ਨਵੀਂ ਦਿੱਲੀ (14 ਫਰਵਰੀ, 2016): ਦੇਸ਼ ਧਰੋਹ ਦੇ ਮਾਮਲੇ ਵਿੱਚ ਗ੍ਰਿਫਤਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨ੍ਹਈਆ ਕੁਮਾਰ ਦੀ ਰਿਹਾਈ ਦੀ ਮੰਗ ਕਰ ਰਹੇ ਵਿਦਿਆਰਥੀਆਂ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਵਿਰੋਧੀ ਪਾਰਟੀਆਂ ਦੇ ਨਾਲ-ਨਾਲ 40 ਸੈਂਟਰਲ ਯੂਨੀਵਰਸਿਟੀਆਂ ਦੀਆਂ ਅਧਿਆਪਕ ਐਸੋਸੀਏਸ਼ਨਾਂ ਨੇ ਜੇਐਨਯੂ ’ਚ ਹੋ ਰਹੇ ਵਿਰੋਧ ਨੂੰ ਹਮਾਇਤ ਦੇ ਦਿੱਤੀ।
ਫੈਡਰੇਸ਼ਨ ਆਫ਼ ਸੈਂਟਰਲ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ ਦੇ ਪ੍ਰਧਾਨ ਨੰਦਿਤਾ ਨਰਾਇਣ ਨੇ ਕਿਹਾ ਕਿ ਵਿਰੋਧ ਜਤਾਉਣ ਵਾਲਿਆਂ ’ਚ ਹੈਦਰਾਬਾਦ ਯੂਨੀਵਰਸਿਟੀ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਵਿਰੋਧ ਪ੍ਰਦਰਸ਼ਨ ਠੀਕ ਨਹੀਂ ਸਨ ਪਰ ਇਨ੍ਹਾਂ ਨੂੰ ਦੇਸ਼ ਧ੍ਰੋਹ ਤਾਂ ਬਿਲਕੁਲ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ,‘‘ਵਿਦਿਆਰਥੀ ਭਾਵੇਂ ਮੌਜੂਦਾ ਸਰਕਾਰ ਦਾ ਵਿਰੋਧ ਕਰ ਰਹੇ ਹੋਣ ਪਰ ਇਹ ਸੰਵਿਧਾਨ ਖ਼ਿਲਾਫ਼ ਪ੍ਰਦਰਸ਼ਨ ਨਹੀਂ ਸਨ। ਦੇਸ਼ ਦੀ ਸੁਰੱਖਿਆ ਦੇ ਨਾਮ ’ਤੇ ਵਿਦਿਆਰਥੀਆਂ ਖ਼ਿਲਾਫ਼ ਪੁਲੀਸ ਕਾਰਵਾਈ ਠੀਕ ਨਹੀਂ।’’
ਜੇਐਨਯੂ ਅਧਿਆਪਕ ਐਸੋਸੀਏਸ਼ਨ ਨੇ ਵੀ ਪ੍ਰਸ਼ਾਸਨ ਵੱਲੋਂ ਮਾਮਲੇ ਨੂੰ ਹਲਕੇ ਤੌਰ ’ਤੇ ਲੈਣ ਅਤੇ ਯੂਨੀਵਰਸਿਟੀ ਦੀ ਪ੍ਰੋਟੋਕੋਲ ਕਮੇਟੀ ਦੀ ਜਾਂਚ ਮੁਕੰਮਲ ਹੋਏ ਬਿਨਾਂ ਪੁਲੀਸ ਕਾਰਵਾਈ ਦੀ ਇਜਾਜ਼ਤ ਦੇਣ ਦੀ ਤਿੱਖੀ ਨੁਕਤਾਚੀਨੀ ਕੀਤੀ।
ਕਨ੍ਹਈਆ ਕੁਮਾਰ ਦੀ ਰਿਹਾਈ ਹੋਣ ਤਕ ਵਿਦਿਆਰਥੀਆਂ ਵੱਲੋਂ ਭਲਕੇ ਤੋਂ ਹਡ਼ਤਾਲ ’ਤੇ ਜਾਣ ਦਾ ਐਲਾਨ ਕੀਤਾ ਗਿਆ ਹੈ ਪਰ ਟੀਚਰਸ ਐਸੋਸੀਏਸ਼ਨ ਨੇ ਅਜੇ ਇਸ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ।
ਜੇਐਨਯੂ ਵਿਦਿਆਰਥੀਆਂ ਦੇ ਪੱਖ ’ਚ ਅੱਜ ਜੰਤਰ ਮੰਤਰ ’ਤੇ ਪ੍ਰਦਰਸ਼ਨ ਕੀਤਾ ਗਿਆ ਜਿਥੇ ਵੱਖ ਵੱਖ ਖੇਤਰਾਂ ਦੇ ਲੋਕਾਂ ਨੇ ਹਿੱਸਾ ਲਿਆ। ਜੇਐਨਯੂ ਕੈਂਪਸ ’ਚ ਅਮਲੇ ਦੇ ਪਰਿਵਾਰਕ ਮੈਂਬਰਾਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਮਿਲ ਕੇ ਮਨੁੱਖੀ ਲਡ਼ੀ ਬਣਾਈ।