ਚੰਡੀਗੜ੍ਹ – ਹਿਮਾਚਲ ਵਿੱਚ ਲੱਗੇ 23 ਵਿੱਚੋਂ 21 ਬਿਜਲੀ ਪ੍ਰੋਜੈਕਟ ਕੁਦਰਤੀ ਅਸੂਲਾਂ ਦੀ ਉਲੰਘਣਾ ਕਰਕੇ ਲੱਗੇ ਹਨ। ਇਹ ਸਾਰੇ ਢਾਂਚੇ ਧੱਕੇ ਨਾਲ ਭਾਰਤੀ ਕੇਂਦਰੀ ਹਕੂਮਤ ਦੀ ਸਰਪ੍ਰਸਤੀ ਹੇਠ ਸਥਾਪਤ ਕੀਤੇ ਗਏ।
ਇਨ੍ਹਾਂ ਪ੍ਰੋਜੈਕਟਾਂ ਦਾ ਪੰਜਾਬੀ, ਖਾਸਕਰ ਬਹੁਤਾਤ ਸਿੱਖ ਵਿਰੋਧ ਕਰਦੇ ਰਹੇ ਹਨ ਕਿ ਇਹ ਜਿੱਥੇ ਪੰਜਾਬ ਦਾ ਪਾਣੀ ਲੁੱਟ ਕੇ ਹੋਰ ਪਾਸੇ ਲਿਜਾਣ ਦੀ ਚਾਲ ਹੈ ਤੇ ਉੱਥੇ ਕੁਦਰਤੀ ਤਵਾਜ਼ਨ ਵਿਗਾੜ ਕੇ ਕਦੇ ਨਾ ਕਦੇ ਮਨੁੱਖਤਾ ਦਾ ਨੁਕਸਾਨ ਕਰਨਗੇ, ਕਦੇ ਵੀ ਹਾਕਮ ਪਾਣੀ ਨੂੰ ਹਥਿਆਰ ਵਜੋਂ ਵਰਤ ਕੇ ਪੰਜਾਬ ਦੀ ਤਬਾਹੀ ਕਰਨਗੇ।
ਹਾਲਾਂਕਿ ਇਸ ਸਾਜ਼ਿਸ਼ੀ ਵਰਤਾਰੇ ਦਾ ਵਿਰੋਧ ਸਭ ਨੂੰ ਕਰਨਾ ਚਾਹੀਦਾ ਸੀ ਪਰ ਸਿੱਖਾਂ (ਨਾਮਾਤਰ ਜਿਹੇ ਹੋਰਾਂ) ਨੂੰ ਛੱਡ ਕੇ ਕਿਸੇ ਨੇ ਗੱਲ ਨਾ ਗੌਲ਼ੀ। ਸਰਕਾਰੀ ਕੰਮ ਦਾ ਵਿਰੋਧ ਕਰਨਾ ਕੁੱਝ ਰਾਸ਼ਟਰ ਪ੍ਰਤੀ ਭਾਵਨਾ ਰੱਖਣ ਵਾਲੇ ਲੋਕਾਂ ਨੂੰ ਲੱਗਦਾ ਹੈ ਕਿ ਇਹ ਲੋਕ ਦੇਸ਼ ਦੀ ਏਕਤਾ ਅਤੇ ਅਖੰਡਤਾ ਤੇ ਹਮਲਾ ਕਰ ਰਹੇ ਹਨ ਪਰ ਉਹ ਜਾਣੇ-ਅਣਜਾਣੇ ਆਪਣੇ ਨੁਕਸਾਨ ‘ਤੇ ਦਸਤਖ਼ਤ ਕਰ ਜਾਂਦੇ ਹਨ।
ਇਹ ਸਾਹਮਣੇ ਆ ਚੁੱਕਾ ਕਿ ਹਿਮਾਚਲ ਤੇ ਪੰਜਾਬ ਵਿੱਚ ਪਾਣੀ ਨੇ ਏਨਾ ਨੁਕਸਾਨ ਕਰ ਦਿੱਤਾ ਤਾਂ ਸਵਾਲ ਇਹ ਬਣਦਾ ਕਿ ਕੀ ਪਾਣੀ ਨੇ ਨੁਕਸਾਨ ਕੇਵਲ ਸਿੱਖਾਂ ਦਾ ਕੀਤਾ? ਕੀ ਹੋਰ ਧਰਮ ਤੇ ਭਾਈਚਾਰੇ ਹੜ੍ਹ ਤੋਂ ਬਚ ਗਏ? ਜੇ ਜਵਾਬ ਨਾਂਹ ਵਿੱਚ ਹੈ ਤਾਂ ਸਾਨੂੰ ਸਮਝ ਤੋਂ ਕੰਮ ਲੈ ਕੇ ਪੰਜਾਬ ਨੂੰ ਬਚਾਉਣ ਲਈ ਸਿਰ ਜੋੜ ਕੇ ਜੂਝਣਾ ਚਾਹੀਦਾ ਹੈ ਅਤੇ ਪੰਜਾਬ ਦੇ ਹੱਕਾਂ ਪ੍ਰਤੀ ਲਾਮਬੰਦ ਹੋਣਾ ਚਾਹੀਦਾ ਹੈ।