬਾਰੇ ਆਸ਼ਾਵਾਦੀ ਹਾਂ ਪਰ ਨਾਲ ਹੀ ਬਹੁਤ ਸਾਵਧਾਨ ਵੀ, ਪਰ ਕਾਗਜ਼ ਅਤੇ ਗੱਤੇ ਵਰਗੇ ਪ੍ਰਦੂਸ਼ਣ ਫੈਲਾਉਣ ਵਾਲੇ ਕਾਰਖਾਨਿਆਂ ਦਾ ਸਵਾਗਤ ਨਹੀਂ ਹੈ। ਰੁਜ਼ਗਾਰ ਮਹੱਤਵਪੂਰਨ ਹੈ ਪਰ ਵਾਤਾਵਰਣ ਅਤੇ ਸਿਹਤ ਵਧੇਰੇ ਮਹੱਤਵਪੂਰਨ ਹਨ।”
ਪੀਏਸੀ ਮੈਂਬਰਾਂ ਨੇ ਦੱਸਿਆ ਕਿ ਉਹ ਚਮਕੌਰ ਸਾਹਿਬ ਦੇ ਕਾਰਕੁਨਾਂ ਦੇ ਸੰਪਰਕ ਵਿੱਚ ਹਨ ਜੋ ਪੇਪਰ ਮਿੱਲ ਦਾ ਵਿਰੋਧ ਕਰ ਰਹੇ ਹਨ ਅਤੇ ਉਨ੍ਹਾਂ ਨਾਲ ਗੱਲਬਾਤ ਕਰਕੇ ਭਵਿੱਖ ਦੀ ਰਣਨੀਤੀ ਉਲੀਕੀ ਜਾਵੇਗੀ। ਮੀਟਿੰਗ ਵਿੱਚ ਪੀ.ਏ.ਸੀ ਮੈਂਬਰ ਮਹਿੰਦਰ ਸਿੰਘ ਸੇਖੋਂ ਤੇ ਗੁਰਪ੍ਰੀਤ ਸਿੰਘ ਵੀ ਸ਼ਾਮਲ ਸਨ।