ਖਾਸ ਖਬਰਾਂ

ਅਜੋਕੀ ਸਿੱਖ ਰਾਜਨੀਤੀ ਵਿਚ ਆਈ ਖੜੋਤ ਬਾਰੇ ਕਰਵਾਈ ਵਿਚਾਰ-ਚਰਚਾ ਦੀ ਦੂਜੀ ਕੜੀ ਬਾਰੇ ਵਿਸ਼ੇਸ਼ ਰਿਪੋਰਟ

November 9, 2014 | By

ਵਿਚਾਰ ਚਰਚਾ ਵਿੱਚ ਹਿੱਸਾ ਲੈਦੇ ਸ੍ਰ. ਪਰਮਜੀਤ ਸਿੰਘ ਗਾਜ਼ੀ ਸੰਪਾਦਕ ਸਿੱਖ ਸਿਆਸਤ, ਸਿੱਖ ਇਤਿਹਾਸਕਾਰ ਅਤੇ ਚਿੰਤਕ ਸ੍ਰ. ਅਜਮੇਰ ਸਿੰਘ ਅਤੇ ਸ੍ਰ. ਮਨਧੀਰ ਸਿੰਘ ਸਾਬਕਾ ਜਨਰਲ ਸਕੱਤਰ ਪੰਚ ਪ੍ਰਧਾਨੀ

ਵਿਚਾਰ ਚਰਚਾ ਵਿੱਚ ਹਿੱਸਾ ਲੈਦੇ ਸ੍ਰ. ਪਰਮਜੀਤ ਸਿੰਘ ਗਾਜ਼ੀ ਸੰਪਾਦਕ ਸਿੱਖ ਸਿਆਸਤ, ਸਿੱਖ ਇਤਿਹਾਸਕਾਰ ਅਤੇ ਚਿੰਤਕ ਸ੍ਰ. ਅਜਮੇਰ ਸਿੰਘ ਅਤੇ ਸ੍ਰ. ਮਨਧੀਰ ਸਿੰਘ ਸਾਬਕਾ ਜਨਰਲ ਸਕੱਤਰ ਪੰਚ ਪ੍ਰਧਾਨੀ

ਨੋਟ: ਹੇਠਾਂ ਛਾਪੀ ਜਾ ਰਹੀ ਰਿਪੋਰਟ ਸਿੱਖ ਸਿਆਸਤ ਵਲੋਂ “ਅਜੋਕੀ ਸਿੱਖ ਰਾਜਨੀਤੀ ਵਿਚ ਆਈ ਖੜੋਤ” ਦੇ ਵਿਸ਼ੇ ਉੱਪਰ ਕੀਤੀ ਗਈ ਵਿਚਾਰ ਚਰਚਾ ਦੂਜੀ ਕੜੀ ਉੱਤੇ ਅਧਾਰਤ ਹਨ।

ਜਿਨ੍ਹਾਂ ਪਾਠਕਾਂ ਨੇ ਪਹਿਲੀ ਕੜੀ ਉੱਤੇ ਅਧਾਰਤ ਰਿਪੋਰਟ ਨਹੀਂ ਪੜ੍ਹੀ ਉਹ ਇਸ ਨੂੰ ਪੜ੍ਹਨ ਲਈ ਇਹ ਪੰਨਾ ਵੇਖ ਸਕਦੇ ਹਨ:

ਅਜੋਕੇ ਸਮੇਂ ਦੀ ਸਿੱਖ ਰਾਜਨੀਤੀ ਵਿਚਲੀ ਖੜੋਤ ਗੰਭੀਰ ਵਿਚਾਰ ਦੀ ਮੰਗ ਕਰਦੀ ਹੈ

ਬੀਤੀ ਕੜੀ ਦੀ ਗੱਲਬਾਤ ਬਾਰੇ ਪਾਠਕਾਂ ਵਲੋਂ ਇਕ ਇਹ ਪ੍ਰਭਾਵ ਬਣਿਆ ਸੀ ਕਿ ਸ੍ਰ. ਅਜਮੇਰ ਸਿੰਘ ਵਲੋਂ ਉਠਾਏ ਨੁਕਤੇ ਤਾਂ ਸਹੀ ਹਨ ਪਰ ਸ਼ਾਇਦ ਇਹ ਗੱਲ ਇੰਨੀ ਜ਼ਿਆਦਾ ਸਿਧਾਂਤਕ ਤੇ ਆਦਰਸ਼ਕ ਹੈ ਕਿ ਇਸ ਨੂੰ ਅਮਲ ਵਿਚ ਨਹੀਂ ਢਾਲਿਆ ਜਾ ਸਕਦਾ। ਗੱਲ ਬਾਤ ਦੀ ਦੂਜੀ ਕੜੀ ਦੀ ਸ਼ੁਰੂਆਤ ਕਰਦਿਆਂ ਸਿੱਖ ਸਿਆਸਤ ਨਿਊਜ਼ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨੇ ਸ੍ਰ. ਅਜਮੇਰ ਸਿੰਘ ਨੂੰ ਜਦੋਂ ਇਸ ਬਾਰੇ ਪੁੱਛਿਆ ਕਿ ਕਿਸੇ ਵੀ ਸਿਧਾਂਤ ਨੂੰ ਇੰਨ-ਬਿੰਨ ਤਾਂ ਵਿਹਾਰ ਵਿਚ ਨਹੀਂ ਲਿਆਂਦਾ ਜਾ ਸਕਦਾ ਤਾਂ ਉਨ੍ਹਾਂ ਕਿਹਾ ਕਿ ਇੰਨ ਬਿੰਨ ਨਾ ਸਹੀਂ ਪਰ ਬਹੁਤ ਕੁਝ ਅਮਲ ਵਿਚ ਲਿਆਦਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਵਿਚ ਹੀ ਇਹ ਗੱਲਾਂ ਵਾਪਰੀਆਂ ਹਨ। ਉਨਹਾਂ ਕਿਹਾ ਕਿ ਜੋ ਗੱਲਾਂ ਅੱਜ ਸਾਨੂੰ ਅਣਹੋਣੀਆਂ ਲੱਗਦੀਆਂ ਹਨ, ਕੋਈ ਮੌਕਾ ਅਜਿਹਾ ਵੀ ਸੀ ਕਿ ਜਦੋਂ ਇਸਦੇ ਉਲਟ ਇਹ ਗੱਲ ਅਣਹੋਣੀ ਲੱਗਦੀ ਹੁੰਦੀ ਸੀ ਕਿ ਕੋਈ ਵਿਅਕਤੀ (ਸਿੱਖ ਆਗੂ) ਲਾਲਚ ਗ੍ਰਸਤ ਹੋ ਜਾਵੇ ਜਾਂ ਨਿੱਜੀ ਸਵਾਰਥ ਜਾਂ ਸ਼ੌਹਰਤ ਪਿੱਛੇ ਪੈ ਜਾਵੇ।

ਆਪਣੀ ਗੱਲ ਜਾਰੀ ਰੱਖਦਿਆਂ ਸ. ਅਜਮੇਰ ਸਿੰਘ ਨੇ ਕਿਹਾ ਕਿ ਜੇਕਰ 18ਵੀਂ ਸਦੀ ਦੇ ਇਤਿਹਾਸ ਨੂੰ ਛੱਡ ਵੀ ਦਿੱਤਾ ਜਾਵੇ ਤਾਂ ਵੀ ਵੀਹਵੀਂ ਸਦੀ ਦੀ ਸਿੱਖ ਰਾਜਨੀਤੀ ਵਿਚ ਹੀ ਅਜਿਹੀਆਂ ਕਈ ਮਿਸਾਲਾਂ ਮਿਲ ਜਾਂਦੀਆਂ ਹਨ।

ਵੀਹਵੀਂ ਸਦੀ ਵਿਚ ਜੋ ਪਹਿਲੀ ਸਿਆਸੀ ਜਾਗ੍ਰਤੀ ਆਈ ਜਾਂ ਲਹਰਿ ਉੱਠੀ, ਉਹ ਗਦਰ ਲਹਿਰ ਸੀ। ਗਦਰ ਲਹਿਰ ਦਾ ਇਤਿਹਾਸ ਪੜ੍ਹ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਜੋ ਜ਼ਜਬਾ ਗਦਰੀ ਬਾਬਿਆਂ ਨੇ ਦਿਖਾਇਆ ਉਹ ਕੋਈ ਸਧਾਰਨ ਗੱਲ ਨਹੀਂ ਸੀ। ਗਦਰੀ ਬਾਬੇ ਰੂਹਾਨੀ ਤੌਰ ‘ਤੇ ਪ੍ਰੇਰਿਤ ਰੂਹਾਂ ਸਨ। ਭਾਂਵੇ ਉਹ ਦੇਸ਼ ਦੀ ਅਜ਼ਾਦੀ ਲਈ ਲੜੇ, ਪਰ ਜੋ ਪ੍ਰੇਰਿਤ ਕਰਨ ਵਾਲਾ ਜ਼ਜਬਾ ਸੀ, ਉਹ ਸਿੱਖੀ ਦਾ ਸੀ। ਸਿੱਖ ਕਦਰਾਂ ਕੀਮਤਾਂ, ਨੈਤਿਕ ਗੁਣ ਉਨ੍ਹਾਂ ਦੇ ਕਾਰ ਵਿਹਾਰ ਚੋਂ ਝਲਕਦੇ ਸਨ।

ਸ. ਅਜਮੇਰ ਸਿੰਘ ਨੇ ਕਿਹਾ ਕਿ ਇਹ ਇੱਕੋ-ਇੱਕ ਲਹਿਰ ਸੀ ਜਿਸ ਵਿੱਚ ਹਾਰ ਜਾਣ ਤੋਂ ਬਾਅਦ “ਬਲੇਮ ਗੇਮ” (ਆਪਸੀ ਦੂਸ਼ਣਬਾਜ਼ੀ) ਨਹੀਂ ਹੋਈ। ਇੱਥੋਂ ਪਰਖਿਆ ਜਾਂਦਾ ਹੈ ਕਿ ਤੁਹਾਡੇ ਵਿੱਚ ਕੀ ਗੁਣ ਹਨ? ਇੰਨੀ ਵੱਡੀ ਹਾਰ ਹੋਈ ਹੋਵੇ, ਸਪਸ਼ਟ ਤੌਰ ਤੇ ਦਿਸਦਾ ਵੀ ਸੀ ਕਿ ਕੌਣ ਬੰਦਾ ਗਦਾਰ ਕ੍ਰਿਪਾਲ ਸਿੰਘ ਨੂੰ ਲੈ ਕੇ ਆਇਆ, ਉਸਦੇ ਸਿਰ ਦੋਸ਼ ਧਰ ਸਕਦੇ ਸੀ, ਪਰ ਉਨ੍ਹਾਂ ਅਜਿਹਾ ਨਹੀਂ ਕੀਤਾ। ਡਾਕੇ ਲਹਿਰ ਨੂੰ ਲੈ ਡੁੱਬੇ ਸਨ ਅਤੇ ਡਾਕਿਆਂ ਵਾਲੀ ਗੱਲ ਵਿੱਚ ਦੂਸ਼ਣਬਾਜ਼ੀ ਕੀਤੀ ਜਾ ਸਕਦੀ ਸੀ (ਪਰ ਉਨ੍ਹਾਂ ਅਜਿਹਾ ਵੀ ਨਹੀਂ ਕੀਤਾ)। ਸਭ ਨੇ ਇਨ੍ਹਾਂ ਗੱਲਾਂ ਨੂੰ ਸਮੂਹਿਕ ਸਪਿਰਟ (ਸਾਂਝੀ ਜਿੰਮੇਵਾਰੀ ਦੀ ਭਾਵਨਾ) ਵਿੱਚ ਲਿਆ।

ਲੰਮੀਆਂ ਅਤੇ ਕਠੋਰ ਜੇਲਾਂ ਵਿੱਚ ਬਾਬਿਆਂ ਦਾ ਕਿਰਦਾਰ ਵੇਖਣ ਵਾਲਾ ਸੀ। ਜਿਸ ਬਾਬੇ ਦੀ ਡਿਊਟੀ ਲੰਗਰ ਵਰਤਾਉਣ ‘ਤੇ ਸੀ, ਉਹ ਸਾਰਿਆਂ ਨੂੰ ਵਰਤਾ ਕੇ ਫਿਰ ਆਪ ਲੰਗਰ ਸ਼ਕਦਾ ਸੀ। ਕਈ ਵਾਰ ਕੁਝ ਨਾ ਬੱਚਦਾ ਤਾਂ ਭੁਖਿਆਂ ਹੀ ਸੌਂ ਜਾਂਦਾ ਸੀ। ਇਹ ਸਾਰੀਆਂ ਗੱਲਾਂ ਅੱਜ ਸਾਨੂੰ ਅਣਹੋਣੀਆਂ ਲੱਗਦੀਆਂ ਹਨ, ਪਰ ਇਹ ਵਾਪਰੀਆਂ ਹਨ।

ਸ. ਅਜਮੇਰ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਲਿਖੀ ਕਿਤਾਬ “ਗਦਰੀ ਬਾਬੇ ਕੌਣ ਸਨ?” ਨੂੰ ਇਸ ਤਰਾਂ ਵੇਖਿਆ ਗਿਆ ਹੈ ਕਿ ਇਹ ਕਿਤਾਬ ਖੱਬੇਪੱਖੀਆਂ ਤੇ ਹਮਲਾ ਕਰਨ ਲਈ ਲਿਖੀ ਗਈ ਹੈ, ਹਾਲਾਂਕਿ ਇਹ ਉਸਦਾ ਸਿਰਫ ਇੱਕ ਪੱਖ ਹੀ ਸੀ। ਅਸਲ ਵਿਚ ਇਹ ਕਿਤਾਬ ਸਿੱਖ ਸਮਾਜ ਨੂੰ ਸ਼ੀਸ਼ਾ ਸੀ, ਕਿ ਉਹ ਇਸ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖੋ ਅਤੇ ਇਸ ਤੋਂ ਪ੍ਰੇਰਣਾ ਲਵੋ।
ਅਕਾਲੀ ਲਹਿਰ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਜੋ ਗੱਲਾਂ ਅੱਜ ਅਣਹੋਣੀਆਂ ਲੱਗ ਰਹੀਆਂ ਹਨ ਅਕਾਲੀ ਲਹਿਰ ਦੇ ਪਹਿਲੇ ਦੌਰ ਵਿਚ ਉਹ ਗੱਲਾਂ ਸਹਿਜੇ ਹੀ ਵੇਖਣ ਨੂੰ ਮਿਲਦੀਆਂ ਸਨ। ਗੁਰਦੁਆਰਾ ਸੁਧਾਰ ਲਹਿਰ ਵਿੱਚ ਅਤੇ ਮਾਸਟਰ ਤਾਰਾ ਸਿੰਘ ਦੇ ਸਮੇਂ ਤੱਕ ਇਹ ਝਲਕਾਂ, ਕਿਤੇ ਗੂੜੀਆਂ ਕਿਤੇ ਮੱਧਮ, ਮਿਲਦੀਆਂ ਰਹੀਆਂ। ਇੱਥੋਂ ਤੱਕ ਕਿ ਮਾਸਟਰ ਤਾਰਾ ਸਿੰਘ ਵਿੱਚ ਵੀ… ਮਾਸਟਰ ਤਾਰਾ ਸਿੰਘ ਦਾ ਪਤਨ ਬਾਅਦ ਵਿੱਚ ਜਾ ਕੇ ਹੋਇਆ, ਪਹਿਲਾਂ ਉਸ ਵਿੱਚ ਵੱਡੇ ਗੁਣ ਸਨ, ਅਤੇ ਜੇਕਰ ਅੱਜ ਦੇ ਹਾਲਾਤ ਨਾਲ ਤੁਲਨਾ ਕਰਕੇ ਵੇਖੀਏ ਤਾਂ ਬਹੁਤ ਵੱਡਾ ਫਰਕ ਸੀ।

ਸੋ ਇਸ ਕਰਕੇ ਇਹ ਕਹਿ ਦੇਣਾ ਕਿ ਵਿਹਾਰ ਵਿੱਚ ਇਹ ਗੱਲਾਂ ਲਾਗੂ ਨਹੀਂ ਹੁੰਦੀਆਂ, ਇਹ ਫਿਰ ਇੱਕ ਰਾਹ ਪੈਦਾ ਹੁੰਦਾ ਹੈ ਮੌਕਾ ਪ੍ਰਸਤੀ ਵਾਸਤੇ। ਇਹ ਬਹਾਨੇ ਹਨ ਕਿ ਇਹ ਤਾਂ ਸਿਰਫ ਕਹਿਣ ਦੀਆਂ ਗੱਲਾਂ ਹਨ। ਸਿੱਖੀ ਵਿੱਚ ਕੋਈ ਵੀ ਗੱਲ ਸਿਰਫ ਕਹਿਣ ਲਈ ਨਹੀਂ।

ਸ. ਅਜਮੇਰ ਸਿੰਘ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਉਦਾਹਰਨ ਸਾਡੇ ਸਾਹਮਣੇ ਹੈ, ਉਨ੍ਹਾਂ ਸਾਹਮਣੇ ਜਦੋਂ ਸੰਕਟ ਆਏ, ਉਹਨਾਂ ਤੇ ਅੰਦਰੋਂ ਵੀ ਹਮਲੇ ਹੋਏ, ਕੀ ਉਨ੍ਹਾਂ ਨੇ ਮਾਨਸਿਕ ਤਵਾਜ਼ਨ ਗਵਾਇਆ? ਕੀ ਉਨ੍ਹਾਂ ਨੇ ਅਜਿਹਾ ਕੋਈ ਕਦਮ ਚੁੱਕਿਆ ਜੋ ਲਹਿਰ ਨੂੰ ਨੁਕਸਾਨ ਕਰੇ? ਸੁਰਿੰਦਰ ਸਿੰਘ ਸੋਢੀ ਦਾ ਕਤਲ ਹੋਇਆ, ਉਸ ਦਿਨ ਉਹ (ਸੰਤ) ਪੂਰੇ ਗੁੱਸੇ ਵਿੱਚ ਸਨ। ਪਰ ਕੀ ਕਹਿ ਰਹੇ ਹਨ ਕਿ: ਮੈਂ ਅਜਿਹੇ ਪੰਜ ਹੋਰ ਕਤਲ ਝੱਲਾਂਗਾਂ। ਪੰਜ ਕਤਲਾਂ ਤੋਂ ਬਾਅਦ ਵੀ ਕੀ ਕਰਨਾ ਹੈ, ਇਹ ਸੰਘਰਸ਼ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਸੋਚਿਆ ਜਾਵੇਗਾ।

ਉਨ੍ਹਾਂ ਸਵਾਲ ਕੀਤਾ ਕਿ ਕੀ ਅੱਜ ਸਿੱਖ ਆਗੂਆਂ ਵਿਚ ਕੋਈ ਅਜਿਹਾ ਹੈ ਜਿਹੜਾ ਅਜਿਹਾ ਕਿਰਦਾਰ ਦਿਖਾ ਸਕਦਾ ਹੈ? ਅੱਜ ਅਸੀਂ ਥੋੜੇ ਜਿਹੇ ਨੁਕਸਾਨ ਨੂੰ ਕਿੰਨਾ ਨਿਜੀ ਪੱਧਰ ਉੱਤੇ ਲੈਦੇ ਹਾਂ, ਇਹ ਗੱਲਾਂ ਕਿੱਥੋਂ ਆਉਦੀਆਂ ਹਨ? ਜਿਹੜਾ ਬੰਦਾ ਰੁਹਾਨੀ ਤੌਰ ‘ਤੇ ਸੱਖਣਾ ਹੋਊ, ਉਹੀ ਅਜਿਹੀਆਂ ਗੱਲਾਂ ਨੂੰ ਨਿਜੀ ਵੱਕਾਰ ਦਾ ਸਵਾਲ ਬਣਾਉਗਾ; ਉਹ ਕਰੋਧੀ ਹੋ ਜਾਊ, ਕਲੇਸੀ ਹੋਊ, ਉਹਦਾ ਸੁਭਾਉੇ ਚਿੜਚਿੜਾ ਹੋ ਜਾਊ। ਫਿਰ ਅਜਿਹਾ ਮਾਹੌਲ ਸਿਰਜਿਆ ਜਾਂਦਾ ਹੈ ਜਿੱਥੇ ਕੋਈ ਖੁੱਲੇਆਮ ਵਿਚਾਰ ਨਾ ਰੱਖ ਸਕੇ। ਇਹੀ ਮਾਹੌਲ ਅੱਜ ਸਾਡੀਆਂ ਪੰਥਕ ਸਫਾਂ ਦਾ ਹੈ। ਸਿੱਖ ਸੰਸਥਾਵਾਂ ਸ਼ਖਸ਼ੀਅਤ ਕੇਦਰਿਤ ਹੋ ਗਈਆਂ ਹਨ।

ਪਰਮਜੀਤ ਸਿੰਘ ਗਾਜ਼ੀ ਨੇ ਗੱਲਬਾਤ ਨੂੰ ਅੱਗੇ ਤੋਰਦਿਆਂ ਸ. ਮਨਧੀਰ ਸਿੰਘ ਤੋਂ ਪੁੱਛਿਆ ਕਿ ਭਾਈ ਦਲਜੀਤ ਸਿੰਘ ਦੀ ਅਗਵਾਈ ਵਿੱਚ ਹਥਿਆਰਬੰਦ ਸੰਘਰਸ਼ ਤੋਂ ਸਿਆਸੀ ਖੇਤਰ ਵਿੱਚ ਆਉਣ ‘ਤੇ ਜੱਥੇਬੰਦੀ ਦਾ ਨਾਮ ਅਕਾਲੀ ਦਲ ਪੰਚ ਪ੍ਰਧਾਨੀ ਰੱਖਿਆ ਗਿਆ। ਜਿਸਦੀ ਅਗਵਾਈ ਵੀ ਪੰਜ ਮੈਬਰੀ ਪੈਨਲ ਪੰਚ ਪ੍ਰਧਾਨੀ ਕੋਲ ਰੱਖੀ ਗਈ। ਕੀ ਇਹ ਇੱਕ ਸੁਚੇਤ ਯਤਨ ਸੀ ਕਿ ਜੱਥੇਬੰਦੀ ਨੂੰ ਸ਼ਖਸ਼ੀਅਤ ਕੇਦਰਿਤ ਹੋਣ ਦੀ ਬਜ਼ਾਏ, ਇੱਕ ਸਾਂਝੀ ਅਗਵਾਈ ਹੇਠ ਚਲਾਉਣ ਦੇ? ਇਸ ਯਤਨ ਵਿੱਚ ਜੱਥੇਬੰਦੀ ਕਿੰਨੀ ਕੁ ਸਫਲ ਰਹੀ? ਵਿਹਾਰਕ ਤੌਰ ਤੇ ਇਸ ਵਿਚਾਰ ਨੂੰ ਕਿਨਾ ਕੁ ਲਾਗੂ ਕੀਤਾ ਜਾ ਸਕਦਾ ਹੈ? ਉਨ੍ਹਾਂ ਪੁੱਛਿਆ ਕਿ ਇਸ ਸੰਬੰਧੀ ਅਕਾਲੀ ਦਲ ਪੰਚ ਪ੍ਰਧਾਨੀ ਦਾ ਕੀ ਤਜ਼ਰਬਾ ਰਿਹਾ?

ਇਸਦੇ ਜਵਾਬ ਵਿੱਚ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖਾਂ ਵਿੱਚ ਸਾਂਝੀ ਲੀਡਰਸ਼ਿਪ ਦੇਣ ਦੇ ਮਸਲੇ ਵਿੱਚ ਉਨ੍ਹਾਂ ਕੋਈ ਨਵੀਂ ਗੱਲ ਸ਼ੁਰੂ ਨਹੀਂ ਸੀ ਕੀਤੀ। ਇਹ ਸਭ ਸਿੱਖੀ ਰਿਵਾੲਤਾਂ ਅਨੁਸਾਰ ਹੀ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਖਾਲਿਸਤਾਨ ਲਈ ਹਥਿਆਰਬੰਦ ਲਹਿਰ ਲੜੀ ਜਿਸ ਵਿੱਚ ਵੀ ਪੰਥਕ ਕਮੇਟੀ ਅਧੀਨ ਸਾਂਝੀ ਲੀਡਰਸ਼ਿਪ ਸੀ। ਜੇਲ ਤੋਂ ਆਉਣ ਤੋਂ ਬਾਅਦ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਗਏ, ਤਾਂ ਉਹਦੇ ਵਿੱਚ ਦੇਖਿਆ ਕਿ ਸਾਰਾ ਢਾਂਚਾ ਦਰਜ਼ਾ-ਬਾ-ਦਰਜ਼ਾ ਸ਼ਖਸ਼ੀਅਤ ਕੇਦਰਿਤ ਹੀ ਸੀ। ਉਨ੍ਹਾਂ ਕਿਹਾ ਕਿ ਇਥੇ ਕਥਨੀ ਤੇ ਕਰਨੀ ਵਿੱਚ ਬੜਾ ਦਵੰਦ ਹੈ ਕਿ ਇਕ ਪਾਸੇ ਜਿੱਥੇ ਅਸੀਂ ਕਹਿ ਰਹੇ ਹਾਂ ਕਿ ਅਸੀਂ ਦੁਨੀਆਂ ਨੂੰ ਗੁਰਮਤਿ ਅਨੁਸਾਰੀ ਮਾਡਲ ਦੇਵਾਂਗੇ, ਉਹਦੇ ਵਿੱਚ ਰਾਜਸੀ ਮਾਡਲ ਵੀ ਸ਼ਾਮਲ ਹੈ, ਰਾਜਸੀ ਜੱਥਬੰਦੀਆਂ ਵੀ ਸ਼ਾਮਲ ਹਨ, ਜਿਸ ਵਿੱਚ ਸਿੱਖਾਂ ਦਾ ਮਾਡਲ ਸਾਂਝੀ ਅਗਵਾਈ ਦਾ ਹੈ; ਪਰ ਜੇਕਰ ਅਸੀਂ ਆਪਣੀਆਂ ਜੱਥੇਬੰਦੀਆਂ ਵਿੱਚ ਹੀ ਗੁਰਮਤਿ ਅਨੁਸਾਰੀ ਮਾਡਲ ਲਾਗੂ ਨਹੀਂ ਕਰ ਸਕਦੇ ਤਾਂ ਇਸਦਾ ਬਾਹਰ ਪਸਾਰਾ ਕਿਵੇਂ ਸੰਭਵ ਹੈ?

ਭਾਈ ਮਨਧੀਰ ਸਿੰਘ ਨੇ ਕਿਹਾ ਕਿ ਅਸੀਂ ਅਕਾਲੀ ਦਲ ਅੰਮ੍ਰਿਤਸਰ ਵਿੱਚ ਵੀ ਇਹੀ ਗੱਲ ਰੱਖੀ ਸੀ ਕਿ ਜਥੇਬੰਦੀ ਵਿਚ ਸਾਂਝੀ ਅਗਵਾਈ ਦਾ ਸਿਧਾਂਤ ਲਾਗੂ ਕੀਤਾ ਜਾਵੇ ਅਤੇ ਸ. ਸਿਮਰਨਜੀਤ ਸਿੰਘ ਮਾਨ ਇਕ ਵਾਰ ਇਸ ਗੱਲ ਲਈ ਮੰਨ ਵੀ ਗਏ ਸਨ, ਪਰ ਬਾਅਦ ਵਿੱਚ ਲਾਗੂ ਨਹੀਂ ਕੀਤਾ।

ਇਸਤੋਂ ਬਾਅਦ ਜਦ ਅਕਾਲੀ ਦਲ ਪੰਚ ਪ੍ਰਧਾਨੀ ਦਾ ਗਠਨ ਕੀਤਾ ਇਹ ਕੋਸ਼ਿਸ਼ ਰਹੀ ਕਿ ਜਿੰਨਾ ਸੰਭਵ ਹੋ ਸਕੇ ਇਸ ਜਥੇਬੰਦੀ ਵਿਚ ਗੁਰਮਤਿ ਅਨੁਸਾਰੀ ਮਾਡਲ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ਼ੁਰੂ ਵਿੱਚ ਸਾਡੇ ਹਮਦਰਦਾਂ ਨੇ ਵੀ ਅਤੇ ਸਾਡੇ ਬਾਹਰਲਿਆਂ ਹਿੱਸਿਆਂ ਤੇ ਮੀਡੀਆ ਨੇ ਵੀ ਇਸ ਗੱਲ ਦੀ ਅਲੋਚਨਾ ਕੀਤੀ ਕਿ ਜੋ ਇਹ ਸਾਂਝੀ ਅਗਵਾਈ ਵਾਲਾ ਪ੍ਰਬੰਧ ਚਲਾਇਆ, ਚੱਲਣਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ: ਮੈਂ ਸਮਝਦਾ ਹਾਂ ਕਿ ਪਿਛਲੇ ਤਕਰੀਬਨ ਛੇ ਸਾਲ ਤੋਂ ਜਿੰਨਾ ਕੁ ਅਸੀਂ ਵਿਚਾਰਿਆ ਸੀ, ਇਹ ਸਾਂਝੀ ਅਗਵਾਈ ਵਾਲਾ ਪ੍ਰਬੰਧ ਉਸ ਤੋਂ ਬਿਹਤਰ ਹੀ ਚੱਲਿਆ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਸਾਡੇ ਵਰਕਰਾਂ ਅਤੇ ਲੀਡਰਾਂ ਨੂੰ ਵੀ ਇਸਦਾ ਅਭਿਆਸ ਨਹੀਂ ਸੀ ਅਤੇ ਸ਼ੁਰੂ-ਸ਼ੁਰੂ ਦੇ ਵਿੱਚ ਦਿੱਕਤਾਂ ਆਈਆਂ, ਪਰ ਹੁਣ ਸਾਂਝੀ ਅਗਵਾਈ ਦੇ ਅਮਲ 5-6 ਸਾਲ ਬਾਅਦ ਹੀ ਸਭ ਨੂੰ ਇਹ ਕੁਦਰਤੀ ਲੱਗਣ ਲੱਗ ਪਿਆ ਸੀ ਕਿ ਇਹ ਪ੍ਰਬੰਧ ਇਸ ਤਰ੍ਹਾਂ ਵੀ ਚੱਲ ਸਕਦਾ ਹੈ।

ਸ. ਪਰਮਜੀਤ ਸਿੰਘ ਗਾਜ਼ੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਜੋ ਆਮ ਸਥਾਪਤੀ ਦਾ ਨਿਯਮ ਚੱਲ ਰਿਹਾ ਹੈ ਉਸ ਵਿਚ ਸਖਸ਼ੀਅਤ ਕੇਂਦਰ ਰਾਜਨੀਤੀ ਅਤੇ ਜਥੇਬੰਦੀ ਦੀ ਚੜ੍ਹਤ ਦਿਖਾਈ ਦੇ ਰਹੀ ਹੈ, ਤਾਂ ਇਹ ਤਜ਼ਰਬਾ ਕਾਫੀ ਨਿਵੇਕਲਾ ਸੀ।

ਭਾਈ ਮਨਧੀਰ ਸਿੰਘ ਨੇ ਨੁਕਤੇ ਨੂੰ ਵਧੇਰੇ ਸਪਸ਼ਟ ਕਰਦਿਆਂ ਕਿਹਾ ਕਿ ਪ੍ਰਚੱਲਤ ਚਲਣ ਵਿਚ ਅਜੇ ਵੀ ਸਾਂਝੀ ਅਗਵਾਈ ਵਾਲਾ ਗੁਰਮਤਿ ਅਨੁਸਾਰੀ ਢਾਂਚਾ ਲਾਗੂ ਕਰਨ ਵਾਲੀ ਗੱਲ ਨੂੰ ਓਪਰੀ ਨਜ਼ਰੇ ਹੀ ਵੇਖਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਸਿੱਖ ਵੀ ਆਪਣੀ ਵਿਰਾਸਤ ਨੂੰ ਵਿਸਾਰ ਰਹੇ ਹਨ, ਉਨ੍ਹਾਂ ਨੂੰ ਵੀ ਇਸ ਸਮਝ ਨਹੀਂ ਆਈ। ਇਹੀ ਕਾਰਨ ਹੈ ਕਿ ਜਦੋਂ ਭਾਈ ਦਲਜੀਤ ਸਿੰਘ ਤੋਂ ਬਾਅਦ ਭਾਈ ਕੁਲਬੀਰ ਸਿੰਘ ਨੂੰ ਜੱਥੇਬੰਦੀ ਦਾ ਪ੍ਰਧਾਨ ਬਣਾਇਆ ਗਿਆ ਤਾਂ ਬਹੁਤੇ ਹਿੱਸਿਆ ਨੂੰ ਇਹ ਲੱਗਿਆ ਕਿ ਭਾਈ ਦਲਜੀਤ ਸਿੰਘ ਘਰ ਬੈਠ ਗਏ ਹਨ।

ਇਸ ਨੁਕਤੇ ਨੂੰ ਹੋਰ ਸਪੱਸ਼ਟ ਕਰਨ ਲਈ ਸ. ਪਰਮਜੀਤ ਸਿੰਘ ਨੇ ਸ. ਅਜਮੇਰ ਸਿੰਘ ਤੋਂ ਪੁਛਿਆ ਕਿ ਇਹ ਅੱਜ ਇਹ ਪ੍ਰਭਾਵ ਕਬੂਲਿਆ ਜਾ ਰਿਹਾ ਹੈ ਕਿ ਜਿਹੜੇ ਸਿੱਖ ਸੰਘਰਸ਼ ਦੇ ਵਾਲੀ ਵਾਰਸ ਸਨ, ਉਨ੍ਹਾਂ ਵਿੱਚ ਨਿਰਾਸ਼ਤਾ ਦਾ ਮਾਹੌਲ ਹੈ ਅਤੇ ਭਾਈ ਦਲਜੀਤ ਸਿੰਘ ਨਾਲ ਜੋੜ ਕੇ ਵੇਖਿਆ ਜਾਵੇ ਕਿ ਤਾਂ ਬਹੁਤ ਹਿੱਸਾ ਇਹ ਕਹਿ ਰਿਹਾ ਹੈ ਭਾਈ ਦਲਜੀਤ ਸਿੰਘ ਪਿੱਛੇ ਹਟ ਗਏ ਹਨ, ਇਸ ਬਾਰੇ ਤੁਹਾਡੀ ਕੀ ਰਾਏ ਹੈ?

ਸ. ਅਜਮੇਰ ਸਿੰਘ ਨੇ ਗੱਲ ਸ਼ੂਰੂ ਕਰਦਿਆਂ ਕਿਹਾ ਕਿ ਭਾਈ ਦਲਜੀਤ ਸਿੰਘ ਬਾਰੇ ਗੱਲ ਮੈਂ ਕੁਝ ਬਾਅਦ ਵਿੱਚ ਕਰਾਂਗਾਂ, ਕਿਉਂਕਿ ਸ. ਸਿਮਰਨਜੀਤ ਸਿੰਘ ਦਾ ਨਾਮ ਆ ਗਿਆ ਹੈ… ਨਹੀਂ ਤਾਂ ਇਥੇ ਰੁਝਾਨਾਂ ਦੀ ਗੱਲ ਹੀ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਸ. ਸਿਮਰਨਜੀਤ ਸਿੰਘ ਮਾਨ ਦਾ ਜ਼ਿਕਰ ਕਰਨਾ ਜਰੂਰੀ ਸੀ ਅਤੇ ਇਸ ਦੇ ਦੋ-ਤਿੰਨ ਕਾਰਨ ਹਨ:

ਇੱਕ ਤਾਂ ਲਹਿਰ ਦਾ ਕੱਦਾਵਰ ਲੀਡਰ ਹੋਣ ਕਰਕੇ, ਦੂਜੀ ਗੱਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਬਾਅਦ ਜਿੰਨਾਂ ਸਤਿਕਾਰ ਕੌਮ ਨੇ ਸ. ਮਾਨ ਨੂੰ ਦਿੱਤਾ, ਉਹ ਹੋਰ ਕਿਸੇ ਨੂੰ ਨਹੀਂ ਮਿਲਿਆ। ਇੰਨੇ ਵੱਡੇ ਰਿਕਾਰਡ ਵੋਟਾਂ ਨਾਲ ਜਤਾਇਆ। ਜਿਸ ਤਰਾਂ ਉਸਦੇ ਜਾਂਦੇ ਦਾ ਸਵਾਗਤ ਹੁੰਦਾ ਸੀ, ਉੁਨ੍ਹਾਂ ਤੋਂ ਲੋਕਾਂ ਨੂੰ ਕਿੰਨੀਆਂ ਵੱਡੀਆਂ ਆਸਾਂ ਜਾਗੀਆਂ ਸਨ। ਪਰ ਹੋ ਉਸ ਤੋਂ ਬਿਲਕੁਲ ਉਲਟ ਗਿਆ। ਇਸ ਲਈ ਇਸ ਵਰਤਾਰੇ ਨੂੰ ਸਮਝਣਾ ਬਹੁਤ ਜਰੂਰੀ ਹੈ (ਕਿ ਅਜਿਹਾ ਕਿਉਂ ਅਤੇ ਕਿਵੇਂ ਵਾਪਰ ਗਿਆ)।

ਉਨ੍ਹਾਂ ਕਿਹਾ ਕਿ ਇਹ ਵਿਚਾਰ ਕਰਨਾ ਕਿਸੇ ਵਿਅਕਤੀ ਵਿਸ਼ੇਸ਼ ਪ੍ਰਤੀ ਮੰਦ ਭਾਵਨਾ ਕਰਕੇ ਨਹੀਂ ਬਲਕਿ ਇਸ ਲਈ ਜਰੂਰੀ ਹੈ ਕਿ ਜੇਕਰ ਕਿਸੇ ਨੇ ਨਾਂਹ ਪੱਖੀ ਉਦਾਹਰਨ ਤੋਂ ਸਿੱਖਣਾ ਹੈ ਕਿ ਇੱਕ ਸ਼ਖਸ਼ੀਅਤ ਦੁਆਲੇ ਉਸਰੀ ਜੱਥੇਬੰਦੀ, ਲਹਿਰਾਂ ਦੀ ਤਬਾਹੀ ਕਿਵੇਂ ਕਰਦੀ ਹੈ।

ਉਨ੍ਹਾਂ ਸ. ਮਾਨ ਅਤੇ ਉਨ੍ਹਾਂ ਦੀ ਜਥੇਬੰਦੀ ਨਾਲ ਆਪਣਾ ਨਿਜੀ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਇਸ ਜਥੇਬੰਦੀ ਵਿਚ ਹੇਠਲੇ ਪੱਧਰ ਤੱਕ ਇੱਕ ਅਜੀਬ ਕਿਸਮ ਦੀ ਮਾਨਸਿਕਤਾ ਸਿਰਜੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸ਼ਖਸ਼ੀ ਪੂਜਾ ਦੀ ਮਾਨਸਿਕਤਾ ਸਿਰਜੀ ਜਾਂਦੀ ਹੈ ਤਾਂ ਉਦੋਂ ਪੜਚੋਲਵੀਂ ਨਜ਼ਰ ਨਾਲ ਵੇਖਣ ਦੀ ਯੋਗਤਾ ਨਕਾਰਾ ਹੋ ਜਾਂਦੀ ਹੈ।

ਅਜਿਹੀ ਮਾਨਸਿਕਤਾ ਨਾਲ ਜਥੇਬੰਦੀ ਦੇ ਮੈਂਬਰ ਸਾਧ ਦੇ ਚੇਲਿਆਂ ਵਾਂਙ ਰਾਜਸੀ ਖੇਤਰ ਵਿੱਚ ਵੀ ਚੇਲੇ ਬਣ ਜਾਂਦੇ ਹਨ। ਅਜਿਹੀ ਹਾਲਤ ਵਿਚ ਨਾ ਸਿਰਫ ਸ਼ਖਸ਼ੀਅਤ ਦਾ ਵਿਕਾਸ ਰੁਕ ਜਾਂਦਾ ਹੈ ਬਲਕਿ ਬੌਧਿਕ ਵਿਕਾਸ ਵੀ ਰੁਕਦਾ ਹੀ ਨਹੀਂ ਸਗੋਂ ਉਸ ਵਿੱਚ ਭਾਰੀ ਵਿਗਾੜ ਆ ਜਾਂਦੇ ਹਨ। ਅਜਿਹੀ ਮਾਨਸਿਕਤਾ ਵਾਲੇ ਲੋਕ ਬਹੁਤ ਧੜੇਬਾਜ਼ ਤੇ ਸੰਕੀਰਨਤਾ ਦੇ ਧਾਰਨੀ ਹੋ ਜਾਂਦੇ ਹਨ ਕਿ ਜਿਹੜਾ ਵਿਅਕਤੀ ਉਨ੍ਹਾਂ ਨਾਲ ਸਹਿਮਤ ਨਹੀਂ ਉਸਨੂੰ ਉਹ ਕੁਝ ਵੀ ਕਹਿ ਸਕਦੇ ਹਨ। ਸ. ਅਜਮੇਰ ਸਿੰਘ ਨੇ ਕਿਹਾ ਕਿ ਮਾਨ ਸਾਹਿਬ ਦਾ ਵੀ ਸੁਭਾਉ ਵੀ ਇਹੀ ਬਣ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਆਤਮਕਿ ਤੌਰ ‘ਤੇ ਕਮਜ਼ੋਰ ਵਿਅਕਤੀ ਵਿਰੋਧ ਨੁੰ ਸਹਿਣ ਕਰਨ ਦਾ ਮਾਦਾ ਗਵਾ ਬੈਠਦਾ ਹੈ। ਉਸ ਨੂੰ ਲੱਗਦਾ ਹੈ ਕਿ ਜੇ ਸਵਾਲ ਕਰਨ ਵਾਲੇ ਦਾ ਵਿਰੋਧ ਨਾ ਕੀਤਾ ਤਾਂ ਮੇਰਾ ਸਭ ਕੁਝ ਚਲਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੁਰੱਖਿਆ ਦੀ ਭਾਵਨਾ ਚੋਂ ਅਤੇ ਆਤਮਿਕ ਕਮਜ਼ੋਰੀ ‘ਚੋਂ ਇਹ ਵਿਰੋਧ ਮਾਨ ਸਾਹਿਬ ਨੇ ਸਿਰਜ ਲਿਆ ਹੈ। ੳੇੁਨ੍ਹਾਂ ਕਿਹਾ ਕਿ: ਮਾਫ ਕਰਨਾ ਇਹ ਗੱਲ (ਅਜੀਬ ਜਾਂ ਖਰ੍ਹਵੀ) ਲੱਗ ਸਕਦੀ ਹੈ, ਪਰ ਇਹ ਗੱਲਾਂ ਹੁਣ ਹੋਣੀਆਂ ਚਾਹੀਦੀਆਂ ਨੇ।

ਉਨ੍ਹਾਂ ਕਿਹਾ ਕਿ ਮੈਂ ਉਸ ਜੱਥੇਬੰਦੀ ਨੂੰ ਵੇਖਿਆ ਹੈ, ਬੰਦਿਆਂ ਨੂੰ ਬਦਲਦੇ ਵੇਖਿਆ ਹੈ ਕਿ ਬੰਦੇ ਬਣ ਕੀ ਗਏ ਨੇ? ਕਰੋਧੀ, ਕਲੇਸ਼ੀ ਤੇ ਇੰਨੇ ਧੜੇਬਾਜ਼ ਤੇ ਸ਼ਰੀਕੇਬਾਜ਼। ਉਨ੍ਹਾਂ ਦਾ ਬਣੂੰ ਕੀ? ਉਹ ਕੀ ਕਰ ਸਕਣਗੇ? ਕੌਮ ਦਾ ਇੰਨਾ ਵੱਡਾ ਇਕੱਠ ਸੀ ਉਹ ਸਾਰਾ ਹੀ ਖਿੰਡ ਗਿਆ ਹੈ।

ਗੱਲ-ਬਾਤ ਦੀ ਪਹਿਲੀ ਕੜੀ ਵਿਚ ਉਨ੍ਹਾਂ ਜੋ “ਸੁਹਿਰਦਤਾ” ਦਾ ਨੁਕਤਾ ਵਿਚਾਰਿਆ ਸੀ, ਉਸ ਦੇ ਹਵਾਲੇ ਨਾਲ ਸ. ਅਜਮੇਰ ਸਿੰਘ ਨੇ ਕਿਹਾ ਕਿ ਸੁਹਿਰਦਤਾ ਦੇ ਮੱਦੇਨਜ਼ਰ ਸ. ਸਿਮਰਨਜੀਤ ਸਿੰਘ ਮਾਨ ਦਾ ਇਹ ਫਰਜ਼ ਬਣਦਾ ਸੀ ਕਿ ਇਸ ਗੱਲ ਦਾ ਕੋਈ ਜੁਵਾਬ ਲੈ ਕੇ ਆਉਂਦੇ ਕਿ ਅਜਿਹਾ ਕਿਉਂ ਅਤੇ ਕਿਵੇਂ ਵਾਪਰ ਗਿਆ? ਆਖਰ ਇਹ ਕੋਈ ਨਿੱਜ਼ੀ ਮਾਮਲਾ ਤਾਂ ਹੈ ਨਹੀਂ, ਇਹ ਕੌਮੀ ਮਾਮਲਾ ਹੈ। ਇਸ ਦੇ ਪਿੱਛੇ ਇੰਨੇ ਸਿਰ ਲੱਗੇ ਹਨ ਅਤੇ ਐਨਾ ਖੂਨ ਡੁੱਲਿਆ ਹੈ। ਅਜੇ ਵੀ ਪਤਾ ਨ੍ਹੀਂ ਕੀ ਕੁਝ ਹੋਣਾ ਹੈ? ਇਹ ਕੌਮ ਦੇ ਭਵਿੱਖ ਦਾ ਮਾਮਲਾ ਹੈ। ਇੱਥੇ ਮੈਨੂੰ ਲੱਗਦਾ ਹੈ (ਕਿ ਸ. ਮਾਨ ਵਿਚ) ਸੁਹਿਰਦਤਾ ਨਹੀਂ (ਹੈ, ਤੇ) ਜੇ ਸੁਹਿਰਦਤਾ ਨਹੀਂ ਤਾਂ ਫਿਰ ਕੁਝ ਵੀ ਨਹੀਂ।

ਦੂਜੀ ਗੱਲ ਹੈ ਕੁਰਬਾਨੀ ਵਾਲੀ… ਇਸ ਸਾਰੀ ਲਹਿਰ ਵਿੱਚ ਇਹ ਅਜੀਬ ਗੱਲ ਵਾਪਰੀ ਹੈ। ਕੌਮ ਜਦੋਂ ਤੋਂ ਜਨਮੀ ਉਦੋਂ ਦੀ ਹੀ ਕੁਰਬਾਨੀਆਂ ਦੇ ਰਹੀ ਹੈ। (ਪਰ) ਇਹ ਪਹਿਲੀ ਵਾਰ ਹੋਇਆ ਹੈ ਕਿ ਕੁਰਬਾਨੀਆਂ ਦੇ ਮੁੱਲ ਪਏ ਹਨ। ਕੁਰਬਾਨੀ ਪ੍ਰਤੀ ਸਤਿਕਾਰ ਅਤੇ ਹਿਮਾਇਤ ਇਸ ਤਰ੍ਹਾਂ ਵਸੂਲੀਆਂ ਗਈਆਂ ਹਨ ਕਿ ਜਿਵੇਂ ਟੈਕਸ ਵਸੂਲ ਕੀਤਾ ਜਾ ਰਿਹਾ ਹੋਵੇ।

ਉਨ੍ਹਾਂ ਕਿਹਾ ਕਿ ਕੁਰਬਾਨੀ ਪ੍ਰਤੀ ਕੌਮਾਂ ਵਿੱਚ ਸੁੱਤੇ ਸਿੱਧ ਜ਼ਜਬਾ ਹੁੰਦਾ ਹੈ। ਹਰ ਬੰਦਾ ਕੁਰਬਾਨੀ ਦਾ ਸਤਿਕਾਰ ਕਰਦਾ ਹੈ। ਪਰ ਕਿਸੇ ਵਿਅਕਤੀ ਦੀ ਕੁਰਬਾਨੀ ਵਾਲੀ ਗੱਲ ਨੂੰ ਇਸ ਹੱਦ ਤੱਕ ਵਧਾ ਦੇਣਾ ਤੇ ਕਿ ਉਸਦੇ ਸਾਰੇ ਔਗੁਣ ਇਸੇ ਗੱਲ ਕਰਕੇ ਨਜ਼ਰ ਅੰਦਾਜ਼ ਕਰ ਦਿੱਤੇ ਜਾਣ ਕਿ ਇਸ ਬੰਦੇ ਦੀ ਕੁਰਬਾਨੀ ਬਹੁਤ ਹੈ… ਇਸ ਬਾਰੇ ਡਾ. ਅੰਬੇਦਕਰ ਨੇ ਬਹੁਤ ਵਧੀਆ ਲਿਖਿਆ ਕਿ ਕਿਸੇ ਬੰਦੇ ਦੇ ਕਦਮਾਂ ਵਿੱਚ ਆਪਣੀ ਸਾਰੀ ਆਨ-ਸ਼ਾਨ ਢੇਰੀ ਕਰ ਦੇਣਾ ਬਹੁਤ ਖਤਰਨਾਕ ਹੁੰਦਾ ਹੈ।
(ਵਿਚਾਰ ਅਧੀਨ ਮਾਮਲੇ ਵਿਚ) ਇਹ ਗੱਲ ਬਹੁਤ ਗਲਤ ਵਾਪਰੀ ਹੈ। ਇਕੱਲੇ ਮਾਨ ਸਾਹਿਬ ਦੇ ਮਾਮਲੇ ਵਿਚ ਹੀ ਨਹੀਂ, ਹੋਰ ਵੀ ਇਸਦਾ ਆਮ ਝਲਕਾਰਾ ਮਿਲਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸ਼ਹੀਦਾਂ ਦਾ ਸਨਮਾਨ ਹੋਣਾ ਚਾਹੀਦਾ ਹੈ ਪਰ ਸ਼ਹੀਦਾਂ ਦਾ ਸਨਮਾਨ ਕਿਵੇਂ ਕਰਨਾ ਹੈ, ਇਸ ਵਿੱਚ ਤਵਾਜ਼ਨ (ਸੰਤੁਲਨ) ਨਹੀਂ ਰਿਹਾ।

(ਤੀਜੀ ਗੱਲ ਕਿ) ਮਾਨ ਸਾਹਿਬ ਨੇ ਐਨੇ ਵੱਡੇ ਅਹੁਦੇ ਦਾ ਤਿਆਗ ਕੀਤਾ… ਇਹ ਗੱਲ ਮੈਨੂੰ ਗੁਰਮਤਿ ਤੋਂ ਉਲਟ ਲੱਗਦੀ ਹੈ। ਇੱਕ ਚਪੜਾਸੀ ਜਦੋਂ ਅਸਤੀਫਾ ਦਿੰਦਾ ਹੈ, ਜਿਸਦੇ ਪਰਿਵਾਰ ਦਾ, ਜੀਵਨ ਦਾ ਰੁਜ਼ਗਾਰ ਉਸੇ ਨੌਕਰੀ ‘ਤੇ ਹੀ ਹੈ, ਜਦੋਂ ਉਹ ਅਸਤੀਫਾ ਦੇ ਕੇ ਲਹਿਰ ਵਿੱਚ ਕੁੱਦਿਆ, ਉਸਦੇ ਪਰਿਵਾਰ ਦਾ ਕੀ ਬਣਿਆ? ਬੰਦਾ ਚਪੜਾਸੀ ਹੈ ਜਾਂ ਡੀ. ਜੀ. ਪੀ ਜਾਂ ਡੀ. ਆਈ. ਜੀ., ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਕੁਰਬਾਨੀ, ਕੁਰਬਾਨੀ ਹੀ ਹੁੰਦੀ ਹੈ।

ਲਹਿਰ ਮੌਕੇ ਸਭ ਨੂੰ ਭੋਗਣਾ ਪਿਆ ਹੈ। ਪਰਿਵਾਰ ਰੁਲ ਗਏ, ਘਰ ਢੱਠ ਗਏ, ਚੁੱਲਿਆਂ ਵਿੱਚ ਮੁੜ ਅੱਗ ਨਹੀਂ ਬਲੀ। ਮਾਨ ਸਾਹਿਬ ਦੇ ਅਜਿਹਾ ਕੁਝ ਨਹੀਂ ਹੋਇਆ। ਅਹੁਦੇ ਦੇ ਤਿਆਗ ਵਾਲੀ ਗੱਲ ਨੂੰ ਇੰਨਾ ਜ਼ਿਆਦਾ ਵਧਾ ਦੇਣਾ ਕਿ ਇਸਦੀ ਕੋਈ ਨੁਕਤਾਚੀਨੀ ਨਾ ਹੋਵੇ, ਇਹ ਇਸ ਲਹਿਰ ਵਿੱਚ ਹੀ ਪਹਿਲੀਵਾਰ ਹੋਇਆ ਹੈ। ਇਹ ਬਹੁਤ ਘਾਤਕ ਰੁਝਾਨ ਹੈ।

ਸਿਮਰਨਜੀਤ ਸਿੰਘ ਮਾਨ ਵੱਲੋਂ ਖਾਲਿਸਤਾਨ ਬਾਰੇ ਲਏ ਗਏ ਸਟੈਡ ਬਾਰੇ ਸ. ਪਰਮਜੀਤ ਸਿੰਘ ਨੇ ਸ. ਅਜਮੇਰ ਸਿੰਘ ਨੂੰ ਸਵਾਲ ਕੀਤਾ ਕਿ ਉਨ੍ਹਾਂ ਮਾਨ ਸਾਹਿਬ ਦੀ ਬੜੀ ਤਿੱਖੀ ਆਲੋਚਨਾ ਕੀਤੀ ਹੈ, ਪਰ ਜਿਸ ਗੱਲ ਲਈ, ਭਾਵ ਖਾਲਿਸਤਾਨ ਲਈ ਸੰਘਰਸ਼ ਹੋਇਆ ਮਾਨ ਸਾਹਿਬ ਉਸ ਦੀ ਗੱਲ ਨਿਧੜਕਤਾ ਨਾਲ ਕਰ ਰਹੇ ਹਨ। ਉਹ ਡਿਪਲੋਮੈਟਿਕ ਤਰੀਕੇ ਨਾਲ ਵੀ ਕਦੇ ਬਫਰ ਸਟੇਟ ਦੀ ਗੱਲ ਕਰਦੇ ਹਨ। ਖਾਲਿਸਤਾਨ ਦੇ ਨਾਅਰੇ ਤੇ ਕਈ ਵਾਰ ਇਸ ਮਸਲੇ ਉੱਤੇ ਚੋਣਾਂ ਲੜੀਆਂ। ਉਨ੍ਹਾਂ ਸ. ਅਜਮੇਰ ਸਿੰਘ ਨੂੰ ਕਿਹਾ ਕੀ ਤੁਹਾਨੂੰ ਨਹੀਂ ਲੱਗਦਾ ਕਿ ਸ. ਮਾਨ ਖਾਲਿਸਤਾਨ ਦੀ ਗੱਲ ਨੂੰ ਜ਼ਿੰਦਾ ਰੱਖ ਰਹੇ ਹਨ? ਕਿਉਂਕਿ ਬਹੁਤ ਵੱਡਾ ਹਿੱਸਾ ਇਸ ਵਿਚਾਰ ਨੂੰ ਮਾਨਤਾ ਦਿੰਦਾ ਹੈ ਕਿ ਸ. ਮਾਨ ਖਾਲਿਸਤਾਨ ਦੇ ਮਸਲੇ ਉੱਤੇ ਖੜ੍ਹੇ ਹਨ।
ਸਵਾਲ ਦੇ ਜਵਾਬ ਵਿਚ ਸ. ਅਜਮੇਰ ਸਿੰਘ ਨੇ ਕਿਹਾ ਕਿ ਮੇਰੇ ਮੁਤਾਬਿਕ ਇਹ ਬਹੁਤ ਗੁਮਰਾਹਕੁਨ ਦਲੀਲ ਹੈ। ਭਾਵੇਂ ਇਹ ਦਲੀਲ ਬਹੁਤ ਸਾਰੇ ਲੋਕਾਂ ਵਿੱਚ ਚੱਲ ਰਹੀ ਹੈ ਅਤੇ ਇਸਨੂੰ ਇਸੇ ਤਰਾਂ ਹੀ ਜ਼ਾਇਜ਼ ਠਹਰਾਇਆ ਜਾ ਰਿਹਾ ਹੈ। ਪਰ ਇਹ ਗੱਲ ਉਹ ਬੰਦਾ ਹੀ ਕਰ ਸਕਦਾ ਹੈ ਜਿਸਨੂੰ ਰਾਜਨੀਤੀ ਦੀ ਸਮਝ ਨਹੀਂ। ਇੱਥੇ ਦੁਖਾਂਤ ਇਹ ਵਾਪਰਿਆ ਕਿ ਬੰਦੇ ਰਾਜਨੀਤੀ ਵਿੱਚ ਪੈ ਗਏ, ਪਰ (ਉਨ੍ਹਾਂ ਨੂੰ) ਰਾਜਨੀਤੀ ਦੀ ਸਮਝ ਨਹੀਂ (ਹੈ)।

ਇਸ ਦਲੀਲ ਕਿ ਖਾਲਿਸਤਾਨ ਦੇ ਨਾਅਰੇ ਲਾ ਕੇ ਇਸ ਵਿਚਾਰ ਨੂੰ ਜਿੰਦਾ ਰੱਖਿਆ ਜਾ ਰਿਹਾ ਹੈ, ਬਾਰੇ ਗੱਲ ਕਰਦਿਆਂ ਸ. ਅਜਮੇਰ ਸਿੰਘ ਨੇ ਸਵਾਲ ਉਠਾਇਆ ਕਿ ਕਿਸੇ ਵਿਚਾਰ ਨੂੰ ਜ਼ਿੰਦਾ ਕਿਵੇਂ ਰੱਖਿਆ ਜਾਂਦਾ ਹੈ? ਉਨ੍ਹਾਂ ਸਵਾਲ ਕੀਤਾ ਕਿ ਕੀ ਸਿਰਫ ਨਾਅਰੇ ਲਾ ਕੇ ਕਿਸੇ ਵਿਚਾਰ ਨੂੰ ਜਿੰਦਾ ਰੱਖਿਆ ਜਾ ਸਕਦਾ ਹੈ? ਜੇ ਨਾਅਰੇ ਲਾ ਕੇ ਕੋਈ ਵੀਚਾਰ ਜ਼ਿੰਦਾ ਰਹਿੰਦਾ ਹੋਵੇ ਤਾਂ ਕੋਈ ਵੀਚਾਰ ਮਰੇ ਹੀ ਨਾ। ਕੁਝ ਕੁ ਬੰਦੇ ਨਾਅਰੇ ਲਾਉਣ ਵਾਲੇ ਹਮੇਸ਼ਾ ਹੀ ਮਿਲ ਜਾਂਦੇ ਹਨ। ਨਾਅਰਾ, ਵਿਚਾਰ ਜਾਂ ਆਦਰਸ਼ ਉਹੀ ਜ਼ਿੰਦਾ ਰਹਿੰਦਾ ਹੈ ਜੋ ਲੋਕਾਂ ਦੇ ਮਨਾਂ ਵਿੱਚ ਵੱਸ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਇਹ ਮੈਨੂੰ ਤੁਸੀਂ ਦੱਸੋ ਕਿ ਮਾਨ ਸਾਹਿਬ ਨੇ ਸਿੱਖ ਕੌਮ ਦੇ ਕਿੰਨੇ ਹਿੱਸੇ ਦੇ ਮਨਾਂ ਵਿੱਚ ਖਾਲਿਸਤਾਨ ਦੀ ਪੌਦ ਜਾਂ ਜੜ ਲਾ ਦਿੱਤੀ। ਜੋ ਮੈਂ ਦੇਖਿਆ ਹੈ ਉਸ ਮੁਤਾਬਕ ਇਹ ਘੇਰਾ ਘਟਿਆ ਹੈ। ਖਾਲਿਸਤਾਨ ਪ੍ਰਤੀ ਗੱਲ ਨਿਵਾਣ ਵੱਲ ਗਈ ਹੈ। ਜਦੋਂ ਤੁਸੀ ਕਿਸੇ ਮਸਲੇ ਨੂੰ ਇਵੇਂ ਬਣਾ ਲਵੋ ਕਿ ਬੱਸ ਨਾਅਰੇ ਲਾਈ ਚੱਲੋ, ਉਸ ਵਿੱਚ ਹੋਰ ਕੁਝ ਤੱਥ ਦੀ ਕੋਈ ਗੱਲ ਹੀ ਨਾ ਹੋਵੇ, ਉਸ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ।

ਫਿਰ ਵਾਰ ਵਾਰ ਚੋਣਾਂ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਖਾਲਿਸਤਾਨ ਦੇ ਮੁੱਦੇ ‘ਤੇ ਰਾਇਸ਼ੁਮਾਰੀ ਹੋਵੇਗੀ, ਕੀ ਇਹ ਖਾਲਿਸਤਾਨ ਦੇ ਮੁੱਦੇ ਦੀ ਖਿੱਲੀ ਉਡਾਉਣ ਵਾਲੀ ਗੱਲ ਨਹੀਂ? ਕਿ ਆਹ ਐਨੀਆਂ ਕੁ ਵੋਟਾਂ ਪਾਉਣ ਵਾਲੇ ਬੰਦੇ ਖਾਲਿਸਤਾਨ ਚਾਹੁੰਦੇ ਨੇ। ਇਸ ਗੱਲ ਦਾ ਕੋਈ ਜਬਾਬ ਤਾਂ ਹੋਵੇ। ਸਿਰਫ ਇਸ ਗੱਲ ਤੋਂ ਹੀ ਤਸੱਲੀ ਲਈ ਜਾਣੀ ਕਿ ਭਾਵੇਂ ਅਸੀਂ ਦਸ ਬੰਦੇ ਹਾਂ ਤੇ ਭਾਂਵੇ ਵੀਹ ਹਾਂ, ਅਸੀਂ ਖੜੇ ਤਾਂ ਹਾਂ।

ਉਨ੍ਹਾਂ ਕਿਹਾ ਕਿ ਰਾਜਨੀਤੀ ਵਿੱਚ ਖੜ੍ਹਨ ਦਾ ਕੋਈ ਸੰਕਲਪ ਨਹੀਂ। ਰਾਜਨੀਤੀ ਵਿੱਚ ਤੁਰਨ ਦਾ ਅਤੇ ਅੱਗੇ ਵੱਧਣ ਦਾ ਸੰਕਲਪ ਹੈ। ਜੇ ਕੋਈ ਅੱਗੇ ਵੱਧ ਰਿਹਾ ਹੈ ਤਾਂ ਉਸਦੀ ਰਾਜਸੀ ਤਬੀਅਤ ਠੀਕ ਹੈ। ਨਹੀਂ ਤਾਂ ਖੜੇ ਹੋਏ ਨੇ ਖੜਾ ਵੀ ਨਹੀਂ ਰਹਿਣਾ।

ਖਾਲਿਸਤਾਨ ਦੀ ਪ੍ਰਾਪਤੀ ਬਾਰੇ ਭਾਰਤੀ ਚੋਣ ਪ੍ਰਣਾਲੀ ਦੇ ਸਬੰਧ ਵਿਚ ਉਠਾਏ ਨੁਕਤੇ ਬਾਰੇ ਗੱਲ ਕਰਦਿਆਂ ਸ. ਅਜਮੇਰ ਸਿੰਘ ਨੇ ਕਿਹਾ ਕਿ ਇਹ ਇੱਕ ਵੱਡਾ ਮਸਲਾ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰੋ. ਪੂਰਨ ਸਿੰਘ ਦੀ ਗੱਲ ਪੜ੍ਹ ਕੇ ਬਹੁਤ ਹੈਰਾਨ ਹੋਏ ਕਿ ਉਨ੍ਹਾਂ ਵਲੋਂ ਵੋਟਾਂ ਦੇ ਸਿਸਟਮ ਬਾਰੇ ਸਿੱਖਾਂ ਨੂੰ ਦਿੱਤੀ ਚੇਤਾਵਨੀ ਕਿੰਨੀ ਵੱਡੀ ਗੱਲ ਸੀ। ਉਨ੍ਹਾਂ ਕਿਹਾ ਕਿ ਇੱਕ ਬੰਦਾ ਅਕਲ ਦੇ ਜ਼ੋਰ ਨਾਲ ਗੱਲ ਕਰਦਾ ਹੈ ਤੇ ਇੱਕ ਬੰਦਾ ਸੂਖਮ ਦ੍ਰਿਸ਼ਟੀ ਨਾਲ ਪਹਿਲਾਂ ਹੀ ਭਾਂਪ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵੋਟਾਂ ਦੀ ਜੋ ਪ੍ਰਣਾਲੀ ਅਜੇ ਇਥੇ ਲਾਗੂ ਵੀ ਨਹੀਂ ਸੀ ਹੋਈ ਉਸ ਬਾਰੇ ਪ੍ਰੋ. ਪੂਰਨ ਸਿੰਘ ਨੇ ਪਹਿਲਾਂ ਹੀ ਸਿੱਖਾਂ ਨੂੰ ਚਿਤਾਵਨੀ ਦੇ ਦਿੱਤੀ ਸੀ ਕਿ ਜੇ ਤੁਸੀਂ ਅੰਗਰੇਜ਼ਾਂ ਦਾ ਵੋਟਾਂ ਵਾਲਾ ਮਾਡਲ ਅਪਣਾ ਲਿਆ ਤਾਂ ਤੁਹਾਡਾ ਆਪਣਾ ਕੁਝ ਵੀ ਨਹੀਂ ਰਹਿਣਾ। ਕਿਉਂਕਿ ਇਹ ਉਨ੍ਹਾਂ ਦੇ ਸਭਿਆਚਾਰ ‘ਚੋ ਨਿਕਲਿਆ ਹੋਇਆ ਹੈ ਤੇ ਇਹ ਸਾਡੇ ਸੁਭਾਅ ਦੇ ਅਨੁਸਾਰ, ਸਿੱਖੀ ਆਦਰਸ਼ਾਂ ਦੇ ਅਨੁਸਾਰ ਨਹੀਂ। ਪ੍ਰੋ. ਪੂਰਨ ਸਿੰਘ ਨੇ ਉਦੋਂ ਹੀ ਵੇਖ ਲਿਆ ਸੀ ਕਿ ਜੇ ਸਿੱਖ ਇਸ ਰਾਹ ਪੈ ਗਏ ਤਾਂ ਆਹ ਤਬਾਹੀ ਹੋਊ। ਅੱਜ ਅਸੀਂ ਉਹ (ਤਬਾਹੀ) ਵੇਖ ਰਹੇ ਹਾਂ ਅਤੇ ਵੇਖ ਕੇ ਵੀ ਨਹੀਂ ਹਟ ਰਹੇ।

