ਖਾਸ ਖਬਰਾਂ

ਚੀਨ-ਇੰਡੀਆ ਮਸਲਾ: ਹਾਲੀਆ ਘਟਨਾਵਾਂ ਕੀ ਇਸ਼ਾਰਾ ਕਰ ਰਹੀਆਂ ਹਨ?

By ਸਿੱਖ ਸਿਆਸਤ ਬਿਊਰੋ

October 17, 2020

ਚੰਡੀਗੜ੍ਹ – ਚੀਨ ਤੇ ਇੰਡੀਆ ਦਰਮਿਆਨ ਤਣਾਅ ਘਟਾਉਣ ਲਈ ਚੱਲ ਰਹੀ ਗੱਲਬਾਤ ਵਿੱਚੋਂ ਹਾਲ ਦੀ ਘੜੀ ਕੋਈ ਰਾਹ ਨਹੀਂ ਨਿੱਕਲ ਰਿਹਾ। ਫੌਜੀ ਪੱਧਰ ਦੀ ਗੱਲਬਾਤ ਦੇ 7 ਗੇੜ ਪੂਰੇ ਹੋ ਚੁੱਕੇ ਹਨ ਅਤੇ ਦੋਵਾਂ ਧਿਰਾਂ ਦੀ 6 ਵਾਰ ਕੂਟਨੀਤਕ ਗੱਲਬਾਤ ਵੀ ਹੋ ਚੁੱਕੀ ਹੈ। ਇੰਡੀਆ ਦੇ ਐਨ.ਐਸ.ਏ. ਅਜੀਤ ਡੋਵਾਲ, ਬਚਾਅ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐਸ. ਜੈਅਸ਼ੰਕਰ ਵੱਲੋਂ ਚੀਨੀ ਹਮਰੁਤਬਿਆਂ ਨਾਲ ਵੀ ਗੱਲਬਾਤ ਕੀਤੀ ਜਾ ਚੁੱਕੀ ਹੈ। ਪਰ ਚੀਨ ਦੀ ਫੌਜ ਪਿੱਛੇ ਨਹੀਂ ਹਟ ਰਹੀ। ਚੀਨ ਨੇ ਇੰਡੀਆ ਨੂੰ ਕਿਹਾ ਹੈ ਕਿ ਗੱਲਬਾਤ ਵਿੱਚ ਤਾਂ ਹੀ ਕੋਈ ਹਿਲਜੁਲ ਹੋ ਸਕਦੀ ਹੈ ਜੇਕਰ ਇੰਡੀਆ ਚੁਸ਼ੁਲ ਚੋਟੀਆਂ ਤੋਂ ਆਪਣੀ ਫੌਜ ਪਿੱਛੇ ਹਟਾਵੇ। ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਕੇਵਿਨ ਰੁਡ ਦੀ ਅਗਵਾਈ ਵਾਲੀ ਏਸ਼ੀਆ ਸੁਸਾਇਟੀ ਪਾਲਿਸੀ ਇੰਸਚੀਟਿਊਟ ਵੱਲੋਂ ਰੁਡ ਨਾਲ ਆਪਣੀ ਕਿਤਾਬ “ਦਾ ਇੰਡੀਆ ਵੇਅ : ਸਟ੍ਰੈਟਿਜੀਜ਼ ਫਾਰ ਐਨ ਅਨਸਰਟਿਨ ਵਰਲਡ” ਬਾਰੇ ਗੱਲਬਾਤ ਦੌਰਾਨ ਇੰਡੀਆ ਦੇ ਵਿਦੇਸ਼ ਮੰਤਰੀ ਐਸ. ਜੈਅਸ਼ੰਕਰ ਨੇ ਜੋ ਟਿੱਪਣੀਆਂ ਕੀਤੀਆਂ ਹਨ ਉਹਨਾਂ ਵਿਚੋਂ ਇੰਡੀਆ ਦੀ ਨਿਰਾਸ਼ਾ ਤੇ ਪਰੇਸ਼ਾਨੀ ਦੀ ਝਲਕ ਵੇਖੀ ਜਾ ਸਕਦੀ ਹੈ। ਇਸ ਗੱਲਬਾਤ ਵਿੱਚ ਕੀਤੀਆਂ ਟਿੱਪਣੀਆਂ ਵਿੱਚ ਆਮ ਤੌਰ ਉੱਤੇ ਸੰਕੋਚ ਕਰਨ ਵਾਲੇ ਐਸ. ਜੈਅਸ਼ੰਕਰ ਨੇ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ। ਉਸ ਨੇ ਕਿਹਾ ਹੈ ਕਿ “ਇਸ ਸਾਲ ਜੋ ਕੁਝ ਵੀ ਵਾਪਰਿਆ ਹੈ ਉਹ ਪਿਛਲੇ ਅਮਲ ਨਾਲੋਂ ਤਿੱਖਾ ਨਿਖੇੜਾ ਹੈ। ਇਹ ਸਿਰਫ ਗੱਲਬਾਤ ਨਾਲੋਂ ਹੀ ਤਿੱਖਾ ਨਿਖੇੜਾ ਨਹੀਂ ਹੈ ਬਲਕਿ ਇਹ ਤੀਹ ਸਾਲਾਂ ਦੇ ਰਿਸ਼ਤੇ ਨਾਲੋਂ ਤਿੱਖਾ ਨਿਖੇੜਾ ਹੈ”।

ਸੋ, ਚੀਨ-ਇੰਡੀਆ ਤਣਾਅ ਦੇ ਨੇੜ ਭਵਿੱਖ ਵਿੱਚ ਘਟਣ ਦੇ ਅਸਾਰ ਘੱਟ ਹੀ ਹਨ।

ਜਿਵੇਂ ਸਿੱਖ ਸਿਆਸਤ ਵੱਲੋਂ ਕੀਤੀਆਂ ਪਹਿਲੀਆਂ ਪੜਚੋਲਾਂ ਵਿੱਚ ਗੱਲ ਸਾਹਮਣੇ ਆਈ ਸੀ ਕਿ

(1) ਚੀਨ-ਇੰਡੀਆ ਦੇ ਹਾਲਾਤ ਸਥਿਰ ਹੋਣ ਦੇ ਅਸਾਰ ਘੱਟ ਹਨ, ਬਲਕਿ ਤਲਖੀ ਘੱਟ-ਵੱਧ ਰੂਪ ਵਿੱਚ ਬਰਕਾਰ ਰਹੇਗੀ;

(2) ਚੀਨ ਲਾਈਨ ਆਫ ਐਕਚੁਅਲ ਕੰਟਰੋਲ ਉੱਤੇ ਜਿੱਥੇ ਸੰਭਾਵਨਾ ਹੈ ਓਥੇ ਤਣਾਅ ਦੇ ਮੁਹਾਜ ਖੋਲ੍ਹੀ ਰੱਖੇਗਾ;

(3) ਇੰਡੀਆ ਦੀ ਚੀਨ ਵਾਲੀ ਹੱਦ ਸਖਤ ਹੋਵੇਗੀ, ਫੌਜਾਂ ਦੀ ਤਾਇਨਾਤੀ ਵਧੇਗੀ ਅਤੇ ਇੰਡੀਆ ਦੀ ਡਾਂਵਾਡੋਲ ਆਰਥਿਕਤਾ ਉੱਤੇ ਸਖਤ ਪਹਾੜੀ ਖੇਤਰ ਵਿੱਚ ਫੌਜਾਂ ਲਗਾਤਾਰ ਤਾਇਨਾਤ ਰੱਖਣ ਕਾਰਨ ਬੋਝ ਹੋਰ ਵਧੇਗਾ; ਹੁਣ ਦੀਆਂ ਘਟਨਾਵਾਂ ਹਾਲਾਤ ਦੇ ਇਸੇ ਪਾਸੇ ਨੂੰ ਮੋੜਾ ਕੱਟਣ ਵੱਲ ਹੀ ਇਸ਼ਾਰਾ ਕਰ ਰਹੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: