ਫਤਹਿਗੜ੍ਹ ਸਾਹਿਬ: ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦੀ ਯਾਦ ਵਿੱਚ ਫਤਿਹਗੜ੍ਹ ਸਾਹਿਬ ਵਿਖੇ ਜੁੜੀ ਸ਼ਹੀਦੀ ਸਭਾ ਦੀਰਾਨ ਕਈ ਜੱਥਿਆਂ ਵੱਲੋਂ ਸਾਹਿਬਜ਼ਾਦਿਆਂ ਅਤੇ ਗੁਰੂ ਸਾਹਿਬਾਨ ਦਾ ਸਵਾਂਗ ਰਚਦੀਆਂ ਫਿਲਮਾਂ ਵਿਖਾਉਣੀਆਂ ਬੰਦ ਕਰਕੇ ਸਿੱਖ ਰਵਾਇਤ ਵੱਲ ਪਰਤਣ ਦਾ ਉਪਰਾਲਾ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਕਈ ਜਥਿਆਂ ਵੱਲੋਂ ਸ਼ਹੀਦੀ ਸਭਾ ਮੌਕੇ ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀ ਕਾਰਟੂਨ ਫਿਲਮ “ਚਾਰ ਸਾਹਿਬਜ਼ਾਦੇ” ਵਖਾਈ ਜਾਂਦੀ ਸੀ।
ਹਾਲ ਵਿਚ ਹੀ ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀ ਫਿਲਮ “ਦਾਸਤਾਨ-ਏ-ਸਰਹੰਦ” ਬੰਦ ਕਰਵਾਉਣ ਲਈ ਪੇਸ਼ਕਦਮੀ ਕਰਨ ਵਾਲੇ ਸਿੱਖ ਜਥਾ ਮਾਲਵਾ ਅਤੇ ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨੁਮਾਇੰਦਿਆਂ ਨੇ ਜਾਣਕਾਰੀ ਦਿੱਤੀ ਹੈ ਕਿ ਫਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਦੌਰਾਨ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਬਹੁਤ ਘੱਟ ਪੜਾਵਾਂ ਉਪਰ ਹੀ ਸਾਹਿਬਜ਼ਾਦਿਆਂ ਅਤੇ ਗੁਰੂ ਸਾਹਿਬ ਦਾ ਸਵਾਂਗ ਰਚਦੀਆਂ ਇਹ ਫਿਲਮਾਂ ਵਿਖਾਈਆਂ ਜਾ ਰਹੀਆਂ ਸਨ।
ਗੋਸਟਿ ਸਭਾ ਦੇ ਨੁਮਾਇੰਦਿਆਂ ਸ. ਰਣਜੀਤ ਸਿੰਘ ਅਤੇ ਰਵਿੰਦਰ ਪਾਲ ਸਿੰਘ ਨੇ ਕਿਹਾ ਕਿ: “ਜਦੋਂ ਸਾਨੂੰ ਇਹ ਪਤਾ ਲੱਗਿਆ ਕਿ ਕੁਝ ਪੜਾਵਾਂ ਉਪਰ ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀਆਂ ਫਿਲਮਾਂ ਵਿਖਾਈਆਂ ਜਾ ਰਹੀਆਂ ਹਨ ਤਾਂ ਅਸੀਂ ਉਹਨਾਂ ਪੜਾਵਾਂ ਦੇ ਪ੍ਰਬੰਧਕਾਂ ਨਾਲ ਗਲਬਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਸਬੰਧੀ ਇੱਕ ਲਿਖਤੀ ਪਰਚਾ ਦਿੱਤਾ ਜਿਸ ਵਿਚ ਇਹ ਜਾਣਕਾਰੀ ਸੀ ਕਿ ਇਹ ਫਿਲਮਾਂ ਕਿੰਝ ਗੁਰਮਤਿ ਆਸ਼ੇ ਅਤੇ ਸਿੱਖ ਪਰੰਪਰਾ ਦੀ ਉਲੰਘਣਾ ਕਰਦੀਆਂ ਹਨ”।
ਉਨ੍ਹਾਂ ਦੱਸਿਆ ਕਿ “ਕੁੱਝ ਸਮਾਂ ਵਿਚਾਰ ਵਟਾਂਦਰੇ ਤੋਂ ਬਾਅਦ ਇਨ੍ਹਾਂ ਪੜਾਵਾਂ ਦੇ ਪ੍ਰਬੰਧਕਾਂ ਵੱਲੋਂ ਫਿਲਮਾਂ ਵਿਖਾਉਣੀਆਂ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਫਿਲਮਾਂ ਦੀ ਥਾਂ ਉੱਤੇ ਗੁਰਬਾਣੀ ਜਾਪ ਅਤੇ ਕਥਾ ਵਿਚਾਰ ਦਾ ਉਪਰਾਲਾ ਸ਼ੁਰੂ ਕਰ ਦਿੱਤਾ ਗਿਆ ਹੈ”। ਸ. ਰਣਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਕਾਰਸੇਵਾ ਖੋਸਾ ਕੋਟਲਾ ਸੰਪਰਦਾ ਦੇ ਪੜਾਅ ਉਪਰ ਪਹਿਲਾਂ ਚਾਰ ਸਾਹਿਬਜ਼ਾਦੇ ਫਿਲਮ ਵਿਖਾਈ ਜਾ ਰਹੀ ਸੀ ਪਰ ਜਦੋਂ ਉਨ੍ਹਾਂ ਵੱਲੋਂ ਪੜਾਅ ਦੇ ਪ੍ਰਬੰਧਕ ਭਾਈ ਜੈਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਇਹ ਫਿਲਮ ਦਿਖਾਉਣੀ ਬੰਦ ਕਰ ਦਿੱਤੀ ਅਤੇ ਪੜਾਅ ਦੇ ਮੰਚ ਤੋਂ ਮੂਲ ਮੰਤਰ ਸਾਹਿਬ ਦੇ ਜਾਪ ਆਰੰਭ ਕਰਵਾ ਦਿੱਤੇ।
ਭਾਈ ਜੈਵਿੰਦਰ ਸਿੰਘ ਨੇ ਸਿੱਖ ਸਿਆਸਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਗਤ ਦੇ ਹੁਕਮ ਨੂੰ ਮੰਨਦਿਆਂ ਪੰਥਕ ਪਰੰਪਰਾ ਦੀ ਉਲੰਘਣਾ ਕਰਦੀਆਂ ਫਿਲਮਾਂ ਵਿਖਾਉਣੀਆਂ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਮੰਚ ਤੋਂ ਮੂਲ ਮੰਤਰ ਸਾਹਿਬ ਦੇ ਜਾਪ ਕੀਤੇ ਜਾ ਰਹੇ ਹਨ ਅਤੇ ਅਗਲੇ ਵਰ੍ਹੇ ਤੋਂ ਉਹਨਾਂ ਦੇ ਪੜਾਅ ਵਿਖੇ ਜਪਜੀ ਸਾਹਿਬ ਦੇ ਜਾਪ ਅਤੇ ਜਪੁਜੀ ਸਾਹਿਬ ਦੀ ਸੰਥਿਆ ਦਾ ਉਪਰਾਲਾ ਸ਼ੁਰੂ ਕੀਤਾ ਜਾਵੇਗਾ।
ਸਿੱਖ ਜਥਾ ਮਾਲਵਾ ਵੱਲੋਂ ਭਾਈ ਗੁਰਜੀਤ ਸਿੰਘ ਨੇ ਕਿਹਾ ਕਿ ਹੈ ਕਿ ਸਾਨੂੰ ਸਾਹਿਬਜ਼ਾਦਿਆਂ ਅਤੇ ਗੁਰੂ ਸਾਹਿਬਾਨ ਦਾ ਸਵਾਂਗ ਰਚਦੀਆਂ ਫਿਲਮਾਂ ਬਣਾਉਣ ਅਤੇ ਦੇਖਣ ਦਾ ਸਿਲਸਿਲਾ ਬੰਦ ਕਰਨਾ ਚਾਹੀਦਾ ਹੈ ਅਤੇ ਆਪਣੀ ਪਰੰਪਰਾ ਅਨੁਸਾਰ ਗੁਰਬਾਣੀ ਅਤੇ ਇਤਿਹਾਸ ਦੇ ਪ੍ਰਚਾਰ ਹਿਤ ਉਪਰਾਲੇ ਕਰਨੇ ਚਾਹੀਦੇ ਹਨ। ਉਹਨਾਂ ਇਸ ਗੱਲ ਉੱਪਰ ਤਸੱਲੀ ਜ਼ਾਹਰ ਕੀਤੀ ਹੈ ਕਿ ਸ਼ਹੀਦੀ ਸਭਾ ਦੌਰਾਨ ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀਆਂ ਫਿਲਮਾਂ ਬੰਦ ਕਰਕੇ ਜਥੇ ਆਪਣੀ ਪਰੰਪਰਾ ਵੱਲ ਪਰਤ ਰਹੇ ਹਨ।