ਅਜ਼ਾਦੀ ਦੇ ਹੱਕ ਵਿਚ ਰੋਸ ਮਾਰਚ ਕੱਢਦੇ ਕਸ਼ਮੀਰੀ

ਸਿਆਸੀ ਖਬਰਾਂ

ਕਸ਼ਮੀਰ ‘ਚ ਪੁਲਿਸ ਫਾਇਰਿੰਗ ‘ਚ ਮਰਨ ਵਾਲਿਆਂ ਦੀ ਗਿਣਤੀ 32 ਹੋਈ

By ਸਿੱਖ ਸਿਆਸਤ ਬਿਊਰੋ

July 12, 2016

ਸ੍ਰੀਨਗਰ: ਬੁਰਹਾਨ ਵਾਨੀ ਦੀ ਮੌਤ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਹਾਲੇ ਵੀ ਜਾਰੀ ਹਨ ਅਤੇ ਪੁਲਿਸ ਫਾਇਰਿੰਗ ਨਾਲ ਹੋਈਆਂ ਮੌਤਾਂ ਦੀ ਗਿਣਤੀ ਵੱਧ ਕੇ 32 ’ਤੇ ਪਹੁੰਚ ਗਈ ਹੈ। ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਆਪਸ ’ਚ ਉਲਝ ਪਏ। ਪਾਕਿਸਤਾਨ ਨੇ ਅੱਜ ਭਾਰਤੀ ਹਾਈ ਕਮਿਸ਼ਨਰ ਗੌਤਮ ਬੰਬਾਵਾਲੇ ਨੂੰ ਬੁਲਾ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਭਾਰਤ ਨੇ ਇਸ ਤੋਂ ਪਹਿਲਾਂ ਆਪਣੇ ਘਰੇਲੂ ਮਸਲੇ ’ਚ ਦਖ਼ਲ ਨਾ ਦੇਣ ਲਈ ਆਖਦਿਆਂ ਕਿਹਾ ਕਿ ਉਹ ਅਤਿਵਾਦ ਨੂੰ ਸ਼ਹਿ ਦੇ ਰਿਹਾ ਹੈ।  ਪੁਲੀਸ ਦੀ ਸਹਾਇਤਾ ਲਈ ਸੀਆਰਪੀਐਫ ਦੇ 800 ਹੋਰ ਜਵਾਨਾਂ ਨੂੰ ਜੰਮੂ ਕਸ਼ਮੀਰ ਭੇਜਿਆ ਜਾ ਰਿਹਾ ਹੈ। ਸੀਆਰਪੀਐਫ ਦੇ 1200 ਜਵਾਨ ਪਹਿਲਾਂ ਹੀ ਵਾਦੀ ਵਿੱਚ ਭੇਜੇ ਜਾ ਚੁੱਕੇ ਹਨ।

ਵਾਦੀ ਦੇ ਕਈ ਹਿੱਸਿਆਂ ’ਚ ਕਰਫ਼ਿਊ ਲਾਗੂ ਰਹਿਣ ਅਤੇ ਹੁਰੀਅਤ ਵਲੋਂ ਹੜਤਾਲ ਦੇ ਸੱਦੇ ਕਰਕੇ ਸਮੁੱਚਾ ਕਸ਼ਮੀਰ ਬੰਦ ਹੈ। ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਫਾਇਰਿੰਗ ‘ਚ ਮੌਤਾਂ ਦੀ ਗਿਣਤੀ 32 ’ਤੇ ਜਾ ਪਹੁੰਚੀ ਜਦੋਂ ਕਿ ਪੁਲੀਸ ਨੇ 23 ਮੌਤਾਂ ਦੀ ਪੁਸ਼ਟੀ ਕੀਤੀ ਹੈ। ਫਾਇਰਿੰਗ ਦੇ ਵਿਰੋਧ ਵਿਚ ਲੋਕਾਂ ਨੇ ਸੋਪੋਰ ’ਚ ਪੁਲੀਸ ਸਟੇਸ਼ਨ ਨੂੰ ਫੂਕ ਦਿੱਤਾ ਅਤੇ ਪੁਲਵਾਮਾ ’ਚ ਏਅਰ ਫੋਰਸ ਦੇ ਹਵਾਈ ਅੱਡੇ ਸਮੇਤ ਹੋਰ ਕਈ ਸੁਰੱਖਿਆ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ।

ਸੁਰੱਖਿਆ ਬਲਾਂ ’ਤੇ ਪਥਰਾਓ ਦੀਆਂ ਘਟਨਾਵਾਂ ’ਚ ਵੀ ਕੋਈ ਕਮੀ ਨਹੀਂ ਆ ਰਹੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਕੋਲੀ ’ਚ ਏਅਰ ਫੋਰਸ ਦੇ ਹਵਾਈ ਅੱਡੇ ’ਤੇ ਪਥਰਾਓ ਕੀਤਾ ਅਤੇ ਕੰਪਲੈਕਸ ਅੰਦਰ ਸੁੱਕੀ ਘਾਹ ਨੂੰ ਅੱਗ ਲਾ ਦਿੱਤੀ। ਸੁਰੱਖਿਆ ਬਲਾਂ ਨੇ ਭੀੜ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਫਿਰ ਜਮ੍ਹਾਂ ਹੋ ਕੇ ਪਥਰਾਓ ਕਰਨ ਲੱਗ ਪੈਂਦੇ ਹਨ। ਪ੍ਰਦਰਸ਼ਨਕਾਰੀਆਂ ਨੇ ਸੋਪੋਰ ’ਚ ਫਲ ਮੰਡੀ ਪੁਲੀਸ ਸਟੇਸ਼ਨ ਨੂੰ ਅੱਗ ਲਾ ਦਿੱਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: