ਸਿੱਖ ਖਬਰਾਂ

ਡੇਰਾ ਸਿਰਸਾ ਖਿਲਾਫ਼ ਰਵਾਨਾ ਹੋਇਆ 39ਵਾਂ ਸ਼ਹੀਦੀ ਜਥਾ ਗ੍ਰਿਫ਼ਤਾਰ

By ਸਿੱਖ ਸਿਆਸਤ ਬਿਊਰੋ

December 14, 2009

ਤਲਵੰਡੀ ਸਾਬੋ (13 ਦਸੰਬਰ, 2009): ਆਪਣੇ ਆਪ ਨੂੰ ਪੰਥਕ ਕਹਾਉਂਦੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਾਂ ’ਤੇ ਕੀਤੇ ਜਾ ਰਹੇ ਜ਼ੁਲਮਾਂ ਦੀ ਮਾਰ ਹੁਣ ਸਿੱਖ ਜਗਤ ਹੋਰ ਨਹੀਂ ਸਹਿਣ ਕਰੇਗਾ ਸਗੋਂ ਇਕਮੁੱਠ ਹੋ ਕੇ ਸਰਕਾਰ ਦੇ ਕਥਿਤ ਪੰਥਕ ਮਾਰੂ ਮਨਸੂਬਿਆਂ ਖਿਲਾਫ਼ ਆਵਾਜ਼ ਬੁਲੰਦ ਕਰੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੇਰਾ ਸਿਰਸਾ ਖਿਲਾਫ਼ ਸ਼ੁਰੂ ਕੀਤੇ ਗਏ ਸੰਘਰਸ਼ ਦਾ 39ਵਾਂ ਸ਼ਹੀਦੀ ਜਥਾ ਰਵਾਨਾ ਕਰਨ ਤੋਂ ਪਹਿਲਾਂ ਲਗਾਏ ਗਏ ਦੀਵਾਨ ਨੂੰ ਜਥੇਬੰਦੀਆ ਦੇ ਆਗੂਆਂ ਵਲੋਂ ਸੰਬੋਧਨ ਕਰਦਿਆਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੁਧਿਆਣਾ ਗੋਲੀ ਕਾਂਡ ਦੇ ਖਿਲਾਫ਼ ਸਿੱਖ ਜਥੇਬੰਦੀਆਂ ਵਲੋਂ ਪ੍ਰੋਗਰਾਮ ਉਲੀਕ ਗਏ ਹਨ ਤੇ ਪੂਰਨ ਇਨਸਾਫ਼ ਪ੍ਰਾਪਤ ਕਰਨ ਤੱਕ ਸੰਘਰਸ਼ ਚਲਦੇ ਰਹਿਣਗੇ।

ਅੱਜ ਦੀ ਇਕਤਰਤਾ ਨੂੰ ਹਰਿਆਣਾ ਦੇ ਪ੍ਰਧਾਨ ਸ: ਜਗਦੀਸ਼ ਸਿੰਘ ਝੀਂਡਾ ਨੇ ਵੀ ਸੰਬੋਧਨ ਕੀਤਾ ਤੇ ਸ: ਬਾਦਲਾਂ ਤੇ ਪੰਜਾਬ ਸਰਕਾਰ ਦੀ ਜ਼ੋਰਦਾਰ ਆਲੋਚਨਾ ਕੀਤੀ।

ਪੰਚ ਪ੍ਰਧਾਨੀ ਦੇ ਆਗੂ ਭਾਈ ਹਰਪਾਲ ਸਿੰਘ ਚੀਮਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 14 ਦਸੰਬਰ 2009 ਨੂੰ ਪੰਜਾਬ ਭਰ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀਆਂ ਇੱਕ ਲੱਖ ਤਸਵੀਰਾਂ ਵੰਡੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਇਸ ਦਿਨ ਪੰਜਾਬ ਵਿੱਚ ਸ਼ਿਵਸੈਨਾ ਨੇ ਸੰਤ ਜਰਨੈਲ ਸਿੰਘ ਜੀ ਦੀਆਂ ਤਸਵੀਰਾਂ ਦੀ ਵਧ ਰਹੀ ਗਿਣਤੀ ਦੇ ਵਿਰੋਧ ਵਿੱਚ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ।

ਇਸ ਮੌਕੇ ਹਾਜ਼ਰ ਆਗੂਆਂ ’ਚ ਪੰਚ ਪ੍ਰਧਾਨੀ ਦੇ ਜਨਰਲ ਸਕੱਤਰ ਹਰਪਾਲ ਸਿੰਘ ਚੀਮਾ, ਬਲਜਿੰਦਰ ਸਿੰਘ, ਹਰਨੇਕ ਸਿੰਘ ਗਿਆਨਾ, ਰਾਮ ਸਿੰਘ ਢਿਪਾਲੀ (ਪੰਚ ਪ੍ਰਧਾਨੀ), ਜਗਦੇਵ ਸਿੰਘ ਮਲਕਾਣਾ, ਅਵਤਾਰ ਸਿੰਘ ਚਕੂ ਮੈਂਬਰ ਗੁਰਦੁਆਰਾ ਕਮੇਟੀ ਹਰਿਆਣਾ, ਜੋਗਾ ਸਿੰਘ, ਕੰਵਲਜੀਤ ਸਿੰਘ ਪ੍ਰਧਾਨ ਯੂਥ ਦਲ ਹਰਿਆਣਾ, ਗੁਰਮੀਤ ਸਿੰਘ ਮੰਡੀਕਲਾਂ, ਮਾਤਾ ਮਲਕੀਤ ਕੌਰ ਅਤੇ ਗੁਰਬਖਸ਼ ਸਿੰਘ ਜਗਾ ਮੌਜੂਦ ਸਨ ਜਦਕਿ ਸ਼ਹੀਦੀ ਜਥਾ ਜੋ ਪਿੰਡ ਲੇਹਲ ਕਲਾਂ ਸੰਗਰੂਰ ਦਾ ਸੀ ਦੀ ਅਗਵਾਈ ਭਾਈ ਜਗਸੀਰ ਸਿੰਘ ਨੇ ਕੀਤੀ, ਵਿਚ ਗੁਰਪਿਆਰ ਸਿੰਘ, ਲਾਭ ਸਿੰਘ, ਹਰਦਿਆਲ ਸਿੰਘ, ਜੁਗਰਾਜ ਸਿੰਘ, ਮਹਿੰਦਰ ਸਿੰਘ, ਰਾਜਵੀਰ ਸਿੰਘ, ਜਗਦੇਵ ਸਿੰਘ, ਲਾਭ ਸਿੰਘ, ਜੱਗਾ ਸਿੰਘ, ਸੁਰਜੀਤ ਸਿੰਘ ਤੇ ਕਾਲਾ ਸਿੰਘ ਮੌਜੂਦ ਸਨ। ਜਥੇ ਨੂੰ ਜਸਵਿੰਦਰਪਾਲ ਐਸ. ਐਚ. ਓ. ਠਾਣਾ ਤਲਵੰਡੀ ਸਾਬੋ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਰੋਕ ਕੇ ਗ੍ਰਿਫ਼ਤਾਰ ਕਰ ਲਿਆ। ਭਾਈ ਗੁਰਮੀਤ ਸਿੰਘ ਮੰਡੀ ਕਲਾਂ ਦੇ ਢਾਡੀ ਜਥੇ ਨੇ ਢਾਡੀ ਵਾਰਾਂ ਗਾਈਆਂ। ਅੱਜ ਇਸ ਮੌਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਫੋਟੋ ਸਟਿੱਕਰ ਵੀ ਵੰਡੇ ਗਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: