ਚੰਡੀਗੜ੍ਹ: ਇੰਡੀਆ ਦੇ ਸੁਪਰੀਮ ਕੋਰਟ ਵੱਲੋਂ ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਅਤੇ ਬਿਜਲ ਸੱਥ ਮੰਚ ਟਵਿੱਟਰ ਵਿਰੁੱਧ ਆਪਣੀ ਮਾਣਹਾਨੀ ਕਰਨ ਦੇ ਦੋਸ਼ਾਂ ਦੀ ਸੁਣਵਾਈ ਕੀਤੀ ਜਾ ਰਹੀ ਹੈ।
ਰੌਚਕ ਗੱਲ ਹੈ ਕਿ ਇਸ ਮਾਮਲੇ ਵਿੱਚ ਪ੍ਰਸ਼ਾਂਤ ਭੂਸ਼ਨ ਜਾਂ ਟਵਿੱਟਰ ਇੰਡੀਆ ਖਿਲਾਫ ਕਿਸੇ ਵੀ ਸ਼ਿਕਾਇਤਕਰਤਾ ਵੱਲੋਂ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਬਲਕਿ ਇੰਡੀਆ ਦੇ ਸੁਪਰੀਮ ਕੋਰਟ ਵੱਲੋਂ ਆਪਣੇ ਆਪ ਹੀ (ਸੂਓਮਾਟੋ) ਨੋਟਿਸ ਲਿਆ ਗਿਆ ਹੈ।
ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਵਕੀਲ ਪ੍ਰਸ਼ਾਂਤ ਭੂਸ਼ਣ ਵੱਲੋਂ ਟਵਿੱਟਰ ਉੱਪਰ ਕੀਤੀ ਗਈ ਇੱਕ ਟਿੱਪਣੀ ਨਾਲ ਸੁਪਰੀਮ ਕੋਰਟ ਦੀ ਮਾਣਹਾਨੀ ਹੋਈ ਹੈ।
ਪਿਛਲੇ ਮਹੀਨੇ ਟਵਿੱਟਰ ਉੱਤੇ ਟਿੱਪਣੀ ਕਰਦਿਆਂ ਪ੍ਰਸ਼ਾਂਤ ਭੂਸ਼ਨ ਨੇ ਕਿਹਾ ਸੀ ਕਿ ਪਿਛਲੇ ਛੇ ਸਾਲਾਂ ਤੋਂ ਸੁਪਰੀਮ ਕੋਰਟ ਇੰਡੀਆ ਵਿੱਚ ਜਮਹੂਰੀਅਤ ਦੀ ਤਬਾਹੀ ਵਾਲੀ ਭੂਮਿਕਾ ਨਿਭਾ ਰਿਹਾ ਹੈ।
“ਜਦੋਂ ਭਵਿੱਖ ਵਿੱਚ ਇਤਿਹਾਸਕਾਰ ਪਿਛਲੇ ਛੇ ਸਾਲਾਂ ਉੱਤੇ ਝਾਤ ਪਾਉਣਗੇ ਤਾਂ ਉਹ ਵੇਖਣਗੇ ਕਿ ਜਿਵੇਂ ਰਸਮੀ ਤੌਰ ਉੱਤੇ ਐਮਰਜੈਂਸੀ ਐਲਾਨਣ ਤੋਂ ਬਿਨਾਂ ਹੀ ਇੰਡੀਆ ਵਿੱਚ ਜਮਹੂਰੀਅਤ ਤਬਾਹ ਕਰ ਦਿੱਤੀ ਗਈ, ਅਤੇ ਖਾਸ ਤੌਰ ਉੱਤੇ ਉਹ ਇਸ ਤਬਾਹੀ ਵਿਚ ਸੁਪਰੀਮ ਕੋਰਟ ਦੀ ਭੂਮਿਕਾ ਦੀ ਨਿਸ਼ਾਨਦੇਹੀ ਕਰਨਗੇ, ਅਤੇ ਹੋਰ ਵੀ ਸਪੱਸ਼ਟ ਰੂਪ ਵਿੱਚ ਪਿਛਲੇ ਚਾਰ ਮੁੱਖ ਜੱਜਾਂ ਦੀ ਭੂਮਿਕਾ ਦੀ”, ਪ੍ਰਸ਼ਾਂਤ ਭੂਸ਼ਣ ਨੇ ਆਪਣੀ 28 ਜੂਨ ਦੀ ਟਵੀਟ ਵਿੱਚ ਲਿਖਿਆ ਸੀ।
ਮਿਲੇ ਵੇਰਵਿਆਂ ਮੁਤਾਬਕ ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਵੱਲੋਂ ਇਹ ਮਾਮਲਾ ਬੁੱਧਵਾਰ 22 ਜੁਲਾਈ ਨੂੰ ਸੁਣਿਆ ਜਾਵੇਗਾ।