ਉਨ੍ਹਾਂ ਕਿਹਾ ਕਿ ਮੇਰੇ ਮੁਤਾਬਿਕ ਜਿਹੜੇ ਬੰਦੇ ਭਾਰਤੀ ਚੋਣ ਪ੍ਰਨਾਲੀ ਅਨੁਸਾਰ ਇਹ ਖਾਲਿਸਤਾਨ ਦੇ ਮੁੱਦੇ ਤੇ ਚੋਣਾਂ ਲੜਨ ਦਾ ਅਭਿਆਸ ਵਾਰ-ਵਾਰ ਕਰ ਰਹੇ ਹਨ, ਅਤੇ ਵਾਰ-ਵਾਰ ਨਕਾਮ ਹੋ ਕੇ ਵੀ ਇਸ ਨੂੰ ਜਾਰੀ ਰੱਖ ਰਹੇ ਹਨ, ਇਸ ਤਰਾਂ ਕੋਈ ਆਮ ਬੰਦਾ ਤਾਂ ਨਹੀਂ ਕਰ ਸਕਦਾ। ਭਾਵੇਂ ਕੋਈ ਖੇਤੀ ਕਰਦਾ ਹੋਵੇ, ਬਿਜ਼ਨਸ ਕਰਦਾ ਹੋਵੇ, ਇਮਤਿਹਾਨ ਦਿੰਦਾ ਹੋਵੇ, ਦਸ ਵਾਰ ਫੇਲ ਹੋ ਜਾਵੇ, ਛੱਡਕੇ ਭੱਜ ਜਾਵੇਗਾ। ਇਹ ਇੱਕ ਅਜੀਬ ਕਿਸਮ ਦਾ ਵਿਹਾਰ ਹੈ। ਇਸਨੂੰ ਹਠ ਵੀ ਤਾਂ ਨਹੀਂ ਕਿਹਾ ਜਾ ਸਕਦਾ।

ਸਾਂਝੀ ਅਗਵਾਈ ਵਾਲੇ ਨੁਕਤੇ ਉੱਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਜੋ ਪੰਚ ਪ੍ਰਧਾਨੀ ਵਾਲੀ ਗੱਲ ਕੀਤੀ ਸੀ, ਇੱਕ ਹਿਸਾਬ ਨਾਲ ਰਿਐਲਟੀ ਚੈੱਕ ਸੀ।

ਭਾਈ ਦਲਜੀਤ ਸਿੰਘ ਬਾਰੇ ਪਹਿਲਾਂ ਪੁੱਛੇ ਸਵਾਲ ਕਿ ਭਾਈ ਸਾਹਿਬ ਬਾਰੇ ਇਹ ਪ੍ਰਭਾਵ ਬਣਿਆ ਕਿ ਉਹ ਨਿਰਾਸ਼ ਹੋ ਕੇ ਘਰ ਬੈਠ ਗਏ, ਬਾਰੇ ਆਪਣੀ ਰਾਏ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਇਸ ਗੱਲ ਨੂੰ ਪ੍ਰਚੱਲਤ ਦ੍ਰਿਸ਼ਟੀਕੋਣ ਅਨੁਸਾਰ ਦੇਖਾਂਗੇ,ਜਿਵੇਂ ਆਮ ਦੇਖਿਆ ਜਾਂਦਾ ਹੈ, (ਤਾਂ ਇਹ ਇੰਝ ਹੀ ਨਜ਼ਰ ਆਵੇਗਾ)। ਪਰ ਸਭ ਤੋਂ ਪਹਿਲਾਂ ਇਹ ਵਿਚਾਰਨ ਵਾਲੀ ਗੱਲ ਹੈ ਕਿ ਸਰਗਰਮੀ ਤੋਂ ਕੀ ਭਾਵ ਹੈ? ਜੇਕਰ ਸਰਗਰਮੀ ਤੋਂ ਇਹੀ ਭਾਵ ਹੈ ਕਿ ਜੋ ਕੁਝ ਦੂਜੇ ਕਰਦੇ ਫਿਰਦੇ ਨੇ, ਇਹ (ਭਾਈ ਦਲਜੀਤ ਸਿੰਘ) ਵੀ ਉਹੀ ਕਰਦਾ, ਫਿਰ ਉਹ ਠੀਕ ਗੈਰ ਸਰਗਰਮ ਹੈ। ਪਰ ਜਿੰਨਾਂ ਕੁ ਮੈਂ ਉਨ੍ਹਾਂ ਨੂੰ ਸਮਝਿਆ ਹੈ, ਮੇਰਾ ਉਨ੍ਹਾਂ ਨਾਲ ਲੰਮਾ ਸਮਾਂ ਵਾਹ ਰਿਹਾ ਹੈ, ਖਾੜਕੂਵਾਦ ਸਮੇਂ ਤੋਂ ਹੀ ਮੈਂ ਉਨ੍ਹਾਂ ਨੂੰ ਜਾਣਦਾਂ ਹਾਂ। ਇਹ ਕੋਈ ਨਵੀਂ ਗੱਲ ਨਹੀਂ (ਕਿਉਂਕਿ) ਉਹ ਖਾੜਕੂਵਾਦ ਵੇਲੇ ਵੀ ਇਸੇ ਤਰ੍ਹਾਂ ਹੀ ਵਿਚਰਿਆ।

ਸ. ਅਜਮੇਰ ਸਿੰਘ ਨੇ ਕਿਹਾ ਕਿ ਸ. ਦਲਜੀਤ ਸਿੰਘ ਕੀ ਹੈ? ਇਹ ਪਹਿਲਾਂ ਚੰਗੀ ਤਰਾਂ ਸਪੱਸ਼ਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ਮੁਤਾਬਿਕ ਹਰ ਲਹਿਰ ਵਿੱਚ ਬਹੁਤ ਕੁਝ ਚੰਗਾ ਵੀ ਹੁੰਦਾ ਹੈ ਅਤੇ ਕਾਫੀ ਕੁਝ ਮਾੜਾ ਵੀ। ਕੋਈ ਪੂਰੀ ਸ਼ੁੱਧ ਲਹਿਰ ਅੱਜ ਤੱਕ ਦੁਨੀਆਂ ‘ਤੇ ਨਹੀਂ ਹੋਈ। ਜੋ ਖਾੜਕੂ ਸੰਘਰਸ਼ ਅਸੀਂ ਲੜਿਆ, ਉਸ ਵਿੱਚ ਬਹੁਤ ਕੁਝ ਚੰਗਾ ਵੀ ਸੀ ਤੇ ਕਾਫੀ ਕੁਝ ਮਾੜਾ ਵੀ ਸੀ। ਸ. ਦਲਜੀਤ ਸਿੰਘ ਖਾੜਕੂ ਲਹਿਰ ਦੇ ਉਸ ਸੁੱਚੇ ਅੰਗ ਦਾ ਨੁਮਾਇਦਾ ਹੈ। ਉਸਦੀ ਜੋ ਜਿਮੇਵਾਰੀ ਹੈ, ਉਹ ਇਹ ਹੈ ਕਿ ਲਹਿਰ ਦੇ ਇਸ ਸਬਲਾਈਮ ਪਾਰਟ (ਸੁੱਚੇ ਹਿੱਸੇ) ਨੂੰ ਬਚਾ ਕੇ ਰੱਖਣਾ। ਉਸਦੇ ਸਰੋਕਾਰ ਵੱਡੇ ਹਨ। ਸ. ਅਜਮੇਰ ਸਿੰਘ ਨੇ ਕਿਹਾ ਕਿ ਜਿਸ ਦਿਨ ਭਾਈ ਦਲਜੀਤ ਸਿੰਘ ਰਾਜਸੀ ਖੇਤਰ ਵਿੱਚ ਸਰਗਰਮ ਹੋਇਆ ਸੀ, ਉਹ ਨਿੱਜ਼ੀ ਤੌਰ ‘ਤੇ ਉਸ ਨਾਲ ਸਹਿਮਤ ਨਹੀਂ ਸਨ।

ਉਨ੍ਹਾਂ ਕਿਹਾ ਕਿ ਮੈਂ ਜੱਥੇਦਾਰ ਟੌਹੜਾ ਨਾਲ ਵੀ ਗੱਲ ਕੀਤੀ ਸੀ। ਇਕ ਵਾਰ ਚੋਣਾਂ ਹੋ ਰਹੀਆਂ ਸਨ ਤੇ (ਪ੍ਰੇਮ ਸਿੰਘ) ਚੰਦੂਮਾਜ਼ਰਾ ਚੋਣ ਲੜ ਰਿਹਾ ਸੀ। ਜਥੇਦਾਰ ਟੌਹੜਾ ਦੁਕਾਨਾਂ ਤੇ ਜਾ ਕੇ ਹੱਥ ਬੰਨ-ਬੰਨ ਵੋਟਾਂ ਮੰਗ ਰਿਹਾ ਸੀ। ਮੈਂ ਉਸਨੂੰ ਕਿਹਾ ਕਿ ਇੱਕ ਬੰਨੇ ਤੁਸੀਂ ਕਹਿਦੇ ਹੋ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਅਹੁਦਾ “ਪੋਪ” ਦੇ ਬਰਾਬਰ ਹੈ, ਤੇ “ਪੋਪ” ਜਾਕੇ ਲੋਕਾਂ ਤੋਂ ਵੋਟਾਂ ਮੰਗੇਗਾ ਤਾਂ ਇਸ ਅਹੁਦੇ ਦੀ ਸ਼ਾਨ ਕੀ ਬਾਕੀ ਰਹੇਗੀ?

ਉਨ੍ਹਾਂ ਕਿਹਾ ਕਿ ਦਲਜੀਤ ਸਿੰਘ ਬਾਰੇ ਵੀ ਮੈਨੂੰ ਇਹ ਸੀ ਕਿ ਕੱਲ ਨੂੰ ਲੋਕ ਇਹ ਨਾ ਕਹਿਣ ‘ਆਹ ਫਿਰਦੈ ਵੱਡਾ ਜਰਨੈਲ…’। ਉਨ੍ਹਾਂ ਕਿਹਾ ਕਿ ਜਿਵੇਂ ਦੂਜੇ ਬੰਦੇ ਤੁਰੇ ਫਿਰਦੇ ਹਨ, ਧੰਦਾ ਕਰਦੇ, ਘੱਟੋ-ਘੱਟ ਉਸਨੇ (ਭਾਈ ਦਲਜੀਤ ਸਿੰਘ ਨੇ) ਇਹ ਨਹੀਂ ਕੀਤਾ। ਉਸਨੇ ਜੇਲ ਤੋਂ ਬਾਹਰ ਆ ਕੇ ਓਨਾ ਚਿਰ ਸਰਗਰਮੀ ਕੀਤੀ ਜਿੰਨਾ ਚਿਰ ਉਸਨੂੰ ਲੱਗਿਆ ਕਿ ਉਸਨੇ ਲਹਿਰ ਦਾ ਇੱਕ ਸੰਦੇਸ਼ ਦੇਣਾ ਹੈ। ਜਿਹੜੇ ਇੰਨੇ ਸਾਥੀ ਸ਼ਹੀਦ ਹੋਏ, ਉਹਨਾਂ ਦਾ ਉਹਦੇ ਉੱਤੇ ਬੜਾ ਬੋਝ ਹੈ, ਇਹ ਲੋਕਾਂ ਨੂੰ ਨਹੀਂ ਪਤਾ। ਮਤਲਬ ਉਹ ਕਿਹੋ-ਜਿਹੇ ਬੰਦੇ ਨੇ, ਉਨ੍ਹਾਂ ਕਿਹੋ ਜਿਹੀਆਂ ਰੂਹਾਂ ਦਾ ਸਾਥ ਮਾਣਿਆ…। ਉਸਨੇ ਉਹ ਸੰਦੇਸ਼ ਲੋਕਾਂ ਵਿੱਚ ਲੈ ਕੇ ਜਾਣਾ ਸੀ। ਇੱਕ ਫੇਜ਼ (ਦੌਰ) ਪੂਰਾ ਕੀਤਾ, ਉਹ (ਭਾਈ ਦਲਜੀਤ ਸਿੰਘ) ਘਰ-ਘਰ ਗਿਆ, ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਿਆ, ਧਰਵਾਸ ਦਿੱਤਾ ਤੇ ਉਹ ਸਾਰਾ ਕੁੱਝ ਕਰ ਲਿਆ ਜੋ ਕਰਨਾ ਬਣਦਾ ਸੀ। ਜਦੋਂ ਉਹਨੂੰ ਪਤਾ ਲੱਗਾ ਕਿ ਜੋ ਅੱਜ ਵਾਪਰ ਰਿਹਾ ਹੈ ਇਸਦਾ ਉਸ ਸੁੱਚੇ ਜ਼ਜਬੇ ਨਾਲ ਕੋਈ ਸਬੰਧ ਨਹੀਂ ਤਾਂ ਫਿਰ ਉਹਨੇ ਆਪਣੇ ਆਪ ਨੂੰ ਲਿਬੜਨ ਤੋਂ ਬਚਾਇਆ। ਹੁਣ ਇਹ ਉਹਦੇ ‘ਤੇ ਹੈ ਕਿ ਉਹ ਲਹਿਰ ਦੇ ਸੁੱਚੇ ਅੰਗ ਨੂੰ ਲੋਕਾਂ ਸਹਮਣੇ ਕਿਵੇਂ ਉਜ਼ਾਗਰ ਕਰਦਾ ਹੈ। ਇਹ ਇੱਕ ਬਹੁਤ ਵੱਡਾ ਕੰਮ ਉਹਦੇ ਸਾਹਮਣੇ ਹੈ। ਕੋਈ ਬੰਦਾ ਜਿਸਦੀ ਓਡੀ ਵੱਡੀ ਉਡਾਣ ਨਹੀਂ, ਉਸ ਬਾਰੇ ਨਹੀਂ ਸਮਝ ਸਕਦਾ। ਹੁਣ ਇੱਕ ਗੱਲ ਕਹਿਣੀ ਤਾਂ ਨਹੀਂ ਬਣਦੀ ਕਿ ਇੱਕ ਕਾਂ ਹੰਸ ਦੀ ਉਚਾਣ ਨੂੰ ਨਹੀਂ ਸਮਝ ਸਕਦਾ; ਉਹਨੂੰ ਲੱਗੂ ਟਲ ਗਿਆ ਜਾਂ ਭੱਜ ਗਿਆ। ਮੈਨੂੰ ਲੱਗਦਾ ਹੈ ਕਿ ਸ. ਸਿਮਰਨਜੀਤ ਸਿੰਘ ਮਾਨ ਨੇ ਬਹੁਤ ਵੱਡੀ ਜ਼ਿਆਦਤੀ ਕੀਤੀ (ਭਾਈ ਦਲਜੀਤ ਸਿੰਘ ਖਿਲਾਫ ਘਟੀਆ ਚਿਕੜਉਛਾਲੀ ਕਰਕੇ)।
ਭਾਰਤੀ ਚੋਣ ਪ੍ਰਣਾਲੀ ਅਧੀਨ ਕੋਈ ਪ੍ਰਾਪਤੀ ਨਾ ਹੋਣ ਅਤੇ ਪੰਥਕ ਧਿਰਾਂ ਵਿਚਾਕਰ ਆਪਸੀ ਏਕਤਾ ਦੇ ਮਸਲੇ ਬਾਰੇ ਭਾਈ ਮਨਧੀਰ ਸਿੰਘ ਨੂੰ ਸਵਾਲ ਕਰਦਿਆਂ ਸ. ਪਰਮਜੀਤ ਸਿੰਘ ਗਾਜ਼ੀ ਨੇ ਪੁਛਿਆ ਕਿ ਪੰਚ ਪ੍ਰਧਾਨੀ ਸਮੇਤ ਕਈ ਪੰਥਕ ਧਿਰਾਂ ਨੇ ਸ਼੍ਰੋਮਣੀ ਕਮੇਟੀ ਜਾਂ ਦੂਸਰੀਆਂ ਚੋਣਾਂ ਵਿੱਚ ਹਿੱਸਾ ਲਿਆ। ਸਿੱਖ ਪੰਥ ਦੇ ਸੁਹਿਰਦ ਹਿੱਸੇ ਅਤੇ ਸੰਘਰਸ਼ ਦੇ ਹਮਾਇਤੀ ਇਹ ਗੱਲ ਮਹਿਸੂਸ ਕਰਦੇ ਹਨ ਕਿ ਕੋਈ ਚੋਣ ਪ੍ਰਾਪਤੀ ਨਾ ਹੋਣ ਦਾ ਕਾਰਣ ਪੰਥਕ ਧਿਰਾਂ ਵਿੱਚ ਏਕਤਾ ਦੀ ਅਣਹੋਂਦ ਹੈ। ਉਨ੍ਹਾਂ ਕਿਹਾ ਕਿ ਅੰਕੜਿਆਂ ਮੁਤਾਬਿਕ ਜਿੱਤਣ ਵਾਲੇ ਉਮੀਦਵਾਰ ਦੀਆਂ ਵੋਟਾਂ ਨਾਲੋਂ ਪੰਥਕ ਧੜਿਆਂ ਦੇ ਉਮੀਦਵਾਰਾਂ ਦੀਆਂ ਸਾਂਝੀਆਂ ਵੋਟਾਂ ਨਾਲੋਂ ਘੱਟ ਬਣਦੀਆਂ ਰਹੀਆਂ ਹਨ। ਪਰ ਹਰ ਚੋਣ ਵੇਲੇ ਏਕਤਾ ਨਹੀਂ ਹੁੰਦੀ। ਇਸਦਾ ਕੀ ਕਾਰਣ ਹੈ? ਅਤੇ ਕੀ ਤੁਸੀਂ ਇਹ ਨਹੀਂ ਸਮਝਦੇ ਕਿ ਜੋ ਹਾਲਾਤ ਅੱਜ ਬਣੇ ਹੋਏ ਹਨ, ਪ੍ਰਾਪਤੀ ਨਾ ਹੋਣ ਦੇ, ਨਿਰਾਸ਼ਾ ਦੇ ਆਲਮ ਦੇ, ਉਸ ਵਿੱਚ ਏਕਤਾ ਦੀ ਅਣਹੋਂਦ ਦਾ ਹੱਥ ਹੈ?

