ਖਾਸ ਖਬਰਾਂ

ਪੰਜਾਬ ’ਚ ਰੇਲਵੇ ਲਾਈਨਾਂ ’ਤੇ ਰੋਜ਼ਾਨਾ ਹੁੰਦੀਆਂ ਨੇ 4 ਮੌਤਾਂ

By ਸਿੱਖ ਸਿਆਸਤ ਬਿਊਰੋ

March 02, 2018

ਪਟਿਆਲਾ: ਲੁਧਿਆਣਾ ਜ਼ਿਲ੍ਹੇ ਵਿੱਚ ਰੇਲਵੇ ਲਾਈਨਾਂ ’ਤੇ ਪੰਜਾਬ ਵਿੱਚੋਂ ਸਭ ਤੋਂ ਵੱਧ ਮੌਤਾਂ ਹੁੰਦੀਆਂ ਹਨ ਜਦੋਂਕਿ ਸਭ ਤੋਂ ਘੱਟ ਮੌਤਾਂ ਅਬੋਹਰ ਖੇਤਰ ਵਿੱਚ ਹੁੰਦੀਆਂ ਹਨ। ਪੰਜਾਬ ਵਿੱਚ ਪਿਛਲੇ ਸਾਲ ਕੁਲ 1465 ਮੌਤਾਂ ਹੋਈਆਂ, ਜਿਸ ਦੇ ਹਿਸਾਬ ਨਾਲ ਰੋਜ਼ਾਨਾ ਚਾਰ ਮੌਤਾਂ ਰੇਲ ਗੱਡੀਆਂ ਕਾਰਨ ਹੋਣ ਦੇ ਅੰਕੜੇ ਸਾਹਮਣੇ ਆਏ ਹਨ।

ਸੂਤਰਾਂ ਅਨੁਸਾਰ ਰੇਲ ਗੱਡੀ ਹੇਠ ਆ ਕੇ ਖੁਦਕੁਸ਼ੀਆਂ ਕਰਨ ਵਾਲਿਆਂ ਦੀ ਗਿਣਤੀ ਬਠਿੰਡਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਹੈ ਜਦੋਂਕਿ ਫ਼ਿਰੋਜ਼ਪੁਰ ਵਿੱਚ ਇਹ ਗਿਣਤੀ ਸਭ ਤੋਂ ਘੱਟ ਹੈ।

ਪਿਛਲੇ ਸਾਲ ਜਲੰਧਰ ਵਿੱਚ ਰੇਲਵੇ ਟਰੈਕ ’ਤੇ 273 ਮੌਤਾਂ, ਅੰਮ੍ਰਿਤਸਰ ਵਿੱਚ 168, ਲੁਧਿਆਣਾ ਵਿੱਚ 320, ਪਠਾਨਕੋਟ ਵਿੱਚ 78, ਪਟਿਆਲਾ ਵਿੱਚ 121, ਸਰਹਿੰਦ ਵਿੱਚ 144, ਸੰਗਰੂਰ ਵਿੱਚ 74, ਫ਼ਿਰੋਜ਼ਪੁਰ ਵਿੱਚ 47, ਫ਼ਰੀਦਕੋਟ ਵਿੱੱਚ 49, ਬਠਿੰਡਾ ਵਿੱਚ 161, ਅਬੋਹਰ ਵਿੱਚ 34 ਮੌਤਾਂ ਹੋਈਆਂ। ਇਨ੍ਹਾਂ ਕੁੱਲ ਮੌਤਾਂ ਵਿਚੋਂ ਰੇਲਵੇ ਦੁਰਘਟਨਾ ਨਾਲ 809 ਮੌਤਾਂ ਹੋਈਆਂ ਜਦਕਿ ਖੁਦਕੁਸ਼ੀ ਕਰਨ ਨਾਲ 384 ਮੌਤਾਂ ਹੋਈਆਂ। ਇਸੇ ਤਰ੍ਹਾਂ ਹੋਰ ਕਾਰਨਾਂ ਕਰਕੇ 272 ਮੌਤਾਂ ਰੇਲਵੇ ਲਾਈਨਾਂ ’ਤੇ ਹੋਈਆਂ ਹਨ।

ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚੋਂ ਕੁਝ ਮੌਤਾਂ ਅਜਿਹੀਆਂ ਵੀ ਹਨ, ਜਿਨ੍ਹਾਂ ਨੂੰ ਦੁਸ਼ਮਣੀ ਕਾਰਨ ਹੱਥ ਪੈਰ ਬੰਨ੍ਹ ਕੇ ਰੇਲਵੇ ਲਾਈਨਾਂ ’ਤੇ ਸੁੱਟਿਆ ਗਿਆ। ਇਸ ਤੋਂ ਇਲਾਵਾ ਕੁਝ ਮੌਤਾਂ ਚੱਲਦੀ ਰੇਲਗੱਡੀ ਵਿੱਚੋਂ ਡਿੱਗਣ ਕਾਰਨ ਹੋਈਆਂ। ਅਜਿਹੇ ਕੇਸਾਂ ਵਿੱਚ ਰੇਲਵੇ ਵੱਲੋਂ ਘੱਟੋ ਘੱਟ ਦੋ ਲੱਖ ਮੁਆਵਜ਼ਾ ਵੀ ਦਿੱਤਾ ਜਾਂਦਾ ਹੈ। ਰੇਲਵੇ ਪੁਲੀਸ ਦੇ ਏਆਈਜੀ ਦਲਜੀਤ ਸਿੰਘ ਰਾਣਾ ਦਾ ਕਹਿਣਾ ਹੈ ਕਿ ਰੇਲਗੱਡੀਆਂ ਲੋਕਾਂ ਦੇ ਮੰਜ਼ਿਲ ’ਤੇ ਪਹੁੰਚਾਉਣ ਦਾ ਇੱਕ ਵਧੀਆ ਸਾਧਨ ਹੈ। ਪਰ ਇਹ ਮਾੜੀ ਗੱਲ ਹੈ ਕਿ ਲੋਕ ਰੇਲਗੱਡੀ ਹੇਠ ਆ ਕੇ ਖੁਦਕੁਸ਼ੀ ਕਰਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: