ਚੰਡੀਗੜ੍ਹ – ਕਰੀਬ 1 ਸਦੀ ਪਹਿਲਾਂ ਸਾਇਕਲ ‘ਤੇ ਪੰਜ ਸਾਲ ਹਜਾਰਾਂ ਮੀਲ ਸਫ਼ਰ ਕਰਕੇ 1600 ਤੋਂ ਵੱਧ ਗੁਰਦੁਆਰਾ ਸਾਹਿਬਾਨ ਦੀ ਯਾਤਰਾ ਕਰਨ ਵਾਲੇ ਅਤੇ ਉਹਨਾਂ ਦਾ ਇਤਿਹਾਸ ਆਪਣੀਆਂ ਡਾਇਰੀਆਂ ਵਿੱਚ ਲਿਖਣ ਵਾਲੇ ਭਾਈ ਧੰਨਾ ਸਿੰਘ ਪਿੰਡ ਚਾਂਗਲੀ (ਧੂਰੀ) ਜਿਲ੍ਹਾ ਸੰਗਰੂਰ ਦੀ ਯਾਦ ਵਿੱਚ ਪਹਿਲੀ ਵਾਰ ਉਹਨਾਂ ਦੇ ਜਨਮ ਪਿੰਡ ਚਾਂਗਲੀ ਵਿਖੇ ਲੰਘੀ 26 ਮਾਰਚ ਨੂੰ ਸਮਾਗਮ ਕਰਵਾਇਆ ਗਿਆ।
ਇਹ ਸਮਾਗਮ ਸਿੱਖ ਜਥਾ ਮਾਲਵਾ ਵੱਲੋਂ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜਰੀ ਭਰੀ।
ਭਾਈ ਜਗਤਾਰ ਸਿੰਘ ਦੇ ਜਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਜਿਸ ਉਪਰੰਤ ਭਾਈ ਮਲਕੀਤ ਸਿੰਘ ਭਵਾਨੀਗੜ੍ਹ (ਸਿੱਖ ਜਥਾ ਮਾਲਵਾ) ਵੱਲੋਂ ਭਾਈ ਧੰਨਾ ਸਿੰਘ ਜੀ ਬਾਬਤ ਵਿਸਥਾਰ ਵਿੱਚ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।
ਭਾਈ ਧੰਨਾ ਸਿੰਘ ਜੀ ਬਾਰੇ ਪਿੰਡ ਦੇ ਲੋਕਾਂ ਵਿਚ ਜਾਨਣ ਦੀ ਬਹੁਤ ਇੱਛਾ ਸੀ। ਸਮਾਗਮ ਦੌਰਾਨ ਸੰਗਤ ਨੇ ਇਕਾਗਰਤਾ ਬਣਾਈ ਰੱਖੀ ਅਤੇ ਹੱਥੀਂ ਸੇਵਾਵਾਂ ਕੀਤੀਆਂ।
ਇਸ ਮੌਕੇ ਭਾਈ ਧੰਨਾ ਸਿੰਘ ਜੀ ਬਾਰੇ ਯਾਦਗਾਰ ਬਣਾਉਣ ਸਬੰਧੀ ਅਤੇ ਪਿੰਡ ਵਿੱਚ ਘਰ-ਘਰ ਉਹਨਾਂ ਸਬੰਧੀ ਜਾਣਕਾਰੀ ਪਹੁੰਚਾਉਣ ਸਬੰਧੀ ਵੀ ਸਹਿਮਤੀ ਬਣਾਈ ਗਈ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਤੱਕ ਉਹਨਾਂ ਦੀ ਕੀਤੀ ਸੇਵਾ ਤੋਂ ਸਿੱਖ ਸੰਗਤ ਲਾਹੇ ਉਠਾ ਸਕੇ।
ਜਿਕਰਯੋਗ ਹੈ ਕਿ ਭਾਈ ਧੰਨਾ ਸਿੰਘ ਜੀ ਦੇ ਕਾਰਜਾਂ ਸਬੰਧੀ ਬੜੀ ਕੀਮਤੀ ਕਿਤਾਬ ‘ਗੁਰ ਤੀਰਥ ਸਾਇਕਲ ਯਾਤਰਾ’ ਥੋੜ੍ਹੇ ਸਾਲ ਪਹਿਲਾਂ ਹੀ ਛਪੀ ਹੈ।