ਸਵਾਲ ਦੇ ਜਵਾਬ ਵਿਚ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਇਹ ਗੱਲ ਦਰੁਸਤ ਹੈ ਕਿ ਜੇਕਰ ਸਿੱਖਾਂ ਨੇ ਕੁਝ ਪੰਥਕ ਪ੍ਰਾਪਤੀਆਂ ਕਰਨੀ ਹੈ ਤਾਂ ਉਹਦੇ ਲਈ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਹੇਠ ਹੋਣ ਵਾਲੀ ਏਕਤਾ ਬਹੁਤ ਜਰੂਰੀ ਹੈ। ਪਰ ਅੱਜ ਤੱਕ ਏਕਤਾ ਦੀ ਜਿੰਨੀ ਗੱਲਬਾਤ ਆਈ ਹੈ, ਉਹ ਸਿਰਫ ਚੋਣਾਂ ਦੇ ਦੌਰਾਨ ਹੀ ਆਈ ਹੈ। ਸਿਰਫ ਚੋਣਾਂ ਜਿੱਤਣ ਲਈ, ਕਝ ਸਿਆਸੀ ਪ੍ਰਾਪਤੀਆਂ ਕਰਨ ਲਈ।

ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਭਾਵੇਂ ਅਸੀਂ ਕੁਝ ਸਿਆਸੀ ਪ੍ਰਾਪਤੀਆਂ ਅੰਸ਼ਕ ਰੂਪ ਵਿੱਚ ਕਰ ਵੀ ਲਈਏ ਤਾਂ ਉਹ ਚਿਰ ਸਥਾਈ ਨਹੀਂ ਹੋਣਗੀਆਂ, ਉਹ ਲਹਿਰ ਦੇ ਵਿਰੁੱਧ ਹੀ ਜਣਗੀਆਂ। ਉਨ੍ਹਾਂ ਕਿਹਾ ਕਿ ਏਕਤਾ ਲਈ ਅਸੀਂ ਸਦਾ ਤਿਆਰ ਹਾਂ ਅਤੇ ਜੇਕਰ ਏਕਤਾ ਲਈ ਕੋਈ ਮੁਬਾਰਕ ਯਤਨ ਹੋਵੇ ਤਾਂ ਅਸੀਂ ਉਸਨੂੰ ਜੀ ਆਇਆਂ ਕਹਾਂਗੇ ਪਰ ਅਹਿਮ ਮਸਲਾ ਇਹ ਹੈ ਕਿ ਏਕਤਾ ਕਿਸ ਆਧਾਰ ‘ਤੇ ਹੋਵੇ? ਜੇਕਰ ਏਕਤਾ ਗੁਰਮਤਿ ਅਨੁਸਾਰੀ ਨਹੀਂ ਤਾਂ ਉਹ ਚਿਰ ਸਥਾਈ ਨਹੀਂ ਹੋਵੇਗੀ, ਉਹ ਸਿੱਖ ਪੰਥ ਲਈ ਨੁਕਸਾਨਦੇਹ ਹੀ ਹੋਵੇਗੀ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਗੁਰੂ ਮਹਾਰਾਜ ਨੇ ਏਕਤਾ ਦਾ ਸਿਧਾਂਤ ਦਿੱਤਾ ਹੈ। ਬਾਣੀ ਵਿਚ ਗੁਰੂ ਮਹਾਰਾਜ ਨੇ ਸਾਨੂੰ ਏਕਤਾ ਬਾਰੇ ਅਗਵਾਈ ਦਿੱਤੀ ਹੈ। ਇਸ ਲਈ ਉਨ੍ਹਾਂ ਦੋ-ਤਿੰਨ ਸ਼ਰਤਾਂ ਦੱਸੀਆਂ ਹਨ। ਇੱਕ ਕਿ ਏਕਤਾ ਲਈ ਨਿਮਰਤਾ ਵਿੱਚ ਬੈਠ ਕੇ ਗੰਭੀਰਤਾ ਨਾਲ ਵਿਚਾਰ ਕਰੀਏ, ਗੰਭੀਰ ਹੋਈਏ, ਸੁਹਿਰਦ ਹੋਈਏ।
ਦੂਜਾ ਜੇਕਰ ਏਕਤਾ ਦਾ ਆਧਾਰ ਲਿਵ ਦੇ ਨਾਲ ਨਹੀਂ ਬਣਦਾ, ਜੇਕਰ ਏਕਤਾ ਦਾ ਆਧਾਰ, ਜ਼ਿੰਦਗੀ ਦਾ ਆਧਾਰ, ਨਾਮ ਦੇ ਨਾਲ ਨਹੀਂ ਬਣਦਾ, ਤਾਂ ਉਹ ਏਕਤਾ ਚਿਰ ਸਥਾਈ ਨਹੀਂ ਹੋਵੇਗੀ।

ਅੱਜ ਤੱਕ ਏਕਤਾ ਲਈ ਜਿੰਨੇ ਵੀ ਯਤਨ ਵੇਖਣ ਵਿਚ ਆਏ ਹਨ, ਉਹ ਮੌਕੇ ਦੀ ਸਿਆਸਤ ਨੂੰ ਮੁੱਖ ਰੱਖਕੇ ਕੀਤੇ ਗਏ ਹਨ। ਸਿੱਖੀ ਜੁਗਤ ਮੁਤਾਬਿਕ, ਸਿੱਖ ਤਰਜ਼ੇ ਜ਼ਿੰਦਗੀ ਮੁਤਾਬਕ ਏਕਤਾ ਦੀਆਂ ਪੇਸ਼ਕਸ਼ਾਂ ਨਹੀਂ ਹੋਈਆਂ।

ਇਸੇ ਨੁਕਤੇ ਬਾਰੇ ਵਿਚਾਰ ਕਰਦਿਆਂ ਸ. ਅਜਮੇਰ ਸਿੰਘ ਨੇ ਕਿਹਾ ਕਿ ਅੱਜ ਰਾਜਨੀਤੀ ਨੂੰ ਘਟਾ ਕੇ ਸਿਰਫ ਵੋਟਾਂ ਤੱਕ ਹੀ ਸੀਮਤ ਕਰ ਦਿੱਤਾ ਜਾਂਦਾ ਹੈ ਕਿ ਰਾਜਨੀਤੀ (ਦਾ) ਮਤਲਬ (ਸਿਰਫ) ਚੋਣਾਂ (ਹੈ)। ਰਾਜਨੀਤੀ ਦੀ ਬੰਦਿਆਂ ਨੂੰ ਪੂਰੀ ਸਮਝ ਨਹੀਂ ਹੈ; ਇਹ ਤਾਂ ਬੜਾ ਵਿਸ਼ਾਲ ਖੇਤਰ ਹੈ।

ਇਸ ਵਿਚਾਰ ਨੂੰ ਜਾਰੀ ਰੱਖਦਿਆਂ ਉਨ੍ਹਾਂ ਕਿਹਾ ਕਿ ਦੂਜੀ ਗੱਲ ਮੈਂ ਜੋ ਕਰਨੀ ਚਾਹੁੰਦਾ ਹਾਂ, ਜੋ ਚੱਲ ਰਿਹਾ ਹੈ (ਉਸ ਬਾਰੇ), (ਜਿਵੇਂ) ਤੁਸੀਂ ਵੀ ਮਾਨ ਸਾਹਿਬ ਦੀ ਗੱਲ ਕੀਤੀ ਹੈ ਕਿ ਚਲੋ ਨਾਅਰਾ ਤਾਂ ਲਾਅ ਰਿਹਾ ਹੈ…। ਇਹ ਸਾਰੀਆਂ ਗੱਲਾਂ ਵੇਖਣੀਆਂ ਚਾਹੀਦੀਆਂ ਹਨ ਕਿ ਇਹ ਕਿਸੇ ਗਹਿਰਾਈ ‘ਚੋਂ ਆ ਰਹੀਆਂ ਨੇ? ਕੀ ਨਾਅਰਾ ਕਿਸੇ ਗਹਿਰਾਈ ‘ਚੋਂ ਆ ਰਿਹਾ ਹੈ, ਗੰਭੀਰਤਾ ‘ਚੋਂ ਆ ਰਿਹਾ ਹੈ? ਜਾਂ ਫਿਰ ਸਰਵਾਈਵਲ (ਹੋਂਦ ਬਣਾਈ ਰੱਖਣ) ਦੀ ਲੋੜ ਵਿਚੋਂ ਆ ਰਿਹਾ ਹੈ। ਜਦੋਂ ਕੋਈ ਰਾਜਸੀ ਲੀਡਰ ਜਾਂ ਪਾਰਟੀ ਇਹ ਤਰਲੇ ਲੈਣ ਲੱਗ ਪਵੇ ਕਿ ਮੈਂ ਆਪਣਾ ਵਜੂਦ ਕਾਇਮ ਕਿਵੇਂ ਰੱਖਣਾ ਹੈ, ਉਸ ਲਈ ਹੀ ਯਤਨ ਕਰਨ ਲੱਗ ਪਵੇ ਤਾਂ ਉਹ ਵਜੂਦ ਕਾਇਮ ਨਹੀਂ ਰਹਿੰਦਾ। ਉਨ੍ਹਾਂ ਕਿਹਾ ਕਿ ਇਹ ਸਭ ਹੋਂਦ ਬਚਾਈ ਰੱਖਣ ਦੇ ਯਤਨਾਂ ਤੋਂ ਵੱਧ ਕੁਝ ਨਹੀਂ ਹੈ।
ਇਸ ਹਾਲਤ ਦੇ ਹੱਲ ਬਾਰੇ ਗੱਲ ਕਰਦਿਆਂ ਸ. ਅਜਮੇਰ ਸਿੰਘ ਨੇ ਕਿਹਾ ਕਿ ਅੱਜ ਸਾਰੇ ਪਾਸੇ ਭਾਵੁਕਤਾ ਚੱਲ ਰਹੀ ਹੈ। ਜੋ ਪਰਚੇ ਨਿਕਲ ਰਹੇ ਹਨ, ਜੋ ਪ੍ਰਚਾਰ ਹੋ ਰਿਹਾ ਹੈ, ਜੋ ਸ਼ਹੀਦੀ ਦਿਨਾਂ ‘ਤੇ ਬੋਲ਼ਿਆ ਜਾ ਰਿਹਾ ਹੈ, ਜੋ ਸਾਰਾ ਕੁਝ ਚੱਲ ਰਿਹਾ ਹੈ, ਉਹ ਭਾਵਕਤਾ ਦੇ ਪੱਧਰ ‘ਤੇ ਹੀ ਹੈ। ਇਸ ਸੰਬੰਧੀ ਪੰਜਾਬੀ ਯੂਨੀਵਰਸਿਟੀ ਦੇ ਪ੍ਰੋ. ਗੁਰਮੁੱਖ ਸਿੰਘ ਵਲੋਂ ਖਾੜਕੂਵਾਦ ਦੇ ਨਾਂ ‘ਤੇ ਬਣੀਆਂ ਫਿਲਮਾਂ ਦਾ ਰਿਵਿਊ ਕਰਦਿਆਂ ਲਿਖੀਆਂ ਇਹ ਸਤਰਾਂ ਖਾਸ ਕਰ ਵਿਚਾਰਨ ਵਾਲੀਆਂ ਹਨ:

