ਚੰਡੀਗੜ੍ਹ: ਦਲ ਖਾਲਸਾ ਵਲੋਂ ਪਿਛਲ਼ੇ ਤਿੰਨ ਦਹਾਕਿਆਂ ਦੌਰਾਨ ਜਬਰੀ ਲਾਪਤਾ ਕੀਤੇ ਗਏ ਨੌਜਵਾਨਾਂ, ਝੂਠੇ ਪੁਲਿਸ ਮੁਕਾਬਲਿਆਂ ਅਤੇ ਰੋਸ ਪ੍ਰਦਰਸ਼ਨਾਂ ਦੌਰਾਨ ਪੁਲਿਸ ਦੀਆਂ ਗੋਲੀਆਂ ਨਾਲ ਮਾਰੇ ਗਏ ਸਿੰਘ-ਸਿੰਘਣੀਆਂ ਦੀ ਯਾਦ ਵਿੱਚ ਬਠਿੰਡਾ ਵਿਖੇ ਰੋਸ ਮਾਰਚ ਕੀਤਾ ਗਿਆ।
ਇਹ ਮਾਰਚ 70ਵੇਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਦਲ ਖਾਲਸਾ ਵਲੋਂ ਆਪਣੀਆਂ ਸਹਿਯੋਗੀ ਜਥੇਬੰਦੀਆਂ ਮਾਲਵਾ ਯੂਥ ਫੈਡਰੇਸ਼ਨ ਅਤੇ ਸਿੱਖ ਯੂਥ ਆਫ ਪੰਜਾਬ ਨਾਲ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮਾਰਚ ਤੋਂ ਪਹਿਲਾਂ ਕਾਰਕੁੰਨਾਂ ਵਲੋਂ ਜਬਰੀ ਲਾਪਤਾ ਕੀਤੇ ਅਤੇ ਫਰਜ਼ੀ ਮੁਕਾਬਲਿਆਂ ਦੀ ਭੇਟ ਚੜ੍ਹੇ ਲੋਕਾਂ ਦੀ ਯਾਦ ਵਿੱਚ ਗੁਰਦੁਆਰਾ ਕਿਲ੍ਹਾ ਮੁਬਾਰਕ ਵਿਖੇ ਅਰਦਾਸ ਕੀਤੀ ਗਈ ।
ਸਰਕਾਰੀ ਦਹਿਸ਼ਤਗਰਦੀ ਦੇ ਸ਼ਿਕਾਰ ਇੱਕ ਨੌਜਵਾਨ ਦੀ ਮਾਂ ਦੀ ਸਰਕਾਰ ਨੂੰ ਗੁਹਾਰ ਲਾਉਣ ਵਾਲਾ ਬੈਨਰ ਪ੍ਰਦਰਸ਼ਨਕਾਰੀਆਂ ਨੇ ਫੜਿਆ ਸੀ ਜਿਸ ਉਤੇ ਉਕਰਿਆ ਸੀ ਕਿ “ਜੇਕਰ ਮੇਰਾ ਪੁੱਤ ਮਰ ਗਿਆ ਹੈ ਤਾਂ ਦੱਸੋ ਕਿੱਥੇ ਸਸਕਾਰ ਕੀਤਾ, ਜੇਕਰ ਜਿਊਂਦਾ ਹੈ ਤਾਂ ਉਸ ਦਾ ਚੇਹਰਾ ਵਿਖਾਉ”।
ਭਾਰਤ ਅੰਦਰ ਗਊ ਰੱਖਿਆ ਦੇ ਨਾਮ ਹੇਠ ਹੋ ਰਹੀਆਂ ਹਿੰਸਕ ਵਾਰਦਾਤਾਂ ਉਤੇ ਸਖਤ ਟਿੱਪਣੀ ਕਰਦਿਆਂ ਮਾਰਚ ਦੇ ਪ੍ਰਬੰਧਕਾਂ ਨੇ ਕਿਹਾ ਕਿ ‘ਮੋਦੀ ਦੇ ਭਾਰਤ ਅੰਦਰ, ਗਊਆਂ ਦੇ ਹੱਕ ਹਨ, ਪਰ ਮਨੁੱਖਾਂ ਦੇ ਨਹੀਂ”। ਇਸ ਸਬੰਧੀ ਕਾਰਕੁੰਨਾਂ ਨੇ ਤਖਤੀਆਂ ਵੀ ਫੜੀਆਂ ਹੋਈਆਂ ਸਨ।
ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਬੁਲਾਰੇ ਕੰਵਰਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਇਸ ਸਮਾਗਮ ਦਾ ਮੰਤਵ ਸੁਰੱਖਿਆ ਫੋਰਸਾਂ ਅਤੇ ਪੁਲਿਸ ਵਲੋਂ ਜਬਰੀ ਲਾਪਤਾ ਕੀਤੇ ਗਏ ਬੇਜੁਬਾਨਾਂ ਦੀ ਜੁਬਾਨ ਬਣਨਾ ਅਤੇ ਪੀੜਤ ਪਰਿਵਾਰਾਂ ਲਈ ਇਨਸਾਫ ਦੀ ਗੁਹਾਰ ਲਾਉਣਾ ਹੈ।
