ਸ੍ਰੀ ਅੰਮ੍ਰਿਤਸਰ/ਚੰਡੀਗੜ੍ਹ: ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਉੱਤੇ ਪੀ.ਟੀ.ਸੀ. ਨੈੱਟਵਰਕ ਦੀ ਅਜਾਰੇਦਾਰੀ ਖਤਮ ਕਰਕੇ ਇਕ ਗੁਰਮਤਿ ਸਿਧਾਂਤ ਤੋਂ ਸੇਧਤ, ਨਿਸ਼ਕਾਮ, ਸਰਬ-ਸਾਂਝਾ ਅਤੇ ਸੰਗਤੀ ਜੁਗਤ ਵਾਲਾ ਪ੍ਰਬੰਧ ਸਿਰਜੇ ਜਾਣ ਦੀ ਲੋੜ ਹੈ। ਇਹ ਸੁਝਾਅ ‘ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦਾ ਸੱਚੋ-ਸੱਚ’ ਲੇਖਾ ਜਾਰੀ ਕਰਨ ਵਾਲੇ ਛੇ ਜੀਆਂ ਦੇ ਜਾਂਚ ਜਥੇ ਵਲੋਂ ਪੇਸ਼ ਕੀਤਾ ਗਿਆ ਹੈ।
ਇਹ ਲੇਖਾ ਪੇਸ਼ ਕਰਨ ਵਾਲੇ ਜਾਂਚ ਜਥੇ ਵਿਚ ਵਰਲਡ ਸਿੱਖ ਨਿਊਜ਼ ਦੇ ਮੁੱਖ ਸੰਪਾਦਕ ਪ੍ਰੋ. ਜਗਮੋਹਨ ਸਿੰਘ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਅਤੇ ਚੰਚਲ ਮਨੋਹਰ ਸਿੰਘ, ਲੇਖਕ ਅਤੇ ਵਿਚਾਰਕ ਅਜੈਪਾਲ ਸਿੰਘ ਬਰਾੜ, ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਅਤੇ ਦਾ ਖਾਲਸ ਟੀਵੀ ਦੀ ਸੰਚਾਲਕ ਬੀਬੀ ਹਰਸ਼ਰਨ ਕੌਰ ਸ਼ਾਮਿਲ ਹਨ।
ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦਾ ਸੱਚੋ-ਸੱਚ ਰਿਪੋਰਟ ਵਿਚ ਵੱਡੇ ਖੁਲਾਸੇ ਹੋਏ
ਲੰਘੀ 2 ਅਪਰੈਲ ਨੂੰ ਚੰਡੀਗੜ੍ਹ ਵਿਚ ਜਾਰੀ ਕੀਤਾ ਗਿਆ ਇਹ ਲੇਖਾ ਗੁਰਬਾਣੀ ਪ੍ਰਸਾਰਣ ਦੇ ਮਾਮਲੇ ਵਿਚ ਗੁਰਮਤਿ ਸਿਧਾਂਤ, ਕਾਨੂੰਨੀ ਅਤੇ ਵਿੱਤੀ ਪੱਖ ਤੋਂ ਹੋਈਆਂ ਉਲੰਘਣਾਵਾਂ ਅਤੇ ਊਣਤਾਈਆਂ ਬਾਰੇ ਵਿਸਤਾਰ ਵਿਚ ਕੀਤੀ ਗਈ ਪੜਤਾਲ ਪੇਸ਼ ਕਰਦਾ ਹੈ।
ਗੁਰਬਾਣੀ ਪ੍ਰਸਾਰਣ ਦੇ ਮਾਮਲੇ ਵਿਚ ਸਿਆਸੀ ਮੁਫਾਦਾਂ ਲਈ ਦਖਲਅੰਦਾਜ਼ੀ ਕੀਤੇ ਜਾਣ ਦੇ ਦੋਸ਼ਾਂ ਦੀ ਜਾਂਚ ਕਰਦਿਆਂ ਪੀ.ਟੀ.ਸੀ. ਨੈਟਵਰਕ ਦੇ ਮਾਲਕਾਂ ਦੀ ਪਛਾਣ ਉੱਤੇ ਪਾਏ ਗਏ ‘ਕਾਰਪੋਰੇਟੀ ਪਰਦੇ’ ਚੁੱਕ ਕੇ ਇਸ ਦੇ ਅਸਲ ਮਾਲਕਾਂ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ “ਹਿੰਦੂ ਸਾਂਝਾ ਪਰਿਵਾਰ” (ਐਚ.ਯੂ.ਐਫ.) ਦੀ ਪਛਾਣ ਉਜਾਗਰ ਕੀਤੀ ਗਈ ਹੈ।
ਇਹ ਜਾਂਚ ਕਰਨ ਵਾਲੇ ਜਥੇ ਨੇ ਪੰਜ ਵਿਕਾਰਾਂ ਨੂੰ ਉਤਸ਼ਾਹਿਤ ਕਰਨ ਵਾਲੀ ਸਮਗਰੀ ਚਲਾਉਣ ਵਾਲੇ ਚੈਨਲ ਪੀ.ਟੀ.ਸੀ. ਤੋਂ ਗੁਰਬਾਣੀ ਪ੍ਰਸਾਰਣ ਦੀ ਜਿੰਮੇਵਾਰੀ ਵਾਪਿਸ ਲੈਣ ਦੀ ਸਿਫਾਰਿਸ਼ ਕੀਤੀ ਹੈ।
ਲੇਖੇ ਵਿਚ ਕਿਹਾ ਗਿਆ ਹੈ ਕਿ ਗੁਰਬਾਣੀ ਪ੍ਰਵਾਹ ਦੇ ਪ੍ਰਸਾਰਣ ਦਾ ਵਪਾਰੀਕਰਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਗੁਰਬਾਣੀ ਪ੍ਰਵਾਹ ਦਾ ਹੀ ਵਪਾਰੀਕਰਨ ਨਹੀਂ ਹੋ ਸਕਦਾ। ਇਸੇ ਤਰ੍ਹਾਂ ਗੁਰਬਾਣੀ ਪ੍ਰਵਾਹ ਦੇ ਪ੍ਰਸਾਰਣ ਉੱਤੇ ਕਿਸੇ ਦੀ ਅਜਾਰੇਦਾਰੀ ਨਹੀਂ ਹੋ ਸਕਦੀ ਕਿਉਂਕਿ ਗੁਰਬਾਣੀ ਸਰਬਸ਼ਾਂਝੀ ਹੈ। ਜਾਂਚ ਜਥੇ ਨੇ ਕਿਹਾ ਹੈ ਕਿ ਅਜਿਹਾ ਪ੍ਰਸਾਰਣ ਪ੍ਰਬੰਧ ਸਿਰਜਣ ਦੀ ਲੋੜ ਹੈ ਜਿਹੜਾ ਨਿਸ਼ਕਾਮ, ਸਰਬ-ਸਾਂਝਾ, ਗੁਰਮਤਿ ਸਿਧਾਂਤ ਤੋਂ ਪ੍ਰੇਰਿਤ ਅਤੇ ਸੰਗਤੀ ਜੁਗਤ ਵਾਲਾ ਹੋਵੇ। ਜਥੇ ਨੇ ਕਿਹਾ ਹੈ ਕਿ ਅਜਿਹੇ ਪ੍ਰਬੰਧ ਦੇ ਨਕਸ਼ ਉਭਾਰਨ ਲਈ ਦੁਨੀਆ ਭਰ ਦੇ ਸਿੱਖਾਂ ਅਤੇ ਸੂਚਨਾ ਤੇ ਪ੍ਰਸਾਰਣ ਤਕਨੀਕ ਦੇ ਮਾਹਿਰਾਂ ਦੀ ਰਾਇ ਇਕੱਤਰ ਕਰਨ ਲਈ ਇਕ ਜਥਾ ਕਾਇਮ ਕੀਤਾ ਜਾਵੇ ਜਿਹੜਾ ਸਮਾਂ-ਬੱਧ ਰੂਪ ਵਿਚ ਇਸ ਪ੍ਰਬੰਧ ਦੀਆਂ ਬਾਰੀਕੀਆਂ ਬਾਰੇ ਲੇਖਾ ਪੇਸ਼ ਕਰੇ ਤਾਂ ਕਿ ਅਜਿਹਾ ਪ੍ਰਬੰਧ ਬਿਨਾ ਦੇਰੀ ਸਿਰਜਿਆ ਜਾ ਸਕੇ।