ਇਹ ਲਿਖਤ “ਭੂਰਿਆਂ ਵਾਲੇ ਰਾਜੇ ਕੀਤੇ” ਕਿਤਾਬ ਵਿਚੋਂ ਲਈ ਗਈ ਹੈ। ਇੱਥੇ ਅਸੀਂ ਇਹ ਸਿੱਖ ਸਿਆਸਤ ਪਾਠਕਾਂ ਲਈ ਸਾਂਝੀ ਕਰ ਰਹੇ ਹਾਂ – ਸੰਪਾਦਕ
ਜਲੰਧਰ ਦਾ ਨਾਜ਼ਮ ਕੁਤਬੁਦੀਨ ਬੜਾ ਜਨੂੰਨੀ ਤੇ ਹੰਕਾਰਿਆ ਹਾਕਮ ਸੀ। ਇਨੀਂ ਦਿਨੀਂ ਸੋਢੀ ਵਡਭਾਗ ਸਿੰਘ ਕਰਤਾਰਪੁਰ ਵਿਖੇ ਗੁਰਦੁਆਰਾ ਥੰਮ ਸਾਹਿਬ ਦੀ ਸੇਵਾ-ਸੰਭਾਲ ਪੁਜਾਰੀ ਵਜੋਂ ਕਰਦਾ ਸੀ। ਉਹ ਅੰਮ੍ਰਿਤ ਛਕ ਕੇ ਪੰਥ ਵਿਚ ਰਲ਼ ਚੁੱਕੇ ਸਨ, ਪਰ ਰਹਿੰਦੇ ਗੁਰਮਖੀ ਬਾਣੇ ਵਿਚ ਸਨ। ਰਾਤ ਬਰਾਤੇ ਰਾਠ ਸਿੰਘ ਨੂੰ ਪਾਸ ਆ ਕੇ ਠਹਿਰ ਜਾਂਦੇ ਤੇ ਵਿਸ਼ਰਾਮ ਕਰ ਕੇ ਸਵੇਰੇ ਆਪਣੇ ਕਿਸੇ ਸ਼ਿਕਾਰ ਮਗਰ ਲੱਗ ਜਾਂਦੇ। ਕਿਸੇ ਮੁਖ਼ਬਰ ਨੇ ਕੁਤਬੁਦੀਨ ਪਾਸ ਜਾ ਚੁਗਲੀ ਕੀਤੀ ਕਿ ਸੋਢੀ ਵਡਭਾਗ ਸਿੰਘ ਸਿੰਘਾਂ ਨੂੰ ਪਨਾਹ ਦੇਂਦਾ ਹੈ ਤੇ ਇਹ ਬੜਾ ਵੱਡਾ ਅੱਡਾ ਬਣਦਾ ਜਾਦਾ, ਹੁਣੇ ਹੀ ਉਸ ਨੂੰ ਕਾਬੂ ਕਰ ਲਿਆ ਜਾਵੇ, ਨਹੀਂ ਤਾਂ ਰਾਜ ਵਿਚ ਬਦ-ਅਮੀਨੀ ਫੈਲਾਵੇਗਾ। ਕੁਤਬੁਦੀਨ ਆਪਣੀ ਚੋਖੀ ਫ਼ੌਜ ਲੈ ਕੇ ਕਰਤਾਰਪੁਰ ਉੱਤੇ ਆ ਪਿਆ। ਸੋਢੀ ਵਡਭਾਗ ਸਿੰਘ ਮੁਕਾਬਲਾ ਨਾ ਕਰ ਸਕਿਆ ਤੇ ਜਾਨ ਬਚਾ ਕੇ ਪਹਾੜਾਂ ‘ਚ ਨਿਕਲ ਗਿਆ। ਕੁਤਬੁਦੀਨ ਨੇ ਗੁਰਦੁਆਰੇ ਦੇ ਵਿਹੜੇ ਵਿਚ ਗਊ ਹਲਾਲ ਕੀਤੀ। ਫਿਰ ਥੰਮ ਸਾਹਿਬ ਗੁਰਦੁਆਰੇ ਨੂੰ ਵੀ ਸਾੜ ਦਿੱਤਾ। ਕਰਤਾਰਪੁਰ ਪਿੰਡ ਨੂੰ ਬੁਰੀ ਤਰ੍ਹਾਂ ਲੁੱਟ ਪੁੱਟ ਲਿਆ। ਉਥੋਂ ਦੀਆਂ ਕਈ ਨੌਜੁਆਨ ਹਿੰਦੂ ਦੇਵੀਆਂ ਫੜ ਕੇ ਜਲੰਧਰ ਲੈ ਆਇਆ। ਜਦ ਹਿਰਦੇ ਵੇਦਕ ਘਟਨਾ ਦੀ ਖ਼ਬਰ ਸਿੰਘਾਂ ਨੂੰ ਪੁੱਜੀ ਤਾਂ ਉਹ ਗੁੱਸੇ ਵਿਚ ਭੱਖ ਕੇ ਤਾਂਬੇ ਵਾਂਗ ਲਾਲ ਹੋ ਗਏ। ਜਥੇਦਾਰ ਬਾਘ ਸਿੰਘ (ਸ: ਜੱਸਾ ਸਿੰਘ ਆਹਲੂਵਾਲੀਆ ਦਾ ਮਾਮਾ) ਨੇ ਇਕ ਸਿੰਘ ਨੂੰ ਭੇਸ ਬਦਲਾ ਕੇ ਜਲੰਧਰ ਭੇਜਿਆ ਕਿ ਉਹ ਕੁਤਬੁਦੀਨ ਦੇ ਜਲੰਧਰੋਂ ਬਾਹਰ ਆਉਣ ਜਾਣ ਦੀ ਸੂਹ ਰੱਖੇ ਤੇ ਸਮੇਂ ਸਿਰ ਸਾਨੂੰ ਦੱਸ ਦੇਵੇ। ਕੁਝ ਸਮਾਂ ਪੈਣ ਤੇ ਉਸ ਨੇ ਇਤਲਾਹ ਦਿੱਤੀ ਕਿ ਕੁਤੁਬਦੀਨ ਦੌਰੇ ’ਤੇ ਕਾਣੇ ਢਿੱਲਵਾਂ ਵੱਲ ਆ ਰਿਹਾ ਹੈ। ਸ. ਬਾਘ ਸਿੰਘ ਵੀ ਸ਼ਿਕਾਰ ਦੀ ਉਡੀਕ ਵਿਚ ਘਾਤ ਲਾ ਕੇ ਬੈਠ ਗਿਆ। ਕੁਤਬੁਦੀਨ ਏਥੇ ਆ ਕੇ ਅਗਲੇ ਦਿਨ ਸ਼ਿਕਾਰ ਖੇਡਣ ਲਈ ਬਿਆਸ ਦਰਿਆ ਦੀ ਝੱਲ ਵੱਲ ਗਿਆ। ਏਧਰ ਹੀ ਬਾਘ ਸਿੰਘ ਆਪਣੇ ਸਿੰਘਾਂ ਨਾਲ ਇਸ ਪਾਜੀ ਨੂੰ ਉਡੀਕ ਰਿਹਾ ਸੀ। ਨਾਜ਼ਮ ਬੇਧਿਆਨਾ ਸਿੰਘਾਂ ਦੇ ਵਲਾਵੇਂ ਵਿਚ ਜਾ ਫਸਿਆ। ਜਦ ਵੇਖਿਆ ਕਿ ਕੁਥਾਂ ਫਸ ਗਿਆ ਹੈ ਤਾਂ ਆਪਣੇ ਸੁਆਰਾਂ ਨੂੰ ਛੱਡ ਕੇ ਪਿਛਾਂਹ ਨੂੰ ਭੱਜਣ ਲੱਗਾ। ਸ: ਬਾਘ ਸਿੰਘ ਨੇ ਲਲਕਾਰਿਆ, “ਕੁਤਬਿਆ ! ਜੇ ਪਿਉ ਦਾ ਪੁੱਤ ਹੈਂ ਤਾਂ ਚਾੜ੍ਹੀ ਭਾਜੀ ਦਾ ਨਿਉਂਦਾ ਲੈ ਕੇ ਜਾਹ! ਗੀਦੀ ਨਹੀਂ, ਮਰਦ ਬਣ। ਜਲੰਧਰ ਐਥੋਂ ਨੇੜੇ ਨਹੀਂ। ਸਾਰਾ ਟਿੱਲ ਲਾ ਲੈ ਆਪਣਾ, ਦਿਲ ਦੀ ਦਿਲ ਵਿਚ ਰਹਿ ਨਾ ਜਾਵੇ, ਅਸਾਂ ਤੈਨੂੰ ਭੱਜਣ ਨਹੀਂ ਦੇਣਾ।” ਉਸ ਘੋੜਾ ਛੇੜ ਕੇ ਭੱਜ ਨਿਕਲਣ ਦਾ ਯਤਨ ਤਾਂ ਕੀਤਾ, ਪਰ ਬਾਜ ਮੂਹਰੇ ਬਟੇਰੇ ਦੀ ਕੀ ਵੱਟਤ। ਸ. ਬਾਘ ਸਿੰਘ ਨੇ ਆਪਣਾ ਘੋੜਾ ਛੇੜ ਕੇ ਕੁਤਬੇ ਦੇ ਘੋੜੇ ਦੀ ਖੁਚ ਆਪਣੀ ਤੇ ਨਾਲ ਵੱਢ ਦਿੱਤੀ।
ਕੁਤਬੁਦੀਨ ਘੋੜੇ ਸਮੇਤ ਡਿੱਗ ਪਿਆ। ਸਿੰਘ ਨੇ ਉੱਠਦੇ ਨੂੰ ਦਬੋਚ ਲਿਆ। ਉਸ ਦੇ ਸਵਾਰਾਂ ਉਸ ਨੂੰ ਛੁਡਾਣਾ ਚਾਹਿਆ, ਪਰ ਸਭ ਥਾਂ ‘ਤੇ ਮਾਰੇ ਗਏ। ਬਾਘ ਸਿੰਘ ਨੇ ਕੁਤਬੁੱਦੀਨ ਨੂੰ ਪੁੱਛਿਆ, “ਥੰਮ ਸਾਹਿਬ ਨੂੰ ਸਾੜਨ ਦਾ ਚੇਤਾ ਹੈ ਨਾ ?” ਨਾਜ਼ਮ ਸਾਹਿਬ ਕੰਨਾਂ ‘ਤੇ ਹੱਥ ਧਰ ਕੇ ਤੌਬਾ ਨਸਤਾਲੀਕ ਪੜ੍ਹਨ ਲੱਗਾ। ਗੁਰਦੁਆਰਾ ਸਾਹਿਬ ਦੇ ਵਿਹੜੇ ਵਿਚ ਗਊ ਹਲਾਲ ਤੇ ਗੁਰਦੁਆਰਾ ਸਾਹਿਬ ਨੂੰ ਸਾੜਨ ਵਾਲਾ ਪਾਪੀ ਤੇ ਦੁਸ਼ਟ ਉਨ੍ਹਾਂ ਸਾਵੇਂ ਖੜਾ ਸੀ। ਉਨ੍ਹਾਂ ਦੀਆਂ ਅੱਖਾਂ ਵਿਚ ਲਹੂ ਉਤਰ ਰਿਹਾ ਸੀ। ਹਰ ਇਕ ਦੀ ਖ਼ਾਹਿਸ਼ ਕਿ ਸਿੰਘ ਸਾਹਿਬ ਮੈਨੂੰ ਹੁਕਮ ਕਰੇ ਤੇ ਮੈਂ ਆਪਣੀ ਤੇਗ਼ ਦੀ ਪਿਆਸ ਇਸ ਦੁਸ਼ਟ ਦੇ ਖੂਨ ਨਾਲ ਬੁਝਾਵਾਂ। ਸ: ਬਾਘ ਸਿੰਘ ਨੇ ਕਿਹਾ ਕਿ ਇਸ ਨੀਚ ਨੂੰ ਕਤਲ ਨਹੀਂ ਕਰਨਾ, ਇਸ ਨੂੰ ਵੀ ਉਂਜ ਹੀ ਅੱਗ ਵਿਚ ਸਾੜਨਾ ਹੈ। ਝਟਪਟ ਜੰਗਲ ‘ਚੋਂ ਲੱਕੜਾਂ ਇਕੱਠੀਆਂ ਕਰ ਕੇ ਢੇਰ ਲਾਇਆ ਗਿਆ ਤੇ ਕੁਤਬੁੱਦੀਨ ਨਾਜ਼ਮ ਜਲੰਧਰ ਨੂੰ ਉੱਤੇ ਸੁੱਟ ਕੇ ਅੱਗ ਲਾ ਜੀਊਂਦੇ ਨੂੰ ਸਾੜ ਕੇ ਸੁਆਹ ਕੀਤਾ। ਫਿਰ ਲੱਗਦੇ ਹੱਥ ਜਲੰਧਰ ਉੱਤੇ ਜਾ ਹੱਲਾ ਬੋਲਿਆ ਤੇ ਸ਼ਹਿਰ ਦਾ ਬਹੁਤ ਸਾਰਾ ਹਿੱਸਾ ਲੁੱਟ ਲਿਆ। ਕਰਤਾਰਪੁਰੋਂ ਫੜੀਆਂ ਆਈਆਂ ਬੀਬੀਆਂ ਸਭ ਦੁਸ਼ਟਾਂ ਦੇ ਪੰਜਿਆਂ ‘ਚੋਂ ਛੁਡਾ ਕੇ ਘਰੋਂ-ਘਰੀਂ ਪਹੁੰਚਾਈਆਂ। ਜਿਨਾਂ ਇਨਾਂ ਨੂੰ ਰੱਖਿਆ ਹੋਇਆ ਸੀ, ਸਭ ਤਲਵਾਰ ਦੇ ਘਾਟ ਉਤਾਰੇ।