ਉਹਨਾਂ ਭਾਰਤ ਅੰਦਰ ਕਸ਼ਮੀਰ ਤੋਂ ਪੰਜਾਬ ਅਤੇ ਦੂਜੇ ਸੂਬਿਆਂ ਅੰਦਰ ਘੱਟ-ਗਿਣਤੀਆਂ ਕੌਮਾਂ, ਦਲਿਤਾਂ ਦੇ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਪ੍ਰਤੀ ਅੰਤਰਰਾਸ਼ਟਰੀ ਭਾਈਚਾਰੇ ਦੀ ਚੁੱਪ ਨੂੰ ਘਾਤਕ ਦੱਸਿਆ। ਉਹਨਾਂ ਕਿਹਾ ਕਿ ਯੂ.ਐਨ.ਓ ਦਾ ਇਹ ਐਲਾਨਨਾਮਾ ਸੰਘਰਸ਼ੀਲ ਕੌਮਾਂ ਲਈ ਅਰਥਹੀਣ ਬਣ ਕੇ ਰਹਿ ਗਿਆ ਹੈ। ਉਹਨਾਂ ਨੂੰ ਹਰ ਕਿਸਮ ਦੇ ਹੱਕਾਂ ਤੋਂ ਕੇਵਲ ਵਾਂਝੇ ਹੀ ਨਹੀਂ ਰੱਖਿਆ ਜਾ ਰਿਹਾ ਸਗੋਂ ਸਰਕਾਰ ਦੀ ਅੰਨ੍ਹੀ ਤਾਕਤ ਰਾਂਹੀ ਦੱਬਿਆ ਵੀ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਇਹ ਮਾਰਚ ਮਨੁੱਖੀ ਅਧਿਕਾਰਾਂ ਦੇ ਸਤਿਕਾਰ ਨੂੰ ਬਹਾਲ ਕਰਨ ਅਤੇ ਬੁੱਝ ਰਹੀ ਇਨਸਾਫ ਦੀ ਲੋਅ ਨੂੰ ਜਗਦਾ ਰੱਖਣ ਦਾ ਇੱਕ ਉਪਰਾਲਾ ਹੈ। ਉਹਨਾਂ ਦੱਸਿਆ ਕਿ ਭਾਰਤ ਅਤੇ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦਾ ਘਾਣ ਵੱਡੇ ਪੱਧਰ ਤੇ ਹੁੰਦਾ ਆ ਰਿਹਾ ਹੈ ਅਤੇ ਬਹੁਤ ਸਾਰੇ ਸੂਬਿਆਂ ਅੰਦਰ ਹਾਲਾਤ ਅੱਜ ਵੀ ਚਿੰਤਾਜਨਕ ਹਨ। ਉਹਨਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ (ਕਾਂਗਰਸ, ਅਕਾਲੀ, ਆਪ) ਦੀ ਮਨੁੱਖੀ ਅਧਿਕਾਰਾਂ ਪ੍ਰਤੀ ਪਹੁੰਚ ਗੈਰ-ਸੰਜੀਦਾ ਅਤੇ ਅਵੇਸਲੇਪਣ ਵਾਲੀ ਹੈ।
ਜਨਰਲ ਸਕਤਰ ਪਰਮਜੀਤ ਸਿੰਘ ਟਾਂਡਾ ਨੇ ਦੱਸਿਆ ਕਿ ਪਤਾ ਹੀ ਨਹੀਂ ਕਿੰਨੇ ਮਾਪੇ ਪੁਲਿਸ ਅਤੇ ਫੌਜ ਦੁਆਰਾ ਗੁੰਮ ਕੀਤੇ ਆਪਣੇ ਬੱਚਿਆਂ ਦੀ ਉਡੀਕ ਵਿੱਚ ਬਜੁਰਗ ਹੋ ਗਏ ਹਨ ਅਤੇ ਉਹਨਾਂ ਅੰਦਰ ਇਨਸਾਫ ਦੀ ਉਮੀਦ ਵੀ ਮਰ ਰਹੀ ਹੈ।
ਮਾਰਚ ਦੌਰਾਨ ਲਖਬੀਰ ਸਿੰਘ ਲੱਖਾ ਸਿਧਾਣਾ ਨੇ ਵੀ ਕਾਰਕੁੰਨਾਂ ਨੂੰ ਸੰਬੋਧਨ ਕੀਤਾ।
ਇਸ ਮੌਕੇ ਬਾਬਾ ਹਰਦੀਪ ਸਿੰਘ ਮਹਿਰਾਜ, ਜਸਵੀਰ ਸਿੰਘ ਖੰਡੂਰ, ਅਮਰੀਕ ਸਿੰਘ ਈਸੜੂ, ਗੁਰਦੀਪ ਸਿੰਘ ਕਾਲਕਟ, ਗੁਰਿੰਦਰ ਸਿੰਘ ਬਠਿੰਡਾ, ਰਣਬੀਰ ਸਿੰਘ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ ਨਥਾਣਾ, ਕੁਲਦੀਪ ਸਿੰਘ ਹਰਵਿੰਦਰ ਸਿੰਘ ਹਰਮੋਏ, ਅਤੇ ਯੂਥ ਵਿੰਗ ਦੇ ਆਗੂ ਪਰਮਜੀਤ ਸਿੰਘ ਮੰਡ, ਸੁਖਰਾਜ ਸਿੰਘ, ਗੁਰਨਾਮ ਸਿੰਘ, ਹਰਪ੍ਰੀਤ ਸਿੰਘ ਖਾਲਸਾ ਹਾਜਰ ਸਨ।