ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ’ਤੇ ਹਮਲਾ ਕਰਨ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ ਹਮਲਾਵਰਾਂ ਨੂੰ ਲੁਧਿਆਣਾ ਅਦਾਲਤ ਵਿਚ ਪੇਸ਼ ਕਰਨ ਵੇਲੇ ਦੀ ਤਸਵੀਰ (ਫਾਈਲ ਫੋਟੋ)

ਸਿੱਖ ਖਬਰਾਂ

ਲੁਧਿਆਣਾ ਹਮਲੇ ਸਬੰਧੀ 6 ਹੋਰ ਗ੍ਰਿਫਤਾਰੀਆਂ, ਚਾਰ ਨੂੰ ਜੇਲ੍ਹ ਅਤੇ ਚਾਰ 2 ਦਿਨ ਦੇ ਪੁਲਿਸ ਰਿਮਾਂਡ ’ਤੇ

By ਸਿੱਖ ਸਿਆਸਤ ਬਿਊਰੋ

May 25, 2016

ਲੁਧਿਆਣਾ: ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ’ਤੇ ਹਮਲਾ ਕਰਨ ਦੇ ਮਾਮਲੇ ’ਚ ਪੁਲਿਸ ਨੇ 6 ਹੋਰ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਹਮਲੇ ’ਚ ਵਰਤੀ ਸਕਾਰਪੀਓ ਵੀ ਬਰਾਮਦ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਹਮਲਾਵਰਾਂ ’ਚ ਗੁਰਵਿੰਦਰ ਸਿੰਘ ਉਰਫ ਗੋਲਡੀ ਪੁੱਤਰ ਕੁਲਦੀਪ ਸਿੰਘ ਵਾਸੀ ਚੌਂਕ ਮਹਿਤਾ ਅੰਮ੍ਰਿਤਸਰ, ਅਮਰਜੀਤ ਸਿੰਘ ਪੁੱਤਰ ਇੰਦਰਾਜ ਸਿੰਘ ਵਾਸੀ ਚੌਂਕ ਮਹਿਤਾ, ਗੁਰਮੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਫਿਰੋਜ਼ਪੁਰ, ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਚੌਂਕ ਮਹਿਤਾ ਅੰਮ੍ਰਿਤਸਰ, ਗੁਰਨਾਮ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਪਿੰਡ ਜੀਖਰਾਣਾ ਫਿਰੋਜ਼ਪੁਰ ਅਤੇ ਪ੍ਰੀਤਮ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਗੋਖੀਵਾਲਾ ਜ਼ਿਲ੍ਹਾ ਫਿਰੋਜ਼ਪੁਰ ਸ਼ਾਮਿਲ ਹਨ।

ਕਮਿਸ਼ਨਰ ਔਲਖ ਨੇ ਦੱਸਿਆ ਕਿ ਪੁਲਿਸ ਨੇ ਅੱਜ ਸਵੇਰੇ ਪੀ.ਏ.ਪੀ. ਚੌਂਕ ਜਲੰਧਰ ਵਿਚ ਨਾਕਾਬੰਦੀ ਕੀਤੀ ਹੋਈ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਤੋਂ ਜਲੰਧਰ ਆ ਰਹੇ ਹਨ। ਪੁਲਿਸ ਵਲੋਂ ਸੂਚਨਾ ਮਿਲਣ ’ਤੇ ਉਥੇ ਨਾਕਾਬੰਦੀ ਕੀਤੀ ਗਈ ਤਾਂ ਉਥੇ ਜਾ ਰਹੀ ਸਕਾਰਪੀਓ ਕਾਰ ਨੰਬਰ ਡੀ.ਐਲ. 3 ਸੀ.ਏ. 1928 ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਚਲਾ ਰਹੇ ਬੰਦਿਆਂ ਨੇ ਕਾਰ ਭਜਾ ਲਈ। ਪਿੱਛਾ ਕਰਨ ’ਤੇ ਪੁਲਿਸ ਨੇ ਇਨ੍ਹਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਸੋਂ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ।

ਇਸ ਦੌਰਾਨ ਪੁਲਿਸ ਵਲੋਂ ਪਹਿਲਾਂ ਗ੍ਰਿਫਤਾਰ ਕੀਤੇ ਨੌਜਵਾਨਾਂ ਨੂੰ ਅੱਜ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਜੱਜ ਨੇ ਜਸਪ੍ਰੀਤ ਸਿੰਘ, ਹਰਦੇਵ ਸਿੰਘ, ਮਨਜੀਤ ਸਿੰਘ ਅਤੇ ਗਗਨਦੀਪ ਸਿੰਘ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਜਦਕਿ ਸੁਖਵਿੰਦਰ ਸਿੰਘ, ਮਨਵੀਰ ਸਿੰਘ, ਗੁਰਪ੍ਰੀਤ ਸਿੰਘ ਅਤੇ ਸਤਨਾਮ ਸਿੰਘ ਦੇ ਪੁਲਿਸ ਰਿਮਾਂਡ ਵਿਚ 2 ਦਿਨ ਦਾ ਵਾਧਾ ਕੀਤਾ ਗਿਆ।

ਮੰਗਲਵਾਰ ਨੂੰ ਪੇਸ਼ੀ ਦੌਰਾਨ ਦਮਦਮੀ ਟਕਸਾਲ ਨਾਲ ਸਬੰਧਿਤ 25 ਦੇ ਕਰੀਬ ਸਮਰਥਕ ਅਦਾਲਤੀ ਕੰਪਲੈਕਸ ਦੇ ਬਾਹਰ ਖੜ੍ਹੇ ਸਨ। ਪੇਸ਼ੀ ਦੌਰਾਨ ਇਨ੍ਹਾਂ ਨੇ ਦਮਦਮੀ ਟਕਸਾਲ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ। ਇਨ੍ਹਾਂ ਸਮਰਥਕਾਂ ਵਲੋਂ ਫੋਟੋਆਂ ਖਿਚ ਰਹੇ ਫੋਟੋਗ੍ਰਾਫਰਾਂ ਨਾਲ ਧੱਕਾ-ਮੁੱਕੀ ਕੀਤੀ ਗਈ ਅਤੇ ਕੁਝ ਫੋਟੋਗ੍ਰਾਫਰਾਂ ਦੇ ਕੈਮਰੇ ਵੀ ਤੋੜਣ ਦੀ ਕੋਸ਼ਿਸ਼ ਕੀਤੀ ਗਈ। ਪੇਸ਼ੀ ਦੌਰਾਨ ਪੁਲਿਸ ਵਲੋਂ ਅਦਾਲਤ ਦੇ ਬਾਹਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: