ਨਵੀਂ ਦਿੱਲੀ : ਫ਼ਿਲਮੀ ਅਦਾਕਾਰਾ ਕੰਗਨਾ ਰਨੌਤ ਵੱਲੋਂ ਕਿਸਾਨਾਂ ਨੂੰ ਅਤਿਵਾਦੀ ਅਤੇ ਵੱਖਵਾਦੀ ਦੱਸਣ ‘ਤੇ ਜਾਗੋ ਪਾਰਟੀ ਨੇ ਕੰਗਨਾ ਦਾ ਟਵਿੱਟਰ ਅਕਾਉਂਟ ਬੰਦ ਕਰਾਉਣ ਲਈ ਟਵਿੱਟਰ ਦੇ ਐਮ.ਡੀ. ਨੂੰ ਲੀਗਲ ਨੋਟਿਸ ਭੇਜਿਆ ਹੈ।
ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਆਪਣੇ ਵਕੀਲ ਨਗਿੰਦਰ ਬੈਨੀਪਾਲ ਪਾਸੋਂ ਭਿਜਵਾਏ ਨੋਟਿਸ ‘ਚ ਟਵਿੱਟਰ ਨੂੰ ਨੋਟਿਸ ਮਿਲਣ ਦੇ 3 ਦਿਨ ਅੰਦਰ ਕੰਗਨਾ ਦਾ ਅਕਾਉਂਟ ਬੰਦ ਕਰਨ ਦੀ ਚੇਤਾਵਨੀ ਦਿੱਤੀ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਜੀਕੇ ਨੇ ਦੱਸਿਆ ਕਿ ਸਿੱਖਾਂ ਦੇ ਖ਼ਿਲਾਫ਼ ਜ਼ਹਿਰ ਉਗਲਨ ਵਾਲੇ ਸਾਰੇ ਲੋਕ ਸਾਡੇ ਨਿਸ਼ਾਨੇ ‘ਤੇ ਹਨ।
ਕੰਗਨਾ ਕਿਸਾਨ ਅੰਦੋਲਨ ਤੋਂ ਬਾਅਦ ਲਗਾਤਾਰ ਕਿਸਾਨਾਂ ਨੂੰ ਅਤਿਵਾਦੀ ਅਤੇ ਦੇਸ਼ ਵਿਰੋਧੀ ਆਪਣੇ ਟਵੀਟ ਰਾਹੀਂ ਦਸ ਰਹੀ ਹੈ ਜਦਕਿ ਇਸ ਬਾਰੇ ਕੰਗਨਾ ਕੋਲ ਕੋਈ ਸਬੂਤ ਨਹੀਂ ਹੈ। ਇਹ ਸਿੱਧੇ ਤੌਰ ‘ਤੇ ਸਿੱਖਾਂ ਦੇ ਖ਼ਿਲਾਫ਼ ਦੂਜੇ ਫ਼ਿਰਕਿਆਂ ‘ਚ ਨਫ਼ਰਤ ਪੈਦਾ ਕਰਨ ਦਾ ਕਾਰਨ ਬਣੀ ਹੋਈ ਹੈ। ਇਸ ਲਈ ਇਸ ਦੇ ਟਵੀਟ ਬੰਦ ਕਰਾਉਣੇ ਲਾਜ਼ਮੀ ਹਨ।