1984 ਦੇ ਦੁਖਾਂਤ ਨੂੰ ਗਿਆਨਕਾਰੀ ਦੀ ਪ੍ਰਕ੍ਰਿਆ ਵਿੱਚ ਪਾਉਣਾ ਲਾਜ਼ਮੀ ਹੈ। ਭਾਵੁਕਤਾ, ਸਦਮਿਆਂ ਨਾਲ ਸਿੱਝਣ ਦੀ ਕਮਜ਼ੋਰ ਜੁਗਤ ਹੈ। ਇਸ ਨੇ ਗਿਆਨਕਾਰੀ ਵਿਚੋਂ ਗੁਜ਼ਰ ਕੇ ਹੀ ਸਾਰਥਕ ਹੋਂਦ ਗ੍ਰਹਿਣ ਕਰਨੀ ਹੁੰਦੀ ਹੈ।

ਸ. ਅਜਮੇਰ ਸਿੰਘ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਦਾ ਮਹੌਲ ਹੈ; ਜਿਹੋ ਜਿਹੀਆਂ ਤਾਕਤਾਂ, ਜਿਹੋ ਜਿਹੇ ਬੰਦੇ ਵਿਚਰ ਰਹੇ ਹਨ ਅਤੇ ਜੋ ਵਰਤਾਰਾ ਵਾਪਰ ਰਿਹਾ ਹੈ, ਉਸਨੇ ਗਿਆਨਕਾਰੀ ਦੇ ਅਮਲ ਨੂੰ ਬੰਨ ਮਾਰ ਦਿੱਤਾ ਹੈ।

ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬੰਦੇ ਖੜੇ ਤਾਂ ਹਨ, ਨਾਅਰੇ ਤਾਂ ਲਾ ਰਹੇ ਹਨ। ਤੁਹਾਨੂੰ ਇਹ ਨਹੀਂ ਪਤਾ ਇਹ ਨੁਕਸਾਨ ਕਿੰਨਾ ਕਰ ਰਹੇ ਹਨ। ਇਹ ਪੰਜਾਹ ਸਾਲ ਵੀ ਨਾਅਰੇ ਮਾਰੀ ਜਾਣ, ਕਿੰਨੇ ਸਾਲ ਅਸੀਂ ਅੱਗੇ ਗੁਆ ਲਏ, ਇਹ ਤਾਂ ਸ਼ਹੀਦਾਂ ਨੂੰ ਵੇਚਣ ਵਾਲੀ ਗੱਲ ਹੈ। ਜੇ ਤੁਸੀਂ ਸ਼ਹੀਦਾਂ ਪ੍ਰਤੀ ਗੰਭੀਰ ਹੋ ਪਰ ਤੁਹਾਡੇ ਵਿਚ ਉਹ ਸੰਜੀਦਗੀ ਨਾ ਆਵੇ, ਸੁਹਿਰਦਤਾ ਨਾ ਆਵੇ ਤਾਂ ਪੈਰ-ਪੈਰ ‘ਤੇ ਪੜਚੋਲ ਕਰੋ, ਆਲੋਚਨਾ ਨੂੰ ਸੱਦਾ ਦਿਉ। ਕਿ ਨੁਕਸ ਕਿੱਥੇ ਹੈ ਪਰ ਅੱਜ ਉਹ ਸੁਹਿਰਦਤਾ ਨਹੀਂ ਹੈ। ਸਿਰਫ ਇਹ ਹੀ ਰਹਿ ਗਿਆ ਕਿ ਮੈਂ ਆਪਣੀ ਪਦਵੀ ਕਿਵੇਂ ਬਚਾਉਣੀ ਹੈ।

ਸਖਸ਼ੀਅਤ ਕੇਂਦ੍ਰਤ ਰਾਜਨੀਤੀ ਅਤੇ ਜਥੇਬੰਦੀ ਦੇ ਨੁਕਤੇ ਵਧੇਰੇ ਸਪਸ਼ਟ ਕਰਨ ਲਈ ਉਦਾਹਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਐਡਰਵਡ ਸਈਦ ਇੱਕ ਬਹੁਤ ਵੱਡਾ ਫਿਲਾਸਫਰ ਅਤੇ ਚਿੰਤਕ ਹੋਇਆ ਹੈ। ਉਹ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਵਿੱਚ ਪੜਾਉਂਦਾ ਸੀ। ਜਦੋਂ ਫਲਸਤੀਨ ਅਤੇ ਇਜ਼ਰਾਈਲ ਦਾ ਅਮਰੀਕਾ ਨੇ ਸਮਝੌਤਾ ਕਰਵਾਇਆ ਤਾਂ ਉਸ ਨੂੰ ਫੋਨ ਆਇਆ ਕਿ ਤੁਹਾਡੀ “ਪ੍ਰੈਜ਼ੀਡੈਂਟ” ਨਾਲ ਮੀਟਿੰਗ ਹੈ ਤਾਂ ਉਹ ਕਹਿੰਦਾ ਕਿਹੜੇ ‘ਪ੍ਰੈਜ਼ੀਡੈਂਟ’ ਨਾਲ? ਫੋਨ ਕਰਨ ਵਾਲਾ ਕਹਿੰਦਾ ਅਮਰੀਕਾ ਦੇ ਪ੍ਰੈਜ਼ੀਡੈਂਟ ਨਾਲ, ਹੋਰ ਕਿਹੜਾ ਪ੍ਰੈਜ਼ੀਡੈਂਟ? ਐਡਵਰਡ ਸਈਦ ਨੇ ਕਿਹਾ ਇੱਕ ਹੋਰ ‘ਪ੍ਰੈਜ਼ੀਡੈਂਟ’ ਵੀ ਹੈ; ਯਾਸਰ ਅਰਾਫਾਤ, ਜਿਸਨੇ ਸਾਰੀ ਜ਼ਿੰਦਗੀ ਸਭ ਕੁਝ ਦਾਅ ਤੇ ਲਾਅ ਦਿੱਤਾ ਕਿ ਮੈਂ ਸਾਰੀ ਉਮਰ ਪ੍ਰਧਾਨ ਰਹਾਂ, ਲੋਕ ਮੈਨੂੰ ਪ੍ਰਧਾਨ ਜੀ ਕਹਿਣ। ਇਸ ਨੂੰ ਹਾਸਲ ਕਰਨ ਲਈ ਉਸਨੇ ਸਾਰੀ ਲਹਿਰ ਵੀ ਦਬਾ ਦਿੱਤੀ।

ਉਨ੍ਹਾਂ ਕਿਹਾ ਕਿ ਇਹ ਜਿਹੜੀ ‘ਪ੍ਰਧਾਨ ਜੀ’ ਵਾਲੀ ਗੱਲ ਹੈ, ਇਹ ਸਿੱਖ ਇਤਿਹਾਸ ਵਿਚ ਪਹਿਲਾਂ ਕਿਤੇ ਨਹੀਂ ਸੀ। ਮੈਂ ਜੱਥੇਦਾਰ ਤੁੜ ਨੂੰ ਵੇਖਿਆ, ਲੋਕ ਜੱਥੇਦਾਰ ਜੀ ਕਹਿਕੇ ਸੰਬੋਧਨ ਕਰਦੇ ਸਨ। ਮਾਸਟਰ ਤਾਰਾ ਸਿੰਘ ਅਤੇ ਸੰਤ ਫਤਹਿ ਸਿੰਘ, ਸਭ ਜੱਥੇਦਾਰ ਅਖਵਾਉਂਦੇ ਸਨ। ਉਨ੍ਹਾਂ ਕਿਹਾ ਕਿ ਇਸ ਪ੍ਰਧਾਨ ਜੀ, ਪ੍ਰਧਾਨ ਜੀ ਵਾਲੇ ਚੱਕਰ ਨੇ ਅਹੁਦਾ ਇੰਨਾ ਵੱਡਾ ਬਣਾ ਦਿੱਤਾ ਹੈ ਕਿ ਦੂਜੇ ਬੰਦੇ ਉਸ ਦੇ ਭਾਰ ਹੇਠ ਦਬੇ ਪਏ ਹਨ। ਉਨ੍ਹਾਂ ਕਿਹਾ ਕਿ ਮੈਂ ਜੱਥੇਦਾਰ ਟੌਹੜਾ ਨੂੰ ਵੇਖਿਆ ਤੇ ਮੇਰੀ ਟੌਹੜੇ ਨਾਲ ਮੇਰੀ ਲੰਮੀ ਚੌੜੀ ਗੱਲਬਾਤ ਹੁੰਦੀ ਰਹੀ। ਉਨ੍ਹਾਂ ਕਿਹਾ ਕਿ ਮੈਂ ਇਹੀ ਤੱਤ ਕੱਢਿਆ ਕਿ ਇਹ ਬੰਦਾ ਪ੍ਰਧਾਨ ਰਹਿਣ ਵਾਸਤੇ ਕੁਝ ਵੀ ਕਰ ਸਕਦਾ ਹੈ। ਇਹ ਜੋ ਰੋਮਾਂਸ ਹੈ, ਪ੍ਰਧਾਨਗੀ ਦਾ (ਇਹ ਬਹੁਤ ਘਾਤਕ ਰੁਝਾਨ ਹੈ)।

ਗੱਲ-ਬਾਤ ਦੀ ਇਸ ਕੜੀ ਨੂੰ ਸਮਾਪਤ ਕਰਦਿਆਂ ਪਰਮਜੀਤ ਸਿੰਘ ਨੇ ਕਿਹਾ ਕਿ ਅਜੋਕੀ ਸਿੱਖ ਰਾਜਨੀਤੀ ਵਿਚ ਖੜੋਤ ਦਾ ਵਿਚਾਰ ਅਧੀਨ ਮਸਲਾ ਜਿੰਨਾ ਅਹਿਮ ਹੈ ਓਨਾਂ ਹੀ ਵਿਸਤਾਰਤ ਵੀ ਹੈ। ਗੱਲਬਾਤ ਦੀਆਂ ਕੁਝ ਕੜੀਆਂ ਵਿਚ ਹੀ ਇਸ ਦੇ ਸਾਰੇ ਪੱਖਾਂ ਨੂੰ ਵਿਚਾਰ ਸਕਣਾ ਸੰਭਵ ਨਹੀਂ ਹੈ।

ਉਨ੍ਹਾਂ ਕਿਹਾ ਕਿ ਇਸ ਗੱਲਬਾਤ ਸੰਬਧੀ ਹਰ ਤਰ੍ਹਾਂ ਦੇ ਵਿਚਾਰਾਂ, ਰਾਵਾਂ, ਸੁਝਾਵਾਂ ਅਤੇ ਪ੍ਰਤੀਕਰਮ ਨੂੰ ਜੀ ਆਇਆਂ ਕਿਹਾ ਜਾਵੇਗਾ। ਦਰਸ਼ਕ ਆਪਣੇ ਸੁਝਾਅ ਡੲੲਦਬੳਚਕ੍‍ਸਕਿਹਸੇਿੳਸੳਟ.ਚੋਮ ਉੱਤੇ ਈ-ਮੇਲ ਰਾਹੀਂ ਭੇਜ ਸਕਦੇ ਹਨ।

ਅਖੀਰ ਵਿਚ ਸ. ਪਰਮਜੀਤ ਸਿੰਘ ਨੇ ਕਿਹਾ ਕਿ ਆਉਂਦੇ ਸਮੇਂ ਵਿਚ ਸਿੱਖ ਸਿਆਸਤ ਵਲੋਂ ਇਸ ਵਿਚਾਰ-ਚਰਚਾ ਦਾ ਦਾਇਰਾ ਹੋਰ ਵਧਾ ਕੇ ਹੋਰਨਾਂ ਇਸ ਨਾਲ ਜੁੜਵੇਂ ਹੋਰ ਮਸਲਿਆਂ ਨੂੰ ਵੀ ਵਿਚਾਰਨ ਦਾ ਯਤਨ ਕੀਤਾ ਜਾਵੇਗਾ ਤਾਂ ਕਿ ਮੌਜੂਦਾ ਹਾਲਾਤ ਤੇ ਇਸ ਦੇ ਹੱਲ ਬਾਰੇ ਵਧੇਰੇ ਬੱਝਵਾਂ ਨਜ਼ਰੀਆਂ ਸਾਹਮਣੇ ਆ ਸਕੇ।

ਵਿਚਾਰ-ਚਰਚਾ ਦੀ ਵੀਡੀਓ ਵੇਖੋ:

ਭਾਗ 1 ਅਤੇ ਭਾਗ 2


ਭਾਗ 3

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,